ਇਹ ਇੱਕ ਬਹੁਤ ਹੀ ਹੈਰਾਨੀਜਨਕ ਸੱਚ ਹੈ ਕਿ ਸਦੀਆਂ ਤੋਂ ਇੱਕ ਦੂਸਰੇ ਦੇ ਕੱਟੜ ਦੁਸ਼ਮਣ ਰਹੇ ਇਸਾਈ, ਇਸਲਾਮ ਅਤੇ ਯਹੂਦੀ ਧਰਮ ਦਾ ਇੱਕ ਸਾਂਝਾ ਪੈਗੰਬਰ ਅਬਰਾਹਮ ਹੈ ਜਿਸ ਨੂੰ ਇਸਾਈ ਅਤੇ ਯਹੂਦੀ ਅਬਰਾਹਮ ਅਤੇ ਮੁਸਲਮਾਨ ਇਬਰਾਹੀਮ ਦੇ ਨਾਮ ਨਾਲ ਪੁਕਾਰਦੇ ਹਨ। ਇਜ਼ਰਾਈਲ (ਯਹੂਦੀ) ਅਤੇ ਅਰਬ ਦੇਸ਼ਾਂ (ਮੁਸਲਿਮ) ਵਿੱਚ ਇਜ਼ਰਾਈਲ ਦੀ ਅਜ਼ਾਦੀ (14 ਮਈ 1948) ਵਾਲੇ ਦਿਨ ਤੋਂ ਹੀ ਖੂਨੀ ਸੰਘਰਸ਼ ਚੱਲ ਰਿਹਾ ਹੈ। ਸੰਨ 1948, 1956, 1969, ਅਤੇ 1973 ਵਿੱਚ ਇਨ੍ਹਾਂ ਦਰਮਿਆਨ ਖੂਨੀ ਜੰਗਾਂ ਹੋਈਆਂ ਸਨ ਤੇ ਹੁਣ ਇਜ਼ਰਾਈਲ ਦੀ ਗਾਜ਼ਾ ਪੱਟੀ ਵਿੱਚ ਹੱਮਾਸ ਅਤੇ ਲੈਬਨਾਨ ਵਿੱਚ ਹਿੱਜ਼ਬੁਲਾ ਦੇ ਖਿਲਾਫ ਭਿਆਨਕ ਜੰਗ ਚੱਲ ਰਹੀ ਹੈ। ਮੱਧ ਕਾਲ ਸਮੇਂ ਇਸਾਈ ਯੂਰਪੀਨ ਦੇਸ਼ਾਂ ਅਤੇ ਮੁਸਲਿਮ ਏਸ਼ੀਅਨ ਦੇਸ਼ਾਂ ਵਿਚਾਲੇ ਯੋਰੂਸ਼ਲਮ (ਜਿਸ ਨੂੰ ਦੋਵੇਂ ਧਰਮ ਪਵਿੱਤਰ ਮੰਨਦੇ ਹਨ) ‘ਤੇ ਕਬਜ਼ੇ ਵਾਸਤੇ ਸੰਨ 1095 ਈਸਵੀ ਤੋਂ ਲੈ ਕੇ ਸੰਨ 1291 ਈਸਵੀ ਤੱਕ ਕਰੀਬ 200 ਸਾਲ ਲਗਾਤਾਰ ਧਾਰਮਿਕ ਯੁੱਧ ਚਲਦੇ ਰਹੇ ਸਨ ਜਿਨ੍ਹਾਂ ਨੂੰ ਕਰੂਸੇਡਜ਼ ਕਹਿੰਦੇ ਸਨ।
ਅੱਜ ਵੀ ਇਸਲਾਮਿਕ ਕੱਟੜਵਾਦੀ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਨੂੰ (ਜੋ ਜਿਆਦਾਤਰ ਇਸਾਈ ਦੇਸ਼ ਹਨ) ਸ਼ੈਤਾਨ ਪੁਕਾਰਦੇ ਹਨ। ਅਲ ਕਾਇਦਾ ਅਤੇ ਆਈ.ਐਸ. ਹੁਣ ਤੱਕ 11 ਸਤੰਬਰ 2001 ਨਿਊਯਾਰਕ (ਅਮਰੀਕਾ) ਵਿਖੇ ਸਥਿੱਤ ਵਿਸ਼ਵ ਦੀਆਂ ਦੋ ਸਭ ਤੋਂ ਉੱਚੀਆਂ ਇਮਾਰਤਾਂ (ਟਵਿੱਨ ਟਾਵਰਜ਼) ਅਤੇ ਪੈਂਟਾਗਨ (ਅਮਰੀਕੀ ਫੌਜ ਦਾ ਹੈੱਡਕਵਾਟਰ) ਵਿੱਚ ਹਵਾਈ ਜਹਾਜ਼ ਮਾਰਨ ਸਮੇਤ ਸੈਂਕੜੇ ਆਤਮਘਾਤੀ ਹਮਲੇ ਕਰ ਚੁੱਕੇ ਹਨ।
ਪਰ ਅਬਰਾਹਮ ਤਿੰਨਾਂ ਧਰਮਾਂ ਦਾ ਸਾਂਝਾ ਪੈਗੰਬਰ ਹੈ। ਮੰਨਿਆਂ ਜਾਂਦਾ ਹੈ ਕਿ ਅਬਰਾਹਮ ਦਾ ਜਨਮ ਈਸਾ ਮਸੀਹ ਤੋਂ ਕਰੀਬ 2000 ਸਾਲ ਪਹਿਲਾਂ ਉਰ ਚਾਲਦੀਜ਼ ਦੇ ਸਥਾਨ ‘ਤੇ (ਬਗਦਾਦ ਦੇ ਨਜ਼ਦੀਕ) ਪਿਤਾ ਤੇਰਾਹ ਅਤੇ ਮਾਤਾ ਅਮਾਥਲਾਈ ਦੇ ਘਰ ਹੋਇਆ ਸੀ। ਅਬਰਾਹਮ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦਾ ਸੀ ਪਰ ਵੱਖ ਵੱਖ ਦੇਵੀ ਦੇਵਤਿਆਂ ਦੀ ਬਜਾਏ ਇੱਕ ਰੱਬ ਦੀ ਪੂਜਾ ਕਰਨ ਦਾ ਹਮਾਇਤੀ ਤੇ ਮੂਰਤੀ ਪੂਜਾ ਦਾ ਘੋਰ ਵਿਰੋਧੀ ਸੀ। ਯਹੂਦੀ ਬਾਈਬਲ ਦੇ ਅਨੁਸਾਰ ਉਸ ਨੂੰ ਸਮੇਂ ਸਮੇਂ ‘ਤੇ ਖੁਦ ਰੱਬ ਅਤੇ ਉਸ ਦੇ ਫਰਿਸ਼ਤਿਆਂ ਵੱਲੋਂ ਅਗਵਾਈ ਦਿੱਤੀ ਜਾਂਦੀ ਸੀ। ਅਬਰਾਹਮ ਦੇ ਪਿਤਾ ਦੀ ਧਾਰਮਿਕ ਮੂਰਤੀਆਂ ਬਣਾਉਣ ਦੀ ਦੁਕਾਨ ਸੀ। ਸਭ ਤੋਂ ਵੱਡਾ ਪੁੱਤਰ ਹੋਣ ਕਾਰਨ ਮੂਰਤੀ ਪੂਜਾ ਦਾ ਘੋਰ ਵਿਰੋਧੀ ਹੋਣ ਦੇ ਬਾਵਜੂਦ ਉਸ ਨੂੰ ਮਨ ਮਾਰ ਕੇ ਦੁਕਾਨ ‘ਤੇ ਕੰਮ ਕਰਨਾ ਪੈਂਦਾ ਸੀ। ਇੱਕ ਦਿਨ ਉਸ ਦੇ ਪਿਤਾ ਦੀ ਗੈਰਹਾਜ਼ਰੀ ਵਿੱਚ ਇੱਕ ਵਿਅਕਤੀ ਮੂਰਤੀ ਖਰੀਦਣ ਵਾਸਤੇ ਆਇਆ। ਅਬਰਾਹਮ ਨੇ ਉਸ ਨੂੰ ਪੁੱਛਿਆ ਕਿ ਉਸ ਦੀ ਉਮਰ ਕਿੰਨੀ ਹੈ ਤਾਂ ਉਸ ਨੇ 50 ਸਾਲ ਦੱਸਿਆ। ਅਬਰਾਹਮ ਨੇ ਉਸ ਨੂੰ ਫਿਟਕਾਰ ਪਾਈ ਕਿ ਇਹ ਮੂਰਤੀ ਤਾਂ ਸਿਰਫ ਪੰਜ ਦਿਨ ਪੁਰਾਣੀ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ 50 ਸਾਲ ਦਾ ਹੋ ਕੇ ਵੀ ਤੂੰ 5 ਦਿਨ ਪੁਰਾਣੀ ਮੂਰਤੀ ਦੀ ਪੂਜਾ ਕਰ ਰਿਹਾ ਹੈਂ। ਇਹ ਨਾ ਤਾਂ ਤੇਰਾ ਕੋਈ ਫਾਇਦਾ ਨਹੀਂ ਕਰ ਸਕਦੀ। ਉਹ ਵਿਅਕਤੀ ਗੁੱਸਾ ਹੋ ਕੇ ਮੂਰਤੀ ਖਰੀਦੇ ਬਗੈਰ ਵਾਪਸ ਚਲਾ ਗਿਆ ਤੇ ਤੇਰਾਹ ਨੂੰ ਸ਼ਿਕਾਇਤ ਕਰ ਦਿੱਤੀ। ਆਪਣਾ ਕਾਰੋਬਾਰ ਖਰਾਬ ਹੁੰਦਾ ਵੇਖ ਕੇ ਤੇਰਾਹ ਨੇ ਅਬਰਾਹਮ ਨੂੰ ਖੂਬ ਡਾਂਟਿਆ ਪਰ ਉਸ ‘ਤੇ ਕੋਈ ਅਸਰ ਨਾ ਹੋਇਆ।
ਕੁਝ ਦਿਨਾਂ ਬਾਅਦ ਜਦੋਂ ਤੇਰਾਹ ਫਿਰ ਕਿਤੇ ਬਾਹਰ ਗਿਆ ਤਾਂ ਅਬਰਾਹਮ ਨੇ ਦੁਕਾਨ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਤੇ ਇੱਕ ਡੰਡਾ ਸਭ ਤੋਂ ਵੱਡੀ ਮੂਰਤੀ ਦੇ ਹੱਥ ਵਿੱਚ ਫੜਾ ਦਿਤਾ। ਧਰਮ ਦੀ ਹੋ ਰਹੀ ਕਥਿੱਤ ਬੇਇੱਜ਼ਤੀ ਵੇਖ ਕੇ ਹਜ਼ੂਮ ਇਕੱਠਾ ਹੋ ਗਿਆ ਤੇ ਉਨ੍ਹਾਂ ਨੇ ਅਬਰਾਹਮ ਨੂੰ ਮੂਰਤੀਆਂ ਟੁੱਟਣ ਦਾ ਕਾਰਨ ਪੁੱਛਿਆ। ਉਸ ਨੇ ਦੱਸਿਆ ਕਿ ਇਹ ਮੂਰਤੀਆਂ ਆਪਸ ਵਿੱਚ ਲੜ ਰਹੀਆਂ ਸਨ। ਜਦੋਂ ਸਮਝਾਉਣ ‘ਤੇ ਵੀ ਨਾ ਹਟੀਆਂ ਤਾਂ ਗੁੱਸੇ ਵਿੱਚ ਆ ਕੇ ਵੱਡੀ ਮੂਰਤੀ ਨੇ ਬਾਕੀ ਮੂਰਤੀਆਂ ਨੂੰ ਤੋੜ ਦਿੱਤਾ। ਇਹ ਸੁਣ ਕੇ ਲੋਕ ਹੱਸਣ ਲੱਗ ਪਏ ਕਿ ਕਿਉਂ ਸਾਨੂੰ ਬੇਵਕੂਫ ਬਣਾ ਰਿਹਾ ਹੈਂ, ਕਦੇ ਪੱਥਰ ਦੀਆਂ ਮੂਰਤੀਆਂ ਵੀ ਆਪਸ ਵਿੱਚ ਲੜ ਸਕਦੀਆਂ ਹਨ? ਅਬਰਾਹਮ ਨੇ ਕਿਹਾ ਕਿ ਇਹ ਹੀ ਗੱਲ ਤਾਂ ਮੈਂ ਤੁਹਾਨੂੰ ਕਈ ਸਾਲਾਂ ਤੋਂ ਸਮਝਾ ਰਿਹਾ ਹਾਂ ਕਿ ਪੱਥਰ ਦੀਆਂ ਮੂਰਤੀਆਂ ਕੁਝ ਨਹੀਂ ਕਰ ਸਕਦੀਆਂ। ਰੱਬ ਇੱਕ ਹੈ ਤੇ ਸਿਰਫ ਉਸ ਦੀ ਪੂਜਾ ਕੀਤੀ ਜਾਣੀ ਚਾਹੀਦਾ ਹੈ। ਪਰ ਕੱਟੜਵਾਦੀਆਂ ਉਸ ਦੀ ਗੱਲ ਨੂੰ ਨਾ ਸਮਝਿਆ ਤੇ ਕਿਹਾ ਕਿ ਤੈਨੂੰ ਆਪਣੀ ਗੱਲ ਦੀ ਪਰੀਖਿਆ ਦੇਣੀ ਪਵੇਗੀ ਕਿ ਰੱਬ ਇੱਕ ਹੈ ਤੇ ਉਹ ਤੇਰੀ ਮਦਦ ਕਰੇਗਾ। ਬਹੁਤ ਵੱਡੀ ਅੱਗ ਬਾਲੀ ਗਈ ਤੇ ਅਬਰਾਹਮ ਨੂੰ ਕਿਹਾ ਗਿਆ ਕਿ ਆਪਣੇ ਰੱਬ ਨੂੰ ਕਹਿ ਕੇ ਉਹ ਤੈਨੂੰ ਇਸ ਵਿੱਚੋਂ ਬਚਾ ਲਵੇ। ਅਬਰਾਹਮ ਨੇ ਰੱਬ ਨੂੰ ਬੇਨਤੀ ਕੀਤੀ ਤੇ ਉਹ ਅੱਗ ਵਿੱਚੋਂ ਬਿਲਕੁਲ ਸਹੀ ਸਲਾਮਤ ਬਚ ਕੇ ਬਾਹਰ ਆ ਗਿਆ। ਫਿਰ ਉਸ ਨੇ ਰੱਬ ਦੇ ਹੁਕਮਾਂ ਅਨੁਸਾਰ ਮੌਜੂਦਾ ਮਿਸਰ, ਜਾਰਡਨ, ਇਜ਼ਰਾਈਲ, ਫਿਲਸਤੀਨ, ਇਰਾਕ ਅਤੇ ਲੈਬਨਾਨ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਆਪਣੇ ਫਲਸਫੇ ਤੋਂ ਜਨਤਾ ਨੂੰ ਜਾਣੂ ਕਰਵਾਇਆ।
ਉਸ ਦੇ ਜੀਵਨ ਦੀ ਸਭ ਤੋਂ ਪ੍ਰਸਿੱਧ ਘਟਨਾ ਆਪਣੇ ਬੇਟੇ ਇਸਾਕ ਦੀ ਕੁਰਬਾਨੀ ਨਾਲ ਸਬੰਧਿਤ ਹੈ। ਰੱਬ ਨੇ ਅਬਰਾਹਮ ਨੂੰ ਹੁਕਮ ਦਿੱਤਾ ਕਿ ਉਹ ਮੋਰੀਆਹ ਨਾਮਕ ਪਹਾੜੀ ‘ਤੇ ਜਾ ਕੇ (ਇਹ ਜਗ੍ਹਾ ਯੋਰੂਸ਼ਲਮ ਦੇ ਨਜ਼ਦੀਕ ਹੈ) ਆਪਣੀ ਸਭ ਤੋਂ ਪਿਆਰੀ ਵਸਤੂ ਦੀ ਕੁਰਬਾਨੀ ਦੇਵੇ। ਅਬਰਾਹਮ ਨੂੰ ਆਪਣਾ ਦੂਸਰਾ ਪੁੱਤਰ ਇਸਾਕ ਜਾਨ ਤੋਂ ਵੀ ਵੱਧ ਪਿਆਰਾ ਸੀ। ਪਰ ਜਦੋਂ ਉਹ ਉਸ ਦੀ ਕੁਰਬਾਨੀ ਦੇਣ ਲੱਗਾ ਤਾਂ ਰੱਬ ਵੱਲੋਂ ਭੇਜੇ ਫਰਿਸ਼ਤੇ ਨੇ ਕਿਹਾ ਕਿ ਉਸ ਦੀ ਕੁਰਬਾਨੀ ਮੰਨਜ਼ੂਰ ਕਰ ਲਈ ਗਈ ਹੈ। ਫਰਿਸ਼ਤੇ ਨੇ ਇੱਕ ਭੇਡੂ ਪੇਸ਼ ਕੀਤਾ ਜਿਸ ਦੀ ਕੁਰਬਾਨੀ ਦੇ ਦਿੱਤੀ ਗਈ। ਇਸ ਕਾਰਨ ਹੀ ਮੁਸਲਮਾਨ ਹਰ ਸਾਲ ਬਕਰੀਦ ਦਾ ਤਿਉਹਾਰ ਮਨਾਉਂਦੇ ਹਨ ਤੇ ਜਾਨਵਰਾਂ ਦੀ ਕੁਰਬਾਨੀ ਦੇਂਦੇ ਹਨ। ਯਹੂਦੀ ਬਾਈਬਲ ਦੇ ਅਨੁਸਾਰ ਅਬਰਾਹਮ ਦੀ 100 ਸਾਲ ਤੋਂ ਵੱਧ ਉਮਰ ਭੋਗ ਕੇ ਮੌਤ ਹੋਈ ਤੇ ਉਸ ਨੂੰ ਜੈਰੂਸ਼ਲਮ ਤੋਂ 30 ਕਿ.ਮੀ. ਦੂਰ ਹੈਬਰੌਨ ਸ਼ਹਿਰ ਵਿਖੇ ਦਫਨਾਇਆ ਗਿਆ। ਤਿੰਨਾਂ ਧਰਮਾਂ ਵਿੱਚ ਉਸ ਨੂੰ ਹੇਠ ਲਿਖੇ ਅਨੁਸਾਰ ਪੈਗੰਬਰ ਮੰਨਿਆਂ ਜਾਂਦਾ ਹੈ।
ਯਹੂਦੀ ਧਰਮ — ਯਹੂਦੀ ਇਹ ਮੰਨਦੇ ਹਨ ਕਿ ਅਬਰਾਹਮ ਵਿਸ਼ਵ ਦਾ ਪਹਿਲਾ ਯਹੂਦੀ ਸੀ ਤੇ ਦੁਨੀਆਂ ਭਰ ਦੇ ਯਹੂਦੀ ਉਸ ਦੇ ਪੁੱਤ ਪੋਤਰਿਆਂ ਦੀ ਜੈਵਿਕ (ਬਾਇਉਲੌਜੀਕਲ) ਔਲਾਦ ਹਨ। ਯਹੂਦੀਆਂ ਦੇ ਹਰੇਕ ਧਾਰਮਿਕ ਦਿਵਸ ਜਿਵੇਂ ਪਾਸਉਵਰ, ਰੌਸ਼ ਹਸ਼ਾਨਹ, ਸਿਮਾਚਟ ਤੋਰਾਹ, ਯੋਨ ਕਿਪੁਰ, ਸਬਾਥ, ਜੇਰੂਸ਼ਲਮ ਦਿਵਸ ਅਤੇ ਹਾਨੂਕਾਹ ਆਦਿ ਸਮੇਂ ਅਬਰਾਹਮ ਨੂੰ ਖਾਸ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਯਹੂਦੀ ਮਾਨਤਾਵਾਂ ਦੇ ਅਨੁਸਾਰ ਰੱਬ ਨੇ ਸਵਰਗ ਅਤੇ ਨਰਕ ਦੀ ਉਤਪਤੀ ਅਬਰਾਹਮ ਦੀ ਸਲਾਹ ਅਨੁਸਾਰ ਕੀਤੀ ਸੀ। ਯਹੂਦੀ ਧਰਮ ਵਿੱਚ ਰੱਬ ਦਾ ਨਾਮ ਐਲੋਹੀ ਅਬਰਾਹਮ (ਅਬਰਾਹਮ ਦਾ ਰੱਬ) ਹੈ ਕਿਉਂਕਿ ਅਬਰਾਹਮ ਨੇ ਆਪਣੇ ਪੁੱਤਰ ਇਸਾਕ ਦੀ ਕੁਰਬਾਨੀ ਸਮੇਤ ਰੱਬ ਵੱਲੋਂ ਲਈਆਂ ਗਈਆਂ ਦਸ ਕਠਿਨ ਪ੍ਰੀਖੀਆਵਾਂ ਪਾਸ ਕੀਤੀਆਂ ਸਨ। ਯਹੂਦੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਧਰਮ ਗ੍ਰੰਥ ਸੈਫੇਰ ਯੇਤਜ਼ੀਰਾਹ ਅਬਰਾਹਮ ਦੁਆਰਾ ਲਿਖਿਆ ਗਿਆ ਸੀ।
ਇਸਾਈ ਧਰਮ — ਇਸਾਈ ਧਰਮ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਅਬਰਾਹਮ ਵਿਸ਼ਵ ਦਾ ਉਹ ਪਹਿਲਾ ਪੈਗੰਬਰ ਸੀ ਜਿਸ ਨੂੰ ਰੱਬ ਨੇ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਚੁਣਿਆ ਸੀ। ਸੇਂਟ ਪਾਲ ਅਪੋਸਟਲ (ਜਨਮ ਸੰਨ 5 ਮੌਤ 65 ਈਸਵੀ) ਨੇ ਘੋਸ਼ਣਾ ਕੀਤੀ ਸੀ ਕਿ ਸਾਰੇ ਈਸਾਈ ਜੋ ਈਸਾ ਮਸੀਹ ਵਿੱਚ ਵਿਸ਼ਵਾਸ਼ ਰੱਖਦੇ ਹਨ, ਅਬਰਾਹਮ ਦੇ ਬੱਚੇ ਹਨ। ਸੇਂਟ ਪਾਲ, ਕੈਥੋਲਿਕ ਚਰਚ ਅਤੇ ਪੋਪ ਅਬਰਾਹਮ ਨੂੰ ਈਸਾਈਆਂ ਦਾ ਅਧਿਆਤਮਿਕ ਪਿਤਾ ਤੇ ਈਸਾ ਮਸੀਹ ਦਾ ਪੂਰਵਜ਼ ਮੰਨਦੇ ਹਨ। ਈਸਾਈ ਪਾਦਰੀ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲੱਗਿਆਂ ਅਬਰਾਹਮ ਅਤੇ ਉਸ ਦੀ ਪਤਨੀ ਸਾਰਾ ਦਾ ਨਾਮ ਲੈਂਦੇ ਹਨ।
ਇਸਲਾਮ — ਇਸਲਾਮ ਵਿੱਚ ਇਬਰਾਹੀਮ (ਅਬਰਾਹਮ) ਨੂੰ ਪੈਗੰਬਰਾਂ ਦੀ ਕੜੀ ਦਾ ਇੱਕ ਅਹਿਮ ਹਿੱਸਾ ਮੰਨਿਆਂ ਜਾਂਦਾ ਹੈ ਜੋ ਆਦਮ ਤੋਂ ਸ਼ੁਰੂ ਹੋਈ ਸੀ ਤੇ ਹਜ਼ਰਤ ਮੁਹੰਮਦ ਦੇ ਨਾਲ ਖਤਮ ਹੋ ਗਈ। ਇਬਰਾਹੀਮ ਦਾ ਨਾਮ ਕੁਰਾਨ ਵਿੱਚ ਵਾਰ ਵਾਰ ਆਉਂਦਾ ਹੈ ਤੇ ਉਸ ਨੂੰ ਹਨੀਫ (ਇੱਕ ਰੱਬ ਨੂੰ ਮੰਨਣ ਵਾਲਾ), ਮੁਸਲਿਮ (ਜੋ ਆਪਣੇ ਆਪ ਨੂੰ ਅੱਲਾ ਦੇ ਅੱਗੇ ਸਮਰਪਿਤ ਕਰ ਦੇਵੇ), ਮੁਸਲਮਾਨਾਂ ਦਾ ਰਹਿਨੁਮਾ ਅਤੇ ਕੌਮ ਨੂੰ ਸੇਧ ਦੇਣ ਵਾਲਾ ਕਿਹਾ ਗਿਆ ਹੈ। ਇਸਲਾਮ ਵਿੱਚ ਇਹ ਵੀ ਮੰਨਿਆਂ ਜਾਂਦਾ ਹੈ ਕਿ ਮੱਕਾ ਵਿੱਚ ਮੁਕੱਦਸ ਕਾਅਬਾ ਦੀ ਉਸਾਰੀ ਇਬਰਾਹੀਮ ਨੇ ਕਰਵਾਈ ਸੀ। ਉਸ ਦਾ ਪੈਗੰਬਰਾਂ ਵਿੱਚ ਸਨਮਾਨਜਨਕ ਸਥਾਨ ਹੈ ਤੇ ਉਸ ਨੂੰ ਇਬਰਾਹੀਮ ਖਲੀਲਉੱਲਾਹ (ਰੱਬ ਦਾ ਦੋਸਤ) ਦੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062