
ਬਲਵਿੰਦਰ ਸਿੰਘ ਭੁੱਲਰ
ਪਹਿਲਗਾਮ ਵਿਖੇ ਪਾਕਿਸਤਾਨ ਤੋਂ ਟਰੇਨਿੰਗ ਹਾਸਲ ਅੱਤਵਾਦੀਆਂ ਵੱਲੋਂ ਸੁੰਦਰ ਜਗਾਹ, ਜਿਸਨੂੰ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ, ਵਿਖੇ ਘੁੰਮਣ ਆਏ ਬੇਕਸੂਰ ਛੱਬੀ ਸੈਲਾਨੀਆਂ ਨੂੰ ਗੋਲੀਆਂ ਨਾਲ ਮਾਰ ਮੁਕਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੁੜੱਤਣ ਬਹੁਤ ਵਧ ਗਈ ਹੈ। ਇਸ ਘਿਨਾਉਣੀ ਘਟਨਾ ਨੇ ਕੇਵਲ ਭਾਰਤ ਹੀ ਨਹੀਂ ਸਮੁੱਚੀ ਦੁਨੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ, ਅੰਤਰ ਰਾਸ਼ਟਰੀ ਪੱਧਰ ਤੇ ਇਸ ਅੱਤਵਾਦੀ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਭਾਰਤ ਸਰਕਾਰ ਇਸ ਘਟਨਾ ਦਾ ਬਦਲਾ ਲੈਣ ਲਈ ਤਿਆਰੀ ਕਰ ਰਹੀ ਹੈ, ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ਹੈ, ਫੌਜ ਦੇ ਮੁਖੀਆਂ ਨਾਲ ਮੀਟਿੰਗਾਂ ਹੋਈਆਂ ਹਨ।
ਓਧਰ ਪਾਕਿਸਤਾਨ ਭਾਰਤ ਦੀਆਂ ਗਤੀਵਿਧੀਆਂ ਤੇ ਨਿਗਾਹ ਰੱਖ ਰਿਹਾ ਹੈ, ਜੇਕਰ ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਤਕੜਾ ਜੁਆਬ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ। ਪਰ ਸਮੁੱਚੀ ਦੁਨੀਆਂ ਦੇ ਦੇਸ਼ ਸਮਝ ਰਹੇ ਹਨ ਕਿ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਤੋਂ ਪਹਿਲਾਂ ਮਨੁੱਖਤਾ ਦੇ ਹੋਣ ਵਾਲੇ ਨੁਕਸਾਨ ਬਾਰੇ ਵੀ ਚਰਚਾ ਕਰ ਰਿਹਾ ਹੈ ਅਤੇ ਆਪਣੀ ਸਾਂਤੀ ਵਾਲੀ ਨੀਤੀ ਨੂੰ ਧਿਆਨ ’ਚ ਰੱਖ ਕੇ ਵਿਚਾਰਾਂ ਕਰ ਰਿਹਾ ਹੈ, ਜਦੋਂ ਕਿ ਪਾਕਿਸਤਾਨ ਅੱਤਵਾਦੀਆਂ ਦੀਆਂ ਗਤੀਵਿਧੀਆਂ ਦੇ ਹੱਕ ਵਿੱਚ ਬੋਲ ਰਿਹਾ ਹੈ, ਸਰਹੱਦ ਤੇ ਗੋਲੀਬਾਰੀ ਕਰ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ, ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਜਿਸਤੋਂ ਸਪਸ਼ਟ ਹੈ ਕਿ ਉਸਨੂੰ ਮਨੁੱਖਤਾ ਦੇ ਵਿਨਾਸ ਦੀ ਕੋਈ ਚਿੰਤਾ ਨਹੀਂ ਹੈ।
ਹਾਲਾਤ ਅਜਿਹੇ ਬਣੇ ਹੋਏ ਹਨ ਕਿ ਪ੍ਰਮਾਣੂ ਜੰਗ ਦਾ ਖਤਰਾ ਵੀ ਮੰਡਰਾ ਰਿਹਾ ਹੈ, ਜਿਸ ਨਾਲ ਮਨੁੱਖਤਾ ਦਾ ਨਾ ਸੋਚਿਆ ਜਾ ਸਕਣ ਵਾਲਾ ਘਾਣ ਹੋਣ ਦਾ ਖਦਸ਼ਾ ਵਿਖਾਈ ਦਿੰਦਾ ਹੈ। ਹਾਲਾਂਕਿ ਅਜਿਹੀ ਜੰਗ ਦੀ ਬਹੁਤੀ ਸੰਭਾਵਨਾ ਤਾਂ ਨਹੀਂ, ਪਰ ਯੁੱਧ ਵਿੱਚ ਕੁੱਝ ਵੀ ਹੋ ਸਕਦਾ ਹੈ ਇਸ ਤੱਥ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਦੋਵੇਂ ਦੇਸ਼ ਪ੍ਰਮਾਣੂ ਬੰਬਾਂ ਨਾਲ ਲੈਸ ਹਨ। ਜੇਕਰ ਪ੍ਰਮਾਣੂ ਸ਼ਕਤੀ ਤੇ ਨਿਗਾਹ ਮਾਰੀ ਜਾਵੇ ਤਾਂ ਭਾਰਤ ਜਿਆਦਾ ਤਾਕਤਵਰ ਹੈ। ਭਾਰਤ 1974 ਵਿੱਚ ਹੀ ਪ੍ਰਮਾਣੂ ਸ਼ਕਤੀ ਬਣ ਗਿਆ ਸੀ, ਜਦੋਂ ਕਿ ਪਾਕਿਸਤਾਨ ਨੇ 1998 ਵਿੱਚ ਅਜਿਹੇ ਬੰਬ ਤਿਆਰ ਕੀਤੇ। ਦੋਵਾਂ ਦੇਸ਼ਾਂ ਕੋਲ ਪ੍ਰਮਾਣੂ ਬੰਬਾਂ ਦੀ ਗਿਣਤੀ 170 ਦੇ ਅੰਕੜੇ ਦੇ ਨਜਦੀਕ ਹੈ, ਪਰ ਅੱਜ ਤੱਕ ਕਿਸੇ ਨੇ ਵੀ ਪ੍ਰਮਾਣੂ ਬੰਬਾਂ ਦੀ ਵਰਤੋਂ ਨਹੀਂ ਕੀਤੀ। ਭਾਰਤ ਨੇ ਪ੍ਰਮਾਣੂ ਸ਼ਕਤੀ ਬਣ ਜਾਣ ਤੇ ਐਲਾਨ ਕੀਤਾ ਸੀ ਕਿ ਉਹ ਵੱਡੀ ਵਿਚਾਰ ਚਰਚਾ ਅਤੇ ਸੰਘਰਸ਼ ਤੋਂ ਵਗੈਰ ਅਜਿਹੇ ਬੰਬਾਂ ਦੀ ਵਰਤੋਂ ਨਹੀਂ ਕਰੇਗਾ, ਪਰ ਪਾਕਿਸਤਾਨ ਨੇ ਅਜਿਹਾ ਕੋਈ ਐਲਾਨ ਨਹੀਂ ਸੀ ਕੀਤਾ, ਇਸ ਲਈ 2019 ਵਿੱਚ ਭਾਰਤ ਨੇ ਵੀ ਕਿਹਾ ਸੀ ਕਿ ਉਹ ਆਪਣੇ ਐਲਾਨ ਤੇ ਮੁੜਵਿਚਾਰ ਕਰ ਰਿਹਾ ਹੈ। ਇਹ ਸਪਸ਼ਟ ਹੈ ਕਿ ਦੋਵਾਂ ਦੇਸ਼ਾਂ ਦੀ ਜੰਗ ਲੱਗਣ ਦਾ ਖਤਰਾ ਸਿਖ਼ਰਾਂ ਤੇ ਪੁੱਜਾ ਹੋਇਆ ਹੈ। ਪਾਕਿਸਤਾਨ ਸਰਕਾਰ ਤੇ ਫੌਜ ਵੀ ਕਹਿ ਰਹੀ ਹੈ ਕਿ ਭਾਰਤੀ ਫੌਜ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ, ਉਹ ਚਿੰਤਾ ਤੇ ਡਰ ਦੇ ਸਾਏ ਹੇਠ ਹੈ ਪਰ ਆਪਣੀ ਫਿਤਰਤ ਅਨੁਸਾਰ ਧਮਕੀਆਂ ਦੇ ਕੇ ਡਰਾਉਣ ਦਾ ਯਤਨ ਕਰ ਰਿਹਾ ਹੈ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਵੱਧ ਨੁਕਸਾਨ ਪਾਕਿਸਤਾਨ ਦਾ ਹੀ ਹੋਵੇਗਾ। ਭਾਰਤ ਦਾ ਰਕਬਾ 32 ਲੱਖ 87 ਹਜਾਰ 263 ਕਿਲੋਮੀਟਰ ਹੈ ਅਤੇ ਪਾਕਿਸਤਾਨ ਦਾ 8 ਲੱਖ 81 ਹਜ਼ਾਰ 913 ਕਿਲੋਮੀਟਰ ਹੈ, ਆਬਾਦੀ ਪੱਖੋਂ ਵੀ ਭਾਰਤ ਵੱਡਾ ਹੈ, ਇਸ ਸਮੇਂ ਭਾਰਤ ਦੀ ਆਬਾਦੀ ਤਕਰੀਬਨ 143. 81 ਕਰੋੜ ਹੈ, ਜਦੋ ਕਿ ਪਾਕਿਸਤਾਨ ਦੀ 24. 75 ਕਰੋੜ ਹੈ। ਭਾਰਤ ਵਿੱਚ ਸੈਂਕੜੇ ਵੱਡੇ ਸ਼ਹਿਰ ਹਨ ਜਿਹਨਾਂ ਦੀ ਆਬਾਦੀ ਕਈ ਕਈ ਲੱਖਾਂ ਤੱਕ ਹੈ, ਪਰ ਪਾਕਿਸਤਾਨ ਦੇ ਤਾਂ ਲਾਹੌਰ, ਕਰਾਂਚੀ, ਇਸਲਾਮਾਬਾਦ, ਪੇਸ਼ਾਵਰ ਆਦਿ ਅੱਧੀ ਦਰਜਨ ਤੋਂ ਵੀ ਘੱਟ ਹਨ, ਜਿਹਨਾਂ ਨੂੰ ਅਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਾਕਿਸਤਾਨ ਦੇ ਅੰਦਰ ਵੀ ਸਭ ਅੱਛਾ ਨਹੀਂ ਹੈ, ਖੈਬਰ ਪਖਤੂਨਵਾ ਦੇ ਇੱਕ ਇਸਲਾਮਿਕ ਪ੍ਰਚਾਰਕ ਅਤੇ ਬਲੋਚਸਤਾਨ ਦੇ ਹੀ ਇੱਕ ਸਮਾਜ ਸੇਵਕ ਅਹਸਰ ਮਸਤੀਖਾਨ ਨੇ ਖੁਲ੍ਹੇ ਤੌਰ ਤੇ ਐਲਾਨ ਕੀਤਾ ਹੈ ਕਿ ਜੇਕਰ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਉਹ ਪਾਕਿਸਤਾਨੀ ਫੌਜ ਨਾਲ ਨਹੀਂ ਖੜ੍ਹਣਗੇ ਸਗੋਂ ਭਾਰਤੀ ਫੌਜ ਦਾ ਸੁਆਗਤ ਕਰਨਗੇ, ਕਿਉਂਕਿ ਪਾਕਿਸਤਾਨ ਦੀ ਫੌਜ ਨੇ ਉਹਨਾਂ ਉੱਪਰ ਬਹੁਤ ਅੱਤਿਆਚਾਰ ਕੀਤੇ ਹਨ।
ਭਾਰਤੀ ਫੌਜ ਭਾਵੇਂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ, ਪਰ ਦੇਸ਼ ਦੀ ਸਰਕਾਰ ਅਜੇ ਸੰਜਮ ਤੋਂ ਵੀ ਕੰਮ ਲੈ ਰਹੀ ਹੈ। ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਹੋਰ ਕਈ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ, ਜਿਵੇਂ ਚਨਾਬ ਦਰਿਆ ਦਾ ਪਾਕਿਸਤਾਨ ਵੱਲ ਜਾ ਰਿਹਾ ਪਾਣੀ ਬਗਲਿਹਾਰ ਬੰਧ ਤੇ ਰੋਕ ਲਿਆ ਗਿਆ ਹੈ ਅਤੇ ਜੇਹਲਮ ਦਰਿਆ ਦਾ ਪਾਣੀ ਕਿਸ਼ਨਗੰਗਾ ਬੰਧ ਤੇ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਪਾਣੀ ਰੋਕਣ ਨਾਲ ਪਾਕਿਸਤਾਨ ਦੀ ਬਹੁਤ ਭੂਮੀ ਬੰਜਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਪਹਿਲਾਂ ਹੀ ਪਾਕਿਸਤਾਨ ਦੀ ਆਰਥਿਕ ਤੇ ਰਾਜਨੀਤਕ ਹਾਲਤ ਮਾੜੀ ਹੈ, ਆਮ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਆਰਥਿਕ ਮੰਦੀ ਕਾਰਨ ਉਹਨਾਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਜੰਗ ਨਾਲ ਉਸਦੀ ਬਚੀ ਖੁਚੀ ਆਰਥਿਕਤਾ ਵੀ ਤਬਾਹ ਹੋ ਜਾਵੇਗੀ।
ਭਾਰਤ ਬਹੁਤ ਵੱਡਾ ਦੇਸ਼ ਹੈ ਅਤੇ ਵਿਕਾਸ ਪੱਖੋਂ ਵੀ ਦੁਨੀਆਂ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਵਿੱਚ ਹੈ, ਇਹ ਸੱਚਾਈ ਹੈ ਕਿ ਜੰਗ ਨਾਲ ਨੁਕਸਾਨ ਹੋਵੇਗਾ ਪਰ ਉਹ ਤਬਾਹੀ ਦੇ ਨੇੜੇ ਨਹੀਂ ਹੈ। ਜਿੱਥੋਂ ਤੱਕ ਦੁਨੀਆਂ ਦੇ ਦੂਜੇ ਦੇਸ਼ਾਂ ਵੱਲੋਂ ਸਹਿਯੋਗ ਮਿਲਣ ਦੀ ਚਰਚਾ ਛਿੜੀ ਹੋਈ ਹੈ, ਦੁਨੀਆਂ ਦਾ ਕੋਈ ਵੀ ਦੇਸ਼ ਅੱਤਵਾਦੀ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾ ਰਿਹਾ। ਪਾਕਿਸਤਾਨ ਨੂੰ ਕੇਵਲ ਚੀਨ ਤੋਂ ਮੱਦਦ ਮਿਲਣ ਦੀ ਸੰਭਾਵਨਾ ਜਰੂਰ ਵਿਖਾਈ ਦਿੰਦੀ ਹੈ, ਪਰ ਭਾਰਤ ਨੂੰ ਅੰਤਰ ਰਾਸ਼ਟਰੀ ਪੱਧਰ ਤੋਂ ਸਹਿਯੋਗ ਮਿਲਣ ਦੀ ਉਮੀਦ ਹੈ, ਦੁਨੀਆਂ ਦੇ ਵੱਡੇ ਦੇਸ਼ ਅਮਰੀਕਾ, ਰੂਸ, ਇੰਗਲੈਂਡ, ਜਪਾਨ ਆਦਿ ਨੇ ਤਾਂ ਅਜਿਹਾ ਇਸ਼ਾਰਾ ਵੀ ਕੀਤਾ ਹੈ। ਚੀਨ ਬਾਰੇ ਭਾਵੇਂ ਪਾਕਿਸਤਾਨੀ ਮੱਦਦ ਦੇ ਅੰਦਾਜ਼ੇ ਤਾਂ ਲਾਏ ਜਾ ਰਹੇ ਹਨ, ਪਰ ਚੀਨ ਇੱਕ ਵਪਾਰਕ ਦੇਸ਼ ਹੈ ਅਤੇ ਉਸ ਲਈ ਸਮਾਨ ਵੇਚਣ ਵਾਸਤੇ ਤਾਂ ਭਾਰਤ ਪਾਕਿਸਤਾਨ ਨਾਲੋਂ ਕਈ ਗੁਣਾਂ ਵੱਡੀ ਮੰਡੀ ਹੈ। ਜੇਕਰ ਚੀਨ ਦੇ ਭਾਰਤ ਨਾਲ ਸਬੰਧ ਵਿਗੜ ਗਏ ਤਾਂ ਉਸਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ ਅਤੇ ਵਪਾਰੀ ਕਦੇ ਵੀ ਅਜਿਹਾ ਬਰਦਾਸਤ ਨਹੀਂ ਕਰ ਸਕਦਾ, ਇਸ ਲਈ ਚੀਨ ਵੀ ਅਜਿਹੇ ਮੌਕੇ ਚੁੱਪ ਵੱਟ ਸਕਦਾ ਹੈ।
ਆਖ਼ਰ ਇਸ ਨਤੀਜੇ ਤੇ ਹੀ ਪਹੁੰਚਦੇ ਹਾਂ ਕਿ ਜੇਕਰ ਦੋਵਾਂ ਦੇਸ਼ਾਂ ਦੀ ਵਧ ਰਹੀ ਕੁੜੱਤਣ ਪ੍ਰਮਾਣੂ ਲੜਾਈ ਤੱਕ ਪਹੁੰਚ ਗਈ ਤਾਂ ਪਾਕਿਸਤਾਨ ਤਬਾਹੀ ਵੱਲ ਚਲਾ ਜਾਵੇਗਾ ਅਤੇ ਭਾਰਤ ਦਾ ਵੀ ਬਹੁਤ ਨੁਕਸਾਨ ਹੋਵੇਗਾ। ਅਜਿਹੀ ਲੜਾਈ ਮਨੁੱਖਤਾ ਦੇ ਘਾਣ ਦਾ ਕਾਰਨ ਬਣੇਗੀ, ਦੋਵਾਂ ਦੇਸ਼ਾਂ ਦੀ ਆਰਥਿਕਤਾ ਤੇ ਸੱਟ ਵੱਜੇਗੀ, ਵਿਕਾਸ ਰੁਕ ਜਾਵੇਗਾ, ਅੰਦਰੂਨੀ ਸੰਕਟ ਵਧ ਜਾਣਗੇ ਅਤੇ ਸ਼ਾਇਦ ਸੰਸਾਰ ਪੱਧਰ ਦੇ ਯੁੱਧ ਵੱਲ ਕਦਮ ਪੁੱਟੇ ਜਾਣ। ਜੰਗ ਵਿਕਾਸ ਨਹੀਂ ਵਿਨਾਸ ਦਾ ਕਾਰਨ ਹੀ ਬਣਦੀ ਹੈ, ਇਸ ਨੂੰ ਰੋਕਣਾ ਹੀ ਮਨੁੱਖਤਾ ਦੀ ਭਲਾਈ ਵਿੱਚ ਹੁੰਦਾ ਹੈ। ਸੋ ਦੋਵਾਂ ਦੇਸ਼ਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਸਿੱਧੀ ਲੜਾਈ ਤੋਂ ਬਚਣਾ ਚਾਹੀਦਾ ਹੈ। ਦੁਨੀਆਂ ਭਰ ਦੇ ਦੇਸ਼ਾਂ ਨੂੰ ਅਜਿਹੇ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਅੱਗੇ ਹੋ ਕੇ ਸੰਵਾਦ ਰਚਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਸਾਰਥਿਕ ਨਤੀਜੇ ਤੇ ਪਹੁੰਚਿਆ ਜਾ ਸਕੇ। ਸਮੁੱਚੀ ਦੁਨੀਆਂ ਨੂੰ ਮਨੁੱਖਤਾ ਵਿਰੋਧੀ ਅੱਤਵਾਦ ਦੀ ਨਿੰਦਾ ਕਰਕੇ ਉਸਨੂੰ ਰੋਕਣ ਲਈ ਇੱਕਮੁੱਠਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਮੋਬਾ: 098882 75913