
ਬਲਵਿੰਦਰ ਸਿੰਘ ਭੁੱਲਰ
ਹਜ਼ਾਰਾਂ ਸਾਲ ਪਹਿਲਾਂ ਮਨੁੱਖ ਜੰਗਲਾਂ ਵਿੱਚ ਜਾਨਵਰਾਂ ਵਾਂਗ ਰਹਿੰਦਾ ਸੀ। ਜਦੋਂ ਮਨੁੱਖ ਨੂੰ ਕੁੱਝ ਸੋਝੀ ਆਈ ਤਾਂ ਉਸਨੇ ਜਾਨਵਰਾਂ ਦੀ ਤਰਾਂ ਜਿੰਦਗੀ ਜਿਉਣ ਦੀ ਬਜਾਏ ਖਾਣ ਪੀਣ, ਰਹਿਣ ਵੱਲ ਉਚੇਚਾ ਧਿਆਨ ਦਿੱਤਾ। ਇਸ ਉਪਰੰਤ ਉਸਨੇ ਜੀਵਨ ਜਿਉਣ ਲਈ ਲੋੜੀਂਦੀਆਂ ਵਸਤਾਂ ਵਾਲੀ ਜਗਾਹ ਦੀ ਪਛਾਣ ਕਰਕੇ ਉੱਥੇ ਸਥਾਈ ਤੌਰ ਤੇ ਰਹਿਣਾ ਸੁਰੂ ਕੀਤਾ। ਪਹਿਲਾਂ ਖੱਡਾਂ, ਫੇਰ ਝੌਪੜੀਆਂ, ਇਸਤੋਂ ਬਾਅਦ ਪਿੰਡ ਅਤੇ ਫੇਰ ਸੁੰਦਰ ਸ਼ਹਿਰ ਹੋਂਦ ਵਿੱਚ ਆ ਗਏ। ਇਹ ਵੀ ਸੱਚਾਈ ਹੈ ਕਿ ਜਦੋਂ ਮਨੁੱਖ ਨੇ ਇੱਕ ਥਾਂ ਉੱਤੇ ਰਹਿਣਾ ਸੁਰੂ ਕੀਤਾ, ਉਸ ਸਮੇਂ ਤੋਂ ਹੀ ਜਗਾਹ ਤੇ ਕਬਜਾ ਕਰਨ ਅਤੇ ਵੰਡਾਰਾ ਕਰਨ ਦੀ ਪ੍ਰਕਿਰਿਆ ਵੀ ਸੁਰੂ ਹੋ ਗਈ। ਇਸ ਵੰਡ ਨਾਲ ਦੇਸ਼ਾਂ, ਸ਼ਹਿਰਾਂ, ਪਿੰਡਾਂ ਦੀਆਂ ਹੱਦਾਂ ਹੋਂਦ ਵਿੱਚ ਆਈਆਂ। ਅਨੇਕਾਂ ਨਵੇਂ ਦੇਸ਼ ਬਣ ਗਏ, ਸ਼ਹਿਰਾਂ ਵਿੱਚ ਬਸਤੀਆਂ ਤੇ ਪਿੰਡਾਂ ਵਿੱਚ ਪੱਤੀਆਂ ਹੋਂਦ ਵਿੱਚ ਆ ਗਈਆਂ। ਜਦੋਂ ਇੱਕ ਦੇਸ਼ ਤੋਂ ਵੰਡ ਕਰਕੇ ਦੋ ਦੇਸ਼ ਬਣਦੇ ਤਾਂ ਅਜਿਹੇ ਮੌਕੇ ਮਨੁੱਖਤਾ ਦਾ ਘਾਣ ਹੁੰਦਾ ਰਿਹਾ। ਭਾਰਤ ਨਾਲੋਂ ਵੱਖ ਹੋ ਕੇ ਪਾਕਿਸਤਾਨ ਬਣਨ ਵੇਲੇ ਬਿ੍ਰਟਿਸ਼ ਸਰਕਾਰ ਵੱਲੋਂ ਤਿਆਰ ਕਰਵਾਈ ਰੈੱਡਕਲਿੱਫ ਲਾਈਨ ਨੇ ਸਰਹੱਦ ਬਣਾਈ। ਇਸ ਨੂੰ ਆਧਾਰ ਬਣਾ ਕੇ ਕੀਤੀ ਵੰਡ ਸਮੇਂ ਲੱਖਾਂ ਲੋਕ ਮਾਰੇ ਤੇ ਉਜਾੜੇ ਗਏ। ਅੰਗਰੇਜ ਇਹ ਰੇਖਾ ਖਿੱਚ ਕੇ ਤੁਰਦੇ ਬਣੇ, ਪਰ ਕਰੀਬ ਸੱਤ ਦਹਾਕਿਆਂ ਤੋਂ ਵੱਧ ਸਮਾਂ ਹੋਣ ਤੇ ਬਾਵਜੂਦ ਵੀ ਜਦ ਇਹ ਰੇਖਾ ਨਜਰੀਂ ਪੈਂਦੀ ਹੈ ਤਾਂ ਅੰਗਰੇਜਾਂ ਪ੍ਰਤੀ ਗੁੱਸਾ ਪੈਦਾ ਹੋ ਜਾਂਦਾ ਹੈ ਅਤੇ ਵੰਡਾਰੇ ਸਦਕਾ ਮਨ ਉਦਾਸ ਹੋ ਜਾਂਦਾ ਹੈ। ਇਹ ਵੰਡ ਧਰਮਾਂ ਦੇ ਆਧਾਰ ਤੇ ਕਰਵਾਈ ਸੀ, ਜਿਸ ਸਦਕਾ ਗੁੱਸਾ ਤੇ ਉਦਾਸੀ ਹੋਣੀ ਜਾਇਜ਼ ਹੈ, ਪਰ ਸਬਰ ਹੀ ਕਰਨਾ ਪੈਂਦਾ ਹੈ।
ਦੇਸ਼ਾਂ ਦੀ ਬਜਾਏ ਜੇਕਰ ਪਿੰਡਾਂ ਦੇ ਹਾਲਾਤਾਂ ਦੀ ਗੱਲ ਕਰੀਏ, ਜੇ ਭਰਾ ਭਰਾ ਅੱਡ ਹੋਣ ਸਮੇਂ ਘਰਾਂ ਦਾ ਵੰਡਾਰਾ ਸਹਿਮਤੀ ਨਾਲ ਕਰਨ ਤਾਂ ਰਸਨਾ ਬਣੀ ਰਹਿੰਦੀ ਹੈ ਅਤੇ ਲੋਕ ਵੀ ਸਲਾਘਾ ਕਰਦੇ ਹਨ। ਜੇਕਰ ਇਹ ਵੰਡਾਰਾ ਗੁੱਸੇ ਨਾਲ ਕੀਤਾ ਜਾਵੇ ਤਾਂ ਬਾਪ ਦਾਦੇ ਵੱਲੋਂ ਮਿਹਨਤ ਤੇ ਸ਼ੌਕ ਨਾਲ ਬਣਾਏ ਘਰਾਂ ਦੇ ਵਿਚਾਲੇ ਕੰਧ ਕੱਢ ਕੇ ਬਜੁਰਗਾਂ ਦੀ ਸੋਚ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ। ਪੁਰਾਣੇ ਘਰਾਂ ਦੇ ਮੂਹਰਲੇ ਪਾਸੇ ਇੱਕ ਸ਼ਾਨਦਾਰ ਦਰਵਾਜਾ ਹੋਇਆ ਕਰਦਾ ਸੀ, ਜੋ ਬਹੁਤ ਅਰਾਮਦਾਇਕ ਤੇ ਪਰਿਵਾਰ ਦੀ ਇੱਕਮੁੱਠਤਾ ਅਤੇ ਚੰਗੀ ਮਾਲੀ ਹਾਲਤ ਦਾ ਸਬੂਤ ਹੁੰਦਾ ਸੀ। ਇਹ ਦਰਵਾਜਾ ਘਰ ਦੀ ਸੁਰੱਖਿਆ ਵੀ ਪ੍ਰਦਾਨ ਕਰਦਾ ਸੀ, ਕਿਉਂਕਿ ਘਰ ਆਉਣ ਵਾਲਾ ਵਿਅਕਤੀ ਇੱਥੇ ਹੀ ਗੱਲਬਾਤ ਕਰਕੇ ਵਾਪਸ ਹੋ ਜਾਂਦਾ ਸੀ। ਬਹੁਤ ਖਾਸ ਜਾਂ ਰਿਸਤੇਦਾਰ ਹੀ ਦਰਵਾਜਾ ਲੰਘ ਕੇ ਸਭਾਤਾਂ ਤੱਕ ਪਹੁੰਚ ਸਕਦਾ ਸੀ।
ਪਿੰਡਾਂ ਵਿੱਚ ਮੌਜੂਦਾ ਸਮੇਂ ਭਰਾਵਾਂ ਦੇ ਹੋਣ ਵਾਲੇ ਵੰਡਾਰੇ ਨੇ ਇਹਨਾਂ ਦਰਵਾਜਿਆਂ ਨੂੰ ਵੀ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ, ਵਿਚਾਲੇ ਕੰਧ ਕੱਢ ਕੇ ਦਰਵਾਜਿਆਂ ਦੀ ਸ਼ਾਨ ਵਿਗਾੜੀ ਜਾਣ ਲੱਗੀ ਹੈ। ਇਹ ਵੰਡ ਕਰਨ ਵਾਲੀ ਚੰਦਰੀ ਕੰਧ ਦਰਵਾਜੇ ਦੇ ਅੰਦਰ ਕੱਢ ਕੇ ਪਰਦਾ ਵੀ ਨਹੀਂ ਰੱਖਿਆ ਜਾਂਦਾ ਅਤੇ ਦਰਵਾਜੇ ਦੇ ਤਖ਼ਤੇ ਵੀ ਵੰਡੇ ਵਿਖਾਈ ਦਿੰਦੇ ਹਨ। ਕੰਧ ਬਾਹਰ ਵਿਖਾਈ ਦਿੰਦੀ ਹੈ, ਜੋ ਗੁੱਸੇ ਨਾਲ ਹੋਏ ਵੰਡਾਰੇ ਦੀ ਸ਼ਾਹਦੀ ਭਰਦੀ ਹੈ। ਚੰਗੀ ਸੋਚ ਵਾਲੇ ਇਨਸਾਨ ਨੂੰ ਇਹ ਕੰਧ ਭਾਰਤ ਪਾਕ ਨੂੰ ਵੰਡਣ ਵਾਲੀ ਰੈੱਡਕਲਿੱਫ ਰੇਖਾ ਨਾਲੋਂ ਵੀ ਬੁਰੀ ਲਗਦੀ ਹੈ, ਕਿਉਂਕਿ ਇਹ ਸਕੇ ਭਰਾਵਾਂ ਵੱਲੋਂ ਕੀਤੀ ਬਜੁਰਗਾਂ ਦੀ ਸੋਚ ਤੇ ਉਮੀਦਾਂ ਨੂੰ ਵੰਡਦੀ ਹੈ।
ਲੋੜ ਹੈ ਭਰਾਵੀਂ ਵੰਡ ਗੁੱਸੇ ਦੀ ਬਜਾਏ ਵਡੇਰੇ ਬਜੁਰਗਾਂ ਦੀ ਸੋਚ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇ। ਭਰਾਵਾਂ ਦਾ ਅੱਡ ਅੱਡ ਹੋਣਾ ਕੁਦਰਤੀ ਵਰਤਾਰਾ ਹੈ ਜਿਸਨੂੰ ਫ਼ਰਜ ਸਮਝ ਕੇ ਕਰਨਾ ਚਾਹੀਦਾ ਹੈ। ਇਸ ਵਿੱਚੋਂ ਖੁਸ਼ੀ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ ਗੁੱਸੇ ਜਾਂ ਦੁਸਮਣੀ ਦੀ ਭਾਵਨਾ ਨੂੰ ਪ੍ਰਗਟ ਨਹੀਂ ਹੋਣ ਦੇਣਾ ਚਾਹੀਦਾ, ਤਾਂ ਜੋ ਸਮਾਂ ਪਾ ਕੇ ਮੁੜ ਕਦੇ ਆਪਣਿਆਂ ਨਾਲ ਮੋਹ ਪਿਆਰ ਉਜਾਗਰ ਕਰ ਦੇਵੇ।
ਮੋਬਾ: 098882 75913