ਯਾਦਾਂ ਵਿਛੜੇ ਸੱਜਣ ਦੀਆਂ ਆਈਆਂ …

ਯਾਦਾਂ ਵਿਛੜੇ ਸੱਜਣ ਦੀਆਂ ਆਈਆਂ …

ਅੱਠਵੇਂ ਮਹੀਨੇ ਦੀ 16 ਤਾਰੀਖ਼ ਆਉਂਦਿਆਂ ਹੀ ਇੱਕ ਅਜੀਬ ਜਿਹੀ ਪੀੜ ਉੱਠਦੀ ਹੈ ਜੋ ਰੂਹ ਨੂੰ ਤਾਰ-ਤਾਰ ਕਰ ਜਾਂਦੀ ਹੈ ।ਹੋਵੇ ਵੀ ਕਿਉਂ ਨਾ ਇਹ ਉਹ ਦਿਨ ਹੈ ਜਦੋਂ ਵਿਸ਼ਵ ਦੇ ਸੰਗੀਤ ਪ੍ਰੇਮੀਆਂ ਨੂੰ ਮਨਹੂਸ ਖ਼ਬਰ ਸੁਣਨ ਨੂੰ ਮਿਲੀ ਇਸ ਦਿਨ ਮੌਸਿਕੀ ਦੀ ਦੁਨੀਆਂ ਦਾ ਸ਼ਾਹਕਾਰ ,ਹਰ ਦਿਲ ਅਜ਼ੀਜ, ਸੰਗੀਤ ਦੇ ਖੇਤਰ ਦੀ ਅਜ਼ੀਮ ਹਸਤੀ ਉਸਤਾਦ ਨੁਸਰਤ ਫਤਿਹ ਅਲੀ ਖਾਂ ਸਾਹਬ ਹੋਰਾਂ ਨੇ ਆਪਣਾ ਭੌਤਿਕ ਸਰੀਰ ਤਿਆਗ ਇਸ ਦੁਨੀਆਂ ਤੋਂ ਵਿਦਾਇਗੀ ਲਈ ਸੰਗੀਤਕ ਪ੍ਰੇਮੀਆਂ ਲਈ ਇਹ ਖਬਰ ਦਰਦਨਾਕ ਅਤੇ ਅਸਹਿ ਸੀ ਜਿਸ ਨੇ ਹਰ ਸ਼ਖ਼ਸ ਨੂੰ ਜੋ ਜਿਸ ਵੀ ਰੂਪ ਵਿੱਚ ਉਸ ਨਾਲ ਜੁੜਿਆ ਸੀ ਧੁਰ ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ ।

ਜੱਨਤ-ਨਸ਼ੀਂ ਉਸਤਾਦ ਨੁਸਰਤ ਫਤਿਹ ਅਲੀ ਖਾਂ ਨੂੰ ਯਾਦ ਕਰਦਿਆਂ ਉਹਨਾਂ ਦੁਆਰਾ ਗਾਏ ਗੀਤ ….
‘ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ,
ਅੱਖੀਆਂ ‘ਚੋਂ ਨੀਰ ਵੱਗਦਾ ‘ਚ
ਕਾਲਜੇ ਵਿਚ ਰੁੱਗ ਭਰ ਲੈਂਦੀਆਂ ਹਨ।
ਅੱਖਾਂ ਵਿਚੋਂ ਪਾਣੀ ਆਪ ਮੁਹਾਰੇ ਵਹਿ ਤੁਰਦਾ ਹੈ ।
ਇੱਕ ਮਿੱਠੀ ਜਿਹੀ ਚੀਸ ਉਠਦੀ ਹੈ ……


ਉਸਤਾਦ ਫਤਿਹ ਅਲੀ ਖਾਂ ਸਾਹਬ ਦੇ ਘਰ 13 ਅਕਤੂਬਰ 1948 ਵਿਚ ਗੋਲ-ਮਟੋਲ ਗੋਰੇ- ਚਿੱਟੇ ਬੱਚੇ ਨੇ ਜਨਮ ਲਿਆ ਉਸ ਵਕਤ ਕਿਸੇ ਨੂੰ ਕੋਈ ਕਿਆਸ ਵੀ ਨਹੀਂ ਸੀ ਕਿ ਇਹ ਬਾਲ ਇੱਕ ਦਿਨ ਸੰਗੀਤ ਦੇ ਖੇਤਰ ਦਾ ਮੀਲ ਪੱਥਰ ਹੋਵੇਗਾ।

ਪਿਤਾ ਨੇ ਨੁਸਰਤ ਦਾ ਮੁਢਲਾ ਨਾਮ ‘ਪਰਵੇਜ਼’ ਰੱਖਿਆ ਚਾਰ ਭੈਣਾਂ ਦਾ ਛੋਟਾ ਭਰਾ ਹੋਣ ਕਰਕੇ ਸਭਦਾ ਲਾਡਲਾ ਸੀ ਨੁਸਰਤ ।ਲਾਡ ਪਿਆਰ ਵਿਚ ਪਿਤਾ ਉਸਨੂੰ ਪੇਜੀ ਕਦੇ ਪੰਡਿਤ ਅਤੇ ਕਦੇ ਲਾਲ ਦੀਨ ਕਹਿ ਕੇ ਬੁਲਾਉਂਦੇ ।
ਜਪਾਨੀਅਆਂ ਨੇ ਵੀ ਉਸਨੂੰ ਗਾਉਂਦਾ ਗੌਤਮ ਬੁੱਧ ਕਹਿ ਕੇ ਵਡਿਆਇਆ ।
ਘਰ ਵਿਚ ਸੰਗੀਤਕ ਮਹਿਫ਼ਲਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ ।
ਜਿੰਨ੍ਹਾ ਵਿਚ ਸੂਫ਼ੀ ਤਬੀਅਤ ਅਤੇ ਤਰਬੀਅਤ ਵਾਲੇ ਲੋਕ ਸ਼ਿਕਰਤ ਕਰਦੇ ਸਨ ।ਇਹਨਾਂ ਵਿਚ ਹੀ ਇੱਕ ਫਕੀਰ ਜਿਸਦਾ ਨਾਮ ਪੀਰ ਗ਼ੁਲਾਮ ਗੌਸ ਸਮਾਦਾਨੀ ਸੀ ।ਜਿਸ ਦੀ ਫਤਿਹ ਅਲੀ ਖਾ ਨਾਲ ਬਹੁਤ ਗੂਹੜੀ ਦੋਸਤੀ ਸੀ ।ਇਕ ਦਿਨ ਮਹਿਫ਼ਲ ਵਿਚ ਬੈਠਿਆਂ ਜਦੋਂ ਫਤਿਹ ਅਲੀ ਨੇ ਪਰਵੇਜ ਨੂੰ ਪੇਜੀ ਕਹਿ ਕੇ ਬੁਲਾਇਆ ਤਾਂ ਪੀਰ ਸਾਹਬ ਕਹਿਣ ਲੱਗੇ ‘ਫਤਿਹ ‘ਇਹਦਾ ਨਾਂ ਬਦਲਦੇ ਪਤਾ ਈ ਪਰਵੇਜ਼ ਕੌਣ ਸੀ …??….ਪਰਵੇਜ਼ ਉਹ ਬਾਦਸ਼ਾਹ ਸੀ ਜਿਸਨੇ ਮੁਕੱਦਸ ਪੈਗੰਬਰ ਦਾ ਖ਼ਲੂਸਨਾਮਾ ਪਾੜਣ ਦਾ ਪਾਪ ਕੀਤਾ ਸੀ । ਇਸ ਤਰਾਂ ਫ਼ਤਹਿ ਅਲੀ ਨੇ ਪੀਰ ਸਾਹਬ ਦੇ ਕਹਿਣ ਤੇ ‘ਪਰਵੇਜ਼’ ਦਾ ਨਾਮ ‘ਨੁਸਰਤ’ ਰੱਖ ਦਿੱਤਾ
ਜਿਸਦੇ ਅਰਥ ਹਨ -ਮਦਦ, ਫਤਿਹ, ਯਾਨਿ ਕਿ ਜਿੱਤ ਭਾਵ ਜਿਸਦੀ ਫਤਿਹ ਲਈ ਖ਼ੁਦਾ ਵੀ ਬਹੁੜ ਪਵੇ ।ਘਰ ਦਾ ਵਾਤਾਵਰਨ ਮੌਸਿਕੀਅਤ ਤੇ ਰੂਹਾਨੀਅਤ ਨਾਲ ਭਰਿਆ ਹੋਣ ਕਰਕੇ ਨੁਸਰਤ ਦਾ ਇਸ ਤੋਂ ਅਭਿੱਜ ਰਹਿਣਾ ਮੁਸ਼ਕਿਲ ਸੀ ।
ਨੁਸਰਤ ਨੂੰ ਬਚਪਨ ਤੋੰ ਹੀ ਗਾਇਕੀ ਨਾਲ ਅਥਾਹ ਮੁਹੱਬਤ ਸੀ ਕਲਾਸੀਕਲ ਮੌਸਿਕੀ ਦੀ ਮੁਢਲੀ ਤਾਲੀਮ ਉਹਨਾਂ ਆਪਣੇ ਪਿਤਾ ਉਸਤਾਦ ਫ਼ਤਹਿ ਅਲੀ ਖਾਂ ਤੋ ਹੀ ਹਾਸਲ ਕੀਤੀ ।
ਇਸ ਤੋੰ ਇਲਾਵਾ ਉਸਨੇ ਮੈਟ੍ਰਿਕ ਪਾਸ ਕੀਤੀ ।ਪਰ ਗਾਇਕੀ ਦੇ ਸ਼ੌਕ ਨੇ ਉਸਨੂੰ ਅੱਗੇ ਪੜ੍ਹਨ ਨਾ ਦਿੱਤਾ ਹਾਲਾਂਕਿ ਉਸਦੇ ਮਾਂ -ਬਾਪ ਨਹੀਂ ਚਾਹੁੰਦੇ ਸਨ ਕਿ ੳੁਹ ਗਾਇਕੀ ਦੇ ਖੇਤਰ ਵਿਚ ਆਵੇ ।ਨੁਸਰਤ ਦੇ ਪਿਤਾ ਉਸਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਉਣਾ ਚਾਹੁੰਦੇ ਸਨ ਤਾਂ ਜੋ ਉਹ ਬੀਮਾਰਾਂ ਦਾ ਇਲਾਜ ਕਰ ਸਕੇ ।
ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜੂਰ ਸੀ ।ਉਹ ਡਾਕਟਰ ਤਾਂ ਬਣਿਆ ਪਰ ਦਵਾਈਆਂ ਦਾ ਨਹੀਂ ਸੁਰਾਂ ਦਾ ਡਾਕਟਰ । ਸੁਰਾਂ ਨਾਲ
ਉਸਨੇ ਪਤਾ ਨਹੀਂ ਕਿੰਨ੍ਹੀਆਂ ਕਿ ਹੀ ਬੇਚੈਨ ਰੂਹਾਂ ਦਾ ਇਲਾਜ ਕੀਤਾ ।ਘਰਦਿਆਂ ਦੇ ਰੋਕਣ ਦੇ ਬਾਵਜੂਦ ਵੀ ਉਹ ਲੁਕ ਛਿਪ ਕੇ ਗਾਉਂਦਾ ਰਹਿੰਦਾ ।ਨੁਸਰਤ ਸਾਹਬ ਦੇ ਆਪਣੇ ਸ਼ਬਦਾਂ ਵਿਚ ਕਿ ਪਿਤਾ ਜੀ ਆਪਣੇ ਸ਼ਾਗਿਰਦਾਂ ਨੂੰ ਸਬਕ ਦਿੰਦੇ ਤਾਂ ਉਹ ਦਰਵਾਜੇ ਕੋਲ ਜਾਕੇ ਚੋਰੀਓਂ ਸੁਣ ਲੈਦਾ ਅਤੇ ਰਿਆਜ਼ ਕਰਦਾ ।ਇਸ ਤਰਾਂ ਇਹ ਸਿਲਸਿਲਾ ਚੱਲਦਾ ਰਿਹਾ ।
ਆਪਣੇ ਪਿਤਾ ਜੀ ਤੋੰ ਘਰਾਣੇ ਦੀ ਗਾਇਕੀ ਦੀਆਂ ਬਰੀਕੀਆਂ ਰਾਗ ਵਿੱਦਿਆ ਅਤੇ ਬੰਦਿਸ਼ਾਂ ਨੂੰ ਨਿਭਾਉਣਾ ਸਿੱਖਿਆ ।
1964 ਵਿੱਚ ਪਿਤਾ ਦਾ ਦਿਹਾਂਤ ਹੋਣ ਤੋ ਬਾਅਦ ਬਕਾਇਦਾ ਮੌਸਿਕੀ ਦੀ ਤਾਲੀਮ ਆਪਣੇ ਤਾਇਆ ਜੀ ਉਸਤਾਦ ਮੁਬਾਰਕ ਅਲੀ ਖਾਂ ਤੋ ਹਾਸਲ ਕੀਤੀ ਅਤੇ ਲਗਭਗ ਛੇ ਸਾਲ ਉਹਨਾਂ ਨਾਲ ਸੰਗਤ ਕੀਤੀ । ਕੱਵਾਲੀ ਦੀ ਤਾਲੀਮ ਉਹਨਾਂ ਨੇ ਆਪਣੇ ਚਾਚਾ ਉਸਤਾਦ ਸਲਾਮਤ ਅਲੀ ਖਾਂ ਤੋਂ ਹਾਸਿਲ ਕੀਤੀ ।
ਨੁਸਰਤ ਨੂੰ ਬਚਪਨ ਤੋਂ ਹੀ ਰਾਗ ਦੀ ਬੜੀ ਸਮਝ ਸੀ । ਉਸਨੇ ਕੱਵਾਲੀ ਦੇ ਖੇਤਰ ਵਿਚ ਨਵੇ ਰਾਹ ਲੱਭੇ ।

ਪਹਿਲੀ ਵਾਰ ਨੁਸਰਤ ਨੇ ਆਪਣੇ ਵਾਲਿਦ ਉਸਤਾਦ ਫਤਿਹ ਅਲੀ ਖਾਂ ਦੀ ਬਰਸੀ ਤੇ ਗਾਇਆ ਬਾਕਾਇਦਾ ਗਾਇਕੀ ਦਾ ਆਗਾਜ਼ ਉਹਨਾਂ ਨੇ ਮਹਿਜ 15 ਸਾਲ ਦੀ ਉਮਰ ਵਿੱਚ 1964 ਵਿੱਚ ਰੇਡੀਉ ਪਾਕਿਸਤਾਨ ਲਾਹੌਰ ਤੋਂ ਪੇਸ਼ ਹੁੰਦੇ ਪਰੋਗਰਾਮ ‘ਜਸ਼ਨ -ਏ-ਬਹਾਰਾਂ’ ਵਿੱਚ ਅਮੀਰ ਖੁਸਰੋ ਦੇ ਫਾਰਸੀ ਕਲਾਮ ‘ਮਨ ਬੰਧਾ ਯਹਾਂ ‘ ਨਾਲ ਕੀਤਾ ।
ਨੁਸਰਤ ਮਹਿਜ ਕੱਵਾਲ ਹੀ ਨਹੀ ਸੀ ਬਲਕਿ ਖ਼ਿਆਲ ਗਾਇਕੀ ਦਾ ਵੀ ਉਸਤਾਦ ਸੀ ਨੁਸਰਤ ਦੀ ਆਵਾਜ਼ ਵਿਚ ਅਲਹਿਦਾ ਜਾਦੂ ਸੀ । ਉਹ ਜਦੋਂ ਸਟੇਜ ‘ਤੇ ਕਲਾਮ ਸ਼ੁਰੂ ਕਰਦਿਆਂ ਅਲਾਪ ਛੇੜਦਾ ਤਾਂ ਸਰੋਤੇ ਵਿਸਮਾਦੀ ਰੰਗਤ ਵਿਚ ਰੰਗੇ ਜਾਂਦੇ ।
ਫਿਰ ਬੈਠਿਆਂ ਦਿਨ -ਰਾਤ ਦਾ ਪਤਾ ਹੀ ਨਹੀ ਸੀ ਲੱਗਦਾ । ਸੰਗੀਤ ਦੇ ਖੇਤਰ ਵਿਚ ਜੋ ਮਾਣ ਨੁਸਰਤ ਦੇ ਹਿੱਸੇ ਆਇਆ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਈਆਂ ।
ਇਸ ਪਿੱਛੇ ਨੁਸਰਤ ਦੀ ਕਰੜੀ ਤਪੱਸਿਆ ਸੀ ਜੋ ਉਸਨੇ ਬੜੀ ਲਗਨ ਅਤੇ ਸ਼ਿੱਦਤ ਨਾਲ ਕੀਤੀ ।ਖੁਦ ਉਹਨਾਂ ਦੇ ਦੱਸਣ ਮੁਤਾਬਿਕ ਉਹਨਾਂ ਦੇ ਘਰ ਇੱਕ ਅਜਿਹੀ ਬੈਠਕ ਸੀ ਜਿੱਥੇ ਰਿਆਜ਼ ਕਰਦਿਆਂ ਦਿਨ ਰਾਤ ਦਾ ਪਤਾ ਹੀ ਨਹੀ ਸੀ ਲੱਗਦਾ ਦਸ -ਦਸ ਘੰਟੇ ਰਿਆਜ਼ ਕਰਦਿਆਂ ਲੰਘ ਜਾਂਦੇ ਸਨ ,ਜੋ ਉਹਨਾਂ ਲਈ ਇਬਾਦਤ ਸੀ ।
ਦੁਨੀਆ ਦੀ ਉਹ ਕਿਹੜੀ ਥਾਂ ਹੈ ਜਿੱਥੇ ਨੁਸਰਤ ਨੇ ਆਪਣੀ ਵੱਖਰੀ ਗਾਇਣ ਸ਼ੈਲੀ ਨਾਲ ਆਪਣੀ ਛਾਪ ਨਹੀਂ ਛੱਡੀ ।ਜੋ ਲੋਕ ਉਸਦੇ ਗੀਤਾਂ ਦੀ ਜੁਬਾਨ ਨਹੀਂ ਵੀ ਸਮਝਦੇ ਸਨ ।ਉਹ ਵੀ ਉਸਦੇ ਕਲਾਮ ‘ਤੇ ਝੂਮ ਉੱਠਦੇ ।
ਉਸ ਦੁਆਰਾ ਗਾਏ ਕਲਾਮ ‘ਹੱਕ ਅਲੀ ਮੌਲਾ’ ਅਤੇ ‘ਨੀ ਮੈਂ ਜਾਣਾ ਜੋਗੀ ਦੇ ਨਾਲ ‘ਨੇ ਉਸਦੀ ਵਿਸ਼ਵ ਪੱਧਰੀ ਪਹਿਚਾਨ ਬਣਾਈ ।ਨੁਸਰਤ ਨੇ ਆਪਣੇ ਕਲਾ ਦੇ ਫਨ ਨਾਲ ਬੜੀਆਂ ਮਿਸਾਲਾਂ ਕਾਇਮ ਕੀਤੀਆਂ ਜੋ ਹਕੀਕਤਾਂ ਬਣ ਗਈਆਂ ।ਨੁਸਰਤ ਨੇ ਪੰਜਾਬੀ, ਹਿੰਦੀ, ਉਰਦੂ ,ਪਸ਼ਤੋ,ਅਰਬੀ ਮੁਲਤਾਨੀ, ਫਾਰਸੀ ਅਤੇ ਅੰਗਰੇਜੀ ਜ਼ੁਬਾਨਾਂ ਵਿਚ ਗਾਇਆ ।
ਗੋਰਿਆਂ ਨੂੰ ਕਲਾਸੀਕਲ ਮੌਸਿਕੀ ਨਾਲ ਜੋੜਨ ਵਾਲਾ ਉਹ ਇੱਕੋ ਇਕ ਕਲਾਕਾਰ ਹੋਇਆ ਕਲਾਸੀਕੀ ਮੌਸਿਕੀ ਨੂੰ ਆਮ ਲੋਕਾਂ ਤੱਕ ਲੈਕੇ ਜਾਣ ਦਾ ਸਿਹਰਾ ਵੀ ਨੁਸਰਤ ਫਤਿਹ ਅਲੀ ਖਾਂ ਸਿਰ ਬੱਝਦਾ ਹੈ । ਅੱਜ ਪੂਰੀ ਦੁਨੀਆ ਵਿਚ ਨਿਗਾ ਮਾਰੀਏ ਤਾਂ ਉਸਦੇ ਦਿਵਾਨਿਆਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ।
ਖਾਂ ਸਾਹਬ ਬਾਰੇ ਜਿੰਨ੍ਹਾ ਕਿਹਾ ਜਾਵੇ ਉਹਨਾਂ ਹੀ ਥੋੜ੍ਹਾ ਹੈ ।
ਲਗਪਗ 28 ਸਾਲ ਪਹਿਲਾਂ ਸਾਡੇ ਕੋਲੋਂ ਅਚਾਨਕ ਖਾਂ ਸਾਹਬ ਦਾ ਚਲੇ ਜਾਣਾ ਪੀੜਾਦਾਈਕ ਅਤੇ ਅਸਿਹ ਹੈ ।
ਬੇਸ਼ਕ ਉਹ ਸਾਡੇ ਦਰਮਿਆਨ ਨਹੀਂ ਪਰ ਆਪਣੀ ਪੁਰਸੋਜ਼ ਕਾਲਜੇ ਨੂੰ ਧੂਹ ਪਾਉਣ ਵਾਲੀ ਆਵਾਜ਼ ਸਦਕੇ ਸਾਡੇ ਵਿਚ ਜਿਉਂਦੇ ਨੇ । ਅੰਤ ਵਿਚ ਉਹਨਾਂ ਦੀ ਕੱਵਾਲੀ ਨਾਲ ਯਾਦ ਕਰਦਾ ਹੋਇਆ ਏਹੀ ਕਹਾਂਗਾ ਕਿ …
ਯਾਦਾਂ ਵਿਛੜੇ ਸੱਜਣ ਦੀਆਂ ਆਈਆਂ
ਅੱਖੀਆਂ ‘ਚੋ ਨੀਰ ਵੱਗਦਾ….

ਮਲਕੀਤ ਸਿੰਘ ਕੋਟਲੀ
ਪਿੰਡ ਕੋਟਲੀ ਅਬਲੂ(ਸ੍ਰੀ ਮੁਕਤਸਰ ਸਾਹਿਬ)
94177 30049