ਸਾਰੇ ਪੜ੍ਹਦੇ ਅਤੇ ਸੁਣਦਿਆਂ ਨੂੰ ਸਤ ਸ਼੍ਰੀ ਅਕਾਲ। ਇੱਥੇ ਅਸੀਂ ਬੋਲੇ ਧੋਰੀ ਵਾਂਗੂੰ, ਠੱਕੇ ਚ ਵੀ ਉੱਚੀ ਆਵਾਜ਼ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਹਿਗੁਰੂ ਜੀ ਤੁਹਾਨੂੰ ਵੀ ਖੱਬੇ ਵਾਂਗੂੰ, ਬਰਫ਼ ਦੀ ਰੁੱਤ ਦੇ ਤੋਦਿਆਂ ਤੋਂ ਬਚਾਵੇ। ਤੁਸੀਂ ਆਖੋਂਗੇ, ਇਹ ਬੋਲੇ ਅਤੇ ਖੱਬੇ ਹੁਰੀਂ ਵਿੱਚ ਕਿਧਰੋਂ ਆ ਗਏ? ਯਾਦ ਕਰਾਂਵਾਂ, ਇਹ ਸੀ ਆਪਣੇ ਪਿੰਡ ਦੇ ਲੰਮਾਂ ਸਮਾਂ ਰਹੇ ਚੌਕੀਦਾਰ। ਇੰਨ੍ਹਾਂ ਨੂੰ ਸਾਰੇ, ‘ਬੋਲਾ ਧੋਰੀ
ਅਤੇ ‘ਖੱਬਾ ਚੌਕੀਦਾਰਹੀ ਆਖਦੇ ਸਨ। ਇੰਨ੍ਹਾਂ ਦੇ ਪੂਰੇ ਨਾਂ ਅਤੇ ਇੰਨ੍ਹਾਂ ਉਪਨਾਂਵਾਂ ਬਾਰੇ ਬਜ਼ੁਰਗ ਬਾਬਿਆਂ ਨੂੰ ਵੀ ਕੋਈ ਇਲਮ ਨਹੀਂ। ਪਰ ਇਹ ਕੋਈ ਸੱਤਰ ਸਾਲ ਪਿੰਡ ਦੀ ਜ਼ਿੰਦਗੀ ਦੀ ਜ਼ਰੂਰੀ ਧੜਕਣ ਬਣੇ ਰਹੇ। ਦੋਨਾਂ ਭਰਾਂਵਾਂ ਦਾ ਪਿੰਡ ਦੇ ਬਾਹਰਵਾਰ ਘਰ ਸੀ। ਨੰਬਰਦਾਰਾਂ ਦਾ ਪਿੰਡ ਦੇ ਵਿਚਾਲੇ ਸੱਥ
ਚ। ਚੱਤੋ-ਪਹਿਰ ਤੁਰੇ ਰਹਿੰਦੇ। ਵੱਡਾ ਪਿੰਡ, ਵੱਡਾ ਰਕਬਾ, ਕਈ ਨਹਿਰੀ ਤੇ ਮਾਲ ਪਟਵਾਰੀ। ਆਮ ਲੋਕ, ਇੰਨ੍ਹਾਂ ਦੀ ਪਾਵਰ ਸਮਝਦੇ, ਇੰਨ੍ਹਾਂ ਨੂੰ ਪਲੋਸ ਕੇ ਰੱਖਦੇ। ਵੱਲ ਨਾਲ ਪੁੱਛਦੇ, “ਹਾਂ ਬਈ ਚੌਕੀਦਾਰਾ, ਕੋਈ ਸਰਕਾਰੀ ਖ਼ਬਰ? ਆ ਜਾ ਚਾਹ ਦੁੱਧ ਛੱਕ ਜਾ ਕਦੇ ਸਾਡਿਓਂ ਵੀ।” “ਕਾਹਦੀਆਂ ਖ਼ਬਰਾਂ ਸਰਦਾਰੋ, ਅੱਜ ਮਾਲ ਪਟਵਾਰੀ ਨੇ ਆਉਣਾ, ਨਹਿਰ ਤੇ ਸਾਹਬ ਸੱਦੀ ਜਾਂਦੈ,
ਨੰਬਰਦਾਰ ਸਾਹਿਬ ਮਾਮਲੇ ਦੀਆਂ ਪਰਚੀਆਂ ਵੰਡਣ ਨੂੰ ਜੋਰ ਪਾਉਂਦੈ, ਬੱਸ ਰੱਬ ਬਾਹਲਾ ਦੇਵੇ, ਆਖ, ਚੌਕੜੀ ਆਲਿਆਂ ਕੋਲ ਮਜ਼ਬੂਤ ਖੂੰਡੇ ਉੱਤੇ ਠੋਡ ਰੱਖ, ਪੈਰ ਮਲਦਾ ਬੋਲਾ ਧੋਰੀ, ਰਵਾਂ-ਰਵੀਂ, ਨੰਬਰਦਾਰਾਂ ਦੇ ਘਰ ਵੱਲ, ਢਾਣ ਪੈ ਜਾਂਦਾ। ਦੋਹਾਂ ਦੀ ਚਾਲ ਤੇਜ਼, ਹੋਕਾ ਬਾਹਲਾ ਈ ਉੱਚਾ ਹੁੰਦਾ। ਕਈ ਵਾਰੀ ਸਮਝ ਨਾ ਪੈਂਦੀ ਕਿ ਇਹ ਪਤਲੇ ਮਾੜਚੂ, ਸਾਰਾ ਦਿਨ ਬੀੜੀਆਂ ਫੂਕਣ ਆਲੇ ਭਰਾਵਾਂ ਦੀ ਐਨੀਂ ਵਾਜ ਕਿੱਥੋਂ ਨਿਕਲਦੀ ਐ? ਓਦੋਂ ਸਪੀਕਰ ਤਾਂ ਹੁੰਦੇ ਨਹੀਂ ਸਨ। ਕਦੇ-ਕਦੇ ਜਰੂਰੀ ਹੋਕਾ ਦੇਣਾ ਹੁੰਦਾ ਤਾਂ ਚੌਕੀਦਾਰ ਟਿਕੀ ਰਾਤ ਤੋਂ, ਸੱਥ ਅਤੇ ਚਾਰ ਕੁ ਮੋੜਾਂ
ਤੇ ਖੜ ਬੋਲਦਾ, “ਨੰਬਰਦਾਰੋ… ਕੱਲ੍ਹ ਨੂੰ… ਖੀਰ ਆਲੀ ਕੱਸੀ… ਪੱਟ ਕੇ ਲਿਆਉਣੀਂ ਐ…..”, ਜਾਂ “ਮਾਮਲੇ ਦੀਆਂ ਪਰਚੀਆਂ ਲੈ ਜੋ…..” ਮੋੜਾਂ ਵਾਲਿਆਂ ਨੂੰ ਉਹ ਦੱਸ ਜਾਂਦਾ। ਕਈ ਬਾਰ ਖੋਹਲ ਪੁੱਛ ਲੈਂਦੇ। ਬੱਸ ਇਵੇਂ ਹੀ ਗੱਲ ਪੂਰੇ ਪਿੰਡ `ਚ ਅੱਪੜ ਜਾਂਦੀ ਅਤੇ ਪੂਰਾ ਅਮਲ ਹੁੰਦਾ। ਲੋਕ ਨੰਬਰਦਾਰ, ਚੌਕੀਦਾਰ, ਪਟਵਾਰੀ ਅਤੇ ਪੁਲਸ ਨੂੰ, ਸਰਕਾਰ ਦੇ ਪੁਰਜ਼ੇ ਸਮਝ ਪੂਰਾ ਸਤਿਕਾਰ ਦਿੰਦੇ, ਖੌਫ਼ ਖਾਂਦੇ। ਚੌਕੀਦਾਰ ਥੋੜੀ ਤਨਖਾਹ ਲੈ ਕੇ ਵੀ ਚੰਗਾ ਗੁਜ਼ਾਰਾ ਕਰ ਲੈਂਦੇ। ਤਕੜੇ ਘਰ ਮੁੱਠੀ ਗਰਮ ਕਰਦੇ। ਸਾਰੇ ਪਿੰਡ ਤੋਂ ਦਾਣੇ, ਪੱਠੇ ਅਤੇ ਹੋਰ ਵਸਤਾਂ ਲੈ, ਉਹ, ਟਿੱਚਰਾਂ ਨਾਲ, ਮਨਪ੍ਰਚਾਵਾ ਵੀ ਕਰਦੇ। ਫੇਰ ਪੰਚਾਇਤੀ ਸਿਸਟਮ ਆਉਣ ਨਾਲ, ਨੰਬਰਦਾਰੀ, ਚੌਕੀਦਾਰੀ ਦਾ ਕੰਮ, ਤਾਕਤ ਅਤੇ ਆਮਦਨ ਘੱਟ ਗਈ। ਮਾਮਲਾ ਬੰਦ ਹੋਣ ਨਾਲ, ਸਾਰਾ ਮਾਮਲਾ ਗੜਬੜ ਹੋ ਗਿਆ। ਹੁਣ ਬੋਲੇ ਧੋਰੀ ਅਤੇ ਖੱਬੇ ਹੋਰੀਂ, ਬੱਸ ਕਹਾਣੀ ਬਣ ਗਏ ਹਨ।
ਹੋਰ, ਮਹਿੰਗਾਈ ਬਹੁਤ ਵੱਧ ਗਈ ਹੈ। ਵਿਆਹ ਕਾਰਡ, ਪਾਸਪੋਰਟ ਵਰਗੇ ਆ ਰਹੇ ਹਨ। ਮਹੀਨੇ ਤੋਂ ਪੂਰੀ ਠੰਡ ਹੈ। ਪੈਲਸਾਂ ਅੰਦਰ ਭੀੜ ਤੇ ਗਰਮੀ ਹੈ। ਕਪਾਹ, ਕਿੰਨੂ ਤੇ ਕਿਸਾਨ, ਕੌੜੇ ਕਰ ਦਿੱਤੇ ਹਨ। ਰੈਲੀਆਂ, ਥੈਲੀਆਂ ਅਤੇ ਵੈਲੀਆਂ ਦੀ ਚਾਂਦੀ ਹੈ। ਕਰਮਾ ਬਾਬਾ, ਗੁਰੂ-ਘਰ, ਸੇਵਾ-ਪਹਿਰੇ ਤੇ ਹੈ। ਬੱਸਾਂ, ਬਿਜਲੀ, ਬੁਰਕੀ, ਬਾਲਟੀ ਪਾਣੀ ਦੀ, ਮੁਫ਼ਤ ਹਨ। ਮਹਿੰਗੇ ਬੁਲਟ, ਸਕੂਲ ਅਤੇ ਟਰੈਕਟਰਾਂ ਦੇ ਇਸ਼ਤਿਹਾਰ ਹਨ। ਢਾਣੀਆਂ ਦੇ ਫਾਰਮ-ਹਾਊਸ ਬਣ ਰਹੇ ਹਨ। ਸੋਹੋ, ਸਰੀ, ਮਰੇ, ਟਾਕਾਨੀਨੀਂ, ਸਿਡਨੀ, ਆਕਲੈਂਡ ਦੀਆਂ ਫ਼ੋਟੋਆਂ ਭੇਜਿਆ ਕਰੋ। ਚੱਗਾ, ਰੱਬ ਮਿਲਾਊ ਅਗਲੇ ਐਤਵਾਰ, ਜਿੰਦਾਬਾਦ ਰਹਿਓ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061