ਬ੍ਰਿਸਬੇਨ ਵਿਖੇ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਮੌਤ! ਸਮੁੱਚੇ ਭਾਈਚਾਰੇ ‘ਚ ਸੋਗ ਦੀ ਲਹਿਰ

(ਹਰਜੀਤ ਲਸਾੜਾ, ਬ੍ਰਿਸਬੇਨ 22 ਮਈ) ਲੰਘੀ 21 ਮਈ ਨੂੰ ਸੂਬਾ ਕੂਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਦੱਖਣ-ਪੱਛਮੀ ਇਲਾਕੇ ਡਿਊਰੈਕ ਵਿਖੇ ਇੱਕ ਦਰਦਨਾਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਸਟੂਡੈਂਟ ਸਹਿਜਪ੍ਰੀਤ ਸਿੰਘ (ਸਾਢੇ 19 ਸਾਲ) ਦੀ ਮੌਤ ਹੋਈ ਹੈ।

ਪੁਲੀਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੁਪਹਿਰ 1.30 ਵਜੇ ਇੱਕ ਟਰੱਕ ਅਤੇ ਮਾਜ਼ਦਾ ਕਾਰ ਇਨਾਲਾ ਐਵੇਨਿਊ ਨੇੜੇ ਕਿੰਗ ਐਵੇਨਿਊ ਦੇ ਨਾਲ-ਨਾਲ ਜਾ ਰਹੇ ਸਨ ਅਤੇ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਵਾਹਨਾਂ ਦੀ ਆਪਸੀ ਟੱਕਰ ‘ਚ ਮਾਜ਼ਦਾ ਕਾਰ ਪਲਟ ਗਈ ਜਿਸ ਨੂੰ ਸਹਿਜਪ੍ਰੀਤ ਚਲਾ ਰਿਹਾ ਸੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਟਰੱਕ ਦੇ ਡਰਾਈਵਰ ਦਾ ਗੈਰ-ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੋਰੈਂਸਿਕ ਕਰੈਸ਼ ਯੂਨਿਟ ਵੱਲੋਂ ਕਿਸੇ ਵੀ ਗਵਾਹ ਜਾਂ ਡੈਸ਼ਕੈਮ ਫੁਟੇਜ ਦੀ ਭਾਲ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ ਮਰਹੂਮ ਪੰਜਾਬ ਵਿੱਚ ਮੈਡੀਕਲ ਦਾ ਵਿਦਿਆਰਥੀ ਸੀ ਅਤੇ 6 ਫਰਵਰੀ 2024 ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਕਿਊਯੂਟੀ ਕੈਲਵਿਨ ਗਰੋਵ ਕੈਂਪਸ (QUT Kelvin Grove Campus) ‘ਚ ਬੀਐੱਸਸੀ ਨਰਸਿੰਗ (BSc Nursing) ਦੇ ਦੂਸਰੇ ਸਮੈਸਟਰ ‘ਚ ਸੀ।

ਮਰਹੂਮ ਦੇ ਪਿਤਾ ਮੋਹਨ ਸਿੰਘ (199 ਗ੍ਰੀਨ ਸਿਟੀ, ਲੇਨ ਨੰ. 4, ਗੁਰਦੁਆਰਾ ਪਲਾਹ ਸਾਹਿਬ ਰੋਡ, ਅਜਨਾਲਾ ਰੋਡ ਅੰਮ੍ਰਿਤਸਰ) ਨੇ ਮੀਡੀਆ ਨੂੰ ਦੱਸਿਆ ਕਿ ਸਹਿਜਪ੍ਰੀਤ ਸ਼ੁਰੂ ਤੋਂ ਹੀ ਪੜ੍ਹਾਈ ‘ਚ ਚੰਗਾ ਸੀ, ਉਸਦੇ ਚੰਗੇ ਭਵਿੱਖ ਲਈ ਕਰਜ਼ਾ ਲੈ ਕੇ ਵਿਦੇਸ਼ ਪੜ੍ਹਨ ਭੇਜਿਆ ਸੀ। ਪਰਿਵਾਰ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਹਾਰ ਲਾਈ ਹੈ ਕਿ ਪੁੱਤ ਦੀ ਮ੍ਰਿਤਕ ਦੇਹਿ ਨੂੰ ਸੰਸਕਾਰ ਲਈ ਪੰਜਾਬ ਜਲਦ ਪਹੁੰਚਦਾ ਕੀਤਾ ਜਾਵੇ। ਬ੍ਰਿਸਬੇਨ ਤੋਂ ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਉਹ ਪੀੜ੍ਹਤ ਪਰਿਵਾਰ ਨਾਲ ਰਾਬਤੇ ‘ਚ ਹਨ ਅਤੇ ਸਮੁੱਚਾ ਭਾਈਚਾਰਾ ਹਰ ਸੰਭਵ ਮਦਦ ਲਈ ਤਤਪਰ ਹੈ।

www.police.qld.gov.au/reporting or call 131 444.
Report crime information anonymously via Crime Stoppers. Call 1800 333 000 or report online at www.crimestoppersqld.com.au
Quote this reference number: QP2400860993