Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਨੂਰਾ ਕੁਸ਼ਤੀ, ਮੋਦੀ ਬਨਾਮ ਆਰ.ਐਸ.ਐਸ. | Punjabi Akhbar | Punjabi Newspaper Online Australia

ਨੂਰਾ ਕੁਸ਼ਤੀ, ਮੋਦੀ ਬਨਾਮ ਆਰ.ਐਸ.ਐਸ.

ਆਪਣੇ ਆਪ ਨੂੰ ਸਮਾਜਿਕ ਅਤੇ ਸੰਸਕ੍ਰਿਤਕ ਸੰਸਥਾ ਕਹਾਉਂਦੀ ਲਗਭਗ 100 ਵਰ੍ਹਿਆਂ ਦੀ ਰਾਸ਼ਟਰੀ ਸਵੈਂ-ਸੇਵਕ ਸੰਘ(ਆਰ.ਐਸ.ਐਸ) ਦੇ ਮੁੱਖੀ ਮੋਹਨ ਭਾਗਵਤ ਨੇ ਪਿਛਲੇ ਹਫ਼ਤੇ ਕਿਹਾ ਕਿ ਜੋ ਅਸਲੀ ਸੇਵਕ ਹੈ, ਉਹ ਮਰਿਆਦਾ ਦਾ ਪਾਲਣ ਕਰਦਾ ਹੈ, ਉਹ ਦੰਭ ਨਹੀਂ ਕਰਦਾ, ਉਸ ਵਿੱਚ ਹੰਕਾਰ ਨਹੀਂ ਆਉਂਦਾ ਕਿ ਇਹ ਮੈਂ ਕੀਤਾ ਹੈ।

ਇਹ ਸ਼ਬਦ ਸਿੱਧੇ ਤੌਰ ਨਾਮ ਲੈ ਕੇ ਨਹੀਂ ਪਰ ਅਸਿੱਧੇ ਤੌਰ ‘ਤੇ ਭਾਜਪਾ ਨੂੰ ਪਿਛੇ ਤੋਂ ਚਲਾਉਣ ਵਾਲੀ ਆਰ.ਐਸ.ਐਸ. ਜੋ ਇੱਕ ਪਾਰਦਰਸ਼ਿਕ ਸੰਸਥਾ ਨਹੀਂ ਹੈ, ਸਗੋਂ ਇੱਕ ਖੁਫੀਆਂ ਸੰਸਥਾ ਵਜੋਂ ਕੰਮ ਕਰਦੀ ਹੈ, ਨੇ ਆਪਣੇ ਮੁੱਖੀ ਰਾਹੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਕਰਕੇ ਕਹੇ ਹਨ ਕਿ ਉਹ ਆਪਣੇ ਵਿਚਾਰ ਨੂੰ ਬਦਨਾਮ ਹੋਇਆ ਨਹੀਂ ਵੇਖਣਾ ਚਾਹੁੰਦੇ। ਉਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਿਹੜਾ ਆਪਣੇ ਬਾਰੇ ਕਹਿੰਦਾ ਹੈ ਕਿ ਮੈਨੂੰ ਦੇਸ਼ ਉਤੇ ਰਾਜ-ਭਾਗ ਚਲਾਉਣ ਲਈ ਪ੍ਰਮਾਤਮਾ ਨੇ ਭੇਜਿਆ ਹੈ। ਤੇ ਉਹ ਇਹ ਵੀ ਕਹਿੰਦਾ ਹੈ “ਮੋਦੀ ਹੈ ਤਾਂ ਮੁਮਕਿਨ ਹੈ”।

ਆਰ.ਐਸ.ਐਸ. ਦੀ ਇਹ ਨਰੇਂਦਰ ਮੋਦੀ ਨੂੰ ਨਸੀਹਤ ਹੈ ਜਾਂ ਮੋਦੀ ਤੋਂ ਆਰ.ਐਸ.ਐਸ. ਵਲੋਂ ਪਾਸਾ ਵੱਟਣ ਦਾ ਇੱਕ ਕਦਮ? ਨਤੀਜਿਆਂ ਤੋਂ ਬਾਅਦ ਆਰ.ਐਸ.ਐਸ. ਤੇ ਭਾਜਪਾ ‘ਚ ਆਈ ਇਸ ਤਰੇੜ ਨੇ ਸਿਆਸੀ ਭੁਚਾਲ ਲੈ ਆਂਦਾ ਹੈ। ਜਿਥੇ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਨੇ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਪ੍ਰਦਰਸ਼ਨ ਤੇ ਸਵਾਲ ਉਠਾਏ ਹਨ, ਆਰ.ਐਸ.ਐਸ. ਦੇ ਪ੍ਰਮੁੱਖ ਆਗੂ ਇੰਦਰੇਸ਼ ਕੁਮਾਰ ਨੇ ਵੀ ਭਾਜਪਾ ਦੀ ਕਾਰਗੁਜਾਰੀ ਤੇ ਸ਼ੱਕ ਪ੍ਰਗਟ ਕੀਤਾ ਹੈ। ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਇਸ ਸੰਸਥਾ ਵਲੋਂ ਛਾਪੇ ਜਾਂਦੇ ਮੈਗਜ਼ੀਨ ਨੇ ਵੀ ਟਿੱਪਣੀਆਂ ਕੀਤੀਆਂ ਹਨ।

ਇਹ ਬਿਆਨ ਆਉਣ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਤੌਰ ‘ਤੇ ਇੱਕ ਬਹਿਸ ਛਿੜ ਗਈ ਹੈ।ਵਿਰੋਧੀ ਧਿਰ ਨੂੰ ਇਹਨਾ ਟਿੱਪਣੀਆਂ ਕਾਰਨ ਸੱਤਾ ਧਿਰ ਨੂੰ ਕਟਿਹਰੇ ‘ਚ ਖੜਾ ਕਰਨ ਦਾ ਮੌਕਾ ਮਿਲ ਗਿਆ ਹੈ। ਕਿਹਾ ਜਾਣ ਲੱਗ ਪਿਆ ਹੈ ਕਿ ਆਰ.ਐਸ.ਐਸ. ਨੇ ਮੋਦੀ ਨੂੰ ਫਿਟਕਾਰ ਲਗਾਈ ਹੈ। ਇਹ ਵੀ ਕਿ ਆਰ.ਐਸ.ਐਸ. ਵਿੱਚ ਧੜੇ ਬਣ ਗਏ ਹਨ। ਉਂਜ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਕਿਉਂਕਿ ਇਹ ਸੰਸਥਾ ਇੱਕ ਖੋਲ ਦੀ ਤਰ੍ਹਾਂ ਹੈ, ਜਿਸਦੀ ਭਾਫ ਤੱਕ ਵੀ ਬਾਹਰ ਨਹੀਂ ਨਿਕਲਦੀ। ਇਹ ਵੀ ਕਿ ਪਿਛਲੇ ਦਸ ਸਾਲ ਜਦੋਂ ਨਰੇਂਦਰ ਮੋਦੀ ਅਤੇ ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਸਕਾਰ ਕਰਨ ਲਈ ਪ੍ਰਯਤਨਸ਼ੀਲ ਰਿਹਾ ਅਤੇ ਜ਼ਿਆਦਤੀਆਂ ਵੀ ਕਰਦਾ ਰਿਹਾ ਤਾਂ ਆਰ.ਐਸ.ਐਸ. ਚੁੱਪ ਰਹੀ, ਪਰ ਜਦੋਂ ਇਹ ਸੁਪਨਾ ਟੁੱਟਣ ਲੱਗਾ ਹੈ ਤਾਂ ਆਪਣੀ ਸਾਖ਼ ਬਚਾਉਣ ਲਈ ਆਰ.ਐਸ.ਐਸ. ਆਪਣੀ ਹੀ ਸਿਆਸੀ ਪਾਰਟੀ ਭਾਜਪਾ ਨਾਲੋਂ ਅਲਹਿਦਗੀ ਬਣਾਉਂਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਲੋਕਾਂ ਵਲੋਂ ਚੋਣਾਂ ‘ਚ ਦਿੱਤੇ ਸਪਸ਼ਟ ਸੰਕੇਤਾਂ ਤੋਂ ਉਹ ਮੂੰਹ ਛੁਪਾਉਂਦਾ ਨਜ਼ਰ ਆ ਰਿਹਾ ਹੈ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਆਰ.ਐਸ.ਐਸ. ਜਵਾਬਦੇਹੀ ਅਤੇ ਬਦਨਾਮੀ ਤੋਂ ਬਚਣ ਲਈ ਇਹ ਪੈਂਤੜਾ ਅਪਨਾ ਰਿਹਾ ਹੈ ਅਤੇ ਇਹ ਕਹਿੰਦਾ ਨਹੀਂ ਥੱਕਦਾ ਕਿ ਉਸਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਹੈ, ਉਹ ਤਾਂ ਇੱਕ ਸਮਾਜਿਕ, ਸੰਸਕ੍ਰਿਤਕ ਸੰਸਥਾ ਹੈ, ਜੋ ਦੇਸ਼ ਦੇ ਭਲੇ ਹਿੱਤ ਕੰਮ ਕਰ ਰਹੀ ਹੈ।

ਸਵਾਲ ਉਠਦਾ ਹੈ ਕਿ ਜੇਕਰ ਆਰ.ਐਸ.ਐਸ. ਦਾ ਸਿਆਸਤ ਨਾਲ ਕੋਈ ਲੈਣਾ -ਦੇਣਾ ਨਹੀਂ ਹੈ ਤਾਂ ਮੋਦੀ ਜੋ ਆਰ.ਐਸ.ਐਸ. ਦਾ ਵਰਕਰ ਰਿਹਾ ਹੈ, ਉਸਦੇ ਸਿਰ ਉਤੇ ਪਿਛਲੇ ਕਈ ਵਰ੍ਹਿਆਂ ਤੋਂ ਆਰ.ਐਸ.ਐਸ. ਦਾ ਹੱਥ ਕਿਉਂ ਹੈ? ਦੇਸ਼ ‘ਚ ਵੱਡੀ ਗਿਣਤੀ ਸੂਬਿਆਂ ਦੇ ਗਵਰਨਰ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹਨਾ ਦੀ ਸੋਚ ਵਾਲੇ ਅਤੇ ਉਹਨਾ ਦੇ ਬੰਦੇ ਹੀ ਕਿਉਂ ਨਿਯੁੱਕਤ ਹੁੰਦੇ ਹਨ? ਕਿਉਂ ਦੇਸ਼ ਦੇ ਸੰਸਕ੍ਰਿਤਕ ਅਤੇ ਸਿਖਿਆ ਮਹਿਕਮੇ ਉਤੇ ਆਰ.ਐਸ.ਐਸ. ਦੇ ਖਾਸਮ-ਖਾਸ ਹੀ ਬੈਠੇ ਹਨ ਅਤੇ ਉਹ ਆਰ.ਐਸ.ਐਸ. ਦੇ ਹਿੰਦੂਤਵੀ ਅਜੰਡੇ ਨੂੰ ਸਿੱਖਿਆ, ਸੰਸਕ੍ਰਿਤੀ ਗਤੀਵਿਧੀਆਂ ਰਾਹੀਂ ਲਾਗੂ ਕਰ ਰਹੇ ਹਨ ? ਹੁਣ ਵੀ ਉੜੀਸਾ ‘ਚ ਭਾਜਪਾ ਦੀ ਜਿੱਤ ਉਪਰੰਤ ਆਰ.ਐਸ.ਐਸ. ਦਾ ਵਰਕਰ ਮੋਹਨ ਚਰਨ ਮਾਝੀ ਉੜੀਸਾ ਸਰਕਾਰ ਦਾ ਮੁੱਖ ਮੰਤਰੀ ਬਣਿਆ ਹੈ।

ਇੱਕ ਮਖੌਟਾ ਹੈ, ਜੋ ਆਰ.ਐਸ.ਐਸ. ਨੇ ਪਹਿਨਿਆ ਹੋਇਆ ਹੈ। ਉਹ ਅੰਦਰੋ-ਅੰਦਰੀ ਸਰਕਾਰ ਦੇ ਕੰਮ ‘ਚ ਡੂੰਘਾ ਦਖ਼ਲ ਦਿੰਦਾ ਹੈ। ਪਰ ਅੱਜ ਜਦੋਂ ਨਰੇਂਦਰ ਮੋਦੀ “ਮੋਦੀ ਦੀਆਂ ਗਰੰਟੀਆਂ” ਦੇ ਨਾਹਰੇ ਅਤੇ ਤਾਨਾਸ਼ਾਹ ਸੋਚ ਤੇ ਹਊਮੈ ਕਾਰਨ ਚੋਣਾਂ ‘ਚ ਆਪਣੀ ਪਾਰਟੀ ਦੀ ਨਿਰੀ-ਪੁਰੀ ਸਰਕਾਰ ਨਹੀਂ ਬਣਾ ਸਕਿਆ ਤੇ ਲੋਕਾਂ ਨੇ ਉਸਦੀ ਸੋਚ ਨੂੰ ਨਕਾਰਿਆ ਹੈ ਤਾਂ ਆਰ.ਐਸ.ਐਸ. ਸਮਝੌਤੀਆਂ ਦੇਣ ਦੇ ਰਾਹ ਤੁਰ ਪਿਆ ਹੈ। ਪਰ ਕੀ ਇਹ ਸਮਝੌਤੀਆਂ ਸੱਚੀਂ ਮੁੱਚੀਂ ਨਰੇਂਦਰ ਮੋਦੀ ਨਾਲੋਂ ਰਾਹ ਵੱਖਰਾ ਕਰਨ ਵਾਲੀਆਂ ਹਨ, ਇੰਜ ਕਿਧਰੇ ਵੀ ਨਹੀਂ ਜਾਪਦਾ। ਇਹ ਸਮਝੌਤੀਆਂ ਤਾਂ ਬਸ ਥੋੜਾ ਸਮਾਂ ਦੂਰੀਆਂ ਬਨਾਉਣ ਦਾ ਮਾਤਰ ਦਿਖਾਵਾ ਹੈ।

ਲੋਕ ਸਭਾ ਚੋਣਾਂ ਵੇਲੇ ਭਾਜਪਾ ਵਰਕਰਾਂ, ਭਾਜਪਾ ਨੇਤਾਵਾਂ, ਮੋਦੀ-ਸ਼ਾਹ ਜੋੜੀ ‘ਚ ਇੱਕ ਘੁਮੰਡ ਨਜ਼ਰ ਆ ਰਿਹਾ ਸੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਦਾ ਉਸ ਵੇਲੇ ਦਾ ਇੱਕ ਬਿਆਨ ਵੀ ਸਮਝਣ ਵੇਖਣ ਵਾਲਾ ਸੀ ਕਿ ਭਾਜਪਾ ਆਪਣਾ ਵਲਬੂਤੇ ਤੇ ਚੋਣ ਲੜੇਗੀ, ਉਸਨੂੰ ਆਰ.ਐਸ.ਐਸ. ਦੀ ਲੋੜ ਨਹੀਂ ਹੈ। ਪਰ ਕੀ ਚੋਣ ‘ਚ ਅੱਧੀ ਅਧੂਰੀ ਜਿੱਤ ਤੋਂ ਬਾਅਦ ਜੇਪੀ ਨੱਡਾ ਹੁਣ ਵੀ ਇਹ ਹੀ ਸੋਚਦੇ ਹੋਣਗੇ ਕਿ ਉਹਨਾ ਦੀ ਪਾਰਟੀ ਦਾ ਆਰ.ਐਸ.ਐਸ. ਤੋਂ ਬਿਨ੍ਹਾਂ ਗੁਜ਼ਾਰਾ ਹੈ। ਅਸਲ ‘ਚ ਦੋਵੇਂ ਧਿਰਾਂ ਇੱਕ-ਦੂਜੇ ਦੀਆਂ ਪੂਰਕ ਹਨ। ਪਿਛਲੇ ਦਸ ਵਰ੍ਰਿਆਂ ਦੌਰਾਨ ਭਾਜਪਾ, ਆਰ.ਐਸ.ਐਸ. ਨੇ ਰਾਜ ਭਾਗ ਦਾ ਅਨੰਦ ਮਾਣਿਆ ਹੈ। ਕੀ ਆਰ.ਐਸ.ਐਸ. ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਉਸਦੇ ਮੁੱਖ ਹੈੱਡਕੁਆਰਟਰ ਅਤੇ ਹੋਰ ਸਖਾਵਾਂ ਉਤੇ ਵੱਡੀਆਂ ਇਮਾਰਤਾਂ ਕਿਹੜੇ ਫੰਡ ਨਾਲ ਬਣੀਆਂ? ਆਰ.ਐਸ.ਐਸ. ਦੇ ਮੁੱਖੀਆਂ ਤੇ ਵੱਡੇ ਚੌਧਰੀਆਂ ਨੇ ਕਿਹੜੇ ਤੇ ਕਿਸਦੇ ਹੈਲੀਕਾਪਟਰਾਂ ਦਾ ਅਨੰਦ ਯਾਤਰਾਵਾਂ ਕਰਨ ਤੇ ਸ਼ਾਖਾ ਮੀਟਿੰਗਾਂ ਲਗਾਉਣ ਲਈ ਲਿਆ।

ਕੀ ਆਰ.ਐਸ.ਐਸ. ਇਹ ਦੱਸ ਸਕੇਗੀ ਕਿ ਆਯੋਧਿਆ ਪ੍ਰਤੀਸ਼ਟਾ ਸਮਾਗਮ ਸਬੰਧੀ ਜਦੋਂ ਹਿੰਦੂ ਸ਼ੰਕਰਾਚਾਰੀਆ ਮੋਦੀ ਦੇ ਅਣਉਚਿਤ ਕਾਰਜਾਂ ‘ਤੇ ਸਵਾਲ ਉਠਾ ਰਹੇ ਸਨ ਤਾਂ ਉਹ ਚੁੱਪ ਕਿਉਂ ਸਨ?

ਅੱਜ ਮੋਹਨ ਭਾਗਵਤ ਮਨੀਪੁਰ ‘ਚ ਹਿੰਸਾ ਦੀ ਗੱਲ ਕਰਦੇ ਹਨ। ਉਥੇ ਦੇ ਲੋਕਾਂ ਦੀ ਬੇਚੈਨੀ ਅਤੇ ਸਰਕਾਰ ਦੀ ਚੁੱਪੀ ‘ਤੇ ਸਵਾਲ ਉਠਾ ਰਹੇ ਹਨ। ਪਰ ਉਹਨਾ ਨੇ ਉਹਨਾ ਸਮਿਆਂ ‘ਚ ਚੁੱਪ ਕਿਉਂ ਵੱਟੀ ਰੱਖੀ ਜਦ ਮਨੀਪੁਰ ‘ਚ ਔਰਤਾਂ ਦੀ ਬੇਹੁਰਮਤੀ ਹੋ ਰਹੀ ਸੀ ਤੇ ਦੇਸ਼ ‘ਚ ਕੁਹਰਾਮ ਮਚਿਆ ਹੋਇਆ ਸੀ ਅਤੇ ਨਰੇਂਦਰ ਮੋਦੀ ਨੇ ਆਪਣੇ ਮੁਖਾਰਬਿੰਦ ਤੋਂ ਇੱਕ ਵੀ ਸ਼ਬਦ ਨਹੀਂ ਸੀ ਉਚਾਰਿਆ। ਜਦਕਿ ਦੇਸ਼ ਦੀ ਵਿਰੋਧੀ ਧਿਰ ਨੇ ਲੋਕ ਸਭਾ ‘ਚ ਇਸ ਸਬੰਧੀ ਕੰਮ ਰੋਕੂ ਮਤਾ ਲਿਆਂਦਾ ਤਾਂ ਕਿ ਚਰਚਾ ਹੋਵੇ, ਪਰ ਸਰਕਾਰ ਦੜ੍ਹ ਵੱਟਕੇ ਬੈਠੀ ਰਹੀ।

ਮੋਦੀ ਦੇ ਸ਼ਾਸ਼ਨ-ਪ੍ਰਸ਼ਾਸ਼ਨ ਸਬੰਧੀ ਮੋਹਨ ਭਾਗਵਤ, ਤੇ ਆਰ.ਐਸ.ਐਸ. ਉਦੋਂ ਤੱਕ ਚੁੱਪ ਬੈਠੇ ਰਹੇ, ਜਦੋਂ ਤੱਕ ਨਰੇਂਦਰ ਮੋਦੀ ਉਹਨਾ ਦੇ ਆਸ਼ਿਆਂ ਅਨੁਸਾਰ ਕੰਮ ਕਰਦਾ ਰਿਹਾ। ਅੱਜ ਜਦੋਂ ਲੋਕਾਂ ਨੇ ਨਰੇਂਦਰ ਮੋਦੀ ਦੀ ਤਾਨਾਸ਼ਾਹੀ ਸੋਚ ਦਾ ਜਵਾਬ ਦਿੱਤਾ ਹੈ ਤਾਂ ਆਰ.ਐਸ.ਐਸ. ਸੁਤ ਉਨੀਂਦੀ ਉੱਠ ਬੈਠੀ ਹੈ ਅਤੇ ਸਾਰਾ ਦੋਸ਼ ਨਰੇਂਦਰ ਮੋਦੀ ‘ਤੇ ਮੜ੍ਹਨ ਦਾ ਯਤਨ ਹੋ ਰਿਹਾ ਹੈ।

ਪਰ ਕੀ ਇਹ ਸੱਚ ਹੈ ? ਸ਼ਾਇਦ ਇਹ ਇੰਜ ਨਹੀਂ ਹੈ । ਇਹ ਪਿਉ(ਆਰ.ਐਸ.ਐਸ.) ਵਲੋਂ ਆਪਣੇ ਪੁੱਤ(ਨਰੇਂਦਰ ਮੋਦੀ) ਲਈ ਮਿੱਠੀਆਂ ਘੂਰੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਨਿਰੰਕੁਸ਼ ਰੁਚੀਆਂ ਦਾ ਮਾਲਕ ਹੈ । ਉਸਦੀਆਂ ਨੀਤੀਆਂ ਇਸਦੀ ਤਾਈਦ ਕਰਦੀਆਂ ਹਨ। ਉਸਨੂੰ ਕੇਂਦਰੀਕਰਨ ਅਤੇ ਗਲਬਾ ਪਾਉਣ ਦੀ ਲਤ ਲੱਗੀ ਹੋਈ ਹੈ । ਤੇ ਦੋ ਦਹਾਕਿਆਂ (ਜਾਂ ਉਸ ਤੋਂ ਵੱਧ) ਤੋਂ ਉਸਨੇ ਜੋ ਨਿਰੰਕੁਸ਼ ਤਾਕਤ ਮਾਣੀ ਹੈ, ਉਸਨੇ ਉਸਦੀ ਇਸ ਰੁਚੀ ਨੂੰ ਪਕੇਰਾ ਕੀਤਾ ਹੈ । ਅਸਲ ‘ਚ ਕਈ ਸਾਲਾਂ ਤੋਂ ਉਹ ਬਿੱਗ ਬੌਸ, ਟੌਪ ਬੌਸ, ਇਕਮਾਤਰ ਤੇ ਸੁਪਰੀਮ ਬੌਸ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਚੋਣਾਂ ‘ਚ ਉਸ ਵਿਰੋਧੀਆਂ ਵਿਰੁੱਧ ਪ੍ਰਚੰਡ ਪ੍ਰਚਾਰ ਕੀਤਾ, ਮੁਸਲਮਾਨਾਂ ਖਿਲਾਫ ਬੇਹੱਦ ਸਖਤ ਟਿੱਪਣੀਆਂ ਕੀਤੀਆਂ। ਪਿਛਲੇ ਪੰਜ ਸਾਲ ਤਾਂ ਮੋਦੀ ਵਿੱਚ ਹੰਕਾਰ ਐਨਾ ਵਧਿਆ ਕਿ ਉਹ ਆਪਣੀ ਪਾਰਟੀ ਭਾਜਪਾ ਨਾਲੋਂ ਵੀ ਵੱਧ ਆਪਣੇ ਆਪ ਨੂੰ ਲੋਕਾਂ ਸਾਹਮਣੇ ਉਤਮ ਪੇਸ਼ ਕਰਦਾ ਨਜ਼ਰ ਆਇਆ । ਕੋਵਿਡ ਦੇ ਟੀਕਿਆਂ ਤੋਂ ਲੈ ਕੇ, ਬਸ ਅੱਡੇ ਤੋਂ ਹਵਾਈ ਅੱਡਿਆਂ ਤੱਕ ਮੋਦੀ ਜੀ, ਮੋਦੀ ਜੀ ਹੀ ਦਿਖੇ । ਹੰਕਾਰ ਦੀ ਹੱਦ ਤਾਂ ਉਦੋਂ ਹੋਈ ਜਦੋਂ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਟਾ ਉਹਨਾ ਨੇ ਖੁਦ ਕੀਤੀ, ਜਦਕਿ ਇਹ ਕੰਮ ਪੁਜਾਰੀਆਂ ਮਹੰਤਾਂ ਦਾ ਹੁੰਦਾ ਹੈ । ਇਸ ਸਮੇਂ ਦੋਰਾਨ ਹਿੰਦੂਆਂ, ਮੁਸਲਮਾਨਾਂ ‘ਚ ਦਰਾੜ ਪਈ । ਨਾਗਰਿਕਤਾ ਕਾਨੂੰਨ ਸੋਧ ਨੂੰ ਲੈ ਕੇ ਮੁਸਲਮਾਨ ਸਮਾਜ ਵਿੱਚ ਇੰਨਾਂ ਡਰ ਪੈਦਾ ਹੋਇਆ ਕਿ ਦੇਸ਼ ਦੇ ਸ਼ਹਿਰਾਂ ‘ਚ ਜਲਸੇ ਜਲੂਸ ਨਿਕਲੇ, ਪਰ ਪ੍ਰਧਾਨ ਮੰਤਰੀ ਜੀ ਦਾ ਕੋਈ ਬਿਆਨ ਨਹੀਂ ਆਇਆ। ਦੇਸ਼ ‘ਚ ਬਲਡਜ਼ੋਰ ਨੀਤੀ ਚੱਲੀ, ਮੁਸਲਮਾਨਾਂ ਦੇ ਘਰ ਢਾਏ ਗਏ। ਇਸ ਸਭ ਕੁਝ ਦੇ ਕਾਰਨ ਮੋਦੀ ਦਾ ਅਕਸ ਲੋਕਾਂ ‘ਚ ਵਿਗੜਿਆ । ਪਰ ਹੈਰਾਨੀ ਹੈ ਕਿ ਆਰ.ਐਸ.ਐਸ. ਜੋ ਆਮ ਲੋਕਾਂ ‘ਚ ਵਿਚਰਦੀ ਹੈ, ਉਹ ਨਰੇਂਦਰ ਮੋਦੀ ਨੂੰ ਸ਼ੀਸ਼ਾ ਨਾ ਵਿਖਾ ਸਕੀ। ਉਹ ਮੋਦੀ ਦੀ ਤਾਕਤ ਤੋਂ ਡਰਦੀ ਸੀ ਅਤੇ ਹੁਣ ਜਦੋਂ ਉਹ ਕਮਜ਼ੋਰ ਹੋਏ ਹਨ ਤਾਂ ਆਰ.ਐਸ.ਐਸ ਬੋਲ ਰਹੀ ਹੈ । ਜਾਪਦਾ ਹੈ ਆਰ.ਐਸ.ਐਸ. ਉਸ ਸਮੇਂ ਤੱਕ ਚੁੱਪੀ ਧਾਰੀ ਬੈਠੀ ਰਹੀ, ਅਤੇ ਆਸ ਲਾਈ ਬੈਠੀ ਰਹੀ ਕਿ ਮੋਦੀ ਮੁੜ ਚੰਗੇਰੀ ਸੱਤਾ ਵਿੱਚ ਆ ਜਾਣਗੇ ਤੇ ਹਿੰਦੂ ਰਾਸ਼ਟਰ ਦਾ ਜੋ ਸੰਕਲਪ ਅਤੇ ਆਰ.ਐਸ.ਐਸ. ਵਿਚਾਰਧਾਰਾ ਜੋ ਉਹ ਦੇਸ਼ ‘ਚ ਲਾਗੂ ਕਰਨਾ ਚਾਹੁੰਦੇ ਹਨ, ਉਹ ਪੂਰਾ ਹੋ ਜਾਏਗਾ ।

ਸ਼ਾਇਦ ਉਹ ਇਸ ਸਬੰਧੀ ਉਂਵੇ ਹੀ ਗਲਤ ਫਹਿਮੀ ‘ਚ ਰਹੇ ਜਿਵੇਂ ਕਿ ਨਰੇਂਦਰ ਮੋਦੀ ਆਪ ਸਨ ਕਿ ਉਹ 400 ਲੋਕ ਸਭਾ ਸੀਟਾਂ ਹਥਿਆ ਲੈਣਗੇ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਹੁੰਦੀਆਂ ਇਹਨਾਂ ਚਰਚਾਵਾਂ ਤੋਂ ਅੱਖਾਂ ਮੀਟੀ ਬੈਠੇ ਰਹੇ ਕਿ ਭਾਰਤ ਹੁਣ ਅਲੋਕਤੰਤਰਿਕ ਬਣ ਗਿਆ ਹੈ, ਜਿਥੇ ਸੈਕੂਲਰ ਅਤੇ ‘ਲੋਕਤੰਤਰ’ ਦੇ ਅਰਥ ਹੀ ਬਦਲ ਗਏ ਹਨ ।

ਕੀ ਆਰ.ਐਸ.ਐਸ. ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਪ੍ਰਧਾਨ ਮੰਤਰੀ ਆਪਣੇ ਸਾਥੀ ਮੰਤਰੀਆਂ ਦਾ ਅਣਦੇਖੀ ਕਰਦਾ ਹੈ । ਵਿਰੋਧੀ ਧਿਰ ਦਾ ਅਪਮਾਨ ਕਰਦਾ ਹੈ । ਪ੍ਰੈਸ ਨੂੰ ਨੱਥ ਪਾਕੇ ਨਚਾਉਂਦਾ ਹੈ ਅਤੇ ਸੰਸਥਾਵਾਂ ਦਾ ਖੁਦਮੁਖ਼ਤਾਰੀ ਨੂੰ ਭੰਗ ਕਰਦਾ ਹੈ ਅਤੇ ਇਹੀ ਨਹੀਂ ਸੂਬਿਆਂ ਦੇ ਹੱਕਾਂ ਅਤੇ ਹਿੱਤਾਂ ਦਾ ਤ੍ਰਿਸਕਾਰ ਕਰਦਾ ਹੈ ਖਾਸਕਰ ਉਹਨਾਂ ਸੂਬਿਆਂ ਦੇ ਜਿਹਨਾਂ ਵਿਚ ਪ੍ਰਧਾਨ ਮੰਤਰੀ ਦੀ ਪਾਰਟੀ ਤੋਂ ਬਿਨਾਂ ਕੋਈ ਹੋਰ ਪਾਰਟੀ ਰਾਜ ਕਰ ਰਹੀ ਹੁੰਦੀ ਹੈ ।

ਆਰ.ਐਸ.ਐਸ. ਦੀ ਚੁੱਪੀ ਅਸਲ ਵਿੱਚ ਪ੍ਰਧਾਨ ਮੰਤਰੀ ਨੂੰ ਥਾਪੀ ਸੀ । ਇਸੇ ਥਾਪੀ ਦੇ ਸਿਰ ਤੇ ਨਰੇਂਦਰ ਮੋਦੀ ਤਾਕਤਾਂ ਦੀ ਵਰਤੋਂ, ਦੁਰਵਰਤੋਂ ਕਰਦਾ ਰਿਹਾ ਅਤੇ ਆਪਣੇ ਬੋਝੇ ‘ਚ ਸੱਭੋ ਕੁਝ ਸਮੇਟਦਾ ਰਿਹਾ । ਆਰ.ਐਸ.ਐਸ. ਦੀ ਸ਼ਹਿ ‘ਤੇ ਉਸ ਆਪਣਾ ਵਿਰਾਟ ਜਨੂੰਨੀ ਅਕਸ ਉਸਾਰਿਆ । ਖੁਦ ਨੂੰ ਇਕ ਆਜਿਹੇ ਵਿਅਕਤੀ ਜਾਂ ਆਗੂ ਵਜੋਂ ਪੇਸ਼ ਕੀਤਾ ਜੋ ਇਕੱਲ਼ਾ ਹੀ ਪਹਿਲਾਂ ਆਪਣੇ ਰਾਜ ਤੇ ਫੇਰ ਆਪਣੇ ਦੇਸ਼ ਨੂੰ ਖੁਸ਼ਹਾਲੀ ਤੇ ਮਹਾਨਤਾ ਵੱਲ ਲੈ ਜਾ ਸਕਦਾ ਹੈ । ਸਾਰੇ ਪ੍ਰਾਜੈਕਟਾਂ ਦਾ ਸਿਹਰਾ ਵੀ ਉਸ ਆਪਣੇ ਸਿਰ ਬੰਨਿਆ ।

ਆਰ.ਐਸ.ਐਸ. ਨੇਤਾਵਾਂ ਦੇ ਦਿੱਤੇ ਹੋਏ ਬਿਆਨ ਨਰੇਂਦਰ ਮੋਦੀ ਦੀ ਨਿਖੇਧੀ ਨਹੀਂ । ਨਾ ਹੀ ਆਰ.ਐਸ.ਐਸ. ‘ਚ ਪਨਪ ਰਹੀ ਕਿਸੇ ਧੜੇਬੰਦੀ ਦਾ ਸੰਕੇਤ ਹਨ । ਇਹ ਬਿਆਨ ਤਾਂ ਅਲੋਚਕਾਤਮਕ ਘੱਟ ਸਗੋਂ ਉਸਾਰੂ ਸਲਾਹ ਵੱਧ ਹਨ । ਇਹ ਤਾਂ ਇਕ ਨੂਰਾ ਕੁਸ਼ਤੀ ਹੈ , ਰਲ ਕੇ ਲੜੀ ਜਾ ਰਹੀ ਸੰਕੇਤਕ ਕੁਸ਼ਤੀ ।

ਸਹੀ ਗੱਲ ਤਾਂ ਇਹ ਹੇ ਕਿ ਆਰ.ਐਸ.ਐਸ. ਅਤੇ ਭਾਜਪਾ ਦਾ ਤਾਣਾ ਬਾਣਾ ਇਕ ਦੂਜੇ ਨਾਲ ਬੱਝਿਆ ਹੋਇਆ ਹੈ, ਜਿਹਨਾਂ ਦੀਆਂ ਨੀਤੀਆਂ, ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਦੀ ਸੋਚ ‘ਚ ਨਾ ਕੋਈ ਵਖਰੇਵਾਂ ਹੈ ਅਤੇ ਨਾ ਹੀ ਕੋਈ ਅਸਪਸ਼ਟਤਾ । ਨਰੇਂਦਰ ਮੋਦੀ, ਆਰ.ਐਸ.ਐਸ. ਦਾ ਅਜੰਡਾ ਲਾਗੂ ਕਰਨ ਲਈ ਇੱਕ ਸਫ਼ਲ ਕਾਰਕ ਸਾਬਤ ਹੋ ਰਿਹਾ ਹੈ, ਉਸ ਵਿਰੁੱਧ ਆਰ.ਐਸ.ਐਸ. ਇੱਕ ਕਦਮ ਵੀ ਨਹੀਂ ਤੁਰ ਸਕਦਾ, ਸਗੋਂ ਸਮੇਂ-ਸਮੇਂ ਜਿਥੇ ਉਸਦੀ ਤਾਕਤ ਘਟੇਗੀ, ਉਥੇ ਉਥੇ ਆਰ.ਐਸ.ਐਸ. ਉਸ ਨਾਲ ਇਕ ਸਹਿਯੋਗੀ ਵਜੋਂ ਦਿਸੇਗਾ ।

ਅੰਤਿਕਾ

ਦੇਸ਼ ਵਿੱਚ ਤਿੰਨ ਪ੍ਰਮੁੱਖ ਸੰਸਥਾਵਾਂ/ ਜਥੇਬੰਦੀਆਂ ਨੇ ਆਪਣੀ ਇੱਕ ਸਦੀ ਜਾਂ ਇਸ ਤੋਂ ਵੱਧ ਸਫ਼ਰ ਤਹਿ ਕਰ ਲਿਆ ਹੈ, ਇਹ ਹਨ :- ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਆਕਾਲੀ ਦਲ ਅਤੇ ਆਰ.ਐਸ.ਐਸ. ।

ਆਰ.ਐਸ.ਐਸ. ਗੈਰ-ਲਾਭਕਾਰੀ ਗ਼ੈਰ-ਸਿਆਸੀ ਸੰਸਥਾ ਦੇ ਤੌਰ ‘ਤੇ 27 ਸਤੰਬਰ 1925 ਨੂੰ ਸਥਾਪਨਾ ਹੋਈ ਜਿਸ ਦਾ ਮੁੱਖ ਅਜੰਡਾ ਹਿੰਦੂ ਰਾਸ਼ਟਰਵਾਦ ਅਤੇ ਹਿੰਦੂਤਵ ਸੀ। ਇਸ ਸੰਸਥਾ ਦੇ 50 ਤੋਂ 60 ਲੱਖ ਮੈਂਬਰ ਹਨ ਅਤੇ 56859 ਸ਼ਖਾਵਾਂ ਜਾਂ ਬ੍ਰਾਂਚਾਂ ਹਨ। ਜਨਸੰਘ ਅਤੇ ਭਾਜਪਾ ਨੂੰ ਇਸ ਸੰਸਥਾ ਨੇ ਸਿਆਸੀ ਉਭਾਰ ਦਿਤਾ ।

ਇੰਡੀਅਨ ਨੈਸ਼ਨਲ ਕਾਂਗਰਸ 28 ਦਸੰਬਰ 1885 ਨੂੰ ਸਥਾਪਿਤ ਹੋਈ । ਇਸ ਦੇ 5 ਕਰੋੜ 50 ਲੱਖ ਮੈਂਬਰ ਹਨ । ਇਹ ਦੇਸ਼ ਦੀ ਪਹਿਲੀ ਪੁਰਾਣੀ ਸਿਆਸੀ ਪਾਰਟੀ ਹੈ । ਸਮਾਨਤਾ ਅਤੇ ਸਮਾਜਿਕ ਲੋਕਤੰਤਰ, ਇਸਦੇ ਮੁੱਖ ਮੰਤਵ ਹਨ । ਦੇਸ਼ ਦੀ ਆਜ਼ਾਦੀ ‘ਚ ਇਸ ਦੀ ਪ੍ਰਮੁੱਖ ਭੂਮਿਕਾ ਰਹੀ ।

ਸ਼੍ਰੋਮਣੀ ਆਕਾਲੀ ਦਲ 14 ਦਸੰਬਰ 1920 ਨੂੰ ਸਥਾਪਿਤ ਹੋਇਆ । ਇਸ ਸੰਸਥਾ ਦਾ ਮੁੱਖ ਉਦੇਸ਼ ਸਿੱਖ ਧਰਮ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਮਿਥਿਆ ਗਿਆ । ਇਹ ਦੇਸ਼ ਦੀ ਦੂਜੀ ਪੁਰਾਣੀ ਸਿਆਸੀ ਪਾਰਟੀ ਹੈ । ਇਸ ਨੂੰ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੀ ਪਾਰਟੀ ਵਜੋਂ ਵੀ ਜਾਣਿਆ ਗਿਆ ।

ਦੇਸ਼ ਦੀ ਪਹਿਲੀ ਤੇ ਦੂਜੀ ਸਿਆਸੀ ਪਾਰਟੀ ਪਿਛਲੇ ਦਹਾਕੇ ‘ਚ ਲਗਾਤਾਰ ਨਿਘਾਰ ਵੱਲ ਗਈ ਪਰ ਇਹਨਾਂ ਦੀਆਂ ਦੇਸ਼ ਦਾ ਆਜ਼ਾਦੀ ਲਈ ਅਤੇ ਦੇਸ਼ ਕੁਰਬਾਨੀਆਂ ਨਿਰਮਾਣ ‘ਚ ਪ੍ਰਾਪਤੀਆਂ ਵੱਡੀਆਂ ਰਹੀਆਂ ।

ਆਰ.ਐਸ.ਐਸ. ਸਿਆਸੀ ਪਾਰਟੀ ਨਾ ਹੋਕੇ ਵੀ ਲਗਾਤਾਰ ਪਿਛੇ ਰਹਿ ਕੇ ਸਿਆਸੀ ਖੇਡ ਖੇਡਦੀ ਹੈ ਅਤੇ ਹਿੰਦੂ ਰਾਸ਼ਟਰ ਨਿਰਮਾਣ ‘ਚ ਗਤੀਸ਼ੀਲਤਾ ਨਾਲ ਕੰਮ ਕਰਨ ਲਈ ਜਾਣੀ ਜਾਂਦੀ ਹੈ ।

-ਗੁਰਮੀਤ ਸਿੰਘ ਪਲਾਹੀ
-9815802070