ਸੈਰ ਪਹਾੜਾਂ ਦੀ

ਕਾਫੀ ਸਮੇ ਤੋ ਮਸੂਰੀ,ਨੈਨੀਤਾਲ ਜਾਣ ਦੀ ਦਿਲ ਵਿੱਚ ਇੱਛਾ ਸੀ ਆਖੀਰ ਇਹ ਇੱਛਾ ਵੀ ਪੂਰੀ ਹੋ ਗਈ।ਸਬੱਬ ਬਣਿਆ ਬਾਬਾ ਫਰੀਦ ਕਾਲਜ ਦੇ ਦੋਸਤਾ ਨਾਲ,ਸਾਮ ਨੂੰ ਬਠਿੰਡੇ ਤੋਂ ਚੱਲ ਕਿ ਸਵੇਰੇ ਦੇਹਰਾਦੂਨ ਪਹੁੰਚੇ ਤੇ ਉਥੋ ਪਹਾੜੀ ਰਸਤੇ ਰਾਹੀ ਹੁੰਦੇ ਹੋਏ ਮਸੂਰੀ ਪਹੁੰਚੇ,ਰਸਤਾ ਭਾਵੇ ਟੇਡਾ-ਮੇਡਾ ਤੇ ਖਤਰਨਾਕ ਸੀ ਪਰੰਤੂ ਪਹਾੜਾ ਦੀ ਖੂਬਸੂਰਤੀ ਤੇ ਮਨਮੋਹਕ ਨਜ਼ਾਰਿਆਂ ਨੇ ਇਸ ਸਫਰ ਨੂੰ ਅਸਾਨ ਬਣਾ ਦਿੱਤਾ। ਮਸੂਰੀ ਦੀ ਜੇ ਗੱਲ ਕਰੀਏ ਤਾਂ ਇਹ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਲਗਪਗ 30 ਕਿਲੋਮੀਟਰ ਦੂਰ ਹੈ। ਇਹ ਰਾਜ ਹਿਮਾਲਿਆ ਦਾ ਖੇਤਰ ਅਖਵਾਉਂਦਾ ਹੈ ਜਿੱਥੇ ਬਰਫ਼ਾਂ ਲੱਦੇ ਉੱਚੇ-ਉੱਚੇ ਪਹਾੜ ਹਨ। ਮਸੂਰੀ ਉੱਚੇ ਪਹਾੜਾਂ ਉੱਪਰ ਵੱਸਿਆ ਇੱਕ ਛੋਟਾ ਜਿਹਾ ਕਸਬਾ ਹੈ। ਇਸ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।

ਉੱਚੇ ਪਹਾੜਾਂ ਉੱਪਰ ਸਥਿਤ ਹੋਣ ਕਾਰਨ ਇੱਥੇ ਮੌਸਮ ਬਹੁਤ ਹੀ ਖ਼ੁਸ਼ਗਵਾਰ ਹੁੰਦਾ ਹੈ। ਵਿਸ਼ੇਸ਼ ਤੌਰ ’ਤੇ ਗਰਮੀਆਂ ਵਿੱਚ ਇੱਥੋਂ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਜਦੋਂਕਿ ਸਰਦੀਆਂ ਵਿੱਚ ਇੱਥੇ ਬਰਫ਼ ਪੈਂਦੀ ਹੈ। ਚੜ੍ਹਦਾ ਅਤੇ ਲਹਿੰਦਾ ਸੂਰਜ ਇੱਥੋਂ ਦੇ ਖ਼ੂਬਸੂਰਤ ਅਤੇ ਜੰਗਲਾਂ ਨਾਲ ਢਕੇ ਪਹਾੜਾਂ ਨੂੰ ਚਾਰ ਚੰਨ ਲਗਾ ਦਿੰਦਾ ਹੈ ਤੇ ਰਾਤ ਦੇ ਸਮੇ ਇਥੋ ਦੇਹਰਾਦੂਨ ਸਹਿਰ ਬੜਾ ਖੂਬਸੂਰਤ ਦਿਖਾਈ ਦਿੰਦਾ ਹੈ। ਜੇਕਰ ਇਥੇ ਦੇਖਣਯੋਗ ਥਾਂਵਾਂ ਦੀ ਗੱਲ ਕਰੀਏ ਤਾਂ ਇਸ ਸਥਾਨ ਉੱਤੇ ਭਾਰਤ ਦੀ ਮਿਲਟਰੀ ਅਕੈਡਮੀ ਹੈ, ਜਿੱਥੇ ਦੇਸ਼ ਦੀ ਰਾਖੀ ਕਰਨ ਵਾਲੇ ਸੈਨਾ ਦੇ ਜਵਾਨ ਸਿਖਲਾਈ ਲੈਂਦੇ ਹਨ। ਇਸ ਦੇ ਨਾਲ ਹੀ ਇੱਥੇ ਭਾਰਤੀ ਜੰਗਲਾਤ ਵਿਭਾਗ ਦੇ ਅਫ਼ਸਰਾਂ ਨੂੰ ਸਿਖਲਾਈ ਦੇਣ ਅਤੇ ਜੰਗਲਾਂ ਬਾਰੇ ਖੋਜ ਕਰਨ ਵਾਲਾ ਬਹੁਤ ਵੱਡਾ ਸੰਸਥਾਨ ਹੈ। ਇੱਥੇ ਬੁੱਧ ਧਰਮ ਦਾ ਬਹੁਤ ਵੱਡਾ ਦੇਖਣਯੋਗ ਮੰਦਰ ਵੀ ਹੈ। ਇੱਥੇ ਇਕ ਪ੍ਰਸਿੱਧ ਪਿਕਨਿਕ ਸਥਾਨ ਹੈ ਜਿਸ ਨੂੰ ਕੰਪਨੀ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇੱਥੇ ਸੰਸਾਰ ਪ੍ਰਸਿੱਧ ਸਕੂਲ ਹਨ। ਮਸੂਰੀ ਦਾ ਮਾਲ ਰੋਡ ਬਹੁਤ ਪ੍ਰਸਿੱਧ ਹੈ। ਇੱਥੇ ਅਕਸਰ ਸੈਲਾਨੀਆਂ ਦੀ ਭੀੜ ਹੁੰਦੀ ਹੈ।

ਮਸੂਰੀ ਤੋਂ ਥੋੜ੍ਹਾ ਅੱਗੇ ਕੈਂਪਟੀ ਫਾਲ ਨਾਂ ਦਾ ਝਰਨਾ ਹੈ। ਅਸੀ ਸਵੇਰ ਦਾ ਖਾਣਾ ਖਾ ਕਿ ਕੈਂਪਟੀ ਫਾਲ ਜਾਣ ਦਾ ਮਨ ਬਣਾਇਆ,ਇਹ ਮਸੂਰੀ ਤੋਂ 15 ਕਿ.ਮੀ.ਦੂਰ ਇਕ ਬਹੁਤ ਹੀ ਖੂਬਸੂਰਤ ਝਰਨਾ ਹੈ, ਇਹ ਬਹੁਤ ਹੀ ਮਸ਼ਹੂਰ ਤੇ ਪੁਰਾਣੀ ਜਗ੍ਹਾ ਹੈ, ਜਿਸ ਨੂੰ ਲਗਭਗ 150 ਸਾਲ ਪਹਿਲਾ ਅੰਗਰੇਜਾ ਨੇ ਚਾਹ ਪਾਰਟੀ ਕਰਨ ਲਈ ਬਣਾਇਆ ਸੀ, ਹੁਣ ਕੰਪਟੀ ਫਾਲ ਮਸੂਰੀ ਆਉਣ ਵਾਲੇ ਸੈਲਾਨੀਆ ਲਈ ਪਹਿਲੀ ਪਸੰਦ ਹੈ, ਅਸੀ ਇੱਥੇ ਲਗਭਗ ਤਿੰਨ ਘੰਟੇ ਗੁਜਾਰੇ, ਝਰਨੇ ਦੇ ਵਿੱਚ ਨਹਾ ਕਿ ਤਰੋ ਤਾਜਾ ਹੋ ਗਏ। ਇੱਥੇ ਇੱਕ ਸੁੰਦਰ ਬਜਾਰ ਹੈ ਜਿੱਥੋ ਕੁੱਝ ਦੋਸਤਾ ਨੇ ਖਰੀਦੋ ਫਰੋਖਤ ਕੀਤ। ਫੇਰ ਅਸੀ ਕੰਪਨੀ ਬਾਗ ਗਏ, ਇਹ ਇੱਕ ਬਹੁਤ ਹੀ ਖੂਬਸੂਰਤ ਰੰਗਦਾਰ ਫੁੱਲਾ ਨਾਲ ਲੱਦਿਆ ਹੋਇਆ ਬਾਗ ਹੈ, ਜੋ ਸਾਰੇ ਸਾਥਿਆ ਨੂੰ ਬਹੁਤ ਪਸੰਦ ਆਏ ਤੇ ਸ਼ਾਮ ਨੂੰ ਅਸੀ ਮਾਲ ਰੋਡ ਘੁਮਿਆ।ਅਗਲੇ ਦਿਨ ਮਸੂਰੀ ਤੋ ਵਾਪਸੀ ਕਰਦੇ ਸਮੇ ਰਿਸ਼ੀਕੇਸ ਰਿਵਰ ਰਾਫਟਿੰਗ ਕੀਤੀ।ਸਾਡੇ ਵਿੱਚੋ ਕੁਝ ਕਾ ਦੋਸਤਾ ਨੂੰ ਛੱਡ ਕਿ ਬਾਕੀ ਸਾਰਿਆ ਲਈ ਇਹ ਬਿਲਕੁਲ ਨਵਾਂ ਤਜਰਬਾ ਸੀ ਜੋ ਕਿ ਸਾਰਿਆ ਨੇ ਬਹੁਤ ਪਸੰਦ ਕੀਤਾ।
ਸ਼ਾਮ ਨੂੰ ਹਰਿਦੁਆਰ ਹੁੰਦੇ ਹੋਏ ਨੈਨੀਤਾਲ ਨੂੰ ਚਾਲੇ ਪਾ ਦਿੱਤੇ ਤੇ ਜਦੋ ਅਗਲੀ ਸਵੇਰ ਹੋਈ ਤਾਂ ਨੈਨੀਤਾਲ ਦੀਆ ਖੂਬਸੂਰਤ ਪਹਾੜੀਆ ਵਿੱਚੋ ਸੂਰਜ ਝਾਤੀਆ ਮਾਰ ਰਿਹਾ ਸੀ । ਨੈਨੀਤਾਲ ਨੂੰ ਜਾਣ ਵਾਲੀ ਸੜਕ ਮਸੂਰੀ ਤੋ ਜਿਆਦਾ ਵਧੀਆ ਸੀ ਜਿਸ ਨੇ ਪਹਾੜੀ ਸਫਰ ਵਿੱਚ ਕਿਸੇ ਤਰ੍ਹਾ ਦੀ ਔਖ ਨੀ ਆਉਣ ਦਿੱਤੀ ਲਗਭਗ ਦਸ ਵਜੇ ਅਸੀ ਆਪਣੇ ਹੋਟਲ ਪਹੁੰਚ ਗਏ ਜੋ ਕਿ ਬਹੁਤ ਹੀ ਖੂਬਸੂਰਤ ਝੀਲ ਦੇ ਕਿਨਾਰੇ ਸਥਿਤ ਸੀ।

ਨੈਨੀਤਾਲ ਭਾਰਤ ਦੇ ਉੱਤਰਾਖੰਡ ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਇਹ ਉੱਤਰਾਖੰਡ ਦੀ ਦੂਸਰੀ ਰਾਜਧਾਨੀ ਵੀ ਹੈ, ਕੂਮਾਊ ਖੇਰਰ ਵਿਚ ਨੈਨੀਤਾਲ ਜਿਲ੍ਹੇ ਦਾ ਬਹੁਤ ਮਹੱਤਵ ਹੈ। ਨੈਨੀ ਦਾ ਅਰਥ ਹੈ ‘ਅੱਖਾਂ’ ਅਤੇ ਤਾਲ ਦਾ ਅਰਥ ਹੈ ‘ਝੀਲ’ ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ੲਿਸ ਨੂੰ ਭਾਰਤ ਦਾ “ਲੇਕ ਅਾਫ਼ ਡਿਸਟ੍ਰਿਕ” ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ। ਕਹਿੰਦੇ ਨੇ 1815 ਵਿੱਚ ਕਮਾਉ-ਗੜਵਾਲ ਵਿੱਚ ਅੰਗਰੇਜ਼ਾ ਦਾ ਰਾਜ ਹੋ ਗਿਆ ਸੀ। ਇਸ ਲਈ ਆਪਣੇ ਦੇਸ਼ ਵਾਂਗ ਹੀ ਇੱਥੇ ਵੀ ਉਹ ਇਕ ਸਾਂਤ ਤੇ ਖੂਬਸੂਰਤ ਸਹਿਰ ਵਸਾਉਣਾ ਚਾਹੁੰਦੇ ਸੀ ਤੇ ਨੈਨੀਤਾਲ ਦੀ ਆਬੋ-ਹਵਾ ਉਹਨਾ ਨੂੰ ਬਹੁਤ ਪਸੰਦ ਆਈ ਤੇ ਇਥੇ ਅੰਗਰੇਜ਼ ਰਹਿਣ ਲੱਗੇ ਤੇ ਹੋਲੀ-ਹੋਲੀ ਇਹ ਸਥਾਨ ਦੇਸ਼-ਵਿਦੇਸ਼ ਦੇ ਸੈਲਾਨੀਆ ਦੀ ਪਸੰਦ ਬਣ ਗਿਆ। ਇੱਥੋਂ ਦਾ ਕੁਦਰਤੀ ਵਾਤਾਵਰਣ, ਦੂਰ-ਦੂਰ ਦੀਆਂ ਪਰਬਤ ਚੋਟੀਆਂ, ਘਾਟੀਆਂ ਤੇ ਰੰਗ-ਬਿਰੰਗੇ ਦ੍ਰਿਸ਼ਾਂ ਨੂੰ ਵੇਖ ਕੇ ਸਾਡਾ ਮਨ ਅਸ਼-ਅਸ਼ ਕਰ ਉੱਠਿਆ। ਪੂਰਾ ਦਿਨ ਇੱਥੇ ਸਥਿਤ ਬਹੁਤ ਸਾਰੇ ਨਿੱਕੇ – ਵੱਡੇ ਸਥਾਨ ਘੁੰਮਣ ਬਾਅਦ ਸ਼ਾਮ ਨੂੰ ਨੈਨੀ ਝੀਲ ਵਿੱਚ ਕੀਤੀ ਬੋਟਿੰਗ ਨੇ ਪੂਰੇ ਦਿਨ ਦੀ ਥਕਾਵਟ ਦੂਰ ਕਰ ਦਿੱਤੀ। ਰਾਤ ਸਮੇ ਖਾਣਾ ਖਾਣ ਤੋਂ ਬਾਅਦ ਮਾਲ ਰੋਡ,ਤਿੱਬਤੀ ਮਾਰਕੀਟ ਤੇ ਬੜਾ ਬਜਾਰ ਦੇਖਿਆ,ਅਗਲੇ ਦਿਨ ਨੈਨੀਤਾਲ ਦੇ ਮਸ਼ਹੂਰ ਚਿੜੀਆਘਰ ਗਏ ਜਿੱਥੇ ਜਾਨਵਰਾ ਤੇ ਪੰਛੀਆ ਦੀਆ ਬਹੁਤ ਸਾਰੀਆ ਪ੍ਰਜਾਤੀਆਂ ਦੇਖੀਆਂ ਜਿਨ੍ਹਾ ਵਿੱਚੋ ਕੁੱਝ ਤਾਂ ਪਹਿਲੀ ਵਾਰ ਦੇਖੀਆ ਸਨ। ਵਾਪਸੀ ਸਮੇ ਭੀਮਤਾਲ ਹੁੰਦੇ ਹੋਏ ਇਕ ਵਾਰ ਫਿਰ ਨੈਨੀਤਾਲ ਆਉਣ ਦੀ ਉਮੀਦ ਲੈ ਕਾ ਵਾਪਸ ਆ ਗਏ, ਇਸ ਤਰ੍ਹਾ ਪੰਜ ਰਾਤਾ ਤੇ ਚਾਰ ਚਾਰ ਦਿਨਾਂ ਦੇ ਇਸ ਟੂਰ ਨੇ ਬਹੁਤ ਸਾਰੀਆ ਖੂਬਸੂਰਤ ਯਾਦਾਂ ਤੇ ਇਕ ਵਧੀਆ ਤਜਰਬਾ ਜਿੰਦਗੀ ਵਿੱਚ ਜੋੜ ਦਿੱਤਾ ਜੋ ਲੰਬੇ ਅਰਸੇ ਤਕ ਯਾਦ ਰਹੇਗਾ ।

ਮਾ. ਸੁਰਿੰਦਰਜੀਤ ਸਿੰਘ ਭੁੱਲਰ
ਸਸਸ.ਸਕੂਲ ਕੋਟਲੀ ਅਬਲੂ
ਮੋ.7009029556