ਦੀਵਾਲੀ ਵਿਸ਼ੇਸ਼

ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ

ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਂਦੀ ਹੈ। ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਹਰ ਸਾਲ ਦੀਵਾਲੀ ਕਿਸੇ ਲਈ ਖੁਸ਼ੀ ਭਰੀ ਹੁੰਦੀ ਹੈ ਅਤੇ ਕਿਸੇ ਲਈ ਦੁੱਖਾਂ ਭਰੀ। ਆਮ ਰੋਜਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ਤੇ ਖੁਸ਼ੀਆਂ ਗਮੀਆਂ ਜਿਆਦਾ ਮਹਿਸੂਸ ਹੁੰਦੀਆਂ ਹਨ। ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਪਿਆਰ ਦਾ ਹੋਵੇ, ਮੁਹੱਬਤ ਦਾ ਹੋਵੇ, ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਲਈ ਸਾਡਾ ਮਨ ਉਨ੍ਹਾਂ ਨੂੰ ਸਾਡੇ ਕੋਲ ਹੋਣਾ ਲੋਚਦਾ ਹੈ। ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂ ਖੁਸ਼ੀਆਂ ਦੁਣੀਆ ਚੌਣੀਆਂ ਹੋ ਜਾਂਦੀਆਂ ਹਨ। ਅੱਜ-ਕੱਲ੍ਹ ਜਿਆਦਾਤਰ ਸਾਡੇ ਬੱਚੇ ਪੜ੍ਹਾਈ ਕਰਨ ਲਈ ਜਾਂ ਜਿੰਦਗੀ ਦੀ ਸਫਲਤਾ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ ਵਿੱਚ ਜਾਣ ਦੀ ਖੁਸ਼ੀ ਵੀ ਹੈ ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਵੀ ਹੈ। ਬੱਚਿਆਂ ਬਿਨ੍ਹਾਂ ਕਾਹਦੀਆਂ ਦੀਵਾਲੀ ਦੀਆਂ ਖੁਸ਼ੀਆਂ। ਰੱਬ ਕਰੇ ਕਿ ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ।

ਇਤਿਹਾਸਕ ਪਿਛੋਕੜ: ਵੈਸੇ ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਵਧਿਆ ਜਦੋਂ ਸਿੱਖਾਂ ਦੇ 6 ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ। ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ। ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟਕੇ ਲੰਕੇਸ਼ਵਰ ਰਾਵਣ ਤੇ ਉਸਦੀ ਸੈਨਾ ਨੂੰ ਹਰਾ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ। ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ। ਵੈਸੇ ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।

ਸਰ੍ਹੋਂ ਦੇ ਤੇਲ ਦੇ ਦੀਵੇ: ਖੁਸ਼ੀਆਂ ਤੇ ਗਮੀਆਂ ਜਿੰਦਗੀ ਦਾ ਹਿੱਸਾ ਹਨ ਜੋ ਹਮੇਸ਼ਾ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ। ਇਸ ਤੋਂ ਉੱਪਰ ਉੱਠ ਕੇ ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸਲੇਸ਼ਨ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ। ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੈ। ਦੀਵੇ ਆਪ ਜਲ ਕੇ ਦੂਸਰਿਆਂ ਦਾ ਮਾਰਗ ਰੋਸ਼ਨ ਕਰਦੇ ਹਨ ਜੋ ਸਾਨੂੰ ਆਪਣਾ ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ। ਸਰ੍ਹੋਂ ਦੇ ਤੇਲ ਦੇ ਦੀਵੇ ਨਾ ਸਿਰਫ਼ ਰੋਸ਼ਨੀ ਨੂੰ ਆਕਰਸ਼ਿਤ ਕਰਦੇ ਹਨ ਸਗੋ ਕਈ ਦੁਸ਼ਮਣ ਕੀਟ-ਪਤੰਗਿਆਂ ਨੂੰ ਵੀ ਖਤਮ ਕਰ ਦਿੰੰਦੇੇ ਹਨ।

ਦੀਵਾਲੀ ਅੰਮ੍ਰਿਤਸਰ ਦੀ: ਦੀਵਾਲੀ ਵੈਸੇ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਦੀਵਾਲੀ ਦੀ ਸ਼ਾਨ ਹੀ ਵੱਖਰੀ ਹੈ। ਲੱਖਾਂ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ। ਦੀਵਾਲੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਉੱਤੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰੰਦਾ ਹੈ। ਰਾਤ ਨੂੰ ਆਤਸ਼ਬਾਜੀ ਚਲਾਈ ਜਾਂਦੀ ਹੈ। ਆਤਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਕਰਮਾ ਵਿਚ ਖੜ੍ਹੇ ਹੋਣ ਦੀ ਥਾਂ ਨਹੀਂ ਮਿਲਦੀ। ਬਜ਼ਾਰਾਂ ਦੀ ਸਜਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’

ਦੀਵਾਲੀ ਦੇ ਤੋਹਫੇ: ਤੋਹਫ਼ੇ ਹਾਸਲ ਕਰਕੇ ਤਾਂ ਖੁਸ਼ੀ ਮਹਿਸੂਸ ਹੁੰਦੀ ਹੀ ਹੈ ਤੋਹਫੇ ਦੇਣ ਵਿੱਚ ਵੀ ਵੱਖਰਾ ਹੀ ਅਨੰਦ ਤੇ ਖੁਸ਼ੀ ਮਿਲਦੀ ਹੈ। ਇਹ ਖੁਸ਼ੀ ਉਸ ਸਮੇਂ ਹੋਰ ਵੀ ਦੁੱਗਣੀ ਹੋ ਜਾਂਦੀ ਹੈ ਜਦੋਂ ਕੋਈ ਸਾਡਾ ਆਪਣਾ ਸਾਡੇ ਲਈ ਤੋਹਫ਼ਾ ਲੈ ਕੇ ਆਉਂਦਾ ਹੈ। ਵੈਸੇ ਤਾਂ ਹਰ ਕੋਈ ਇਹੀ ਕੋਸ਼ਿਸ਼ ਕਰਦਾ ਹੈ ਕਿ ਆਪਣਿਆਂ ਨੂੰ ਕੀਮਤੀ ਤੋਹਫ਼ੇ ਦਿੱਤੇ ਜਾਣ। ਇਹ ਜ਼ਰੂਰੀ ਨਹੀਂ ਕਿ ਤੋਹਫ਼ੇ ਦੀ ਕੀਮਤ ਪੈਸੇ ਵਿੱਚ ਜ਼ਿਆਦਾ ਹੋਵੇ। ਕੀਮਤ ਤਾਂ ਭਾਵਨਾਵਾਂ ਦੀ ਚਾਹੀਦੀ ਹੈ, ਕਦਰ ਦੀ ਚਾਹੀਦੀ ਹੈ, ਪਿਆਰ ਦੀ ਚਾਹੀਦੀ ਹੈ। ਸਾਡੇ ਸਮਾਜ ਵਿਚ ਬਹੱੁਤ ਲੋਕ ਅਜਿਹੇ ਹਨ ਜਿਹੜੇ ਤੋਹਫ਼ੇ ਨੂੰ ਇੱਕ ਆੜ ਸਮਝਦੇ ਹਨ। ਜੇਕਰ ਪਿਆਰ ਦੇ ਤੋਹਫ਼ੇ ਨੂੰ ਆੜ ਸਮਝਿਆ ਜਾਵੇ ਅਤੇ ਤੋਹਫ਼ੇ ਦਿੰਦੇ ਸਮੇਂ ਜਾਂ ਲੈਣ ਸਮੇਂ ਹੋਠਾਂ ਤੇ ਪਿਆਰ ਭਰੀ ਮੁਸਕਾਨ ਨਾ ਹੋਵੇ ਤਾਂ ਤੋਹਫ਼ਾ ਅਰਥਹੀਣ ਹੋ ਜਾਂਦਾ ਹੈ। ਜਦੋਂ ਵੀ ਕੋਈ ਸਾਨੂੰ ਤੋਹਫ਼ਾ ਦਿੰਦਾ ਹੈ ਤਾਂ ਉਸ ਤੋਹਫ਼ੇ ਦੀ ਕੀਮਤ ਪੈਸੇ ਵਿਚ ਦੇਖਣ ਦੀ ਬਜਾਏ ਉਸ ਦੀ ਕੀਮਤ ਭਾਵਨਾ ਤੇ ਪਿਆਰ ਵਿਚ ਦੇਖੀ ਜਾਵੇ ਤਾਂ ਉਹ ਜ਼ਿਆਦਾ ਖੁਸ਼ੀ ਤੇ ਸਕੂਨ ਪ੍ਰਦਾਨ ਕਰੇਗਾ। ਜੇਕਰ ਪੈਸੇ ਵਿੱਚ ਕੀਮਤੀ ਤੋਹਫ਼ੇ ਜ਼ਿਆਦਾ ਖੁਸ਼ੀ ਦਿੰਦੇ ਤਾਂ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਸਿਰਫ਼ ਅਮੀਰ ਲੋਕਾਂ ਤੱਕ ਹੀ ਸੀਮਤ ਰਹਿ ਜਾਣਾ ਸੀ। ਵੈਸੇ ਤਾਂ ਪਿਆਰ ਨਾਲ ਦਿੱਤਾ ਹਰ ਤੋਹਫ਼ਾ ਕਦਰਦਾਨ ਦਿਲ ਨਾਲ ਲਾ ਕੇ ਰੱਖਦਾ ਹੈ ਪਰ ਫੇਰ ਸਾਨੂੰ ਤੋਹਫ਼ਾ ਖਰੀਦਣ ਸਮੇਂ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਤੋਹਫ਼ਾ ਜਿਸ ਨੂੰ ਦੇ ਰਹੇ ਹਾਂ ਇਹ ਤੋਹਫ਼ਾ ਉਸ ਵਾਸਤੇ ਕਿੰਨੀ ਕੁ ਅਹਿਮੀਅਤ ਰੱਖਦਾ ਹੈ। ਅਜਿਹਾ ਤੋਹਫ਼ਾ ਹੀ ਖਰੀਦੋ ਜਿਸ ਨੂੰ ਪਾ ਕੇ ਤੁਹਾਡਾ ਸਬੰਧੀ ਲੰਮੇ ਸਮੇਂ ਤੱਕ ਤੁਹਾਨੂੰ ਯਾਦ ਰੱਖੇ। ਜ਼ਿਆਦਾਤਰ ਦੀਵਾਲੀ ਦੇ ਮੌਕੇ ਤੇ ਪਟਾਕੇ ਤੋਹਫ਼ੇ ਦੇ ਤੌਰ ‘ਤੇ ਦਿੱਤੇ ਜਾਂਦੇ ਹਨ। ਬੱਚਿਆਂ ਨੂੰ ਤੋਹਫਾ ਦੇਣ ਲਈ ਇਹ ਵਧੀਆ ਆਈਟਮ ਹੈ। ਬੱਚਿਆਂ ਨੂੰ ਤਾਂ ਨਿੱਤ ਨਵੀਂ ਚੀਜ ਚਾਹੀਦੀ ਹੁੰਦੀ ਹੈ, ਉਹ ਛੋਟੀ ਹੈ-ਵੱਡੀ ਹੈ, ਮਹਿੰਗੀ ਹੈ-ਸਸਤੀ ਹੈ! ਇਸ ਨਾਲ ਬੱਚਿਆਂ ਨੂੰ ਮਤਲਬ ਨਹੀਂ ਹੁੰਦਾਂ। ਪਰ ਵੱਡਿਆ ਨੂੰ ਤੋਹਫਾ ਦੇਣ ਲਈ ਪਟਾਕਿਆਂ ਦੀ ਬਜਾਏ ਅਜਿਹਾ ਤੋਹਫ਼ਾ ਦਿਓ ਜੋ ਲੰਮੇਂ ਸਮੇਂ ਤੱਕ ਉਨ੍ਹਾਂ ਨੂੰ ਤੁਹਾਡੀ ਯਾਦ ਦਵਾਉਣ। ਪਟਾਕੇ ਜਿੰਨਾ ਚਿਰ ਚਲਾਏ ਜਾਂਦੇ ਹਨ, ਓਨਾ ਚਿਰ ਤਾਂ ਖੁਸ਼ੀ ਮਹਿਸੂਸ ਹੁੰੰਦੀ ਹੈ ਪਰ ‘ਰਾਤ ਗਈ ਬਾਤ ਗਈ’ ਅਗਲੀ ਸਵੇਰ ਨੂੰ ਤੁਹਾਡੇ ਤੋਹਫ਼ੇ ਸੁਆਹ ਬਣੇ ਹੋਏ ਇਕੱਠੇ ਕਰਕੇ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ। ਅੱਜ ਕੱਲ੍ਹ ਮਹਿੰਗਾਈ ਦਾ ਜ਼ਮਾਨਾ ਹੈ ਇਸ ਲਈ ਆਪਣੇ ਬੱਜਟ ਨੂੰ ਦੇਖਦੇ ਹੋਏ ਹੀ ਖਰਚਾ ਕਰਨਾ ਚਾਹੀਦਾ ਹੈ। ਤੁਹਾਡਾ ਪਿਆਰ ਨਾਲ ਦਿੱਤਾ ਹੋਇਆ ਕਾਗਜ਼ ਦਾ ਇੱਕ ਟੁਕੜਾ ਵੀ ਤੁਹਾਡੇ ਆਪਣਿਆਂ ਨੂੰ ਅਜਿਹੀ ਖੁਸ਼ੀ ਦੇ ਸਕਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਜੇ ਤੋਹਫ਼ਾ ਲੈਣ ਵਾਲਾ ਬੇ-ਕਦਰਾ ਹੈ ਫੇਰ ਤੁਹਾਡਾ ਹਜ਼ਾਰਾਂ-ਲੱਖਾਂ ਦਾ ਤੋਹਫ਼ਾ ਵੀ ਉਸ ਨੂੰ ਖੁਸ਼ੀ ਨਹੀਂ ਦੇ ਸਕਦਾ।

ਮਠਿਆਈਆਂ ਵਾਲੇ ਜ਼ਹਿਰ ਤੋਂ ਪ੍ਰਹੇਜ ਕਰੋ: ਆਪਾਂ ਆਮ ਹੀ ਖਬਰਾਂ ਵਿੱਚ ਪੜ੍ਹਦੇ, ਸੁਣਦੇ ਤੇ ਦੇਖਦੇ ਹਾਂ ਕਿ ਤਿਉਹਾਰਾਂ ਦੇ ਦਿਨ੍ਹਾਂ ਵਿੱਚ ਵੱਡੇ ਮੁਨਾਫ਼ਾਖੋਰ ਵਪਾਰੀ ਪੈਸੇ ਲਈ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨੋ ਵੀ ਨਹੀਂ ਟੱਲਦੇ। ਨਕਲੀ ਦੁੱਧ ਅਤੇ ਨਕਲੀ ਦੁੱਧ ਤੋਂ ਤਿਆਰ ਮਠਿਆਈਆਂ ਤਿਉਹਾਰਾਂ ਦੇ ਦਿਨ੍ਹਾਂ ਵਿੱਚ ਆਮ ਹੀ ਫੜੀਆਂ ਜਾਂਦੀਆਂ ਹਨ। ਜਿਹੜੀਆਂ ਮਠਿਆਈਆਂ ਤਿਉਹਾਰਾਂ ਤੇ ਖਾਸ ਕਰਕੇ ਦੀਵਾਲੀ ਤੇ ਅਸੀਂ ਖਰੀਦਦੇ ਹਾਂ ਉਹ ਅਸਲੀ ਹਨ ਜਾਂ ਨਕਲੀ ਇਸ ਬਾਰੇ ਸਾਨੂੰ ਨਹੀਂ ਪਤਾ ਹੁੰਦਾ। ਕਈ ਵਾਰ ਤਾਂ ਮਠਿਆਈ ਤਿਆਰ ਕਰਨ ਵਾਲੇ ਹਲਵਾਈ ਨੂੰ ਵੀ ਨਹੀਂ ਪਤਾ ਹੁੰਦਾ ਕਿ ਜਿਹੜੇ ਦੱੁਧ ਤੋਂ ਉਹ ਮਠਿਆਈ ਤਿਆਰ ਕਰ ਰਿਹਾ ਹੈ ਉਹ ਅਸਲੀ ਦੁੱਧ ਹੈ ਜਾਂ ਨਕਲੀ। ਉਸ ਨੇ ਤਾਂ ਦੁੱਧ ਖਰੀਦ ਲਿਆ, ਦੁੱਧ ਵਾਲਾ ਕਿਥੋਂ ਲੈ ਕੇ ਆਇਆ, ਉਸ ਨੂੰ ਕਿਸ ਨੇ ਦਿੱਤਾ, ਅਸਲੀ ਦਿੱਤਾ ਜਾਂ ਨਕਲੀ? ਇਹ ਚੈਨ ਅਗਾਂਹ ਦੀ ਅਗਾਂਹ ਚੱਲਦੀ ਹੈ। ਦੀਵਾਲੀ ਦੇ ਤਿਉਹਾਰ ਤੇ ਤਾਂ ਮਠਿਆਈ ਵਾਲੇ ਜਹਿਰ ਤੋਂ ਬਚਿਆ ਹੀ ਜਾਵੇ ਤਾਂ ਚੰਗੀ ਗੱਲ ਹੈ। ਮਠਿਆਈ ਦੀ ਬਜਾਏ ਮੁਰੱਬਾ, ਡਰਾਈ ਫਰੂਟ, ਸੁੱਕਾ ਪੇਠਾ, ਚੰਗੀਆਂ ਕੰਪਨੀਆਂ ਦੇ ਬਿਸਕੁੱਟ, ਫਰੂਟ ਆਦਿ ਜਿਆਦਾ ਲਾਹੇਵੰਦ ਹਨ।

ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਓ: ਹਰ ਸਾਲ ਦੀਵਾਲੀ ਤੇ ਕਈ ਅਣ-ਸੁਖਾਵੀਆਂ ਘਟਨਾਵਾਂ ਸੁਨਣ ਨੂੰ ਮਿਲਦੀਆਂ ਹਨ। ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਪਰ ਬੱਚਿਆਂ ਨਾਲ ਹਾਦਸੇ ਜਿਆਦਾ ਵਾਪਰਦੇ ਹਨ ਕਿਉਂਕਿ ਇੱਕ ਤਾਂ ਪਟਾਕੇ ਵਗੈਰਾ ਚਲਾਉਣੇ ਹੀ ਬੱਚਿਆਂ ਨੇ ਹੁੰਦੇ ਹਨ। ਦੂਸਰਾ ਅਜੇ ਉਨ੍ਹਾਂ ਨੂੰ ਜਿਆਦਾ ਸਮਝ ਨਹੀਂ ਹੁੰਦੀਂ ਅਤੇ ਉਹਨਾਂ ਦੇ ਮਨ ਵਿੱਚ ਇਸ ਪ੍ਰਤੀ ਕੋਈ ਡਰ ਨਹੀਂ ਹੁੰਦਾਂ ਇਸ ਕਾਰਨ ਉਹ ਸੇਫਟੀ ਵੱਲ ਜਿਆਦਾ ਧਿਆਨ ਨਹੀਂ ਦਿੰਦੇ। ਇਸ ਲਈ ਇਹ ਵੱਡਿਆ ਦਾ ਤੇ ਮਾਪਿਆਂ ਦਾ ਫਰਜ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ। ਪਟਾਕੇ ਚਲਾਉਣ ਸਮੇਂ ਢਿਲੇ ਕੱਪੜੇ ਨਾ ਪਾਏ ਜਾਣ, ਰੇਸ਼ਮੀ, ਸਿਲਕ ਆਦਿ ਜਿਸ ਕੱਪੜੇ ਨੂੰ ਜਲਦੀ ਅੱਗ ਪੈਂਦੀ ਹੈ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਪ੍ਰਹੇਜ ਕੀਤਾ ਜਾਵੇ। ਬੱਚਿਆਂ ਨੂੰ ਚਾਹੀਦੀ ਹੈ ਕਿ ਪਟਾਕੇ ਚਲਾਉਣ ਲੱਗੇ ਉਹ ਆਪਣਾ ਮੂੰਹ ਪਟਾਕਿਆਂ ਤੋਂ ਦੂਰ ਰੱਖਣ, ਆਪਣੀਆਂ ਅੱਖਾਂ ਦਾ ਖਾਸ ਕਰਕੇ ਧਿਆਨ ਰੱਖਣ, ਕਿਸੇ ਵੀ ਤਰ੍ਹਾਂ ਦੀ ਪਟਾਸ ਜਾ ਚੰਗਿਆੜੀ ਉਨ੍ਹਾਂ ਦੀਆਂ ਅੱਖਾਂ ਦੇ ਨੇੜੇ ਵੀ ਨਾ ਪਹੁੰਚੇ। ਕੋਈ ਵੀ ਪਟਾਕਾ ਮਿਸ ਹੋ ਜਾਵੇ ਤਾਂ ਉਸ ਨੂੰ ਜਾ ਕੇ ਹੱਥ ਨਾਲ ਨਾ ਚੁੱਕੋ।

ਸਫਾਈ ਵਿੱਚ ਖੁਦਾਈ: ਦੀਵਾਲੀ ਦੀ ਰਾਤ ਨੂੰ ਅਸੀਂ ਜੋ ਪਟਾਕੇ ਚਲਾਉਦੇ ਹਾਂ ਉਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਨ ਤਾਂ ਫੈਲੇਗਾ ਹੀ, ਪਰ ਆਉ ਅਸੀਂ ਕੋਸ਼ਿਸ ਕਰੀਏ ਕਿ ਅਸੀਂ ਅਜਿਹੇ ਪਟਾਕੇ ਹੀ ਚਲਾਈਏ ਜਿਸ ਨਾਲ ਘੱਟ ਤੋਂ ਘੱਟ ਪ੍ਰਦੂਸ਼ਨ ਫੈਲੇ। ਜਿਸ ਤਰ੍ਹਾਂ ਅੱਜ ਕੱਲ੍ਹ ਪੈਰਾਸੂਟ ਚੱਲ ਰਹੇ ਹਨ ਜਿਸ ਨਾਲ ਪ੍ਰਦੂਸ਼ਨ ਘੱਟ ਫੈਲਦਾ ਹੈ ਅਤੇ ਉਹ ਅਸਮਾਨ ਵਿੱਚ ਰੋਸ਼ਨੀ ਜਿਆਦਾ ਸਮੇਂ ਲਈ ਕਰਦੇ ਹਨ। ਦੀਵਾਲੀ ਤੋਂ ਅਗਲੀ ਸਵੇਰ ਪਟਾਕਿਆਂ ਦੇ ਡੱਬੇ, ਉਨ੍ਹਾਂ ਪਲਾਸਟਿਕ ਦੇ ਲਿਫਾਫੇ, ਪਟਾਕਿਆਂ ਦੇ ਖਾਲੀ ਹੌਲ, ਅੱਧ ਜਲੀਆਂ ਮੋਮਬੱਤੀਆਂ, ਦੀਵੇ ਆਦਿ ਦਾ ਬੇਅੰਤ ਕੂੜਾ ਇਕੱਠਾ ਹੋ ਜਾਂਦਾ ਹੈ ਜੋ ਨਾਲੀਆਂ ਵਗੈਰਾ ਵਿੱਚ ਫਸ ਕੇ ਸੀਵਰੇਜ ਨੂੰ ਜਾਮ ਕਰ ਦਿੰਦਾ ਹੈ। ਇਸ ਲਈ ਇਸ ਸਭ ਨੂੰ ਇੱਕ ਥਾਂ ਇਕੱਠਾਂ ਕਰਕੇ ਕੂੜਾ ਕਰਕਟ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਚੁੱਕਾ ਦਿਓ। ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਫਾਈ ਵਿੱਚ ਹੀ ਖੁਦਾਈ ਹੈ।
ਮਿਲਾਪ, ਪਿਆਰ ਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ: ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਆਉਂਦਾ ਹੈ। ਦੇਸ਼ ਦੇ ਕੋਨੇ-ਕੋਨੇ ਕੁਝ ਵਿਦੇਸ਼ਾਂ ਵਿੱਚ ਮਨਾਏ ਜਾਣ ਵਾਲੇ ਸਾਡੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਤੇ ਚਾਹੇ ਪਟਾਕਿਆਂ ਵਗੈਰਾ ਤੇ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ ਹੁੰੰਦੀ ਹੈ ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂੰਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਸਭ ਨੂੰ ਦੀਵਾਲੀ ਮੁਬਾਰਕ ਦੋਸਤੋ!

-ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਵਟਸਐਪ: 9988-92-9988
ਈ-ਮੇਲ: bhawandeep.purba@gmail.com
www.mehakwatandilive.com