ਬਾਂਦਰ ਵਰਗੀ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ।

ਕਈ ਵਾਰ ਕੋਈ ਦੁਖਿਆਰਾ ਕਿਸੇ ਲੀਡਰ, ਅਫਸਰ ਜਾਂ ਮੋਹਤਬਰ ਕੋਲ ਆਪਣੀ ਮੁਸੀਬਤ ਦੇ ਹੱਲ ਲਈ ਬੜੀ ਆਸ ਨਾਲ ਜਾਂਦਾ ਹੈ। ਅੱਗੋਂ ਉਸ ਬੰਦੇ ਦੀ ਔਕਾਤ ਨਹੀਂ ਹੁੰਦੀ ਕਿ ਉਹ ਉਸ ਦਾ ਮਸਲਾ ਹੱਲ ਕਰ ਸਕੇ। ਪਰ ਫਿਰ ਵੀ ਉਹ ਦੁਖਿਆਰੇ ਨੂੰ ਮੂਰਖ ਬਣਾਉਣ ਲਈ ਇਹ ਵਿਖਾਵਾ ਕਰਦਾ ਹੈ ਕਿ ਉਹ ਹੀ ਉਸ ਦੀ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ। ਕਿਸੇ ਜੰਗਲ ਦੇ ਰਾਜੇ ਸ਼ੇਰ ਦੀਆਂ ਜਿਆਦਤੀਆਂ ਤੋਂ ਦੁਖੀ ਹੋ ਕੇ ਜਨਤਾ ਨੇ ਬਗਾਵਤ ਕਰ ਦਿੱਤੀ ਤੇ ਉਸ ਨੂੰ ਗੱਦੀ ਤੋਂ ਉਤਾਰ ਕੇ ਲੋਕਰਾਜ ਦੀ ਸਥਾਪਨਾ ਕਰ ਲਈ। ਕੁਝ ਦਿਨਾਂ ਬਾਅਦ ਚੋਣਾਂ ਹੋਈਆਂ ਤਾਂ ਇੱਕ ਚਲਾਕ ਬਾਂਦਰ ਸਭ ਉਮੀਦਵਾਰਾਂ ਨੂੰ ਹਰਾ ਕੇ ਜੰਗਲ ਦਾ ਪ੍ਰਧਾਨ ਮੰਤਰੀ ਬਣ ਗਿਆ। ਬਾਂਦਰ ਨੂੰ ਅਜੇ ਰਾਜ ਸੱਤਾ ਦਾ ਸੁੱਖ ਭੋਗਦੇ ਕੁਝ ਹੀ ਦਿਨ ਹੋਏ ਸਨ ਕਿ ਤਖਤ ਬਰਦਾਰ ਹੋਏ ਸ਼ੇਰ ਨੇ ਬਾਂਦਰ ਨੂੰ ਉਸ ਦੀ ਔਕਾਤ ਵਿਖਾਉਣ ਲਈ ਇੱਕ ਹਿਰਨੀ ਦਾ ਬੱਚਾ ਪਕੜ ਲਿਆ। ਉਸ ਨੇ ਹਿਰਨੀ ਨੂੰ ਕਿਹਾ ਕਿ ਜਾਕੇ ਬਾਂਦਰ ਨੂੰ ਕਹਿ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਬੱਚੇ ਨੂੰ ਮੇਰੇ ਪੰਜਿਆਂ ਵਿੱਚੋਂ ਬਚਾ ਕੇ ਵਿਖਾਵੇ।

ਹਿਰਨੀ ਭੱਜੀ ਭੱਜੀ ਬਾਂਦਰ ਕੋਲ ਪਹੁੰਚੀ ਜੋ ਇੱਕ ਦਰਖਤ ਹੇਠਬੈਠਾ ਕੈਬਨਿਟ ਮੀਟਿੰਗ ਕਰ ਰਿਹਾ ਸੀਕਿ ਕਿਵੇਂ ਟੈਕਸ ਵਧਾ ਕੇ ਜਨਤਾ ਦਾ ਕਚੂੰਮਰ ਕੱਢਣਾ ਹੈ।ਹਿਰਨੀ ਨੇ ਆਪਣਾ ਬੱਚਾ ਬਚਾਉਣ ਲਈ ਫਰਿਆਦ ਕੀਤੀ ਤਾਂ ਬਾਂਦਰ ਕਹਿੰਦਾ ਕਿ ਗੱਲ ਹੀ ਕੋਈ ਨਹੀਂ, ਹੁਣੇ ਛੁਡਾ ਦਿੰਦੇ ਹਾਂ। ਸ਼ੇਰ ਦੀ ਕੀ ਹਿੰਮਤ ਜੋ ਮੇਰੇ ਰਾਜ ਵਿੱਚ ਅਜਿਹੀ ਬਦਮਾਸ਼ੀ ਕਰ ਸਕੇ। ਸੁਣ ਕੇ ਸਾਰੇ ਮੰਤਰੀਆਂ ਨੇ ਖੁਸ਼ੀ ਨਾਲ ਤਾੜੀਆਂ ਵਜਾਈਆਂ ਤੇ ਬਾਂਦਰ ਟਪੂਸੀ ਮਾਰ ਕੇ ਦਰਖਤ ‘ਤੇ ਚੜ੍ਹ ਗਿਆ। ਕਦੇ ਇੱਕ ਟਾਹਣੀ ‘ਤੇ ਕੁੱਦੇ ਤੇ ਕਦੇ ਦੂਸਰੀ ਟਾਹਣੀ ‘ਤੇ ਲਟਕੇ। ਕੁਝ ਮਿੰਟਾਂ ਬਾਅਦ ਸਾਹੋ ਸਾਹੀ ਹੋਇਆ ਹੇਠਾਂ ਉੱਤਰ ਆਇਆ। ਹਿਰਨੀ ਕੁਰਲਾਉਣ ਲੱਗੀ ਕਿ ਪ੍ਰਧਾਨ ਮੰਤਰੀ ਸਾਹਿਬ ਟਪੂਸੀਆਂ ਮਾਰਨ ਦੀ ਬਜਾਏ ਮੇਰੇ ਨਾਲ ਚੱਲ ਕੇ ਮੇਰੇ ਬੱਚੇ ਨੂੰ ਬਚਾਉ।ਇਹ ਸੁਣ ਕੇ ਬਾਂਦਰ ਦੁਬਾਰਾ ਦਰਖਤ ‘ਤੇ ਜਾ ਚੜ੍ਹਿਆ ਤੇ ਅੱਗੇ ਨਾਲੋਂ ਵੀ ਜਿਆਦਾ ਟਪੂਸੀਆਂ ਮਾਰ ਕੇ ਆਪਣੇ ਆਸਨ ‘ਤੇ ਜਾ ਬੈਠਾ। ਹਿਰਨੀ ਜਦੋਂ ਫਿਰ ਕੁਝ ਬੋਲਣ ਲੱਗੀ ਤਾਂ ਉਸ ਨੂੰ ਵਿੱਚੋਂ ਹੀ ਟੋਕ ਕੇ ਬਾਂਦਰ ਨੇ ਕਿਹਾ, “ਬੀਬੀ ਗੱਲ ਇਹ ਆ ਕਿ ਮੈਂ ਜੋ ਕਰ ਸਕਦਾ ਸੀ, ਉਹ ਕਰ ਰਿਹਾ ਹਾਂ। ਮੇਰੀ ਮਿਹਨਤ ਵਿੱਚ ਕੋਈ ਕਸਰ ਹੈ ਤਾਂ ਦੱਸ? ਹੁਣ ਤੇਰਾ ਬੱਚਾ ਬਚਦਾ ਹੈ ਕਿ ਮਰਦਾ ਹੈ ਰੱਬ ਦੀ ਮਰਜ਼ੀ, ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦਾ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062