1992 93 ਸਮੇਂ ਮੈਂ ਸੰਗਰੂਰ ਜਿਲ੍ਹੇ ਵਿੱਚ ਤਾਇਨਾਤ ਸੀ ਤੇ ਬੇਸਿਕ ਟਰੇਨਿੰਗ ਖਤਮ ਹੋਣ ਤੋਂ ਬਾਅਦ ਮੇਰੀ ਪਹਿਲੀ ਫੀਲਡ ਪੋਸਟਿੰਗ ਬਤੌਰ ਐਸ.ਐਚ.ਉ. ਥਾਣਾ ਮੂਨਕ ਵਿਖੇ ਹੋਈ ਸੀ। ਥਾਣਾ ਮੂਨਕ ਇੱਕ ਦਿਹਾਤੀ ਥਾਣਾ ਹੈ ਜਿੱਥੇ ਜਿਆਦਾਤਰ ਪਿੰਡ ਲੋਕਲ ਵਸਨੀਕਾਂ ਦੇ ਹਨ ਜੋ ਰਲੀ ਮਿਲੀ ਪੰਜਾਬੀ ਤੇ ਹਰਿਆਣਵੀ ਬੋਲਦੇ ਹਨ। ਕੁਝ ਪਿੰਡ ਪਾਕਿਸਤਾਨ ਤੋਂ ਉੱਜੜ ਕੇ ਆਏ ਭਾਊਆਂ ਦੇ ਵੀ ਹਨ। ਲੋਕਲ ਲੋਕ ਉਨ੍ਹਾਂ ਨੂੰ ਰਫੂਜੀ (ਰਫਿਊਜ਼ੀ) ਕਹਿੰਦੇ ਹਨ ਤੇ ਭਾਊ ਲੋਕਲਾਂ ਨੂੰ ਬਾਂਗਰੂ। ਉਸ ਸਮੇਂ ਮੂਨਕ ਸ਼ਾਂਤ ਥਾਣਿਆਂ ਵਿੱਚ ਗਿਣਿਆ ਜਾਂਦਾ ਸੀ, ਲੜਾਈਆਂ ਝਗੜੇ ਘੱਟ ਹੁੰਦੇ ਸਨ ਤੇ ਕਤਲ ਤਾਂ ਸ਼ਾਇਦ ਹੀ ਸਾਲ ਵਿੱਚ ਕਿਤੇ ਇੱਕ ਅੱਧਾ ਹੁੰਦਾ ਹੋਵੇ। ਜਿਆਦਾ ਕਰਾਈਮ ਭੁੱਕੀ ਦੀ ਪ੍ਰਚੂਨ ਵਿਕਰੀ ਦਾ ਸੀ। ਸਮੱਗਲਰ ਹਰਿਆਣਾ ਜਾਂ ਰਾਜਸਥਾਨ ਤੋਂ ਬੋਰੀ, ਦੋ ਬੋਰੀਆਂ ਲੈ ਆਉਂਦੇ ਤੇ ਆਪਣੇ ਗਾਹਕਾਂ ਨੂੰ ਪ੍ਰਚੂਨ ਵਿੱਚ ਵੇਚ ਦਿੰਦੇ। ਭੁੱਕੀ ਦੇ ਇਲਾਕੇ ਵਿੱਚ ਪਹੁੰਚਦੇ ਸਾਰ ਅਮਲੀਆਂ ਵਿੱਚ ਕੋਡਵਰਡ ਪਹੁੰਚ ਜਾਂਦਾ ਸੀ ਕਿ ਜਹਾਜ਼ ਉੱਤਰਿਆ ਹੈ।
ਹਰ ਥਾਣੇ ਵਿੱਚ ਕਈ ਅਜਿਹੇ ਘਾਂਬੜ ਮੁਲਾਜ਼ਮ ਹੁੰਦੇ ਹਨ ਜੋ ਬਿਨਾਂ ਕਿਸੇ ਡਰ ਭੈਅ ਦੇ ਰੱਜ ਕੇ ਅਣਗਹਿਲੀ ਕਰਦੇ ਹਨ। ਸ਼ਰਾਬ ਪੀ ਕੇ, ਗੈਰਹਾਜ਼ਰ ਹੋ ਕੇ ਜਾਂ ਕਿਸੇ ਸੀਨੀਅਰ ਅਧਿਕਾਰੀ ਨਾਲ ਖਹਿਬੜ ਕੇ ਸਸਪੈਂਡ ਹੋਣਾ ਉਨ੍ਹਾਂ ਵਾਸਤੇ ਆਮ ਗੱਲ ਹੁੰਦੀ ਹੈ। ਉਨ੍ਹਾਂ ਨੇ ਮਹਿਕਮੇ ਦੇ ਅੱਧੇ ਅਫਸਰ ਕੰਮ ‘ਤੇ ਲਾਏ ਹੁੰਦੇ ਹਨ ਜੋ ਵਿਚਾਰੇ ਉਨ੍ਹਾਂ ਦੀਆਂ ਵਿਭਾਗੀ ਪੜਤਾਲਾਂ ਦੀ ਫਾਈਲਾਂ ਨਾਲ ਮੱਥਾ ਮਾਰਦੇ ਰਹਿੰਦੇ ਹਨ। ਮੂਨਕ ਅਤੇ ਖਨੌਰੀ ਥਾਣਾ ਹਰਿਆਣੇ ਦੇ ਬਾਰਡਰ ‘ਤੇ ਹੋਣ ਕਾਰਨ ਹਰਿਆਣੇ ਦੇ ਰਹਿਣ ਵਾਲੇ ਜਿਆਦਾਤਰ ਮੁਲਾਜ਼ਮ ਇਨ੍ਹਾਂ ਥਾਣਿਆਂ ਦੀ ਬਦਲੀ ਕਰਵਾ ਲੈਂਦੇ ਸਨ। ਮੂਨਕ ਥਾਣੇ ਵਿੱਚ ਵੀ ਹਰਿਆਣੇ ਦਾ ਰਹਿਣ ਵਾਲਾ ਇੱਕ ਹਵਾਲਦਾਰ ਬਲਵਾਨ ਸਿੰਘ ਤਾਇਨਾਤ ਸੀ ਜੋ ਸਿਰੇ ਦਾ ਸ਼ਰਾਬੀ, ਲਾਪ੍ਰਵਾਹ ਤੇ ਗੈਰਹਾਜ਼ਰ ਹੋਣ ਦਾ ਆਦੀ ਸੀ। ਹਫਤੇ ਵਿੱਚੋਂ ਚਾਰ ਦਿਨ ਤਾਂ ਆਪਣੀ ਚੱਲ ਰਹੀਆਂ ਵਿਭਾਗੀ ਪੜਤਾਲਾਂ ਵਿੱਚ ਬਿਆਨ ਲਿਖਾਉਣ ਲਈ ਹੀ ਤੁਰਿਆ ਰਹਿੰਦਾ ਸੀ।
ਮੇਰੀ ਪੋਸਟਿੰਗ ਤੋਂ ਚਾਰ ਕੁ ਮਹੀਨੇ ਬਾਅਦ ਦਿਵਾਲੀ ਆ ਗਈ ਤੇ ਹਫਤਾ ਕੁ ਪਹਿਲਾਂ ਹੀ ਬਲਵਾਨ 13 ਦਿਨ ਗੈਰ ਹਾਜ਼ਰ ਹੋ ਕੇ ਆਇਆ ਸੀ। ਦਿਵਾਲੀ ਤੋਂ ਦੋ ਕੁ ਦਿਨ ਪਹਿਲਾਂ ਮੈਂ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ ਜਿਸ ਨੇ ਫਰਲੋ ਜਾਣਾ ਹੈ, ਜਾ ਸਕਦਾ ਹੈ ਪਰ ਦਿਵਾਲੀ ਤੋਂ ਅਗਲੇ ਦਿਨ ਸਵੇਰੇ 9 ਵਜੇ ਤੋਂ ਪਹਿਲਾਂ ਹਾਜ਼ਰ ਹੋਣਾ ਪਵੇਗਾ। ਜਿਹੜੇ ਮੁਲਾਜ਼ਮ ਇਥੇ ਰਹਿਣਗੇ, ਉਨ੍ਹਾਂ ਵਾਸਤੇ ਸ਼ਾਹੀ ਡਿਨਰ ਤਿਆਰ ਕੀਤਾ ਜਾਵੇਗਾ ਤੇ ਨਾਲੇ 3 3 ਦਿਨ ਦੀ ਫਰਲੋ ਦਿੱਤੀ ਜਾਵੇਗੀ। 14 15 ਮੁਲਾਜ਼ਮ ਜਿਹੜੇ ਦੂਰ ਦੇ ਰਹਿਣ ਵਾਲੇ ਸਨ, ਉਹ ਰਹਿ ਗਏ ਤੇ ਨਜ਼ਦੀਕੀ ਪਿੰਡਾਂ ਵਾਲੇ ਚਲੇ ਗਏ। ਮੈਂ ਵੇਖਿਆ ਕਿ ਬਲਵਾਨ ਵੀ ਆਪਣਾ ਬੈਗ ਮੋਢੇ ‘ਤੇ ਲਟਕਾਈ ਬਾਹਰ ਨੂੰ ਤੁਰਿਆ ਜਾ ਰਿਹਾ ਸੀ। ਮੈਂ ਉਸ ਨੂੰ ਵਾਪਸ ਬੁਲਾਇਆ ਤੇ ਫਿੱਟ ਲਾਹਨਤ ਕੀਤੀ ਕਿ ਕੁਝ ਤਾਂ ਸ਼ਰਮ ਕਰ ਲੈ। ਤੂੰ ਤਾਂ ਪਹਿਲਾਂ ਹੀ 13 ਦਿਨ ਗੈਰ ਹਾਜ਼ਰ ਹੋ ਕੇ ਆਇਆ ਹੈਂ, ਬੰਦਾ ਬਣ ਕੇ ਵਾਪਸ ਚੱਲ ਤੇ ਡਿਊਟੀ ਕਰ। ਉਹ ਭੈੜਾ ਜਿਹਾ ਮੂੰਹ ਬਣਾ ਕੇ ਬੈਰਕ ਵੱਲ ਚਲਾ ਗਿਆ।
ਦਿਵਾਲੀ ਵਾਲੇ ਦਿਨ ਸ਼ਾਮ ਦੀਆਂ ਡਿਊਟੀਆਂ ਲਗਾਉਣ ਵੇਲੇ ਮੈਂ ਮੁੰਸ਼ੀ ਨੂੰ ਕਿਹਾ ਕਿ ਬਲਵਾਨ ਨੂੰ ਮੂਨਕ ਅੱਡੇ ਵਿੱਚ ਗਸ਼ਤ ‘ਤੇ ਲਗਾ ਦਿਉ। ਮੁੰਸ਼ੀ ਸਿਆਣਾ ਸੀ, ਕਹਿਣ ਲੱਗਾ ਕਿ ਇਸ ਨੂੰ ਕਿਤੇ ਦੂਰ ਉਜਾੜ ਜਿਹੇ ਨਾਕੇ ‘ਤੇ ਦਫਾ ਕਰ ਦਿੰਦੇ ਹਾਂ। ਜੇ ਇਥੇ ਰਿਹਾ ਤਾਂ ਸ਼ਰਾਬ ਪੀ ਕੇ ਕੋਈ ਨਾ ਕੋਈ ਪੰਗਾ ਜਰੂਰ ਖੜਾ ਕਰੇਗਾ। ਪਰ ਮੇਰੀ ਅਕਲ ‘ਤੇ ਪੱਥਰ ਪੈ ਗਏ ਸਨ ਜਿਸ ਕਾਰਨ ਮੈਂ ਮੁੰਸ਼ੀ ਦੀ ਗੱਲ ਨਾ ਮੰਨੀ। ਸੜਿਆ ਬਲਿਆ ਬਲਵਾਨ ਇੱਕ ਪੁਰਾਣੀ ਜਿਹੀ ਸਟੇਨਗੰਨ ਲੈ ਕੇ ਦੋ ਮੁਲਾਜ਼ਮਾਂ ਸਮੇਤ ਅੱਡੇ ਵਿੱਚ ਗਸ਼ਤ ਕਰਨ ਲੱਗ ਪਿਆ। 8 ਕੁ ਵਜੇ ਇੱਕ ਪੰਗੇਬਾਜ਼ ਕਿਸਮ ਦਾ ਸ਼ਰਾਬੀ ਉਸ ਦੇ ਸਾਹਮਣੇ ਗੇੜੇ ਕੱਢਣ ਲੱਗ ਪਿਆ। ਮੁੱਛਾਂ ਨੂੰ ਵੱਟ ਦਿੰਦਾ ਕਦੇ ਖੱਬੇ ਜਾਵੇ ਤੇ ਕਦੇ ਸੱਜੇ। ਜਦੋਂ ਬਲਵਾਨ ਤੇ ਉਸ ਨੂੰ ਟੋਕਿਆ ਤਾਂ ਅੱਗੋਂ ਕਹਿਣ ਲੱਗਾ ਕਿ ਮੈਂ ਤੇਰੇ ਵਰਗੇ 36 ਹੌਲਦਾਰ ਵੇਖੇ ਨੇ। ਬਲਵਾਨ ਨੇ ਉਸ ਨੂੰ ਸਮਝਾਇਆ ਕਿ ਤੇਰੀ ਪੀਤੀ ਹੋਈ ਆ ਤੇ ਮੈਂ ਅਜੇ ਸੂਫੀ ਹਾਂ, ਜਾ ਮੈਨੂੰ ਤੰਗ ਨਾ ਕਰ। ਉਹ ਫਿਰ ਬੋਲਿਆ ਕਿ ਮੈਂ ਤੇਰੇ ਵਰਗੇ 36 ਹੌਲਦਾਰ ਵੇਖੇ ਨੇ। ਬਲਵਾਨ ਨੂੰ ਗੁੱਸਾ ਆ ਤੇ ਉਸ ਨੂੰ ਕਿਹਾ ਕਿ ਇਥੇ ਹੀ ਰੁਕ, ਮੈਂ ਦੋ ਮਿੰਟ ਵਿੱਚ ਆਇਆ।
ਉਹ ਨੇੜੇ ਦੇ ਠੇਕੇ ਵਿੱਚ ਜਾ ਵੜਿਆ ਤੇ ਦੇਸੀ ਦਾ ਅਧੀਆ ਇੱਕੋ ਸਾਹੇ ਸੁੱਕਾ ਹੀ ਚਾੜ੍ਹ ਗਿਆ। ਰੰਗ ਬਰੰਗਾ ਜਿਹਾ ਹੋ ਕੇ ਫਿਰ ਸ਼ਰਾਬੀ ਕੋਲ ਪਹੁੰਚ ਗਿਆ ਤੇ ਬੋਲਿਆ ਕਿ ਹੁਣ ਦੱਸ ਕੀ ਕਹਿੰਦਾ ਸੀ? ਉਹ ਫਿਰ ਬੋਲਿਆ ਕਿ ਮੈਂ ਤੇਰੇ ਵਰਗੇ 36 ਹੌਲਦਾਰ ਵੇਖੇ ਨੇ। ਬਲਵਾਨ ਨੇ ਸਟੇਨਗੰਨ ਬਰਸਟ ‘ਤੇ ਕੀਤੀ ਤੇ ਕਿਹਾ ਕਿ ਲੈ ਪੁੱਤ ਹੁਣ ਤੂੰ 37ਵਾਂ ਹੌਲਦਾਰ ਨਹੀਂ ਵੇਖਦਾ ਤੇ ਘੋੜਾ ਦੱਬ ਦਿੱਤਾ। ਥਾਣੇ ਵਿੱਚ ਜਦੋਂ ਤੜ ਤੜ ਦੀ ਅਵਾਜ਼ ਪਹੁੰਚੀ ਤਾਂ ਮੁੰਸ਼ੀ ਭੱਜ ਕੇ ਮੇਰੇ ਕਵਾਟਰ ਆਇਆ ਕਿ ਜ਼ਨਾਬ ਪਾ ‘ਤਾ ਜੇ ਬਲਵਾਨ ਨੇ ਕੋਈ ਪਵਾੜਾ। ਜਦੋਂ ਅਸੀਂ ਭੱਜ ਕੇ ਮੌਕੇ ‘ਤੇ ਪਹੁੰਚੇ ਤਾਂ ਸਾਰੇ ਪਾਸੇ ਖਿਲਾਰਾ ਪਿਆ ਹੋਇਆ ਸੀ। ਕਿਤੇ ਰੇਹੜੀਆਂ ਉਲਟੀਆਂ ਪਈਆਂ ਸਨ ਤੇ ਕਿਧਰੇ ਬੱਚੇ ਚੀਕਾਂ ਮਾਰ ਰਹੇ ਸਨ। ਸਾਰਾ ਅੱਡਾ ਖਾਲੀ ਹੋਇਆ ਪਿਆ ਸੀ। ਬਲਵਾਨ ਨਾਲ ਪੰਗਾ ਲੈਣ ਵਾਲੇ ਸ਼ਰਾਬੀ ਦੀ ਸਾਰੀ ਸ਼ਰਾਬ ਲਹਿ ਗਈ ਸੀ ਤੇ ਉਹ ਬਲਵਾਨ ਦੇ ਪੈਰਾਂ ਨੂੰ ਚੰਬੜਿਆ ਪੱਤੇ ਵਾਂਗ ਕੰਬ ਰਿਹਾ ਸੀ। ਜਦੋਂ ਆਟੋਮੈਟਿਕ ਹਥਿਆਰ ਚੱਲਦਾ ਹੈ ਤਾਂ ਗੈਸ ਦੇ ਪ੍ਰੈਸ਼ਰ ਕਾਰਨ ਇਸ ਦੀ ਬੈਰਲ ਉੱਪਰ ਵੱਲ ਚੁੱਕੀ ਜਾਂਦੀ ਹੈ। ਇਸ ਕਾਰਨ ਜਦੋਂ ਮਰੀਅਲ ਜਿਹੇ ਬਲਵਾਨ ਨੇ ਬਰਸਟ ਮਾਰਿਆ ਤਾਂ ਸ਼ਰਾਬੀ ਹੋਣ ਕਾਰਨ ਇੱਕ ਤਾਂ ਉਸ ਦਾ ਨਿਸ਼ਾਨਾ ਉੱਕ ਗਿਆ ਤੇ ਦੂਸਰਾ ਸਟੇਨਗੰਨ ਦੇ ਉੱਪਰ ਵੱਲ ਹੋ ਜਾਣ ਕਾਰਨ ਕਿਸੇ ਦੇ ਵੀ ਗੋਲੀਆਂ ਨਾ ਲੱਗੀਆਂ। ਬੱਸ ਇਸੇ ਗੱਲ ਨੇ ਬਲਵਾਨ ਦੀ ਤੇ ਮੇਰੀ ਨੌਕਰੀ ਬਚਾ ਲਈ। ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਗਿੱਚੀ ਤੋਂ ਫੜ੍ਹ ਲਿਆ। ਰਾਤ ਭਰ ਹਵਾਲਾਤ ਵਿੱਚ ਰੱਖਿਆ ਤੇ ਸਵੇਰੇ ਪੁਲਿਸ ਲਾਈਨ ਨੂੰ ਰਵਾਨਾ ਕਰ ਦਿੱਤਾ। ਇਸ ਤੋਂ ਬਾਅਦ ਮੈਂ ਤੇ ਮੁੰਸ਼ੀ ਨੇ ਪੱਤਰਕਾਰਾਂ ਨੂੰ ਖਬਰ ਲਾਉਣ ਤੋਂ ਕਿਵੇਂ ਰੋਕਿਆ, ਇਹ ਮੈਂ ਜਾਣਦਾਂ ਜਾਂ ਰੱਬ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062