ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਦੀ ਗਿ੍ਰਫਤਾਰੀ ਲਈ ਛਾਪਾਮਾਰੀ ਜਾਰੀ, ਦੋ ਕਾਬੂ

ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਦੀ ਗਿ੍ਰਫਤਾਰੀ ਲਈ ਛਾਪਾਮਾਰੀ ਜਾਰੀ, ਦੋ ਕਾਬੂ

ਬਠਿੰਡਾ, 16 ਜੂਨ, ਬਲਵਿੰਦਰ ਸਿੰਘ ਭੁੱਲਰ
ਇੰਸਟਾਗ੍ਰਾਮ ਅਤੇ ਯੂ ਟਿਊਬ ਤੇ ਵੀਡੀਓਜ, ਰੀਲਾਂ ਪਾਉਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ, ਉਸਦੇ ਕਤਲ ਕੇਸ ਵਿੱਚ ਜਿਲਾ ਪੁਲਿਸ ਵੱਲੋਂ ਦੋ ਕਥਿਤ ਦੋਸੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦ ਕਿ ਇਸ ਕੇਸ ਦਾ ਮੁੱਖ ਮੁਲਜਮ ਤੇ ਸਾਜ਼ਸਘਾੜਾ ਅੰਮ੍ਰਿਤਪਾਲ ਸਿੰਘ ਅਜੇ ਗਿ੍ਰਫਤ ਤੋਂ ਬਾਹਰ ਹੈ।

ਕਮਲ ਕੌਰ ਭਾਬੀ ਸੋਸਲ ਮੀਡੀਆ ਤੇ ਅਸਲੀਲ ਤੇ ਭੱਦੀ ਸ਼ਬਦਾਵਲੀ ਵਾਲੀਆਂ ਇਤਰਾਜਯੋਗ ਵੀਡੀਓਜ ਪਾਇਆ ਕਰਦੀ ਸੀ। ਇਸ ਦੇ ਕਈ ਲੱਖ ਫਾਲੋਅਰਜ ਹਨ। 11 ਜੂਨ ਨੂੰ ਉਸਦੀ ਗਲੀ ਸੜੀ ਲਾਸ ਆਦੇਸ ਹਸਪਤਾਲ ਦੇ ਨਜਦੀਕ ਕਾਰ ਪਾਰਕਿੰਗ ਵਿੱਚ ਉਸਦੀ ਹੀ ਕਾਰ ਵਿੱਚੋ ਬਰਾਮਦ ਹੋਈ ਸੀ। ਅਸਲੀਲ ਵੀਡੀਓਜ ਬਣਾਉਣ ਕਾਰਨ ਉਸਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ, ਪਰ ਉਹ ਅਜਿਹੀਆਂ ਇਤਰਾਜਯੋਗ ਵੀਡੀਓ ਪਾਉਣ ਤੋਂ ਹਟੀ ਨਹੀਂ ਸੀ।

ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਸਨੂੰ ਕਈ ਵਾਰ ਗੰਦੀਆਂ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਸੀ, ਕਿਉਂਕਿ ਉਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ। ਉਸਦਾ ਨਾਂ ਕੰਚਨ ਕੁਮਾਰੀ ਸੀ, ਪਰ ਜਾਣ ਬੁੱਝ ਕੇ ਉਹ ਕਮਲ ਕੌਰ ਭਾਬੀ ਦੇ ਨਾਂ ਹੇਠ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਪਾਉਂਦੀ ਰਹਿੰਦੀ ਸੀ। ਉਸਦੀ ਗੱਲਬਾਤ ਵਿੱਚ ਕਮਲ ਕੌਰ ਨੂੰ ਕਤਲ ਕਰਨ ਦਾ ਕੋਈ ਪਛਤਾਵਾ ਨਹੀਂ ਸੀ ਝਲਕਦਾ। ਉਸਦਾ ਕਹਿਣਾ ਸੀ ਕਿ ਇਹ ਹੋਰਾਂ ਲਈ ਵੀ ਇੱਕ ਸਬਕ ਹੋਵੇਗਾ।

ਜਿਲਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਂਡਲ ਨੇ ਇੱਥੇ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਦੱਸਿਆ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਲੁਧਿਆਣਾ ਦੀ ਵਸਨੀਕ ਸੀ। 9 ਜੂਨ ਨੂੰ ਉਹ ਘਰੋਂ ਆਪਣੀ ਮਾਂ ਨੂੰ ਇਹ ਕਹਿ ਕੇ ਆਈ ਸੀ ਕਿ ਉਹ ਬਠਿੰਡਾ ਵਿਖੇ ਇੱਕ ਪ੍ਰੋਗਰਾਮ ਤੇ ਜਾ ਰਹੀ ਹੈ। 11 ਜੂਨ ਨੂੰ ਉਸਦੀ ਲਾਸ ਆਦੇਸ਼ ਹਸਪਤਾਲ ਦੇ ਨੇੜਿਓ ਕਾਰ ਵਿੱਚੋਂ ਮਿਲੀ ਸੀ। ਉਹਨਾਂ ਕਿਹਾ ਕਿ ਇਸ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ, ਇਸ ਕੇਸ ਵਿੱਚ ਦੋ ਮੁਲਜਮਾਂ ਨਿਹੰਗ ਜਸਪ੍ਰੀਤ ਸਿੰਘ ਤੇ ਨਿਹੰਗ ਨਿਮਰਤਜੀਤ ਸਿੰਘ ਨੂੰ ਭੁੱਚੋ ਮੰਡੀ ਤੋਂ ਕਾਬੂ ਕਰ ਲਿਆ ਹੈ ਜਦ ਕਿ ਤੀਜੇ ਅੰਮ੍ਰਿਤਪਾਲ ਸਿੰਘ ਦੀ ਗਿ੍ਰਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।