” ਬੈਲਾਂ ਦੀਆਂ ਜੋੜੀਆਂ , ਰਹਿ ਗਈਆਂ ਥੋੜ੍ਹੀਆਂ “

ਲਗਭਗ ਤਿੰਨ – ਚਾਰ ਦਹਾਕੇ ਪਹਿਲਾਂ ਸਾਡੇ ਘਰਾਂ ਵਿੱਚ ਖਾਸ ਤੌਰ ‘ਤੇ ਪਿੰਡਾਂ ਦੇ ਘਰਾਂ ਵਿੱਚ ਬਲਦਾਂ( ਬੈਲਾਂ) ਦੀਆਂ ਜੋੜੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਸਨ। ਲੋਕ ਪਰਿਵਾਰ ਦੇ ਮੈਂਬਰਾਂ ਵਾਂਗ ਬੈਲਾਂ ਨੂੰ ਵੀ ਅਥਾਹ ਪਿਆਰ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਰੱਖ – ਰਖਾਓ , ਖਾਣ – ਪੀਣ , ਸਿਹਤ, ਸ਼ਿੰਗਾਰ ਆਦਿ ਦਾ ਪੂਰਾ – ਪੂਰਾ ਧਿਆਨ ਰੱਖਦੇ ਸਨ। ਗੱਲ ਵੀ ਸੱਚੀ ਸੀ ; ਕਿਉਂਕਿ ਬਲਦ ਕਿਸਾਨ ਅਤੇ ਘਰ ਦੀ ਆਰਥਿਕ ਸਥਿਤੀ ਦਾ ਧੁਰਾ ਜੋ ਸਨ । ਸਾਰੀ ਖੇਤੀ ਕਰਨੀ, ਬਹਾਈ ਕਰਨੀ, ਸੁਹਾਗਾ ਫੇਰਨਾ , ਬਿਜਾਈ ਕਰਨੀ, ਖੂਹਾਂ ਤੋਂ ਹਲਟਾਂ ਰਾਹੀਂ ਪਾਣੀ ਕੱਢਣਾ, ਗਹਾਈਆਂ ਕਰਨੀਆਂ, ਖੂਹ ਚਲਾਉਣ ਘੁਲਾੜੀ ਚਲਾਉਣ , ਕੋਹਲੂ ਚਲਾਉਣ , ਫਲੇ ਚਲਾਉਣ, ਗੱਡਾ ਚਲਾਉਣ , ਰੱਥ ਚਲਾਉਣ , ਠੋਕਰ ਚਲਾਉਣ ਅਤੇ ਹੋਰ ਖੇਤੀ ਦੇ ਸਾਰੇ ਕੰਮ ਕਰਨ , ਭਾੜੇ ‘ਤੇ ਹੋਰ ਕਿਸਾਨਾਂ ਦੇ ਖੇਤਾਂ ਵਿਚ ਵਹਾਈ ਜਾਂ ਬਿਜਾਈ ਦਾ ਸਾਰਾ ਭਾਰ ਬਲਦਾਂ ਦੇ ਸਿਰ ‘ਤੇ ਹੀ ਸੀ ।

ਪਹਿਲੇ ਸਮਿਆਂ ਵਿੱਚ ਨਵੀਂ ਵਿਆਹੀ ਵਹੁਟੀ ਨੂੰ ਉਸ ਦਾ ਪਤੀ ਰੱਥ ਗੱਡੀ ਵਿੱਚ ਹੀ ਲੈ ਕੇ ਜਾਂਦਾ ਹੁੰਦਾ ਸੀ । ਲੋਕ ਬੱਗੇ ਤੇ ਲਾਖੇ ਬੈਲ ਰੱਖਣ ਦੇ ਸ਼ੌਕੀਨ ਸਨ। ਬਲਦਾਂ ਨੂੰ ਹੋਰ ਖੁਰਾਕ ਦੇ ਨਾਲ – ਨਾਲ ਦੇਸੀ ਘਿਓ ਵੀ ਦਿੱਤਾ ਜਾਂਦਾ ਹੁੰਦਾ ਸੀ । ਉਨ੍ਹਾਂ ਦੇ ਸਿੰਗਾਂ ਨੂੰ ਦੇਸੀ ਤੇਲ( ਸਰ੍ਹੋਂ ਦੇ ਤੇਲ )ਨਾਲ ਚੰਗੀ ਤਰ੍ਹਾਂ ਲਈ ਲਿਸ਼ਕਾਇਆ ਜਾਂਦਾ ਸੀ ਅਤੇ ਗਲ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਸਜਾਇਆ ਜਾਂਦਾ ਸੀ ।ਬਲਦਾਂ ਦੇ ਗਲਾਂ ਵਿੱਚ ਘੰਟੀ , ਘੁੰਗਰੂ ਆਦਿ ਵੀ ਨਵੇਂ ਨਰੋਏ ਸ਼ੌਕ ਨਾਲ ਬੰਨ੍ਹੇ ਜਾਂਦੇ ਸਨ ਅਤੇ ਬਿਜਾਈ ਜਾਂ ਬਹਾਈ ਸਮੇਂ ਪੱਕਾ ਮਜ਼ਬੂਤ ਤੇ ਸੱਜਿਆ – ਧਜਿਆ ਸ਼ਿਕਲਾ ਬੰਨ੍ਹਿਆ ਜਾਂਦਾ ਸੀ , ਤਾਂ ਜੋ ਕੰਮ ਸਮੇਂ ਇੱਧਰ – ਉੱਧਰ ਘਾਹ – ਕੱਖ ਨੂੰ ਮੂੰਹ ਨਾ ਮਾਰਨ ਲੱਗ ਪੈਣ । ਬਲਦਾਂ ਦੀ ਪੰਜਾਲੀ ਪਾ ਕੇ ਹਲ ਜੋੜ ਕੇ ਖੇਤ ਵਾਹ (ਜੋਤ )ਲਏ ਜਾਂਦੇ ਸਨ ਅਤੇ ਬਿਜਾਈ ਤੋਂ ਬਾਅਦ ਪੰਜਾਲੀ ਨਾਲ ਰੱਸੇ ਦਾ ਆਸਰਾ ਜੋੜ ਲੈ ਕੇ ਸੁਹਾਗਾ ਬੰਨ੍ਹ ਦਿੱਤਾ ਜਾਂਦਾ ਹੁੰਦਾ ਸੀ। ਬੱਚੇ ਵੀ ਬਲਦਾਂ ਦੇ ਸੁਹਾਗੇ ਆਰਾਮ ਨਾਲ ਝੂਟ ਕੇ ਅਨੰਦ ਮਹਿਸੂਸ ਕਰਦੇ ਹੁੰਦੇ ਸਨ ਅਤੇ ਇਹ ਹੁੰਦਾ ਵੀ ਸੁਰੱਖਿਅਤ ਸੀ। ਪਿਤਾ, ਚਾਚਾ, ਤਾਇਆ ਜਾਂ ਮਾਮੇ ਨਾਲ ਖੇਤ ਵਿੱਚ ਸੁਹਾਗਾ ਝੂਟਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਪਹਿਲੇ ਸਮਿਆਂ ਵਿੱਚ ਲੋਕ ਬਲਦਾਂ ਦਾ ਵਪਾਰ ਵੀ ਕਰਦੇ ਸਨ। ਮੰਡੀਆਂ ਵਿੱਚੋਂ ਚੰਗੇ ਬਲਦ ਖਰੀਦ ਲਿਆਉਂਦੇ ਸਨ । ਫੇਰ ਹੌਲੀ – ਹੌਲੀ ਨਫੇ ‘ਤੇ ਵੇਚ ਕੇ ਚੰਗੀ ਕਮਾਈ ਕਰਦੇ ਸਨ ।

ਬਲਦਾਂ ਨੂੰ ਵੇਚਣ ਜਾਂ ਖਰੀਦਣ ਲਈ ਪੰਜਾਹ – ਸੱਠ ਕਿਲੋਮੀਟਰ ਦੂਰ – ਦੁਰਾਡੇ ਬੈਲਾਂ ਦੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸਨ, ਜਿੱਥੇ ਵੱਖ – ਵੱਖ ਰਾਜਾਂ ਤੋਂ ਆਏ ਵੱਖ – ਵੱਖ ਰੰਗ ਨਸਲ ਦੇ ਬੈਲ ਲੈਣ ਜਾਂ ਦੇਣ ਲਈ ਕਿਸਾਨ ਦੂਰੋਂ – ਦੂਰੋਂ ਪੈਦਲ ਚੱਲ ਕੇ ਜਾਂ ਕਦੇ ਕਦਾਈਂ ਟਰੱਕਾਂ ਆਦਿ ਵਿੱਚ ਜੁਗਾੜ ਬਣਾ ਕੇ ਬੈਲ ਮੰਡੀਆਂ ਤੱਕ ਪਹੁੰਚਦੇ ਹੁੰਦੇ ਸਨ ਅਤੇ ਚਾਈਂ – ਚਾਈਂ ਮੂਲ ਭਾਵ ਕਰਕੇ ਵਧੀਆ ਬੈਲ ਖਰੀਦਦੇ ਹੁੰਦੇ ਸਨ । ਕਿਸਾਨ ਖੇਤਾਂ ਤੇ ਘਰ ਦੇ ਕੰਮ ਲਈ ਬੈਲਗੱਡੀਆਂ ਦੀ ਵਰਤੋਂ ਆਮ ਹੀ ਕਰ ਲੈਂਦੇ ਸਨ। ਬੈਲਗੱਡੀਆਂ ਢੋਆ – ਢੁਆਈ ਆਵਾਜਾਈ ਅਤੇ ਖੇਤੀਬਾੜੀ ਦਾ ਸਸਤਾ, ਪ੍ਰਦੂਸ਼ਣ ਮੁਕਤ ਅਤੇ ਸਭ ਤੋਂ ਵਧੀਆ ਤੇ ਸ਼ਾਂਤ ਸਾਧਨ ਹੋਇਆ ਕਰਦੀਆਂ ਸਨ । ਕਈ ਥਾਵਾਂ ‘ਤੇ ਬੈਲਗੱਡੀਆਂ ਦੀਆਂ ਦੌੜਾਂ ਵੀ ਬੜੇ ਉਤਸ਼ਾਹ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹੁੰਦੀਆਂ ਸਨ ।

ਕਿਲ੍ਹਾ ਰਾਏਪੁਰ ਦੀਆਂ ਬੈਲਗੱਡੀਆਂ ਦੀਆਂ ਦੌੜਾਂ ਸੰਸਾਰ ਭਰ ਵਿੱਚ ਮਸ਼ਹੂਰ ਹਨ। ਇਸ ਤਰ੍ਹਾਂ ਬੈਲ ਅਤੇ ਬਲਦਾਂ ਦੀਆਂ ਜੋੜੀਆਂ ਕਿਸਾਨ , ਕਿਰਸਾਨੀ , ਖੇਤੀ , ਪੰਜਾਬ ਦੇ ਪੇਂਡੂ ਖ਼ਿੱਤੇ ਅਤੇ ਸਾਡੇ ਅਮੀਰ ਤੇ ਨਰੋਏ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ। ਭਾਵੇਂ ਅੱਜ ਤਰੱਕੀ ਅਤੇ ਤੇਜ਼ੀ ਦੇ ਦੌਰ ਵਿੱਚ ਟਰੈਕਟਰਾਂ ਨੇ ਬੈਲਾਂ ਦੀ ਥਾਂ ਲੈ ਲਈ ਹੈ , ਹੁਣ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ , ਬਲਦਾਂ ਨਾਲ ਖੇਤੀ ਕਰਨਾ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਅਤੇ ਬਲਦ ਹੁਣ ਸਾਡੀ ਖੇਤੀ ਵਿੱਚੋਂ ਅਲੋਪ ਹੋ ਰਹੇ ਹਨ , ਪਰ ਬੈਲ ਅਤੇ ਬੈਲਾਂ ਦੀਆਂ ਜੋੜੀਆਂ ਦੀ ਕੋਈ ਰੀਸ ਨਹੀਂ ਅਤੇ ਇਨ੍ਹਾਂ ਤੋਂ ਬਿਨਾਂ ਸਾਡਾ ਸੱਭਿਆਚਾਰ ਅਤੇ ਵਿਰਸਾ ਵੀ ਅਧੂਰਾ ਹੈ। ਕਈ ਵਾਰ ਅੱਡ/ ਵੱਖ ਹੋਣ ‘ਤੇ ਜੇਕਰ ਕਿਸੇ ਲੜਕੇ ਦੇ ਹਿੱਸੇ ਵਿੱਚ ਬਲਦ ਨਹੀਂ ਆਉਂਦੇ ਸਨ ਤਾਂ ਉਸ ਦੀ ਵਹੁਟੀ ਬਲਦਾਂ ਦੀ ਜੋੜੀ ਦੀ ਮੰਗ ਆਪਣੇ ਬਾਬਲ ਤੋਂ ਕਰ ਲੈਂਦੀ ਸੀ :
“ਮੈਨੂੰ ਲੈ ਦੇ ਬਲਦਾਂ ਦੀ ਜੋੜੀ ,
ਬਾਪੂ ਵੇ ਮੈਂ ਅੱਡ ਹੁੰਦੀ ਹਾਂ ।”

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ )
ਸ੍ਰੀ ਅਨੰਦਪੁਰ ਸਾਹਿਬ
9478561356