ਰੁੱਤ ਹੱਸੇ ਰੁੱਤ ਰੋਏ’ ਸੁਰਿੰਦਰ ਅਤੈ ਸਿੰਘ ਦੀ ਚੌਥੀ ਪੁਸਤਕ ਹੈ। ਉਹ ਇੱਕ ਪ੍ਰੋੜ ਤੇ ਸਥਾਪਤ ਕਵਿੱਤਰੀ ਹੈ, ਉਸ ਦੀਆਂ ਰਚਨਾਵਾਂ ਦੇ ਵਿਸ਼ਿਆਂ ਵਿੱਚ ਵਿਛੋੜਾ, ਮੇਲ ਮਿਲਾਪ, ਪਿਆਰ, ਸੱਧਰਾਂ, ਮੋਹ, ਸੁਨੇਹਾ, ਵਾਤਾਵਰਣ ਆਦਿ ਤਾਂ ਹਨ ਹੀ, ਪਰ ਮੁਹੱਬਤ ਸਿਰ ਚੜ ਕੇ ਬੋਲਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਪਿਆਰ ਘੁਲਿਆ ਹੋਇਆ ਹੈ, ਜਿਸਨੂੰ ਚਾਹੁੰਦੇ ਹੋਏ ਵੀ ਵੱਖ ਨਹੀਂ ਕੀਤਾ ਜਾ ਸਕਦਾ। ਇਸ ਪੁਸਤਕ ਵਿੱਚ ਕੁੱਲ 82 ਰਚਨਾਵਾਂ ਹਨ ਜਿਹਨਾਂ ਵਿੱਚੋਂ 44 ਛੋਟੀਆਂ ਚਾਰ ਸਤਰਾਂ ਵਾਲੀਆਂ ਹਾਇਕੂ ਰੂਪ ਦੀਆਂ ਹਨ, ਪਰ ਉਹਨਾਂ ਵਿੱਚ ਵੀ ਦਿਲ ਨੂੰ ਛੂਹਣ ਵਾਲਾ ਸੁਨੇਹਾ ਹੈ। ਇੱਕ ਔਰਤ ਹੋਣ ਸਦਕਾ ਉਹ ਔਰਤ ਦੇ ਅੰਦਰਲੇ ਪਿਆਰ ਅਤੇ ਦੁੱਖਾਂ ਤਕਲੀਫ਼ਾਂ ਨੂੰ ਵਧੇਰੇ ਚੰਗੇ ਢੰਗ ਨਾਲ ਮਹਿਸੂਸ ਕਰਦੀ ਹੈ, ਇਸ ਲਈ ਬਹੁਤੀਆਂ ਕਵਿਤਾਵਾਂ ਔਰਤ ਦੇ ਜੀਵਨ ਜਾਂਚ ਦੀ ਬਾਤ ਪਾਉਂਦੀਆਂ ਹਨ। ਵਿਸ਼ਿਆਂ ਤੇ ਸਮੇਂ ਦੇ ਫ਼ਰਕ ਅਨੁਸਾਰ ਲਗਦਾ ਹੈ ਕਿ ਇਹ ਕਵਿਤਾਵਾਂ ਕਾਫ਼ੀ ਲੰਬੇ ਸਮੇਂ ਵਿੱਚ ਰਚੀਆਂ ਗਈਆਂ ਹਨ। ਪੇਂਡੂ ਸ਼ਬਦਾਂ ਦੀ ਵਰਤੋਂ ਉਹ ਖੂਬਸੂਰਤ ਢੰਗ ਨਾਲ ਕਰਦੀ ਹੈ। ਇਸ ਬਾਰੇ ਉਹ ਖ਼ੁਦ ਵੀ ਕਹਿੰਦੀ ਹੈ, ‘‘ਪਿੰਜਰਿਆਂ ’ਚ ਬੰਦ ਪੰਖੇਰੂਆਂ ਵਾਂਗ ਮੇਰੀਆਂ ਨਜ਼ਮਾਂ ਵਰਿਆਂ ਤੋਂ ਡਾਇਰੀਆਂ ਤੇ ਦਰਾਜ਼ਾਂ ’ਚ ਸਾਂਭੀਆਂ ਪਈਆਂ ਸਨ। ਪਿੰਜਰਿਆਂ ਦੀਆਂ ਤਾਕੀਆਂ ਖੋਲਣ ਦਾ ਵੇਲਾ ਆਇਆ ਤਾਂ ਬਹੁਤੇ ਪਰਿੰਦਿਆਂ ਨੇ ਉੱਡਣੋਂ ਜਵਾਬ ਹੀ ਦੇ ਦਿੱਤਾ। ਕੁੱਝ ਪੰਛੀਆਂ ਨੇ ਪਰ ਤੋਲੇ ਹਨ।’’ ਪੁਸਤਕ ਦੇ ਸਮਰਪਣ ਸ਼ਬਦ ਹੀ ਉਸਦੀ ਕੋਮਲਭਾਵੀ ਤੇ ਤੀਖਣ ਬੁੱਧੀ ਨੂੰ ਸਪਸ਼ਟ ਕਰ ਦਿੰਦੇ ਹਨ, ਉਹ ਕਹਿੰਦੀ ਹੈ:
ਨਦੀਏ ਨੀਰਾਂ ਲੱਦੀਏ
ਤੇਰਾ ਕਿਸਦੇ ਨਾਲ ਜਹਾਨ
ਇਕ ਕੰਢਾ ਤਾਂ ਬਾਬਲ ਵਰਗਾ
ਦੂਜਾ ਕੰਤ ਸਮਾਨ
ਧੀ ਬਾਰੇ ਉਸਦੇ ਅੰਦਰੋਂ ਉੱਠੀ ਚੀਸ ਹੀ ਕਵਿਤਾ ‘ਧੀ’ ਵਿੱਚ ਪੇਸ਼ ਕਰਦੀ ਹੈ :
ਧੀ ਤਾਂ ਬਾਬਲ ਗੰਨੇ ਦੀ ਪੋਰੀ
ਚਾਹੇ ਪੋਲੀ ਚਾਹੇ ਚੀੜੀ ਵੇ।
ਛਿੱਲੀ, ਚੂਸੀ, ਟੋਟੇ ਕੀਤੀ
ਕਿਸੇ ਵੇਲਣ ਵਿੱਚ ਪੀੜੀ ਵੇ।
ਪ੍ਰੇਮੀ ਦੇ ਪਿਆਰ ਦੀ ਝਲਕ ਕਵਿਤਾ ‘ਮੁਹੱਬਤ’ ਵਿੱਚ :
ਉੱਥੇ ਡਾਢੀ ਔੜ ਸੀ ਤੇ ਸਰਵਰ ਅਸਲੋਂ ਸੁੱਕਿਆ
ਜਿੱਥੇ ਜਾ ਕੇ ਬਰਸਿਆ ਬੱਦਲ ਮੁਹੱਬਤ ਦਾ।
ਪਿਆਰ ਤੇ ਸੱਧਰਾਂ ਅਤੇ ਔਰਤ ਦੀ ਲੰਬੀ ਜਿੰਦਗੀ ਨੂੰ ਕਵਿਤਾ ‘ਸੱਧਰ’ ’ਚ ਮਹਿਸੂਸ ਕਰਦੀ ਹੈ :
ਜਦੋਂ ਨਹੀਂ ਰਹੇਗੀ ਮਘਦੀ ਕਾਇਆ
ਹੰਭ ਜਾਣਗੀਆਂ ਅੱਖਾਂ ਟੂਣੇਹਾਰੀਆਂ।
–
ਉਦੋਂ ਵੀ ਸੱਧਰ ਹੋਵੇਗੀ
ਨਾਲ ਦੀ ਰਜਾਈ ‘ਚੋਂ ਨਿਕਲਿਆ ਨਿੱਘਾ ਹੱਥ
ਖਿੱਚ ਲਵੇ ਆਪਣੇ ਵੱਲ਼।
ਪਿਆਰੇ ਦੇ ਸੀਨੇ ਨਾਲ ਲੱਗ ਕੇ ਮਿਲਣ ਵਾਲੀ ਸਾਂਤੀ ਨੂੰ ‘ਠੰਡ’ ਵਿੱਚ ਪ੍ਰਗਟ ਕਰਦੀ ਹੈ :
ਉਹਦੇ ਭਖਦੇ ਸੀਨੇ ਨਾਲ ਲੱਗ
ਮੈਂ ਤਪਦਾ ਹਿਰਦਾ ਠਾਰਦੀ।
ਪਿਆਰ ਭਰੇ ਖ਼ਤ ਦੇ ਦਿਲਾਂ ਤੇ ਉੱਕਰੇ ਸ਼ਬਦਾਂ ਤੇ ਤਸੱਲੀ ਪ੍ਰਗਟਾਉਂਦੀ ਹੋਈ ਕਵਿਤਾ ਰਚਦੀ ਹੈ :
ਇਕ ਖਤ ਐਸਾ, ਲਿਖਾਂ ਨਿਰੰਤਰ
ਹਰਫ਼ਾਂ ਦੀ ਨਾ ਲੋੜ
ਕਾਨੀ ਨਾ ਸਿਆਹੀ ਘੱਟਦੀ
ਨਾ ਵਰਕੇ ਦੀ ਥੋੜ।
ਉਸ ਦੀਆਂ ਰਚਨਾਵਾਂ ਵਿੱਚ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਰਚਨਾਵਾਂ ਮੁਹੱਬਤ ਦੀ ਪ੍ਰਭਾਸ਼ਾ ਰਾਹੀਂ ਪਿਆਰ ਨੂੰ ਹਿਰਦੇ ’ਚ ਵਸਾ ਕੇ ਸਹੀ ਜੀਵਨ ਬਸਰ ਕਰਨ ਦਾ ਸੁਨੇਹਾ ਦਿੰਦੀਆਂ ਹਨ। ਇਸਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ ਗਲੀਆਂ ਬਾਬਲ ਦੀਆਂ, ਏਥੇ ਉੱਥੇ, ਲਫ਼ਜਾਂ ਦਾ ਵਣਜ ਵੀ ਛਪ ਚੁੱਕੀਆਂ ਹਨ। ਇਹ ਹੱਥਲੀ ਪੁਸਤਕ ਜੀਵਨ ਜਾਂਚ ਦਾ ਰਾਹ ਵਿਖਾਉਂਦੀ ਹੈ ਤੇ ਮਨ ਨੂੰ ਹਲੂਣਾ ਦਿੰਦੀ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913