ਫਗਵਾੜਾ, 23 ਸਤੰਬਰ – 99ਵਿਆਂ ਨੂੰ ਢੁਕੇ ਕ੍ਰਾਂਤੀਕਾਰੀ ਬਜ਼ੁਰਗ ਪੰਜਾਬੀ ਸ਼ਾਇਰ ਪ੍ਰੀਤਮ ਸਿੰਘ ਆਜ਼ਾਦ ਨੂੰ ਉਹਨਾ ਦੀ ਲੋਕ ਪੱਖੀ ਸ਼ਾਇਰੀ ਅਤੇ ਨਵੇਂ ਸਮਾਜ ਦੀ ਸਿਰਜਣਾ ਲਈ ਕੀਤੇ ਗਏ ਨਿਰੰਤਰ ਅਤੇ ਅਣਥੱਕ ਉਪਰਾਲਿਆਂ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਸਨਮਾਨ ਦਿੱਤਾ ਗਿਆ।
ਇਹ ਸਨਮਾਨ ਅੱਜ ਉਹਨਾ ਦੇ ਗ੍ਰਹਿ ਕਪੂਰਥਲਾ ਵਿਖੇ ਪੰਜਾਬੀ ਵਿਰਸਾ ਟਰਸੱਟ (ਰਜਿ:) ਫਗਵਾੜਾ ਜਿਸਦੀ ਅਗਵਾਈ ਲੇਖਕ ਅਤੇ ਸੀਨੀਅਰ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ ਕਰਦੇ ਹਨ, ਵਲੋਂ ਪ੍ਰਦਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਇਸ ਸਨਮਾਨ ਵਿੱਚ ਇੱਕ ਮੰਮੰਟੋ, ਲੋਈ, ਸਨਮਾਨ ਪੱਤਰ ਅਤੇ 5000 ਰੁਪਏ ਦੀ ਨਕਦ ਰਾਸ਼ੀ ਸ਼ਾਮਲ ਹੈ। ਸਨਮਾਨ ਪੱਤਰ ਵਿੱਚ “ਆਜ਼ਾਦ” ਜੀ ਨੂੰ ‘ਲੋਕ ਸ਼ਾਇਰ’ ਅਤੇ ‘ਫਾਈਟਰ ਰਾਈਟਰ’ ਕਹਿਕੇ ਸਲਾਹਿਆ ਗਿਆ।
ਪ੍ਰੀਤਮ ਸਿੰਘ ਆਜ਼ਾਦ ਦੇ ਕਾਵਿ-ਸੰਗ੍ਰਹਿ “ਸੂਰਮਿਆਂ ਦੀ ਗਾਥਾ” ਦੂਜਾ ਐਡੀਸ਼ਨ ਪਿਛੇ ਜਿਹੇ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਸਨਮੁੱਖ ਹੋਇਆ ਹੈ। 104 ਸਫ਼ਿਆਂ ਦੇ ਇਸ ਕਾਵਿ-ਸੰਗ੍ਰਹਿ ਵਿੱਚ 39 ਕਵਿਤਾਵਾਂ ਹਨ। ਪੰਜਾਬੀ ਵਿਰਸਾ ਟਰੱਸਟ ਦੇ ਲੇਖਕਾਂ ਦੇ ਗਰੁੱਪ ਨਾਲ ਆਪਣੀ ਲਿਖਣ ਅਤੇ ਸੰਘਰਸ਼ ਕਰਨ ਦੀ ਲੰਮੀ ਯਾਤਰਾ ਨੂੰ ਸਾਂਝਾ ਕਰਦਿਆਂ ਪ੍ਰੀਤਮ ਸਿੰਘ ਆਜ਼ਾਦ ਨੇ ਕਿਹਾ ਕਿ ਲੇਖਕ ਨੂੰ ਲੋਕਾਂ ਲਈ ਲਿਖਣਾ ਚਾਹੀਦਾ ਹੈ, ਹਾਕਮਾਂ ਦੇ ਹੱਕ ਵਿੱਚ ਨਹੀਂ। ਉਹਨਾ ਕਿਹਾ ਕਿ ‘ਉਹੀ ਲੇਖਣੀ ਸਦੀਵੀ ਹੁੰਦੀ ਹੈ, ਜੋ ਲੋਕਾਂ ਲਈ ਲਿਖੀ ਜਾਵੇ ਨਾ ਕਿ ਲੁਟੇਰਿਆਂ ਲਈ।’ ਉਹਨਾ ਹੋਰ ਕਿਹਾ ਕਿ ਨਵੇਂ ਸਮਾਜ ਦੀ ਸਿਰਜਣਾ ਕਰਨ ਦੇ ਨਿਰੰਤਰ ਯਤਨ ਕਰਨਾ, ਲੇਖਣੀ ਦਾ ਕਾਰਜ ਹੈ। ਇਸ ਸਬੰਧੀ ਉਹਨਾ ਨੇ ਆਪਣੀਆਂ ਹੇਠਲੀਆਂ ਕਾਵਿ-ਸਤਰਾਂ ਦਾ ਹਵਾਲਾ ਦਿੱਤਾ :- -“ਖੰਡੇ ਵਰਗੀ ਕਲਮ ਨੂੰ ਕਵੀਓ ਅਪਨਾਓ”; -“ਬਿਖੜਾ ਪੈਂਡਾ ਸਾਥੀਓ, ਕਵਿਤਾ ਦਾ ਪਿੰਗਲ”; -“ਕਵਿਤਾ ਦਾ ਰੂਪ ਮਤਲਾ, ਕਵਿਤਾ ਦਾ ਰੰਗ ਮਕਤਾ”; -“ਰੌਸ਼ਨੀ ਦਾ ਨੇਰ੍ਹਿਆਂ ਨੂੰ ਨਿਗਲਣਾ, ਪਹਿਚਾਣ ਹੈ”; “-ਸਾਡਾ ਸੱਚ ਸਮੇਂ ਦੇ ਹਾਣ ਦਾ, ਇਹਦੀ ਧੁਰੇ ਪਤਾਲੀਂ ਜੜ੍ਹ।” “-ਉਖਲ ਦੇ ਵਿੱਚ ਰੌਣ ਧਰ ਸਾਡੇ ਮੋਹਲਿਆਂ ਦੇਣੇ ਛੜ”।
ਉਹਨਾ ਨੇ ਅੱਗੋਂ ਦੱਸਿਆ ਕਿ ਉਹਨਾ ਦੇ ਕਾਵਿ ਸੰਗ੍ਰਹਿ ਵਿੱਚ ਸ਼ਾਮਲ “ਵੀਅਤਨਾਮ ਦੀ ਵਾਰ” ਪ੍ਰਸਿੱਧ ਪੰਜਾਬੀ ਲਿਖਾਰੀ ਅਤੇ ਆਲੋਚਕ ਪ੍ਰਿੰ: ਸੰਤ ਸਿੰਘ ਸੇਖੋਂ ਵਲੋਂ ਬਹੁਤ ਸਲਾਹੀ ਗਈ ਸੀ। ਸਰਕਾਰੀ ਅਧਿਆਪਕ ਵਜੋਂ ਪੰਜਾਬ ਦੀ ਅਧਿਆਪਕ ਯੂਨੀਅਨ ਅਤੇ ਖੱਬੇ ਪੱਖੀ ਲਹਿਰ ਨਾਲ ਲਗਾਤਾਰ ਜੁੜੇ ਰਹੇ ਪ੍ਰੀਤਮ ਸਿੰਘ ਆਜ਼ਾਦ ਨੂੰ ਅਨੇਕਾਂ ਵਾਰ ਜੇਲ੍ਹ ਵੀ ਜਾਣਾ ਪਿਆ। ਉਹਨਾ ਨੇ ਦਾਅਵਾ ਕੀਤਾ ਕਿ ਲੋਕਾਂ ਲਈ ਅਤੇ ਜਾਬਰਾਂ ਵਿਰੁੱਧ ਲਿਖਕੇ ਉਹਨਾ ਨੂੰ ਨਸ਼ਾ ਮਿਲਦਾ ਹੈ। ਉਹਨਾ ਨੇ ਇਹ ਵੀ ਦੱਸਿਆ ਕਿ ਸੀਮਤ ਸਾਧਨ ਹੋਣ ਕਾਰਨ ਆਪਣੀ ਗੱਲ ਸਧਾਰਨ ਅਤੇ ਲਿਤਾੜੀ ਜਾਂਦੀ ਲੋਕਾਈ ਕੋਲ ਪਹੁੰਚਾਉਣ ਲਈ ਉਹਨਾ ਨੇ ਪੋਸਟਰਾਂ ਉਪਰ ਆਪਣੀਆਂ ਕਵਿਤਾਵਾਂ ਛਪਵਾਕੇ ਸੈਂਕੜੇ ਪੋਸਟਰ ਜਨਤਕ ਸਮਾਗਮਾਂ ‘ਚ ਆਪ ਲੋਕਾਂ ਨੂੰ ਮੁਫ਼ਤ ਵੰਡੇ ਅਤੇ ਇਸ ਕਾਰਜ ਵਿੱਚ ਉਹਨਾ ਦੇ ਸਾਥੀਆਂ ਤੇ ਪ੍ਰਸ਼ੰਸ਼ਕਾਂ ਨੇ ਉਹਨਾ ਦਾ ਪੂਰਾ ਸਾਥ ਦਿੱਤਾ।
ਇਸ ਮੌਕੇ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ, ਕਾਲਮਨਵੀਸ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਪੰਜਾਬੀ ਲੇਖਕ ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ ਅਤੇ ਕਾਮਰੇਡ ਜੈਪਾਲ ਸਿੰਘ ਹਾਜ਼ਰ ਸਨ। ਇਸ ਮੌਕੇ ਉਹਨਾ ਦੇ ਸਪੁੱਤਰ ਰਾਜਪਾਲ ਸਿੰਘ ਅਤੇ ਨੂੰਹ ਬਿਮਲਜੀਤ ਕੌਰ ਜੋ ਪਿਛਲੇਰੇ ਪਹਿਰ ਉਹਨਾ ਦਾ ਖਿਆਲ ਰੱਖ ਰਹੇ ਹਨ, ਵੀ ਮੌਜੂਦ ਸਨ।