ਕਹਾਣੀ ਸੰਗ੍ਰਿਹ ‘ਮੈਲਾਨਿਨ’ ਲੋਕ ਅਰਪਿਤ : ਬ੍ਰਿਸਬੇਨ

(ਹਰਜੀਤ ਲਸਾੜਾ, ਬ੍ਰਿਸਬੇਨ 24 ਨਵੰਬਰ)
ਇੱਥੇ ਗਲੋਬਲ ਇੰਸਟੀਚਿਊਟ ਆਫ ਇਜੂਕੇਸ਼ਨ ਵਿਖੇ ਆਸਟਰੇਲੀਆ ਦੀ ਨਿਰੋਲ ਸਾਹਿਤਕ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਲੇਖਕ ਜਸਵਿੰਦਰ ਧਰਮਕੋਟ ਦਾ ਕਹਾਣੀ ਸੰਗ੍ਰਹਿ ‘ਮੈਲਾਨਿਨ’ ਲੋਕ ਅਰਪਣ ਕੀਤਾ ਗਿਆ। ਇਸ ਸਾਹਿਤਿਕ ਬੈਠਕ ਵਿੱਚ ਮੁਢਲੇ ਤੌਰ ‘ਤੇ ਜਸਵਿੰਦਰ ਧਰਮਕੋਟ ਦੀ ਕਹਾਣੀ ਅਤੇ ਸਿਰਜਣਾ ਬਾਰੇ ਖੁੱਲ੍ਹ ਕੇ ਚਰਚਾ ਹੋਈ। ਹਰਮਨਦੀਪ ਗਿੱਲ ਵੱਲੋਂ ‘ਮੈਲਾਨਿਨ’ ਉੱਪਰ ਪਰਚਾ ਪੜ੍ਹਦਿਆਂ ਹਥਲੇ ਕਹਾਣੀ ਸੰਗ੍ਰਿਹ ਵਿੱਚ ਦਰਜ ਕਹਾਣੀਆਂ ਦੇ ਵਿਸ਼ਿਆਂ ਦੀ ਨਵੀਨਤਾ ਅਤੇ ਲੇਖਕ ਵੱਲੋਂ ਸਿਰਜੇ ਗਏ ਕਲਾਤਮਿਕ ਮੋੜਾਂ ਨੂੰ ਕਹਾਣੀਕਾਰ ਦੇ ਹੁਨਰ ਦਾ ਉਸਾਰੂ ਪੱਖ ਕਿਹਾ। ਉਹਨਾਂ ਜਸਵਿੰਦਰ ਧਰਮਕੋਟ ਨੂੰ ਪੰਜਾਬੀ ਕਹਾਣੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਦੱਸਿਆ। ਬੈਠਕ ਦੌਰਾਨ ਗਜ਼ਲਗੋ ਜਸਵੰਤ ਵਾਗਲਾ ਦੀਆਂ ਭਾਵਪੂਰਤ ਸ਼ਾਇਰੀ ਨੂੰ ਸਲਾਹਿਆ ਗਿਆ। ਪੰਜਾਬੀ ਕਵਿਤਰੀ ਰਿੱਤੂ ਅਹੀਰ ਨੇ ਆਪਣੀਆਂ ਸੰਵੇਦਨਸ਼ੀਲ ਕਵਿਤਾਵਾਂ ਰਾਹੀਂ ਔਰਤ ਦੀ ਮੌਜੂਦਾ ਸਮਾਜਿਕ ਸਥਿਤੀ ਨੂੰ ਚਿਤਰਿਆ। ਵਰਿੰਦਰ ਅਲੀਸ਼ੇਰ ਦੀਆਂ ਕਵਿਤਾਵਾਂ ‘ਚ ਸਮਾਜਿਕ ਸੁਨੇਹੇ ਸਾਰਥਕ ਰਹੇ। ਉੱਘੇ ਸਮਾਜ ਸੇਵੀ ਇਕਬਾਲ ਸਿੰਘ ਧਾਮੀ ਨੇ ਆਪਣੀ ਸਟੀਕ ਤਕਰੀਰ ‘ਚ ਸਮੁੱਚੇ ਲੇਖਕ ਵਰਗ ਨੂੰ ਸਮਾਜ ਦਾ ਸੰਵੇਦਨਸ਼ੀਲ ਤੇ ਚੇਤੰਨ ਹਿੱਸਾ ਦੱਸਿਆ। ਉਹਨਾਂ ਦਾ ਗੀਤ ‘ਮਿੱਟੀ ਦੀ ਮੂਰਤ’ ਪ੍ਰਭਾਵੀ ਰਿਹਾ। ਬੈਠਕ ਦੌਰਾਨ ਸ਼ਾਇਰੀ ਤੋਂ ਇਲਾਵਾ ਵੱਖ-ਵੱਖ ਸਮਾਜਿਕ ਮਸਲਿਆਂ ‘ਤੇ ਵੀ ਡੂੰਘੇ ਸੰਵਾਦ ਰਚਾਏ ਗਏ। ਪੰਜਾਬ ‘ਚ ਲਗਾਤਾਰ ਬਦਲ ਰਹੀਆਂ ਸਿਆਸੀ ਕੇ ਸਮਾਜਿਕ ਪ੍ਰਸਥਿਤੀਆਂ ਦਾ ਚਿੰਤਨ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਸਕਰਨ ਸ਼ੀਂਹ, ਸ਼੍ਰੀ ਅਮਰਨਾਥ, ਸ਼੍ਰੀ ਮੇਹਰ ਚੰਦ, ਸੁਰਜੀਤ ਕੌਰ, ਵਿਕਟਰ, ਇਸ਼ਾਨ, ਆਰਚੀ ਆਦਿ ਨੇ ਸ਼ਿਰਕਤ ਕੀਤੀ। ਅੰਤ ਵਿੱਚ ਸਭਾ ਵੱਲੋਂ ਹਥਲੇ ਕਹਾਣੀ ਸੰਗ੍ਰਹਿ ‘ਮੈਲਾਨਿਨ’ ਨੂੰ ਲੋਕ ਅਰਪਿਤ ਕੀਤਾ ਗਿਆ। ਸਮੁੱਚੇ ਲੇਖਕ ਵਰਗ ਨੂੰ ਸਮਾਜ ਦਾ ਸ਼ੀਸ਼ਾ ਦੱਸਦਿਆਂ ਮੰਚ ਸੰਚਾਲਨ ਗੁਰਜਿੰਦਰ ਸੰਧੂ ਵੱਲੋਂ ਬਾਖੂਬੀ ਕੀਤਾ ਗਿਆ।