ਬਠਿੰਡਾ, 7 ਅਗਸਤ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਸ੍ਰੀ ਗੋਪਾਲ ਸਿੰਘ ਕੋਟਫੱਤਾ ਸੇਵਾਮੁਕਤ ਪੀ ਸੀ ਐੱਸ ਦੀ ਕਾਵਿ ਪੁਸਤਕ ‘ਮਿੱਟੀ ਦੀ ਕਸਕ’ ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਵਾਰਤਾਕਾਰ ਸ੍ਰੀ ਰਾਮ ਸਿੰਘ ਸੇਵਾਮੁਕਤ ਅਧਿਕਾਰੀ, ਸ੍ਰੀ ਅਜਾਇਬ ਸਿੰਘ ਭੱਟੀ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਅਮਰ ਸਿੰਘ ਸਿੱਧੂ ਲੇਖਕ ਤੇ ਫਿਲਮ ਮੇਕਰ ਅਤੇ ਟਹਿਲ ਸਿੰਘ ਸਾਬਕਾ ਡਾਇਰੈਕਟਰ ਪਨਗਰੇਨ ਹਾਜ਼ਰ ਸਨ।
ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਸਭਨਾ ਨੂੰ ਜੀ ਆਇਆਂ ਕਹਿਣ ਉਪਰੰਤ ਸ੍ਰੀ ਗੋਪਾਲ ਸਿੰਘ ਦੀਆਂ ਜੀਵਨ ਪ੍ਰਾਪਤੀਆਂ ਅਤੇ ਸਾਹਿਤਕ ਕਾਰਜ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਕਿਰਤੀ ਪਰਿਵਾਰ ਚੋਂ ਉੱਠ ਕੇ ਉੱਚ ਅਹੁਦੇ ਤੇ ਪਹੁੰਚ ਕੇ ਵੀ ਕਿਰਤੀ ਸਮਾਜ ਨਾਲ ਜੁੜੇ ਰਹੇ। ਸ੍ਰੀ ਹਰਵਿੰਦਰ ਸਿੰਘ ਸਿਰਸਾ ਨੇ ਪੁਸਤਕ ਉੱਪਰ ਪਰਚਾ ਪੜਦਿਆਂ ਕਿਹਾ ਕਿ ਲੋਕਾਂ ਨੂੰ ਰਾਸ਼ਟਰਬਾਦ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਪ੍ਰਵਾਸ ਤੇ ਖੁਦਕਸ਼ੀਆਂ ਬਾਰੇ ਸੋਚਣਾ ਵੀ ਅਤੀ ਜਰੂਰੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਤਰਜਮਾਨੀ ਕਰਦਾ ਸਾਹਿਤ ਰਚਣ ਦੀ ਜਰੂਰਤ ਹੈ। ਸਾਹਿਤ ਵਿੱਚ ਕਿਰਤ ਦੀ ਭੂਮਿਕਾ ਹਮੇਸ਼ਾਂ ਮਹੱਤਵਪੂਰਨ ਰਹੀ ਹੈ ਤੇ ਰਹੇਗੀ। ਕਵਿਤਾਵਾਂ ਵਿੱਚ ਤੱਤ ਸਾਰ ਤੇ ਉਦੇਸ਼ ਵੱਡਾ ਹੁੰਦਾ ਹੈ, ਜੋ ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਪਰਤੱਖ ਦਿਖਾਈ ਦਿੰਦਾ ਹੈ। ਕਵਿਤਾਵਾਂ ਸੰਵੇਦਨਾ ਭਰਪੂਰ ਹਨ ਤੇ ਉਹ ਪੀੜਾਂ, ਕਸਕਾਂ, ਦੁਸਵਾਰੀਆਂ ਤੇ ਕੇਂਦਰਤ ਹੋਣ ਦੇ ਨਾਲ ਨਾਲ ਮਨੁੱਖੀ ਫਿਕਰਾਂ ਦੀ ਬਾਤ ਪਾਉਂਦੀਆਂ ਹਨ।
ਚਰਚਾ ਸੁਰੂ ਕਰਦਿਆਂ ਉੱਘੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਟੁੱਟੀਆਂ ਹਸਰਤਾਂ ਵਾਲੇ ਹੀ ਬੁੱਤਕਾਰ, ਚਿੰਤਰਕਾਰ ਤੇ ਕਵਿਤਾਕਾਰ ਹੁੰਦੇ ਹਨ। ਉਹਨਾਂ ਕਿਹਾ ਪੁਸਤਕ ਵਿਚਲੀਆਂ ਕਵਿਤਾਵਾਂ ਉਸ ਸਮੇਂ ਦੀ ਯਾਦ ਦਿਵਾਉਂਦੀਆਂ ਹਨ, ਜਦ ਰਿਸਤਿਆਂ ਦਾ ਤਾਰਾ ਮੰਡਲ ਸਾਰੇ ਸਿਰਾਂ ਤੇ ਹੁੰਦਾ ਸੀ। ਰਚਨਾਵਾਂ ਸੰਵਾਦ ਰਚਾਉਂਦੀਆਂ ਹਨ। ਸ੍ਰੀ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੁਸਤਕ ਜੀਵਨ ਦੇ ਸਫ਼ਰ ਦੀ ਕਿਰਤ ਬਿਆਨ ਕਰਦੀ ਹੈ। ਪੁਸਤਕ ਵਿੱਚ ਮਨੁੱਖ ਨਾਲ ਜੁੜੇ ਹਰ ਵਿਸ਼ੇ ਤੇ ਕਵਿਤਾ ਲਿਖੀ ਗਈ ਹੈ। ਸ੍ਰੀ ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਕਿਤਾਬ ਵਿੱਚੋ ਲੋਕਾਂ ਦੀ ਹੂਕ ਨਾਲ ਜੁੜੀ ਸੋਚ ਪਰਤੱਖ ਹੁੰਦੀ ਹੈ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਤੇ ਮੌਲਿਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪੁਸਤਕ ਕਿਰਤੀ ਲੋਕਾਂ ਦੇ ਹੱਥਾਂ ਤੱਕ ਪੁੱਜਣੀ ਚਾਹੀਦੀ ਹੈ।
ਸ੍ਰੀ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਰਚਨਾਕਾਰ ਵੱਲੋਂ ਪੇਂਡੂ ਰਹਿਤਲ ਦੇ ਸ਼ਬਦਾਂ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ। ਚੇਤਿਆਂ ਦੀ ਚੰਗੇਰ ’ਚ ਵਸਣ ਵਾਲੇ ਸ਼ਬਦ ਕਵਿਤਾਵਾਂ ਵਿੱਚ ਰਚੇ ਹੋਏ ਹਨ ਅਤੇ ਕਵਿਤਾਵਾਂ ਚੰਗਾ ਸੁਨੇਹਾ ਦਿੰਦੀਆਂ ਹਨ। ਪੁਸਤਕ ਦੇ ਰਚੇਤਾ ਸ੍ਰੀ ਗੋਪਾਲ ਸਿੰਘ ਨੇ ਆਪਣੇ ਜੀਵਨ ’ਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹਨਾਂ ਜੋ ਵੇਖਿਆ ਤੇ ਹੰਢਾਇਆ, ਉਸਨੂੰ ਕਾਗਜ ਤੇ ਲਿਖਦਾ ਰਿਹਾ ਪਰ ਇਹ ਨਹੀਂ ਸੀ ਸੋਚਿਆ ਕਿ ਇਹਨਾਂ ਦੀ ਕਦੇ ਜਿਲਦ ਵੀ ਬੱਝੇਗੀ। ਅੱਜ ਇਸ ਚਰਚਾ ਨਾਲ ਸੰਤੁਸ਼ਟੀ ਮਿਲੀ ਹੈ। ਪ੍ਰਧਾਨਗੀ ਭਾਸ਼ਣ ’ਚ ਸ੍ਰੀ ਰਾਮ ਸਿੰਘ ਨੇ ਕਿਹਾ ਕਿ ਆਲੋਚਕ ਜਾਂ ਵਿਸ਼ਲੇਸ਼ਕ ਰਚਨਾ ਨੂੰ ਭਾਵੇਂ ਕਿਸੇ ਨਾਲ ਵੀ ਜੋੜ ਦੇਣ, ਪਰ ਉਸ ਵਿੱਚ ਲੇਖਕ ਦਾ ਆਪਣਾ ਦੁੱਖ ਸਮਾਇਆ ਹੁੰਦਾ ਹੈ। ਉਹਨਾਂ ਤਰੰਨਮ ਵਿੱਚ ਇੱਕ ਗਜ਼ਲ ਵੀ ਪੇਸ਼ ਕੀਤੀ।
ਸਮਾਗਮ ਨੂੰ ਸਰਵ ਸ੍ਰੀ ਸੀ ਮਾਰਕੰਡਾ, ਅਮਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਸ੍ਰੀ ਅਮਰਜੀਤ ਸਿੰਘ ਸਿੱਧੂ, ਅਮਨ ਦਾਤੇਵਾਸੀਆ, ਸੁਰਜੀਤ ਸਿਰੜੀ, ਨਨਪਾਲ, ਅਮਰਜੀਤ ਸਿੰਘ ਹਰਿਆਣਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਦੇ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਣਜੀਤ ਗੌਰਵ ਜਨਰਲ ਸਕੱਤਰ ਨੇ ਨਿਭਾਈ। ਸਮਾਗਮ ਦੌਰਾਨ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਅਤਰਜੀਤ ਕਹਾਣੀਕਾਰ, ਰਣਬੀਰ ਰਾਣਾ, ਪੋਰਿੰਦਰ ਸਿੰਗਲਾ, ਭੋਲਾ ਸਿੰਘ ਗਿੱਲਪੱਤੀ, ਭੂਪਿੰਦਰ ਮਾਨ, ਬੀਬਾ ਅਮਿ੍ਰਤ ਕਲੇਰ ਤੇ ਕਮਲ ਬਠਿੰਡਾ ਵੀ ਹਾਜ਼ਰ ਸਨ।