ਸੰਤੋਖ ਸਿੰਘ ਧੀਰ ਦਾ ਸੁਫ਼ਨਈ ਭੋਗ – ਰੰਜੀਵਨ ਸਿੰਘ

ਸੁਫ਼ਨਿਆਂ ਦੀ ਵੀ ਆਪਣੀ ਇਕ ਵਿਲੱਖਣ ਤੇ ਅਦਭੁਤ ਦੁਨੀਆਂ ਹੁੰਦੀ ਹੈ। ਇਹ ਬੇ-ਤੁਕੇ, ਸੋਚ ਤੇ ਕਲਪਨਾ ਤੋਂ ਪਰੇ, ਉੱਘੜ-ਦੁੱਘੜ, ਬੇ-ਤਰਤੀਬੇ, ਰੋਮਾਂਚ ਭਰਪੂਰ, ਖੋਫ਼-ਨਾਕ ਕੁਝ ਵੀ ਹੋ ਸਕਦੇ ਹਨ ਅਤੇ ਕੁਝ ਵੀ ਦ੍ਰਿਸ਼ਟੀਗੋਚਰ ਕਰ ਸਕਦੇ ਹਨ। ਕੁਝ ਸੁਫ਼ਨੇ ਸਾਨੂੰ ਯਾਦ ਰਹਿ ਜਾਂਦੇ ਹਨ, ਕੁਝ ਉੱਕਾ ਹੀ ਭੁੱਲ ਜਾਂਦੇ ਹਨ।

ਸ਼਼੍ਰੋਮਣੀ ਕਵੀ ਸਿ਼ਵਨਾਥ ਜੀ ਦਾ 22 ਅਗਸਤ 2023 ਨੂੰ ਦਿਹਾਂਤ ਹੋ ਜਾਂਦਾ ਹੈ ਜਿਹਨਾਂ ਦੀ ਮੇਰੇ ਤਾਇਆ ਜੀ ਸ੍ਰੀ ਸੰਤੋਖ ਸਿੰਘ ਧੀਰ ਨਾਲ ਯਾਰੀ-ਨੁਮਾ ਨੇੜ੍ਹਤਾ ਜੱਗ ਜਾਹਰ ਸੀ। ਸਿ਼ਵ ਨਾਥ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਸਬੰਧੀ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਨਾਲ ਹੋ ਰਹੇ ਸਲਾਹ-ਮਸ਼ਵਰੇ ਦੌਰਾਨ 25 ਅਗਸਤ 2023 ਦੀ ਰਾਤ ਮੈਨੂੰ ਇਕ ਬੜਾ ਹੀ ਬਚਿਤ੍ਰ ਸੁਫ਼ਨਾ ਆਇਆ ਜੋ ਮੈਨੂੰ ਯਾਦ ਵੀ ਰਹਿ ਗਿਆ ਤੇ ਸੁਬਹ ਉਠਦਿਆਂ ਹੀ ਮੈਂ ਕਾਗ਼ਜ ਉੱਤੇ ਉੱਕਰ ਵੀ ਲਿਆ। ਮਤੇ ਦਿਨ ਵਿਚ ਭੁਲ ਨਾ ਜਾਵੇ।

ਹਾਲਾਂਕਿ ਤਾਇਆ ਜੀ, ਜਿਹਨਾਂ ਨੂੰ ਲਗਭਗ ਸਾਰੇ ਪਰਿਵਾਰ ਵਿਚ ਭਾਪਾ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, 8 ਫਰਵਰੀ 2010 ਨੂੰ ਸਰੀਰਕ ਤੌਰ ਉੱਤੇ ਸਾਨੂੰ ਸੱਭ ਨੂੰ ਸਦੀਂਵੀ ਵਿਛੋੜਾ ਦੇ ਗਏ ਸਨ ਪਰ ਮੇਰੇ ਸੁਫ਼ਨੇ ਵਿਚ ਉਹ ਇਹਨੀ ਦਿਨੀਂ ਵਿਦੇਸ਼ ਗਏ ਹੋਏ ਸਨ ਕਿਸੇ ਕੌਂਮਤਰੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ। ਕਿਸ ਮੁਲਕ ਵਿੱਚ? ਇਹ ਸੁਫ਼ਨੇ ਵਿਚ ਸਪਸ਼ਟ ਨਹੀਂ ਸੀ। ਪਿਛੇ ਉਹਨਾਂ ਦੇ ਜਿਗਰੀ ਯਾਰ ਅਤੇ ਸਾਰਾ ਪਰਿਵਾਰ ਬਹੁਤ ਖੁ਼ਸ਼ ਸੀ ਧੀਰ ਸਾਹਿਬ ਦੇ ਵਿਦੇਸ਼ ਜਾਣ ਉੱਤੇ। ਪਰ ਅਚਾਨਕ ਇਕ ਬੁਰੀ ਖਬ਼ਰ ਆਈ ਕਿ ਤਾਇਆ ਜੀ ਦਾ ਕਾਨਫਰੰਸ ਦੌਰਾਨ ਉਧਰ ਵਿਦੇਸ਼ ਵਿਚ ਹੀ ਦਿਹਾਂਤ ਹੋ ਗਿਆ। ਸਾਰੇ ਪਰਿਵਾਰ, ਮਿੱਤਰਾਂ, ਸਨੇਹੀਆਂ ਅਤੇ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ। ਉਧਰ ਵਿਦੇਸ਼ ਵਿਚ ਹੀ ਉਹਨਾਂ ਦਾ ਸਸਕਾਰ ਕਰ ਦਿਤਾ ਗਿਆ। ਇਧਰ ਭੋਗ ਪਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ। ਕਿੱਥੇ ਕਰਨਾ ਹੈ? ਕਦੋਂ ਕਰਨਾ ਹੈ? ਲੰਗਰ ਵਿਚ ਕੀ ਹੋਵੇ? ਕਿੰਨੇ ਬੰਦਿਆਂ ਦਾ ਇੰਤਜ਼ਾਮ ਕਰਨਾ ਹੈ? ਆਦਿ, ਆਦਿ।

ਭੋਗ ਦੇ ਮਿੱਥੇ ਦਿਨ ਤੋਂ ਦੋ ਦਿਨ ਪਹਿਲੋਂ ਧੀਰ ਸਾਹਿਬ ਅਚਾਨਕ ਸਹੀ ਸਲਾਮਤ ਪੰਜਾਬ ਆਪਣੇ ਘਰੀਂ ਪੁੱਜ ਜਾਂਦੇ ਹਨ, ਰਿਕਸ਼ੇ ਉੱਤੇ। ਸਾਰੇ ਖ਼ੁਸ਼ੀ ਵਿਚ ਹੈਰਾਨ ਹੁੰਦੇ ਹਨ। ਘਰ ਵਿਚ ਵੱਡਾ ਇਕੱਠ ਦੇਖ ਕੇ ਤਾਇਆ ਜੀ ਹੈਰਾਨ ਹੁੰਦੇ ਹਨ। ਤਾਇਆ ਜੀ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਦੇਹਾਂਤ ਦੀ ਖਬ਼ਰ ਪਤਾ ਲਗਣ ਮਗਰੋਂ ਪਰਿਵਾਰ ਵਲੋਂ ਦੋ ਦਿਨਾਂ ਮਗਰੋਂ ਉਹਨਾਂ ਦੇ ਭੋਗ ਰੱਖਿਆ ਹੋਇਆ ਹੈ ਅਤੇ ਹਜ਼ਾਰ ਬੰਦਿਆਂ ਦੇ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ। ਉਹ ਹੱਸਣ ਲੱਗੇ, “ਚੱਲੋ ਕੋਈ ਨੀ, ਆਪਾਂ ਭੋਗ ਦੇ ਇੰਤਜ਼ਾਮ ਨੂੰ ਜਸ਼ਨ ਵਿਚ ਤਬਦੀਲ ਕਰ ਲੈਂਦੇ ਹਾਂ। ਉਥੇ ਕਵੀ ਦਰਬਾਰ ਕਰਵਾਵਾਂਗੇ”। ਮਿੱਥੇ ਦਿਨ ਤਾਇਆ ਜੀ ਆਪ ਪੰਡਾਲ ਦੇ ਬਾਹਰ ਖੜੇ ਸਭ ਦਾ ਹੱਸ-ਹੱਸ ਸਵਾਗਤ ਕਰ ਰਹੇ ਸਨ। ਤਾਇਆ ਜੀ ਦੇ ਜਿਗਰੀ ਯਾਰ ਸਵਰਗੀ ਗੁਰਚਰਨ ਰਾਮਪੁਰੀ ਜੀ, ਅਜਾਇਬ ਚਿੱਤਰਕਾਰ ਜੀ ਅਤੇ ਸਿ਼ਵ ਨਾਥ ਜੀ ਆਪੋ-ਆਪਣੀਆਂ ਕਵਿਤਾਵਾਂ ਪੜ੍ਹ ਰਹੇ ਸਨ, ਜਦੋਂ ਮੇਰੀ ਅੱਖ ਖੁਲ੍ਹੀ। ਮੈਂ ਫਟਾ-ਫਟ ਉਸ ਸੁਫ਼ਨੇ ਦੀ ਇਬਾਰਤ ਲਿਖਣ ਲਈ ਕਲਮ ਚੁੱਕ ਲਈ।

ਰੰਜੀਵਨ ਸਿੰਘ
2249, ਫੇਜ਼-10, ਮੁਹਾਲੀ
ਮੁਬਾਇਲ 9815068816