
ਸਾਸਰੀ ਕਾਲ ਜੀ, ਸਭ ਨੂੰ। ਅਸੀਂ ਠੀਕ ਹਾਂ। ਰੱਬ ਕਰੇ ਤੁਸੀਂ ਵੀ ਖੁਸ਼ ਰਹੋ। ਅੱਗੇ ਸਮਾਚਾਰ ਇਹ ਹੈ ਕਿ ਐਤਵਾਰ ਛੁੱਟੀ ਆਲੇ ਦਿਨ ਹੁਸ਼ਿਆਰ ਸਿੰਹੁ ਸ਼ਿਹਾਰੀ ਪਿੰਡ ਗੇੜਾ-ਫੇੜਾ ਮਾਰਨ ਆਇਆ ਸੀ। ਜ਼ਮੀਨ ਦਾ ਠੇਕਾ ਲੈਣ ਬਲਕਾਰੇ ਦੇ ਘਰੇ ਬੈਠੇ ਤਾਂ ਉਹਨੂੰ ਵੇਖ, ਲੰਘਦਾ ਮੰਬਰ ਦਲੀਪ ਸਿੰਹੁ ਆ ਗਿਆ। ਬਲਕਾਰੇ ਦਾ ਪਿਓ ਬੋਲਿਆ, “ਚੰਗਾ ਰਹਿ ਗਿਆ ਤੂੰ ਸ਼ਿਹਾਰੀ, ਨਹੀਂ ਤਾਂ ਐਥੇ ਹਮਾਤੜਾਂ ਦਾ ਬੁਰਾ ਹਾਲ ਹੋ ਗਿਐ, ਦੋ-ਦੋ ਕਿੱਲੇ ਰਹਿ ਗੇ ਐ, ਕੀ ਬਚਦੈ ਤੈਨੂੰ ਪਤਾ ਈ ਐ!” “ਓਹ ਤਾਂ ਚਾਚਾ ਕੋਈ ਚਾਰ ਅੱਖਰ ਢਿੱਡ `ਚ ਪਾ ਤੇ ਰੱਬ ਨੇ, ਚੰਗੇ ਕਰਮਾਂ ਨੂੰ ਬੈਂਕ `ਚ ਨੌਕਰੀ ਮਿਲ ਗੀ, ਸਾਰਾ ਦਿਨ ਨੋਟ ਗਿਣਦੇ ਆਂ ਨਹੀਂ ਤਾਂ ਸਾਡਾ ਵੀ ਬੁਰਾ ਹਾਲ ਹੋਣਾਂ ਸੀ, ਪਤਾ ਈ ਐ।” ਸ਼ਹਿਰੀਏ ਸ਼ਿਹਾਰੀ ਨੇ ਸਿਆਣੀ ਗੱਲ ਕੀਤੀ। “`ਕੱਲੇ ਨਿੱਕੇ ਵਾਹੀਵਾਨਾਂ ਦਾ ਹੀ ਮੰਦਾ ਹਾਲ ਨਹੀਂ ਐ, ਆਪਣੇ ਅਗਵਾੜ `ਚ ਨਿਗਾਹ ਮਾਰ ਲੈ, ਕਹਿੰਦੇ-ਕਹਾਂਉਂਦੇ, ਲਾਟੀ ਖ਼ਾਨ ਵੀ ਥੱਲੇ ਲੱਗੇ ਪਏ ਐ, ਨੰਬਰਦਾਰ ਸ਼ਾਮ ਸਿੰਹੁ ਕੋਲ ਸੌ ਬਿੱਘੇ ਸੀ, ਰਾਜਾ ਸੀ, ਅੱਜ ਵੇਖ ਲੈ ਤੀਜੀ ਪੀੜ੍ਹੀ `ਚ ਭੰਗ ਭੁੱਜਦੀ ਐ, ਉਨ੍ਹਾਂ ਸਿਰ ਕਰਜਾ ਐ ਮਣਾਂ-ਮੂੰਹੀਂ।” ਬਲਕਾਰੇ ਨੇ ਬਦਲਦੇ, ਮਾਇਆ-ਜਾਲ ਵੱਲ ਧਿਆਨ ਦਵਾਇਆ। “`ਗਾਂਹ ਗੱਲ ਨਾ ਕਰਿਓ, ਉਨ੍ਹਾਂ ਦੀ ਹੀ ਜ਼ਮਾਨਤ ਦਾ ਬੰਨ੍ਹ-ਸੁੱਭ ਕਰਦਾ ਫਿਰਦਾਂ, ਕਿਸੇ ਬੈਂਕ ਨੇ ਕੇਸ ਕਰਕੇ ਵਾਰੰਟ ਕੱਢ ਦਿੱਤੇ ਐ, ਡੂਢ ਕਰੋੜ ਬਣਿਆ ਸਾਰਾ ਭਾਰ।” ਮੰਬਰ ਦਲੀਪੇ ਨੇ ਹੌਲੀ ਬੋਲ ਕੇ ਭੜਾਸ ਕੱਢੀ। “ਵਾਹਿਗੁਰੂ-ਵਾਹਿਗੁਰੂ, ਐਨੀਂ ਪੰਡ, ਊਂ ਤਾਂ ਉਹ ਵੱਡੀ ਗੱਡੀ ਤੋਂ ਪੈਰ ਥੱਲੇ ਨੀਂ ਲਾਂਉਂਦੇ, ਲੀਡਰ ਬਣੇ ਰਹਿੰਦੇ ਐ, ਮਾਵੇ ਆਲੇ ਚਿੱਟੇ ਕੁੜਤੇ ਪਾ ਕੇ।” ਬਲਕਾਰੇ ਦੇ ਪਿਓ ਨੇ ਭਾਈਚਾਰੇ ਦੇ ਦਰਦ ਨੂੰ ਸਮਝਦਿਆਂ ਗੱਲ ਕੀਤੀ। “ਇਹ ਤਾਂ ਬਾਈ ਜੀ, ਇੱਕੇ ਵਾਰੀ ਮੂਲ ਦੇ ਕੇ ਖਹਿੜਾ ਛੁੜਾ ਲੈਣ, ਬੈਂਕ ਮੈਨੇਜਰ ਕੋਲ ਅਧਿਕਾਰ ਐ। ਮੈਂ ਕਰਾਂ ਦਿੰਨਾਂ ਗੱਲ, ਕਿਹੜਾ ਬੈਂਕ ਐ?” ਹੁਸ਼ਿਆਰ ਸਿੰਹੁ ਨੇ ਮੁਲਾਜ਼ਮਾਂ ਵਾਲੀ ਸਿਆਣੀ ਗੱਲ ਕੀਤੀ। “ਛੇ ਮਹੀਨੇ ਪਹਿਲਾਂ ਆਇਆ ਸੀ ਮੈਨੇਜਰ, ਮੇਰੇ ਸਾਹਮਣੇ, ਉਨ੍ਹੇ ਸਮਝਾਇਆ ਸੀ ਬਈ ਮੂਲ ਇੱਕ ਕਰੋੜ ਭਰ ਦਿਓ, ਮੈਂ ਸਾਰਾ ਖਾਤਾ ਨੱਕੀ ਕਰ ਦਿੰਨਾਂ, ਪਰ ਇੰਨ੍ਹਾਂ ਉਤਾ ਈ ਨੀਂ ਵਾਚਿਆ, ‘ਅਖੇ ਅਸੀਂ ਕਿਸਾਨ ਯੂਨੀਅਨ ਕੋਲੇ ਜਾਂਵਾਂਗੇ`।” ਮੰਬਰ ਨੇ ਸਾਰੀ ਜੱਗ ਬੀਤੀ ਸੁਣਾਈ। “ਸੁਣ ਲੋ ਫੇਰ, ਕੰਪਨੀਆਂ ਮੂਲ ਤੋਂ ਵੀ ਘੱਟ ਤਾਰ ਕੇ ਇਹ ਜ਼ਮੀਨਾਂ ਲੈਣਗੀਆਂ ਹੁਣ, ਇਹ ਗੱਲ ਹੋ ਗੀ ਐ, ਬੈਂਕਾਂ ਦਾ ਮਰਿਆ ਕਰਜਾ ਆਂਏ ਨਿਕਲੂ।” ਸ਼ਿਆਰੀ ਨੇ ਦੱਸਿਆ ਤਾਂ ਸਾਰੇ ਬੋਲੇ, “ਹੈਂਅ…..!”
ਹੋਰ, ਜੇਠ ਮਹੀਨੇ ਦਾ ਸੇਕ ਸਿਖਰ `ਤੇ ਹੈ। ਛੁੱਟੀਆਂ `ਚ, ਨਾਨੀ-ਨਿਆਣੇਂ, ਖੁਸ਼ ਹਨ। ਉਸਾਰੀ, ਬੀਮਾਰੀ ਅਤੇ ਹੁਸ਼ਿਆਰੀ ਚੱਲ ਰਹੀ ਹੈ। ਲੋਕ ਪਹਾੜਾਂ ਵਿੱਚ ਅਤੇ ਚੋਰ ਸਕੂਲਾਂ ਵਿੱਚ ਹਨ। ਮਾਸਟਰਾਂ ਦੀਆਂ ਬਦਲੀਆਂ ਦੀ ਰੁੱਤ ਹੈ। ਤਪਸ਼ ਵਿੱਚ ਵੀ ਕੁਦਰਤ ਦੇ ਕਈ ਬੂਟੇ ਵੱਧ ਰਹੇ ਹਨ। ਨਵੀਂ ਪੰਚਾਇਤ ਗ੍ਰਾਂਟ ਉਡੀਕਦੀ ਪੁਰਾਣੀ ਹੋ ਰਹੀ ਹੈ। ਸੱਚ, ਕੋਈ-ਕੋਈ ਨੋਕਰੀ ਵੀ ਲੱਗ ਰਿਹੈ। ਚੰਗਾ, ਕਿਰਤ, ਸੇਵਾ ਅਤੇ ਸਿਹਤ ਵੱਲ ਧਿਆਨ ਰੱਖੋ। ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)