ਪਿੰਡ, ਪੰਜਾਬ ਦੀ ਚਿੱਠੀ (160)

ਹਾਂ ਬਈ, ਮੇਰੇ ਪਿਆਰਿਓ, ਸਭ ਨੂੰ ਸਤ ਸ਼੍ਰੀ ਅਕਾਲ। ਪੰਜਾਬ ਵਿੱਚ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਨੰਬਰਦਾਰ ਕੰਵਲਜੀਤ ਸਿੰਘ ਨੇ ਨਵੀਂ ਕੋਠੀ ਦੀ ਚੱਠ ਕੀਤੀ ਹੈ। ਪਾਠ-ਪੂਜਾ ਅਤੇ ਲੰਗਰ ਦੀ ਖ਼ੂਬ ਸੇਵਾ ਹੋਈ। ਢਿੱਡ ਦੇ ਸਾਰੇ ਚਿੱਬ ਕੱਢ ਕੇ ਆਈ ਭੂਰੇ ਹੁਰਿਆਂ ਦੀ ਟੋਲੀ ਬੈਂਚ ਉੱਤੇ ਬੈਠ ਸੁਸਤਾਉਣ ਲੱਗੀ। ਜਗਰਾਜ ਤਾਂ ਊਂਘਣ ਵੀ ਲੱਗ ਪਿਆ। ਰਮੇਸ਼ ਨੇ ਸੱਜੇ ਹੱਥ ਨਾਲ, ਪੈਰਾਂ ਦੀਆਂ ਉਂਗਲਾਂ ਵਿੱਚ, ਖ਼ੁਰਕ ਕਰਦਿਆਂ ਵਿਚਾਰ ਦਿੱਤੇ, “ਬਈ ਡੁੱਸ ਕੱਢਤੀ ਕੇਰਾਂ ਤਾਂ ਗਮੜੀ ਵਾਲਿਆਂ ਨੇ, ਕੀ ਕੋਠੀ ਤੇ ਕੀ ਖਾਣ-ਪੀਣ, ਬੰਬ ਈ ਬੁਲਾ ਤੀ।" “ਮੈਨੂੰ ਤਾਂ ਲੱਗਦੈ, ਬਈ ਕਰੋੜ ਕਿਹੜਾ ਨਾ ਲੱਗ ਗਿਆ ਹੋਊ।

ਫਰਸਚ ਭਾਂਵੇਂ ਮੂੰਹ ਵੇਖ ਲੋ।” ਬਲਰਾਜ ਸਿੰਘ ਖਾਲਸੇ ਨੇ ਆਵਦਾ ਅੰਦਾਜਾ ਦੱਸਿਆ। “ਬਾਹਲਾ ਲੱਗਿਐ, ਦੱਸਦੇ ਐ ਬਈ, ਪੰਜ ਲੱਖ ਤਾਂ ਲੁਧਿਆਣੇ ਆਲੇ ਨਕਸੇ ਬਣਾਉਣ ਆਲੇ ਲਿਆ। ਤਾਜ ਮਹੱਲ ਆਲਾ ਪੱਥਰ ਆਇਆ, ਇਟਲੀ ਤੋਂ, ਲੱਕੜ ਆਸਾਮ ਤੋਂ ਆਈ ਐ, ਕਾਰ, ਕੋਠੀ ਦੀ ਛੱਤ ਉੱਤੇ ਚੜ੍ਹ ਜਾਂਦੀ ਐ, ਛੇ ਮਹੀਨੇ ਸਟੋਰ ਵਾਲੀ ਪਾਣੀ ਦੀ ਡਿੱਗੀ ਐ, ਸਾਰਾ ਘਰ ਏ.ਸੀ.। ਮੈਨੂੰ ਤਾਂ ਸਿੱਧੂ ਮੂਸੇ ਵਾਲੇ ਦੀ ਹਵੇਲੀ ਆਂਗੂੰ ਈਂ ਲੱਗਦੈ, ਕੀ ਲੇਖੈ”, ਗਮੜੀ ਵਾਲਿਆਂ ਦੇ ਭੇਤੀ ਮੁੱਖੇ ਨੇ, ਅਸਲੀ ਗੱਲ ਦੱਸੀ। “ਇਹ ਤਾਂ ਭਾਈ ਆਪੋ-ਆਪਣੀ ਜੇਬ ਦਾ ਬੱਜਟ ਐ, ਸਾਡੇ ਸਕੂਲ ਚ ਇੱਕ ਕਮਰਾ, ਸੱਤ ਲੱਖ ਵੀਹ ਹਜਾਰ ਦੀ ਗ੍ਰਾਂਟ ਨਾਲ ਪਿਆ। ਓਡਾ ਕਮਰਾ ਈ, ਇੱਕ ਦਾਨੀ ਨੇ ਚਾਰ ਲੱਖ ਦਾ ਪਾ-ਤਾ। ਪ੍ਰਿੰਸੀਪਲ ਆਂਹਦਾ, ਐਨਾ ਫ਼ਰਕ? ਦਲੀਪ ਮਾਸਟਰ ਆਂਹਦਾ, ‘ਏਨੇਂ ਥਾਂਚ ਹੀ, ਅਸੀਂ ਪਿੰਡ ਵਾਲੇ ਚਾਰ ਲੱਖ ਨਾਲ ਦੋ ਕਮਰੇ, ਰਸੋਈ ਅਤੇ ਬਾਥਰੂਮ ਬਣਾ ਕੇ ਜੂਨ ਕੱਢ ਲੈਨੇਂ ਆਂ।ਸੋ ਭਾਈ ਤਿੰਨ ਪੀੜ੍ਹੀਆਂ ਦਾ ਜੋੜਿਆ ਪੈਸਾ ਕੰਵਲਜੀਤ ਸਿੰਘ ਕਾ, ਅੱਧਾ ਟੱਬਰ ਕਨੇਡਾ ਸੈਟਲ ਐ, ਕੋਠੀਆਂ ਤਾਂ ਫੇਰ ਬਨਣੀਆਂ ਐਂ।" ਸੇਵਾ-ਮੁਕਤ ਮਾਸਟਰ ਹਰਪਾਲ ਸਿੰਘ ਨੇ ਉਬਾਸੀ ਲੈਂਦਿਆਂ ਦੱਸਿਆ। “ਊਂ ਮਾਸ਼ਟਰ ਜੀ, ਏਨਾ ਪੈਸਾ ਲਾ ਕੇ ਇਹ ਐਡੇ ਕੋਠ ਬਣਾਂਉਂਦੇ ਕਿਉਂ ਐਂ, ਤੁਰ ਤਾਂ ਸਾਰਿਆਂ ਬਾਹਰ ਈ ਜਾਣੈਂ, ਹੁਣ ਇਹਲਾਂ ਦਾ ਪੋਤਾ ਵੀ ਐ-ਲੈਟਸ ਦੀ ਡਿਗਰੀ ਕਰ ਰਿਹੈ, ਉਹ ਵੀ ਬਗਈ ਜਾਊ। ਕੋਈ ਪੁੰਨ-ਦਾਨਤੇ ਈ ਲਾ ਦਿੰਦੇ!” ਬਿੱਕਰ ਮੂੰਹ-ਫੱਟ ਨੇ, ਸਿੱਧੀ ਸੁਣਾਈ। “ਪਾਉਂਦੇ ਐ, ਲੋਕਾਂ ਨੂੰ ਮਚਾਉਣ ਲਈ, ਹਉਮੈਂ ਪੂਰੀ ਕਰਨ ਲਈ, ਮਗਰੋਂ ਤਾਂ ਜਿੰਦਰਾ ਈ ਜੰਗਾਲ ਖਾਊ”- ਮਾਸਟਰ ਜੀ ਨੇ ਝੱਟ ਸੁਣਾ, ਉਬਾਸੀ ਲੈ ਰਾਹ ਫੜੀ।

ਹੋਰ, ਸੱਤਾ ਫੌਜੀ ਡਰਾਇਵਰ ਅਜੇ ਵੀ ਟਕੇ-ਟਕੇ ਦੀਆਂ ਮਾਰਦੈ। ਕਾਨੂੰਗੋ ਭੂਪ ਰਾਮ ਆਵਦੀ ਜੀਵਨੀ ਛਪਾਉਣ ਲਈ ਤਰਲੋਮੱਛੀ ਹੋ ਰਿਹੈ। ਸਰਕਾਰੀ ਬਿਲਡਿੰਗਾਂ ਦੇ, ਪੀਲੇ ਰੋਗਨ ਲੱਥ ਰਹੇ ਹਨ। ਕਈਆਂ ਨੂੰ ਨੌਕਰੀ ਦੇ ਆਰਡਰ ਵੀ ਮਿਲ ਗਏ। ਝਾੜੀਆਂ-ਬੂਟਾਂ ਨੇ ਵੱਧ ਕੇ ਅੱਧੀ ਸੜਕ ਮੱਲ ਲਈ ਹੈ। ਨਰਮੇ ਅਤੇ ਝੋਨੇ ਗੋਭੇ ਕੱਢ ਰਹੇ ਹਨ। ਭੋਲੋ ਮਾਸੀ ਦੇ, ਨੌਤੀ ਸੌ ਕੰਮ, ਅਜੇ ਪੂਰੇ ਨਹੀਂ ਹੋਏ। ਰੂਪ ਸਿੰਘ ਖਾਲਸੇ ਦਾ ਵਾਜਾ ਅਜੇ ਨਹੀਂ ਜੁੜਿਆ। ਬੀਬੋ, ਬਿੰਦਰ, ਬਿਮਲਾ, ਬਾਵੀ, ਬੰਨੋ ਅਤੇ ਬਲਵੀਰੋ ਕਾਇਮ ਹਨ। ਲਾਲ ਖੁਰਦੀਆਂ ਇੱਟਾਂ ਨਾਲ ਪਿੰਡ ਉਦਾਸੀ ਫੜ ਰਿਹੈ। ਸਕੂਲ, ਹੱਟੀ, ਗੁਰਦੁਆਰੇ, ਸੱਥ `ਚ, ਬੈਂਕ ਅਤੇ ਸਟੈਟੀ ਵਿੱਚ ਆਵਾਜਾਈ ਜਾਰੀ ਹੈ। ਸੱਚ, ਦੇਵ ਨੇ ਵੀ ਅੰਮ੍ਰਿਤ ਛਕ ਲਿਆ ਹੈ। ਗੋਡਿਆਂ ਦੇ ਅਪ੍ਰੇਸ਼ਨ ਵਾਲੇ ਕਾਮਯਾਬੀ ਵੱਲ ਹਨ। ਹੁਣ ਅੱਖਾਂ ਦਾ ਕੈਂਪ ਲੱਗੂਗਾ।

ਚੰਗਾ, ਖੁਸ਼ ਰਿਹੋ, ਸਾਨੂੰ ਕੁਸ ਨੀ ਹੁੰਦਾ। ਸਭ ਦਾ ਰੱਬ ਰਾਖਾ। ਚੜ੍ਹਦੀ ਕਲਾ। ਹੁਣ ਅਗਲੇ ਐਤਵਾਰ ਮਿਲਾਂਗੇ।

(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061