ਪੁਰਾਣੀ ਕਹਾਵਤ ਹੈ ਕਿ ਸ਼ੱਕ ਅਤੇ ਵਹਿਮ ਦੀ ਬਿਮਾਰੀ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ। ਪੰਜਾਬ ਵਿੱਚ ਕੁੱਲ ਕਤਲਾਂ ਦੇ ਕਰੀਬ 10% ਕਤਲ ਪਤੀਆਂ ਵੱਲੋਂ ਪਤਨੀਆਂ ਦੇ ਇਸ ਸ਼ੱਕ ਕਾਰਨ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨ। ਅੱਜ ਦੇ ਜ਼ਮਾਨੇ ਵਿੱਚ ਜੇ ਕਿਸੇ ਨਾਲ ਨਹੀਂ ਨਿਭਦੀ ਜਾਂ ਕੋਈ ਨਜਾਇਜ਼ ਸਬੰਧਾਂ ਵਰਗੀ ਗੱਲ ਹੈ ਤਾਂ ਅਰਾਮ ਨਾਲ ਤਲਾਕ ਲਿਆ ਜਾ ਸਕਦਾ ਹੈ, ਕਤਲ ਵਰਗਾ ਗੁਨਾਹੇ ਅਜ਼ੀਮ ਕਰਨ ਦੀ ਕੀ ਜਰੂਰਤ ਹੈ?
ਸਰਕਾਰੀ ਮਹਿਕਮਿਆਂ ਵਿੱਚ ਵੀ ਇੱਕ ਤੋਂ ਵੱਧ ਇੱਕ ਸ਼ੱਕੀ ਅਫਸਰ ਵੇਖਣ ਨੂੰ ਮਿਲਦੇ ਹਨ। ਕਈ ਤਾਂ ਆਪਣੇ ਸਟਾਫ ‘ਤੇ ਵੀ ਯਕੀਨ ਨਹੀਂ ਕਰਦੇ। ਸਾਡਾ ਇੱਕ ਅਫਸਰ ਹੁੰਦਾ ਸੀ ਜੋ ਹਰ ਤੀਸਰੇ ਦਿਨ ਡਰਾਈਵਰ ਬਦਲ ਦਿੰਦਾ ਸੀ। ਉਹ ਤੁਰਨ ਵੇਲੇ ਡਰਾਈਵਰ ਨੂੰਕਦੇ ਵੀਇਹ ਨਹੀਂ ਸੀ ਦੱਸਦਾ ਹੁੰਦਾ ਕਿ ਜਾਣਾਕਿੱਥੇ ਹੈ,ਬੱਸ ਮੋੜ ਆਉਣ ‘ਤੇ ਸੱਜੇ ਖੱਬੇ ਕਹੀ ਜਾਣਾ। ਡਰਾਈਵਰ ਦੀ ਜਾਨ ਟੰਗੀ ਰਹਿੰਦੀ ਸੀ ਕਿ ਪਤਾ ਨਹੀਂ ਅਗਲੇ ਮੋੜ ਤੋਂ ਕਿਸ ਪਾਸੇ ਮੁੜਨਾ ਹੈ? ਘਬਰਾਹਟ ਕਾਰਨਡਰਾਈਵਰ ਤੋਂ ਗਲਤੀ ਹੋ ਜਾਂਦੀ ਸੀ ਤੇ ਨਾਲ ਹੀ ਬਦਲੀ। ਬਦਲੇ ਜਾਣ ‘ਤੇ ਸਭ ਤੋਂ ਪਹਿਲਾਂ ਡਰਾਈਵਰ ਆਪਣੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾਂਦੇ ਸਨ ਕਿ ਜਾਨ ਛੁੱਟੀ। ਇੱਕ ਵਾਰ ਉਸ ਦੀ ਪੋਸਟਿੰਗ ਚੰਡੀਗੜ੍ਹ ਸੀ ਤੇ ਉਸ ਨੇ ਕੋਈ ਚਿੱਠੀ ਪੋਸਟ ਕਰਨੀ ਸੀ। ਉਸ ਨੇ ਇੱਕ ਲੈਟਰ ਬਾਕਸ ਵੇਖ ਕੇ ਗੱਡੀ ਰੁਕਵਾ ਲਈ ਤੇ ਆਪਣੇ ਗੰਨਮੈਨ ਨੂੰ ਚਿੱਠੀ ਪੋਸਟ ਕਰਨ ਲਈ ਭੇਜ ਦਿੱਤਾ। ਗੰਨਮੈਨ ਦੀ ਮਾੜੀ ਕਿਸਮਤ ਕਿ ਉਸੇ ਵੇਲੇ ਡਾਕੀਏ ਨੇ ਲੈਟਰ ਬਾਕਸ ਖੋਲ੍ਹ ਕੇ ਚਿੱਠੀਆਂ ਬੈਗ ਵਿੱਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੰਨਮੈਨ ਨੇ ਫੁਰਤੀ ਮਾਰੀ ਤੇ ਫਟਾਫਟ ਚਿੱਠੀ ਡਾਕੀਏ ਨੂੰ ਫੜ੍ਹਾ ਦਿੱਤੀ ਜੋ ਉਸ ਨੇ ਬਿਨਾਂ ਵੇਖੇ ਝੋਲੇ ਵਿੱਚ ਸੁੱਟ ਲਈ। ਜਦੋਂ ਗੰਨਮੈਨ ਵਾਪਸ ਆਇਆ ਤਾਂ ਅਫਸਰ ਨੇ ਉਸ ਦੀ ਲਾਹ ਪਾਹ ਕਰ ਦਿੱਤੀ ਕਿ ਮੈਂ ਤੈਨੂੰ ਚਿੱਠੀ ਲੈਟਰ ਬਾਕਸ ਵਿੱਚ ਪਾਉਣ ਵਾਸਤੇ ਦਿੱਤੀ ਸੀ ਕਿ ਡਾਕੀਏ ਨੂੰ ਫੜਾਉਣ ਵਾਸਤੇ? ਜੇਉਸ ਨੇ ਮੇਰੀ ਚਿੱਠੀ ਪੜ੍ਹ ਲਈ ਤਾਂ? ਦਫਾ ਹੋ ਜਾ, ਉਸ ਤੋਂ ਚਿੱਠੀ ਲੈ ਕੇ ਦੁਬਾਰਾ ਲੈਟਰ ਬਾਕਸ ਵਿੱਚ ਪਾ ਕੇ ਆ। ਗੰਨਮੈਨ ਵਿਚਾਰਾ ਭੱਜ ਕੇ ਗਿਆ ਤੇ ਡਾਕੀਏ ਦੇ ਤਰਲੇ ਮਿੰਨਤਾਂ ਕਰ ਕੇ ਬੜੀ ਮੁਸ਼ਕਿਲਨਾਲ ਚਿੱਠੀਵਾਪਿਸ ਲੈ ਕੇ ਦੁਬਾਰਾ ਲੈਟਰ ਬਾਕਸ ਵਿੱਚ ਪਾ ਕੇ ਆਇਆ।ਇੱਕ ਹੋਰ ਅਫਸਰ, ਜੋ ਇੱਕ ਅੱਧ ਵਾਰ ਹੀ ਐਸ.ਐਸ.ਪੀ. ਜਾਂ ਕਿਸੇ ਹੋਰ ਪਬਲਿਕ ਡੀਲਿੰਗ ਵਾਲੀ ਪੋਸਟ ‘ਤੇ ਤਾਇਨਾਤ ਰਿਹਾ ਹੈ, ਨੂੰ ਸ਼ੱਕ ਸੀ ਪੰਜਾਬ ਪੁਲਿਸ ਵਿੱਚ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਥਾਣੇ ਦੇ ਐਸ.ਐਚ.ਉ. ਨੇ ਮੁੱਖ ਮੁੰਸ਼ੀ ਹੀ ਹੁੰਦੇ ਹਨ। ਜਦੋਂ ਵੀ ਉਸ ਨੇ ਥਾਣੇ ਜਾਣਾ ਤਾਂ ਸਭ ਤੋਂ ਪਹਿਲਾਂ ਐਸ.ਐਚ.ਉ. ਤੇ ਮੁੰਸ਼ੀ ਦੇ ਕਵਾਟਰ ਦੀ ਤਲਾਸ਼ੀ ਲੈਣੀ, ਪਰ ਵਿਚਾਰੇ ਦੇ ਹੱਥ ਕਦੇ ਕੁਝ ਨਹੀਂ ਸੀ ਆਇਆ।
ਇਸੇ ਤਰਾਂ ਦਾ ਇੱਕ ਹੋਰ ਸ਼ੱਕੀ ਅਫਸਰ ਬਾਰਡਰ ‘ਤੇ ਸਥਿੱਤ ਕਿਸੇਰੇਂਜ ਦਾ ਡੀ.ਆਈ.ਜੀ. ਲੱਗਾ ਹੋਇਆ ਸੀ ਜਿਸ ਨੂੰ ਵਹਿਮ ਸੀ ਕਿ ਸਾਰੀ ਪੰਜਾਬ ਪੁਲਿਸ ਵਿੱਚ ਸਿਰਫ ਉਹ ਹੀ ਇੱਕ ਇਮਾਨਦਾਰ ਅਫਸਰ ਹੈ। ਉਸ ਦੇ ਨਾਮ ਦਾ ਸ਼ਾਬਦਿਕ ਅਰਥ ਤਾਂ ਸੁੱਖ ਦੇਣ ਵਾਲਾ ਸੀ ਪਰ ਉਸ ਦੇ ਪੁੱਠੇ ਕੰਮਾਂ ਕਰ ਕੇ ਪੁਲਿਸ ਨੇ ਉਸ ਦਾ ਨਾਮ ਦੁੱਖ ਦੇਣ ਵਾਲਾ ਰੱਖਿਆ ਹੋਇਆ ਸੀ।ਉਸ ਰੇਂਜ ਦੀਇੱਕ ਸਬ ਡਵੀਜ਼ਨ ਦਾ ਡੀ.ਐਸ.ਪੀ. ਅਤੇਉਸ ਦੇ ਅਧੀਨ ਇੱਕ ਥਾਣੇ ਦਾ ਐਸ.ਐਚ.ਉ. ਇਕੱਠੇ ਰਾਤਰੀ ਗਸ਼ਤ ਕਰ ਰਹੇ ਸਨ। 1993 94 ਤੱਕ ਵੀ ਅੱਤਵਾਦ ਦਾ ਮਾੜਾ ਮੋਟਾ ਡਰ ਬਾਕੀ ਸੀ ਤੇ ਲੋਕ ਰਾਤ ਨੂੰ ਸਫਰ ਕਰਨ ਤੋਂ ਗੁਰੇਜ਼ ਹੀ ਕਰਦੇ ਸਨ। ਸੜਕਾਂ ਤਕਰੀਬਨ ਖਾਲੀ ਸਨ ਤੇ ਉਨ੍ਹਾਂ ਨੇ ਬੋਰੀਅਤ ਦੂਰ ਕਰਨ ਲਈ ਇੱਕ ਢਾਬੇ ਦੇ ਨਜ਼ਦੀਕ ਨਾਕਾ ਲਗਾ ਲਿਆ ਕਿ ਚਲੋ ਚਾਹ ਪੀ ਲੈਂਦੇਹਾਂ ਤੇ ਨਾਲੇ ਜੇ ਕੋਈ ਗੱਡੀ ਆਈ ਤਾਂ ਚੈੱਕ ਕਰ ਲਵਾਂਗੇ। ਰਾਤ ਦੇ ਇੱਕ ਦੋ ਵਜੇ ਰਾਜਸਥਾਨ ਵੱਲੋਂ ਇੱਕ ਗੱਡੀ ਆਈ ਜਿਸ ਨੂੰ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕਣ ਦੀ ਬਜਾਏਗੱਡੀ ਭਜਾ ਕੇ ਲੈ ਗਏ। ਪੁਲਿਸ ਨੇ ਫੌਰਨ ਪਿੱਛਾ ਕੀਤਾ ਤੇ ਗੱਡੀ ਘੇਰ ਕੇ ਵਾਪਸ ਢਾਬੇ ‘ਤੇ ਲੈ ਆਏ।
ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 141 ਸੋਨੇ ਦੇ ਬਿਸਕੁਟ ਬਰਾਮਦ ਹੋਏ। ਉਨ੍ਹਾਂ ਦਿਨਾਂ ਵਿੱਚ ਹੈਰੋਇਨ ਦੀ ਸਮੱਸਿਆ ਅਜੇ ਸ਼ੁਰੂ ਨਹੀਂ ਸੀ ਹੋਈ। ਸਮੱਗਲਰਾਂ ਦਾ ਅਸੂਲ ਹੈ ਕਿ ਜੇ ਸੋਨਾ ਪਕੜਿਆ ਜਾਵੇ ਤਾਂ ਦਰਜ਼ ਹੋਏ ਮੁਕੱਦਮੇ ਦੀ ਐਫ.ਆਈ.ਆਰ. ਦੀ ਕਾਪੀ ਪਾਕਿਸਤਾਨ ਭੇਜਣੀ ਪੈਂਦੀ ਜਿਸ ਨਾਲ ਭਾਰਤੀ ਸਮੱਗਲਰ ਦੇ ਪੈਸੇ ਮਾਫ ਹੋ ਜਾਂਦੇ ਹਨ। ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੁੰਦਾ ਹੈ ਤੇ ਸੋਨੇ ਦੇ ਬਿਸਕੁਟ ਗਬਨ ਕਰਨ ‘ਤੇ ਬਹੁਤ ਰੌਲਾ ਪੈਂਦਾ ਹੈ, ਇਸ ਲਈ ਕੋਈ ਵਿਰਲਾ ਹੀ ਲੱਥੀ ਚੜ੍ਹੀ ਤੋਂ ਬੇਪ੍ਰਵਾਹ ਮਹਾਂ ਭ੍ਰਿਸ਼ਟ ਅਫਸਰ ਹੀ ਸੋਨਾ ਗਾਇਬ ਕਰਨ ਦੀ ਹਿੰਮਤ ਕਰਦਾ ਹੈ। ਵੈਸੇ ਵੀ ਸੋਨਾ ਪਕੜਨ ਵਾਲੇ ਇਹ ਦੋਵੇਂ ਪੁਲਿਸ ਅਫਸਰ ਇਮਾਨਦਾਰ ਕਿਸਮ ਦੇ ਸਨ। ਉਸ ਵੇਲੇ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸਨ, ਇਸ ਲਈ ਡੀ.ਐਸ.ਪੀ.ਨੇ ਫੌਰਨ ਥਾਣੇ ਪਹੁੰਚ ਕੇ ਐਸ.ਐਸ.ਪੀ. ਨੂੰ ਫੋਨ ਖੜਕਾ ਦਿੱਤਾ।ਉਸ ਨੇ ਅੱਗੋਂ ਰੱਜ ਕੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਸਵੇਰੇ ਥਾਣੇ ਹਾਜ਼ਰ ਰਹਿਣਾ, ਮੈਂ ਤੇ ਡੀ.ਆਈ.ਜੀ.10 ਕੁ ਵਜੇ ਥਾਣੇ ਆਵਾਂਗੇ ਤੇ ਤੁਹਾਨੂੰ ਡੀ.ਆਈ.ਜੀ. ਕੋਲੋਂ ਇਨਾਮ ਇਕਰਾਮ ਦੁਆਵਾਂਗੇ।
ਡੀ.ਐਸ.ਪੀ. ਤੇ ਐਸ.ਐਚ.ਉ. ਨੂੰ ਖੁਸ਼ੀ ਦੇ ਮਾਰੇ ਰਾਤ ਨੂੰ ਨੀਂਦ ਨਾ ਆਈ ਤੇ ਉਹ ਸਵੇਰੇ ਸੱਤ ਵਜੇ ਹੀ ਥਾਣੇ ਪਹੁੰਚ ਗਏ। ਥਾਣੇ ਦੀ ਸਫਾਈ ਕਰਵਾ ਕੇ ਪਾਣੀ ਆਦਿ ਛਿੜਕਿਆ ਗਿਆ ਤੇ ਗੇਟ ਦੇ ਸਾਹਮਣੇ ਸੜਕ ‘ਤੇ ਕਲੀ ਨਾਲ ਵੱਡਾ ਸਾਰਾ ਵੈੱਲਕਮ ਵੀ ਲਿਖਿਆ ਗਿਆ।ਦੋਵੇਂ ਜਣੇ ਪ੍ਰੈੱਸ ਕੀਤੀਆਂ ਹੋਈਆਂ ਨਵੀਆਂ ਵਰਦੀਆਂ ਪਹਿਨ ਕੇ ਆਏ ਸਨ ਤਾਂ ਜੋ ਅਖਬਾਰਾਂ ਵਿੱਚ ਫੋਟੋ ਵਧੀਆ ਆਵੇ। 11 ਕੁ ਵਜੇ ਡੀ.ਆਈ.ਜੀ. ਤੇ ਐਸ.ਐਸ.ਪੀ. ਦੀਆਂ ਗੱਡੀਆਂ ਧੂੜਾਂ ਉਡਾਉਂਦੀਆਂ ਥਾਣੇ ਆਣ ਵੜੀਆਂ। ਡੀ.ਐਸ.ਪੀ. ਤੇ ਐਸ.ਐਚ.ਉ. ਦੇ ਉਦੋਂ ਹੋਸ਼ ਉੱਡ ਗਏ ਜਦੋਂ ਡੀ.ਆਈ.ਜੀ. ਨੇ ਹੱਥ ਮਿਲਾਉਣ ਤੇ ਸ਼ਾਬਾਸ਼ ਦੇਣ ਦੀ ਬਜਾਏ ਦੋਵਾਂ ਨੂੰ ਖੁਸ਼ਕੀ ਜਿਹੀ ਨਾਲ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਖੁਦ ਸਮਗਲਰਾਂ ਨੂੰ ਢਾਹ ਲਿਆ। ਉਸ ਸ਼ੱਕੀ ਬੰਦੇ ਦਾ ਇੱਕ ਹੀ ਸਵਾਲ ਸੀ ਕਿ ਬਿਸਕੁਟ 140 ਜਾਂ 145 ਕਿਉਂ ਨਹੀਂ ਹਨ,141 ਤਾਂ ਗੱਲ ਹੀ ਨਹੀਂ ਬਣਦੀ। ਦੱਸੋ ਡੀ.ਐਸ.ਪੀ. ਤੇ ਐਸ.ਐਚ.ਉ. ਨੇ ਕਿੰਨੇ ਬਿਸਕੁਟ ਕੱਢੇ ਹਨ?
ਉਹ ਵਿਚਾਰੇ ਲੇਲਹੜੀਆਂ ਲੈਣ ਕਿ ਜ਼ਨਾਬ ਅਸੀਂ ਤਾਂ ਪਾਂਡੀ (ਕੋਰੀਅਰ) ਹਾਂ। ਸਾਨੂੰ 141 ਬਿਸਕੁਟਹੀ ਮਿਲੇ ਸਨ, ਇਨ੍ਹਾਂ ਨੇ ਕੋਈ ਬਿਸਕੁਟ ਨਹੀਂ ਕੱਢਿਆ। ਇਸ ਬੈਗ ਵਿੱਚ ਸੋਨੇ ਦਾ ਨਾਲ ਪਾਕਿਸਤਾਨ ਤੋਂ ਆਈ ਇੱਕ ਚਿੱਟ ਵੀ ਪਈ ਹੈ,ਉਸ ‘ਤੇ ਲਿਖਿਆ ਹੈ ਕਿ ਕਿੰਨੇ ਬਿਸਕੁਟ ਹਨ ਤੇ ਕਿਹੜੇ ਬੰਦੇ ਨੂੰ ਕਿੰਨੇ ਬਿਸਕੁਟ ਪਹੁੰਚਾਉਣੇ ਹਨ। ਜਦੋਂ ਬੈਗ ਫਰੋਲਿਆ ਗਿਆ ਤਾਂ ਉਸ ਵਿੱਚੋਂ ਵਾਕਿਆ ਹੀ ਇੱਕ ਚਿੱਟ ਨਿਕਲ ਆਈ ਜਿਸ ‘ਤੇ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀ। ਸ਼ਹਿਰ ਵਿੱਚੋਂ ਉਰਦੂ ਜਾਨਣ ਵਾਲਾ ਇੱਕ ਬਜ਼ੁਰਗ ਆਦਮੀ ਲੱਭਿਆ ਗਿਆ ਜਿਸ ਨੇ ਪੜ੍ਹ ਕੇ ਦੱਸਿਆ ਕਿ 141 ਬਿਸਕੁਟ ਹਨ ਜੋ ਫਲਾਣੇ ਫਲਾਣੇ ਬੰਦੇ ਨੂੰ ਪਹੁੰਚਾਉਣੇ ਹਨ। ਪਰ ਡੀ.ਆਈ.ਜੀ. ‘ਤੇ ਫਿਰ ਵੀ ਕੋਈ ਅਸਰ ਨਾ ਹੋਇਆ। ਉਸ ਨੇ ਐਸ.ਐਸ.ਪੀ. ਨੂੰ ਕਿਹਾ ਕਿ ਕੀ ਪਤਾ ਤੁਹਾਡੇ ਅਫਸਰਾਂ ਨੇ ਇਹ ਪਰਚੀ ਖੁਦ ਹੀ ਲਿਖ ਕੇ ਪਾਈ ਹੋਵੇ। ਐਸ.ਐਸ.ਪੀ. ਨੇ ਬਥੇਰਾ ਕਿਹਾ ਕਿ ਸਰ ਮੈਂ ਆਪਣੇ ‘ਕੱਲੇ ‘ਕੱਲੇ ਅਫਸਰ ਨੂੰ ਜਾਣਦਾ ਹਾਂ, ਇਹ ਦੋਵੇਂ ਇਹੋ ਜਿਹੇ ਨਹੀਂ ਹਨ।
ਪਰ ਸ਼ੱਕੀ ਡੀ.ਆਈ.ਜੀ. ‘ਤੇ ਆਪਣੀ ਗੱਲ ‘ਤੇ ਅਟੱਲ ਰਿਹਾ। ਉਹ ਦੋਵਾਂ ਪਾਂਡੀਆਂ ਨੂੰ ਇੱਕ ਐਸ.ਟੀ.ਡੀ. ਬੂਥ ‘ਤੇ ਲੈ ਗਿਆ ਤੇ ਸਪੀਕਰ ਫੋਨ ਲਗਾ ਕੇ ਉਨ੍ਹਾਂ ਦੀ ਸੋਨਾ ਭੇਜਣ ਵਾਲੇ ਪਾਕਿਸਤਾਨੀ ਸਮੱਗਲਰ ਨਾਲ ਗੱਲ ਕਰਵਾਈ। ਜਦੋਂ ਉਸ ਨੇ ਕਿਹਾ ਕਿ ਬਿਸਕੁਟ 141 ਹੀ ਸਨ ਤਾਂ ਜਾ ਕੇ ਕਿਤੇ ਡੀ.ਐਸ.ਪੀ. ਤੇ ਐਸ.ਐਚ.ਉ. ਦੀ ਖਲਾਸੀ ਹੋਈ, ਇਨਾਮ ਤਾਂ ਕਿਹੜਾ ਮਿਲਣਾ ਸੀ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ (ਰਿਟਾਇਰਡ)
ਪੰਡੋਰੀ ਸਿੱਧਵਾਂ 9501100062