ਚੋਣਾਂ ਹਰ ਮਹੀਨੇ ਹੋਣੀਆਂ ਚਾਹੀਦੀਆਂ ਹਨ

ਦੋ ਗੈਂਗਸਟਰ ਮੱਗੂ ਗੁਰਦਾਸਪੁਰੀਆ ਤੇ ਸੁੱਖਾ ਸਿਕਸਰ ਆਪਣੇ ਕਿਸੇ ਸਾਥੀ ਦੀ ਮੋਟਰ ‘ਤੇ ਬੈਠੇ ਪਿਸਤੌਲ ਸਾਫ ਕਰ ਰਹੇ ਸਨ। ਉਹ ਹੁਣੇ ਹੁਣੇ ਫਿਰੌਤੀ ਦੇਣ ਤੋਂ ਇਨਕਾਰ ਕਰਨ ਵਾਲੇ ਸੇਠ ਚਿਰੰਜੀ ਲਾਲ ਦੇ ਘਰ ‘ਤੇ ਫਾਇਰਿੰਗ ਕਰ ਕੇ ਆਏ ਸਨ। ਪਿਸਤੌਲ ਵਿੱਚ ਫੁਲਤਰੂ ਫੇਰਦਾ ਹੋਇਆ ਮੱਗੂ ਹੱਸ ਕੇ ਬੋਲਿਆ, “ਸੁੱਖਿਆ, ਮੈਂ ਤਾਂ ਕਹਿੰਨਾਂ ਪੰਜਾਬ ਵਿੱਚ ਹਰ ਦੋ ਚਾਰ ਮਹੀਨਿਆਂ ਬਾਅਦ ਕੋਈ ਨਾ ਕੋਈ ਚੋਣ ਹੋਣੀ ਚਾਹੀਦੀ ਐ। ਆਪਣਾ ਚੰਗਾ ਸੂਤਰ ਬਹਿ ਜਾਂਦਾ ਚੋਣਾਂ ਵੇਲੇ।” ਸੁੱਖਾ ਚੌਂਕਿਆ, “ਉਹ ਕਿਵੇਂ? ਚੋਣਾਂ ਵੇਲੇ ਤਾਂ ਸਗੋਂ ਪੁਲਿਸ ਦੇ ਨਾਕੇ ਤੇ ਚੈਕਿੰਗ ਅੱਗੇ ਨਾਲੋਂ ਜਿਆਦਾ ਵਧ ਜਾਂਦੀ ਆ ਤੇ ਅਸਲ੍ਹਾ ਤੇ ਹੋਰ ਚਿੱਟਾ ਕਾਲਾ ਮਾਲ ਐਧਰੋਂ ਉਧਰ ਕਰਨਾ ਔਖਾ ਹੋ ਜਾਂਦਾ ਆ। ਚੇਤਾ ਨਈਂ? ਪਿਛਲੀਆਂ ਚੋਣਾਂ ਵੇਲੇ ਪੁਲਿਸ ਵਾਲਿਆਂ ਨੇ ਆਪਣੀ ਕਾਰ ਘੇਰ ਲਈ ਸੀ, ਮਸਾਂ ਕਮਾਦ ਵਿੱਚ ਲੁਕ ਕੇ ਜਾਨ ਬਚਾਈ ਸੀ।” “ਉਹ ਤਾਂ ਚੱਲ ਆਪਣੇ ਧੰਦੇ ਵਿੱਚ ਚੱਲਦਾ ਈ ਰਹਿੰਦਾ ਆ। ਅਸਲ ਗੱਲ ਇਹ ਆ ਕਿ ਚੋਣਾਂ ਵੇਲੇ ਪੁਲਿਸ ਦਾ ਸਾਰਾ ਜ਼ੋਰ ਸ਼ਰੀਫ ਲੋਕਾਂ ਦਾ ਅਸਲ੍ਹਾ ਜਮ੍ਹਾਂ ਕਰਨ ‘ਤੇ ਲੱਗ ਹੁੰਦਾ ਆ। ਉਹ ਤਾਂ ਇਹ ਵੀ ਨਹੀਂ ਵੇਖਦੇ ਕਿ ਕਿਸੇ ਦੀ ਕੋਈ ਦੁਸ਼ਮਣੀ ਜਾਂ ਕਿਸੇ ਤੋਂ ਖਤਰਾ ਤਾਂ ਨਈਂ? ਇਹ ਤਾਂ ਆਪਣੇ ਲਟੈਰ (ਰਿਟਾਇਰਡ) ਪੁਲਿਸ ਮੁਲਾਜ਼ਮਾਂ ਦਾ ਅਸਲ੍ਹਾ ਵੀ ਨਈਂ ਬਖਸ਼ਦੇ। ਜੇ ਉਹ ਠਾਣੇ (ਥਾਣੇ) ਜਾਂਦੇ ਆ ਤਾਂ ਐਸ.ਐਚ.ਉ. ਅੱਗੋਂ ਇਹ ਕਹਿ ਕੇ ਟਾਲ ਦੇਂਦੇ ਆ ਕਿ ਐਸ.ਐਸ.ਪੀ. ਨਾਲ ਗੱਲ ਕਰ ਲਉ। ਪਰ ਆਪਣਾ ਅਸਲ੍ਹਾ ਜਮ੍ਹਾਂ ਕਰਾਉਣ ਦੀ ਹਿੰਮਤ ਕਿਸੇ ਟੁੰਡੀ ਲਾਟ ਵਿੱਚ ਵੀ ਨਈਂ ਹੈਗੀ।

ਆਪਾਂ ਨੂੰ ਪੂਰੀ ਖੁਲ੍ਹ ਆ ਕਿ ਭਾਵੇਂ ਕਿਸੇ ਨੂੰ ਸਰਪੰਚੀ ਦੇ ਕਾਗਜ਼ ਵਾਪਸ ਕਰਨ ਦੀ ਧਮਕੀ ਦੇ ਦਈਏ, ਫਿਰੌਤੀ ਮੰਗ ਲਈਏ ਤੇ ਨਾ ਦੇਣ ‘ਤੇ ਗੱਡੀ ਚਾੜ੍ਹ ਦਈਏ। ਆ ਜਿਹੜੇ ਚਿਰੰਜੀ ‘ਤੇ ਆਪਾਂ ਕੱਚੀ ਫਾਇਰਿੰਗ ਕਰ ਕੇ ਆਏ ਆਂ ਨਾ, ਇਸ ਦੀ ਰਫਲ ਤੇ ਪਿਸਤੌਲ ਥਾਣੇ ਵਾਲਿਆਂ ਨੇ ਜਮ੍ਹਾ ਕਰਵਾ ਰੱਖਿਆ ਆ। ਵੇਖੀਂ ਦੋ ਦਿਨਾਂ ‘ਚ ਈ ਪੈਰੀਂ ਪੈ ਕੇ ਦਸ ਲੱਖ ਦੇ ਕੇ ਜਾਊਗਾ ਨਈਂ ਇਹਦੀ ਧੁਰ ਦੀ ਟਿਕਟ ਪੱਕੀ।” ਦੋਵੇਂ ਉੱਚੀ ਉੱਚੀ ਹੱਸਣ ਲੱਗ ਪਏ ਤੇ ਕਿਸੇ ਨਵੇਂ ਸ਼ਿਕਾਰ ਨੂੰ ਧਮਕੀ ਭੇਜਣ ਬਾਰੇ ਸੋਚਣ ਲੱਗ ਪਏ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062