ਸ੍ਰੀ ਕਰਤਾਰਪੁਰ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਪਾਕਿਸਤਾਨ ਸਥਿਤ ਸਿੱਖਾਂ ਦੇ ਗੁਰਧਾਮ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਹਿੱਤ ਡੇਰਾ ਬਾਬਾ ਨਾਨਕ ਦੇ ਗੁ. ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਕੀਤੀਆਂ ਗਈਆਂ ਅਰਦਾਸਾਂ ਤੋਂ ਬਾਅਦ ਵਾਹਿਗੁਰੂ ਵੱਲੋਂ ਕੀਤੀ ਗਈ ਅਪਾਰ ਬਖਸ਼ਿਸ਼ ਸਦਕਾ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਦਾ ਸੁਨੇਹਾ ਦਿੰਦਿਆਂ ਜਿੱਥੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾ ਚੁੱਕਾ ਹੈ, ਉਥੇ ਹੀ ਹੁਣ ਇਹ ਲਾਂਘਾ 1947 ਦੀ ਹੋਈ ਵੰਡ ਦੌਰਾਨ ਵਿਛੜੇ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਦਾ ਵੀ ਸਬੱਬ ਬਣਦਾ ਜਾ ਰਿਹਾ ਹੈ। ਇਸ ਲਾਂਘੇ ਦੇ ਖੁੱਲ੍ਹਣ ਉਪਰੰਤ ਕਈ ਪਰਿਵਾਰਾਂ ਨੂੰ ਆਪਸ ਵਿਚ ਕਈ ਦਹਾਕੇ ਬੀਤਣ ਦੇ ਬਾਅਦ ਮਿਲਣ ਨਾਲ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਇਸੇ ਲਾਂਘੇ ਨੇ ਹੁਣ 1947 ਦੀ ਵੰਡ ਮੌਕੇ ਜਨਮ ਤੋਂ ਵਿਛੜੇ ਭੈਣ ਤੇ ਭਰਾ ਨੂੰ ਪ੍ਰਿਤਪਾਲ ਸਿੰਘ ਵਾਸੀ ਪਿੰਡ ਡੋਹੜ ਤਹਿਸੀਲ ਜੈਤੋ ਅਤੇ ਜ਼ਿਲਾ ਫਰੀਦਕੋਟ ਦੇ ਯਤਨਾਂ ਸਦਕਾ 75 ਸਾਲਾਂ ਬਾਅਦ ਮਿਲਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਇਸ ਸਬੰਧੀ ਵਿਸਥਾਰ ਨਾਲ ਗੱਲਬਾਤ ਦੌਰਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਤੋਂ ਕਰੀਬ ਇਕ ਸਾਲ ਪਹਿਲਾਂ ਪਾਕਿਸਤਾਨ ਦੇ ਪਿੰਡ ਸ਼ੇਖੂਪੁਰਾ ਵਿਖੇ ਰਹਿੰਦੀ ਸ਼ਕੀਨਾ ਨਾਮ ਦੀ ਔਰਤ ਵੱਲੋਂ ਆਪਣੇ ਹਿੰਦੁਸਤਾਨ ਵਿਚ ਰਹਿੰਦੇ ਭਰਾ ਦੀ ਫੋਟੋ ਅਤੇ ਚਿੱਠੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਭਰਾ ਨੂੰ ਮਿਲਣ ਲਈ ਪਾਈ ਸੀ। ਵੀਡੀਓ ਮੈਂ ਦੇਖੀ ਤੇ ਉਕਤ ਔਰਤ ਦੇ ਭਰਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਪਰੰਤ ਜ਼ਿਲਾ ਲੁਧਿਆਣਾ ਦੇ ਪਿੰਡ ਜੱਸੋਵਾਲ, ਨੇੜੇ ਡੇਹਲੋਂ ਵਿਖੇ ਪਹੁੰਚ ਕੇ 75 ਸਾਲਾ ਬਜ਼ੁਰਗ ਗੁਰਮੇਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਭੈਣ-ਭਰਾਵਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਾਉਣ ਦਾ ਪ੍ਰੋਗਰਾਮ ਤੈਅ ਕੀਤਾ, ਜਿਸ ਤੋਂ ਬਾਅਦ ਅੱਜ ਮੇਰੇ ਸਮੇਤ ਪਿੰਡ ਜੱਸੋਵਾਲ ਦੇ ਸਰਪੰਚ ਜਗਤਾਰ ਸਿੰਘ ਦਾ ਲੜਕਾ ਮਨੀ ਤੇ ਹੋਰ ਗੁਰਮੇਲ ਸਿੰਘ ਨੂੰ ਨਾਲ ਲੈ ਕੇ ਜ਼ਿਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਕੋਰੀਡੋਰ ਵਿਖੇ ਪਹੁੰਚੇ ਅਤੇ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਉਸ ਦੇ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਅਤੇ ਗੁਰੂਧਾਮ ਦੇ ਦਰਸ਼ਨ ਕੀਤੇ।
ਪ੍ਰਿਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਗੁਰਮੇਲ ਸਿੰਘ ਦੀ ਭੈਣ ਸ਼ਕੀਨਾ ਉਸ ਨੂੰ ਮਿਲੀ, ਜਿੱਥੇ ਦੋਵਾਂ ਭੈਣ ਭਰਾਵਾਂ ਨੇ ਆਪਸ ਵਿਚ ਗੱਲਵਕੜੀ ਪਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਭੈਣ ਨੇ ਆਪਣੇ ਭਰਾ ਦਾ 75 ਸਾਲਾਂ ਬਾਅਦ ਮਿਲਣ ’ਤੇ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਤੇ ਆਪਣੇ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸਦੇ ਬਾਅਦ ਦੋਵਾਂ ਭੈਣ-ਭਰਾ ਨੇ ਆਪਣੇ ਜੀਵਨ ਦੀਆਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਕੀਤੀ ਅਤੇ ਬਾਅਦ ਗੁਰਮੇਲ ਸਿੰਘ ਆਪਣੀ ਭੈਣ ਨੂੰ ਮਿਲਣ ਉਪਰੰਤ ਸਾਡੇ ਨਾਲ ਹਿੰਦੁਸਤਾਨ ਵਾਪਸ ਪਰਤ ਆਇਆ।