ਬਲਵਿੰਦਰ ਸਿੰਘ ਭੁੱਲਰ
ਲੋਕ ਸਭਾ ਚੋਣਾ ਨੇੜੇ ਆਉਂਦਿਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਦਿਲਾਂ ਦੀ ਧੜਕਣ ਤੇਜ ਹੋ ਜਾਂਦੀ ਹੈ। ਹੁਣ ਵੀ ਅਜਿਹਾ ਸਮਾਂ ਨੇੜੇ ਆਉਣ ਸਦਕਾ ਭਾਵੇਂ ਸਾਰੀਆਂ ਪਾਰਟੀਆਂ ਦੀ ਹਾਲਤ ਗੰਭੀਰਤਾ ਵਾਲੀ ਹੈ, ਪਰ ਸਭ ਤੋਂ ਤੇਜ ਧੜਕਣ ਸ੍ਰੋਮਣੀ ਅਕਾਲੀ ਦਲ ਦੀ ਹੈ। ਪੰਜਾਬ ਦੀ ਇਸ ਪ੍ਰਮੁੱਖ ਸਿਆਸੀ ਪਾਰਟੀ ਹੋਣ ਵਾਲਾ ਅਕਾਲੀ ਦਲ ਤਿਣਕੇ ਦਾ ਸਹਾਰਾ ਲੱਭਦਾ ਨਜ਼ਰ ਆ ਰਿਹਾ ਹੈ। ਲੋਕਾਂ ਵਿੱਚ ਆਪਣੀ ਗੁਆਚ ਚੁੱਕੀ ਪੁਜੀਸ਼ਨ ਨੂੰ ਮੁੜ ਬਹਾਲ ਕਰਨ ਲਈ ਹਰ ਇੱਕ ਦੇ ਪੈਰਾਂ ਵਿੱਚ ਡਿੱਗਣ ਤੋਂ ਵੀ ਸੰਕੋਚ ਨਹੀਂ ਕਰ ਰਿਹਾ, ਪਰ ਫੇਰ ਵੀ ਅਜੇ ਉਸਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ।
ਇਸ ਪਾਰਟੀ ਨੇ ਲੰਬਾ ਸਮਾਂ ਪੰਜਾਬ ਵਿੱਚ ਰਾਜ ਕੀਤਾ ਹੈ। ਸੱਤਾਧਾਰੀਆਂ ਵਿੱਚ ਜਦੋਂ ਆਪਣਾ ਨਿੱਜ ਭਾਰੂ ਪੈ ਜਾਂਦਾ ਹੈ ਤਾਂ ਉਹ ਆਮ ਲੋਕਾਂ ਨੂੰ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਤਾਂ ਰਾਜ ਕਰਨ ਵਾਲਿਆਂ ਦੇ ਮਾਂ ਬਾਪ ਜਾਂ ਭੈਣ ਭਰਾ ਵੀ ਕੁਛ ਨਹੀਂ ਲਗਦੇ ਹੁੰਦੇ, ਲੋਕਾਂ ਦੀ ਤਾਂ ਕੀ ਪਰਵਾਹ ਹੋ ਸਕਦੀ ਹੈ। ਇਹ ਸਭ ਕੁੱਝ ਸਾਨੂੰ ਇਤਿਹਾਸ ਤੋਂ ਵੇਖਣ ਨੂੰ ਮਿਲਦਾ ਹੈ। ਮੁਗ਼ਲਾਂ ਸਾਸਕਾਂ, ਅੰਗਰੇਜਾਂ ਬਾਰੇ ਤਾਂ ਕਿਤਾਬਾਂ ਭਰੀਆਂ ਪਈਆਂ ਹਨ। ਸ੍ਰੋਮਣੀ ਅਕਾਲੀ ਦਲ ਭਾਵੇਂ ਇੱਕ ਸਿਆਸੀ ਪਾਰਟੀ ਹੈ ਪਰ ਇਸ ਦਾ ਆਧਾਰ ਧਾਰਮਿਕ ਸੀ, ਇਸ ਕਰਕੇ ਹੀ ਇਸਨੂੰ ਪੰਥਕ ਪਾਰਟੀ ਵੀ ਕਿਹਾ ਜਾਂਦਾ ਰਿਹਾ ਹੈ। ਪੰਜਾਬ ਦੇ ਲੋਕ ਧਾਰਮਿਕ ਬਿਰਤੀ ਦੇ ਹਨ, ਇਸ ਕਰਕੇ ਉਹ ਇਸ ਪਾਰਟੀ ਤੇ ਵਿਸਵਾਸ਼ ਕਰਕੇ ਵੋਟਾਂ ਪਾਉਂਦੇ ਰਹੇ ਅਤੇ ਅਕਾਲੀ ਸਰਕਾਰਾਂ ਹੋਂਦ ਵਿੱਚ ਆਉਂਦੀਆਂ ਰਹੀਆਂ। ਸ੍ਰ: ਪ੍ਰਕਾਸ਼ ਸਿੰਘ ਬਾਦਲ ਜਦ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਸੇਵਾ ਭਾਵਨਾ ਨੂੰ ਮੁੱਖ ਰੱਖ ਕੇ ਰਾਜ ਕੀਤਾ। ਉਹਨਾਂ ਨਾਲ ਸਲਾਹਕਾਰ ਵੀ ਉੱਚ ਵਿਚਾਰਾਂ ਵਾਲੇ ਧਾਰਮਿਕ ਆਗੂ ਗੁਰਚਰਨ ਸਿੰਘ ਟੌਹੜਾ, ਮੋਹਣ ਸਿੰਘ ਤੁੜ, ਉਜਾਗਰ ਸਿੰਘ ਸੇਖਵਾਂ, ਆਤਮਾ ਸਿੰਘ, ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਢੀਂਡਸਾ, ਰਵੀਇੰਦਰ ਸਿੰਘ ਵਰਗੇ ਰਾਇ ਦੇਣ ਵਾਲੇ ਸਨ। ਉਸਤੋਂ ਬਾਅਦ ਸੱਤਾ ਤੇ ਪੱਕੇ ਪੈਰ ਜਮਾਉਣ ਲਈ ਸ੍ਰ: ਬਾਦਲ ਨੇ ਪੁਰਾਣੇੇ ਆਗੂਆਂ ਨੂੰ ਇੱਕ ਇੱਕ ਕਰਕੇ ਝਾੜਣਾ ਸੁਰੂ ਕਰ ਦਿੱਤਾ।
ਉਸਤੋਂ ਬਾਅਦ ਜਦੋਂ ਸ੍ਰ: ਬਾਦਲ ਦੁਬਾਰਾ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਆਪਣੀ ਮਨਮਰਜੀ ਕਰਨ ਦੇ ਸਮਰੱਥ ਹੋ ਗਏ ਸਨ। ਉਹਨਾਂ ਦੂਜੇ ਆਗੂਆਂ ਨੂੰ ਧਰਮ ਕਰਮ ਦੇ ਕੰਮਾਂ ਵਿੱਚ ਪਾ ਕੇ ਆਪਣੀ ਨਿਗਾਹ ਮੁੱਖ ਮੰਤਰੀ ਦੀ ਕੁਰਸੀ ਤੇ ਹੀ ਰੱਖੀ ਤੇ ਸੱਤ ਵਾਰ ਇਸ ਕੁਰਸੀ ਦਾ ਸੁਆਦ ਮਾਣਿਆ। ਇਹ ਦੁਨੀਆਂ ਪੱਧਰ ਦੀ ਸੱਚਾਈ ਹੈ ਕਿ ਜਦੋਂ ਸੱਤਾ ਦੀ ਤਾਕਤ ਪੂਰੀ ਤਰਾਂ ਆਪਣੇ ਹੱਥ ਆ ਜਾਵੇ ਤਾਂ ਹੰਕਾਰ ਵੀ ਪੈਦਾ ਹੋ ਜਾਂਦਾ ਹੈ ਅਤੇ ਜਦੋਂ ਕੋਈ ਮੂਹਰੋਂ ਸਵਾਲ ਕਰਨ ਵਾਲਾ ਵੀ ਨਾ ਹੋਵੇ ਤਾਂ ਨਿੱਜੀ ਮੁਫ਼ਾਦ ਪੈਦਾ ਹੋ ਜਾਂਦੇ ਹਨ। ਇਹ ਹੰਕਾਰ ਤੇ ਨਿੱਜੀ ਮੁਫ਼ਾਦ ਫੇਰ ਇਨਸਾਨ ਤੋਂ ਗਲਤੀਆਂ ਕਰਵਾ ਹੀ ਦਿੰਦੇ ਹਨ। ਪੰਜਾਬ ਦੀ ਅਕਾਲੀ ਸਰਕਾਰ ਦੌਰਾਨ ਸ੍ਰ: ਬਾਦਲ ਦੇ ਮੁੱਖ ਮੰਤਰੀ ਦੌਰ ਵਿੱਚ ਅਮਿ੍ਰਤਸਰ ਵਿਖੇ ਹੋਏ ਸਿੱਖ ਨਿਰੰਕਾਰੀ ਝਗੜੇ ਸਮੇਂ ਨਿਰੰਕਾਰੀ ਮੁਖੀ ਦੀ ਮੱਦਦ ਕਰਨੀ, ਅਪਰੇਸ਼ਨ ਬਲਿਊ ਸਟਾਰ ਲਈ ਸਹਿਮਤੀ ਦੇਣੀ, ਨਕਸਲਵਾੜੀ ਲਹਿਰ ਸਮੇਂ ਝੂਠੇ ਮੁਕਾਬਲਿਆਂ ਦੀ ਸੁਰੂਆਤ ਕਰਨੀ, ਬੇਅਦਬੀ ਮਾਮਲਿਆਂ ਨਾਲ ਸਬੰਧਤ ਮੁਲਜਮਾਂ ਨੂੰ ਬਚਾਉਣਾ, ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੇ ਸੱਟ ਮਾਰਨੀ, ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਹੱਕ ’ਚ ਬਿਆਨ ਦੇਣ ਆਦਿ ਤੋਂ ਇਲਾਵਾ ਕੇ ਪੀ ਐੱਸ ਗਿੱਲ ਨਾਲ ਮੁਲਾਕਾਤਾਂ, ਸੁਮੈਧ ਸੈਣੀ ਨੂੰ ਡੀ ਜੀ ਪੀ ਲਾਉਦਾ, ਇਜ਼ਹਾਰ ਆਲਮ ਨੂੰ ਸੰਸਦੀ ਸਕੱਤਰ ਬਣਾਉਣਾ ਆਦਿ ਕਿੰਨੀਆਂ ਹੀ ਗਲਤੀਆਂ ਹਨ, ਜਿਹਨਾਂ ਤੋਂ ਲੋਕ ਭਲੀ ਭਾਂਤ ਜਾਣੂ ਹਨ। ਇਸਤੋਂ ਇਲਾਵਾ ਅਕਾਲੀ ਆਗੂਆਂ ਦੇ ਨਸ਼ਿਆਂ ਦੀ ਤਸਕਰੀ ਅਤੇ ਗੈਂਗਸਟਰਾਂ ਨਾਲ ਸਬੰਧਾਂ ਤੋਂ ਵੀ ਕੋਈ ਭੁਲਿਆ ਨਹੀਂ ਹੈ।
ਜੇਕਰ ਸ੍ਰੋਮਣੀ ਅਕਾਲੀ ਦਲ ਅਤੇ ਇਸਦੇ ਆਗੂਆਂ ਨੇ ਇਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਤਾਂ ਪੰਜਾਬ ਵਿੱਚ ਕਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣਨੀ। ਪਰ ਗਲਤੀਆਂ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਹਾਲਤ ਇਸ ਕਦਰ ਬਦਤਰ ਕਰ ਦਿੱਤੀ ਕਿ ਖ਼ੁਦ ਸ੍ਰ: ਪ੍ਰਕਾਸ਼ ਸਿੰਘ ਬਾਦਲ ਬਜੁਰਗ ਅਵਸਥਾ ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਕੁੱਝ ਚਿਰ ਪਹਿਲਾਂ ਵਿਧਾਨ ਸਭਾ ਦੀ ਚੋਣ ਵੀ ਹਾਰ ਗਏ। ਸ੍ਰ: ਬਾਦਲ ਦੇ ਤੁਰ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਕੋਲ ਕੋਈ ਅਜਿਹਾ ਦਭੰਗ ਲੀਡਰ ਹੀ ਨਹੀਂ ਹੈ, ਜਿਸਦੀ ਅਗਵਾਈ ਵਿੱਚ ਪਾਰਟੀ ਮੁੜ ਸੁਰਜੀਤ ਹੋ ਸਕੇ ਜਾਂ ਜਿਸਤੇ ਲੋਕ ਵਿਸਵਾਸ਼ ਕਰ ਸਕਣ। ਅਕਾਲੀ ਸਰਕਾਰ ਸਮੇਂ ਇਸ ਬਾਦਲ ਪਰਿਵਾਰ ਵੱਲੋਂ ਜੋ ਜਾਇਦਾਦਾਂ ਦੇਸ਼ ਵਿਦੇਸ਼ ਵਿੱਚ ਬਣਾਈਆਂ, ਪੰਜਾਬ ਦੀ ਜੋ ਦੁਰਦਸ਼ਾਂ ਕੀਤੀ ਉਹ ਸੂਬੇ ਦੇ ਲੋਕਾਂ ਤੋਂ ਭੁੱਲੀ ਤਾਂ ਨਹੀਂ ਸੀ, ਪਰ ਫੇਰ ਵੀ ਜਦ ਚੋਣਾਂ ਸਮੇਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਆਪਣੇ ਭੋਲੇ ਭਾਲ ਚਿਹਰੇ ਤੇ ਮਿੱਠੀ ਆਵਾਜ਼ ਲੈ ਕੇ ਲੋਕਾਂ ਵਿੱਚ ਪਹੁੰਚਦੇ ਤਾਂ ਆਮ ਲੋਕ ਸਾਰੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਤੇ ਵਿਸਵਾਸ਼ ਕਰ ਲੈਂਦੇ। ਬੱਸ ਇਸੇ ਤਰਾਂ ਉਹ ਸੱਤਾ ਹਾਸਲ ਕਰ ਲੈਂਦੇ। ਹੁਣ ਉਹਨਾਂ ਦੀ ਗੈਰਹਾਜਰੀ ਵਿੱਚ ਅਕਾਲੀ ਦਲ ਦੀ ਵਾਗਡੋਰ ਸ੍ਰ: ਸੁਖਬੀਰ ਸਿੰਘ ਬਾਦਲ ਦੇ ਹੱਥ ਹੈ, ਉਹ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਅੱਕੀਂ ਪਲਾਂਹੀ ਹੱਥ ਮਾਰ ਰਹੇ ਹਨ, ਪਰ ਕਿਤੋਂ ਸਹਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ।
ਲੰਬਾ ਸਮਾਂ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਰਿਹਾ ਹੈ। ਕਿਸੇ ਵੇਲੇ ਤਾਂ ਗੱਠਜੋੜ ਨੂੰ ਨਹੁੰ ਮਾਸ ਦਾ ਰਿਸਤਾ ਕਹਿਣ ਤੋਂ ਵੀ ਅੱਗੇ ਸ੍ਰ: ਬਾਦਲ ਪਤੀ ਪਤਨੀ ਵਾਲਾ ਰਿਸਤਾ ਵੀ ਕਹਿ ਦਿੰਦੇ ਸਨ। ਕੁੱਝ ਸਾਲ ਪਹਿਲਾਂ ਇਹ ਗੱਠਜੋੜ ਟੁੱਟ ਗਿਆ ਸੀ ਅਤੇ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। ਪਿਛਲੇ ਕੁੱਝ ਸਮੇਂ ਤੋਂ ਭਾਜਪਾ ਵੀ ਪੰਜਾਬ ਵਿੱਚ ਆਪਣੇ ਪੈਰ ਜਮਾਉਣੇ ਚਾਹੁੰਦੀ ਹੈ, ਇਕੱਲਿਆਂ ਆਪਣੇ ਦਮ ਤੇ ਉਸ ਨੂੰ ਸਫ਼ਲਤਾ ਨਹੀਂ ਦਿਖਾਈ ਦਿੰਦੀ। ਦੂਜੇ ਪਾਸੇ ਅਕਾਲੀ ਦਲ ਦੀ ਹਾਲਤ ਵੀ ਪਾਣੀਉਂ ਪਤਲੀ ਹੋ ਚੁੱਕੀ ਸੀ। ਇਸ ਕਰਕੇ ਮੁੜ ਦੋਵਾਂ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਸਨ। ਪਿਛਲੇ ਕੁੱਝ ਹਫ਼ਤਿਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਕੇਸ ਦੀ ਰਿਪੋਰਟ ਜੱਗ ਜ਼ਾਹਰ ਹੋਣ ਨਾਲ ਅਕਾਲੀ ਦਲ ਫੇਰ ਸੰਕਟ ਵਿੱਚ ਫਸ ਗਿਆ ਹੈ। ਜਿਸ ਚੋਂ ਨਿਕਲਣਾ ਬਹੁਤ ਮੁਸਕਿਲ ਵਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਭਾਜਪਾ ਨੂੰ ਮੁੜ ਸੋਚਣਾ ਪੈ ਸਦਕਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਕੀਤਾ ਜਾਵੇ ਜਾਂ ਨਾ। ਜੇ ਅਕਾਲੀ ਦਲ ਇਸ ਸੰਕਟ ਚੋਂ ਨਹੀਂ ਨਿਕਲਦਾ ਤਾਂ ਭਾਜਪਾ ਨੂੰ ਗੱਠਜੋੜ ਦਾ ਕੋਈ ਲਾਭ ਨਹੀਂ ਹੋਣਾ ਬਲਕਿ ਨੁਕਸਾਨ ਹੀ ਹੋ ਸਕਦਾ ਹੈ।
ਅਕਾਲੀ ਦਲ ਦੀ ਮਾੜੀ ਹਾਲਤ ਵੇਖਦਿਆਂ ਬਹੁਜਨ ਸਮਾਜ ਪਾਰਟੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ। ਅਕਾਲੀ ਦਲ ਦਾ ਪ੍ਰਧਾਨ ਸ੍ਰ: ਸੁਖਬੀਰ ਸਿੰਘ ਕਹਿ ਰਿਹਾ ਹੈ ਕਿ ਬਸਪਾ ਨਾਲ ਸਾਡਾ ਨਹੁੰ ਮਾਸ ਦਾ ਰਿਸਤਾ ਹੈ, ਬਸਪਾ ਇਸ ਰਿਸਤੇ ਤੋਂ ਇਨਕਾਰੀ ਹੈ। ਇਸਤੋਂ ਅੱਗੇ ਵਾਲੀ ਗੱਲ ਦੂਜੇ ਅਕਾਲੀ ਦਲਾਂ ਨਾਲ ਇਕੱਠੇ ਹੋਣ ਦੀ ਹੈ। ਕੁੱਝ ਧਾਰਮਿਕ ਲੋਕਾਂ ਤੋਂ ਅਜਿਹੇ ਬਿਆਨ ਦਿਵਾਏ ਗਏ ਹਨ ਕਿ ਸਮੁੱਚੇ ਅਕਾਲੀ ਦਲਾਂ ਨੂੰ ਸੂਬੇ ਦੀ ਭਲਾਈ ਲਈ ਇਕੱਠੇ ਹੋਣਾ ਚਾਹੀਦਾ ਹੈ। ਬਾਦਲ ਦਲ ਤੋਂ ਬਾਅਦ ਨੰਬਰ ਬਣਦਾ ਹੈ ਸੰਯੁਕਤ ਅਕਾਲੀ ਦਲ ਦਾ ਜਿਸਦੇ ਪ੍ਰਧਾਨ ਸ੍ਰ: ਸੁਖਦੇਵ ਸਿੰਘ ਢੀਂਡਸਾ ਹਨ। ਸ੍ਰ: ਢੀਂਡਸਾ ਵੀ ਸਮਝਦੇ ਹਨ ਕਿ ਇਕੱਲਿਆਂ ਤਾਂ ਉਹਨਾਂ ਦੇ ਪੱਲੇ ਵੀ ਕੁੱਝ ਦਿਖਾਈ ਨਹੀਂ ਦਿੰਦਾ, ਇਸ ਲਈ ਏਕਤਾ ਵਿੱਚ ਕੁੱਝ ਫਾਇਦਾ ਵੀ ਹੋ ਸਕਦਾ ਹੈ। ਓਧਰ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਤਾਂ ‘ਡੁਬਦੇ ਨੂੰ ਤੀਲੇ ਦਾ ਸਹਾਰਾ’ ਵਾਲੀ ਗੱਲ ਹੈ। ਇਹ ਸਮਝੌਤਾ ਸ਼ਾਇਦ ਸਿਰੇ ਚੜ ਵੀ ਜਾਵੇ। ਸ੍ਰ: ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇਕਰ ਕੋਈ ਉਹਨਾਂ ਦੇ ਸਮੇਂ ਦਾ ਪੁਰਾਣਾ ਸਿਆਸਤਦਾਨ ਹੈ ਤਾਂ ਸ੍ਰ: ਸੁਖਦੇਵ ਸਿੰਘ ਢੀਂਡਸਾ ਹੈ, ਪਰ ਉਸਦੀ ਹਾਲਤ ਏਨੀ ਕੁ ਪਤਲੀ ਹੈ ਕਿ ਉਹ ਸੁਖਬੀਰ ਬਾਦਲ ਦਾ ਵਿਗਾੜ ਕੁੱਝ ਨਹੀਂ ਸਕਦਾ। ਇਸ ਲਈ ਉਸਨੂੰ ਸ੍ਰੋਮਣੀ ਅਕਾਲੀ ਦਲ ਦਾ ਸ੍ਰਪਰਸਤ ਬਣਾ ਕੇ ਚੁੱਪ ਕਰਕੇ ਬਿਠਾਇਆ ਜਾ ਸਕਦਾ ਹੈ। ਬੀਬੀ ਜਗੀਰ ਕੌਰ ਨੂੰ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੀ ਚਾਹੀਦੀ ਹੈ, ਜੇ ਉਹ ਮਿਲ ਜਾਵੇ ਤਾਂ ਉਸ ਦੀ ਸ਼ਾਇਦ ਹੋਰ ਕੋਈ ਇੱਛਾ ਵੀ ਨਹੀਂ ਰਹਿਣੀ। ਪਰ ਜੇਕਰ ਇਹ ਏਕਤਾ ਹੋਈ, ਫੇਰ ਵੀ ਸਮੁੱਚਾ ਸੰਯੁਕਤ ਦਲ ਸ਼ਾਮਲ ਨਹੀਂ ਹੋਵੇਗਾ। ਉਸ ਦਲ ਦੇ ਕਾਫ਼ੀ ਆਗੂ ਤੇ ਵਰਕਰ ਹੋਰ ਕਿਸੇ ਪਾਸੇ ਚਲੇ ਜਾ ਸਕਦੇ ਹਨ ਜਾਂ ਚੁੱਪ ਕਰਕੇ ਘਰੀਂ ਬੈਠ ਜਾਣਗੇ। ਇਸ ਤਰਾਂ ਸੰਯੁਕਤ ਅਕਾਲੀ ਦਲ ਦੇ ਦੁਫਾੜ ਹੋ ਜਾਵੇਗਾ ਜਾਂ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ।
ਕੁੱਲ ਮਿਲਾ ਕੇ ਸ੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੈ, ਚੋਣਾਂ ਜਿੱਤਣ ਲਈ ਤਿਨਕੇ ਦਾ ਸਹਾਰਾ ਭਾਲ ਰਿਹਾ ਹੈ। ਪਰ ਅਜੇ ਕਿਸੇ ਪਾਸਿਉਂ ਭਰੋਸਾ ਨਹੀਂ ਮਿਲ ਰਿਹਾ। ਅਕਾਲੀ ਲੀਡਰਸਿਪ ਨੂੰ ਡੂੰਘਾਈ ਨਾਲ ਸੋਚ ਵਿਚਾਰ ਕਰਕੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਅਗਲੀ ਨੀਤੀ ਬਣਾਉਣੀ ਪਵੇਗੀ।
ਮੋਬਾ: 098882 75913