ਪੰਜਾਬੀ ਸਾਹਿਤ ਵਿੱਚ ਭੋਲਾ ਸਿੰਘ ਸੰਘੇੜਾ ਲੰਬੇ ਸਮੇਂ ਤੋਂ ਸਥਾਪਤ ਰਚਨਾਕਾਰ ਹੈ, ਉਹ ਪੇਸ਼ੇ ਵਜੋਂ ਅਧਿਆਪਕ ਹੈ। ਉਸ ਦੀਆਂ ਹੁਣ ਤੱਕ ਕੁਲ ਸੋਲਾਂ ਪੁਸਤਕਾਂ ਛਪ ਚੁੱਕੀਆਂ ਹਨ, ਜਿਹਨਾਂ ਵਿੱਚ 5 ਕਹਾਣੀ ਸੰਗ੍ਰਹਿ, ਚਾਰ ਸੰਪਾਦਨਾ ਪੁਸਤਕਾਂ, ਤਿੰਨ ਅਨੁਵਾਦਿਕ ਪੁਸਤਕਾਂ, ਇੱਕ ਨਾਵਲ, ਵਾਰਤਕ, ਵਿਚਾਰ ਸੰਗ੍ਰਹਿ ਤੇ ਆਲੋਚਨਾ ਦੀ ਪੁਸਤਕ ਸ਼ਾਮਲ ਹਨ। ਉਸ ਦੀਆਂ ਚਾਰ ਕਹਾਣੀਆਂ ਦਿਸ਼ਾ, ਬੇਦਰਦ, ਜਾਲ ਤੇ ਪੱਗ ਉੱਪਰ ਲਘੂ ਫਿਲਮਾਂ ਵੀ ਬਣ ਚੁੱਕੀਆਂ ਹਨ। ਉਹ ਸੱਚ ਦੇ ਨੇੜੇ ਰਹਿ ਕੇ ਰਚਨਾ ਕਰਦਾ ਹੈ, ਉਸਦੇ ਪਾਤਰ ਸਾਫ਼ ਸੁਥਰੇ ਤੇ ਹੱਕ ਤੇ ਪਹਿਰਾ ਦੇਣ ਵਾਲੇ ਹੁੰਦੇ ਹਨ। ਉਹ ਪਿੰਡ ਵਿੱਚ ਜੰਮਿਆ ਪਲਿਆ ਹੈ, ਇਸ ਕਰਕੇ ਪੇਂਡੂ ਸੱਭਿਆਚਾਰ ਉਸਦੇ ਹਿਰਦੇ ਵਿੱਚ ਰਸਿਆ ਵਸਿਆ ਹੋਇਆ ਹੈ, ਉਸ ਦੀਆਂ ਬਹੁਤੀਆਂ ਰਚਨਾਵਾਂ ਪੇਂਡੂ ਆਧਾਰ ਵਾਲੀਆਂ ਹਨ। ਉਹ ਵਿਅੰਗ ਵਿੱਚ ਰਚਨਾ ਕਰਨ ਦੀ ਵੀ ਮੁਹਾਰਤ ਰੱਖਦਾ ਹੈ।
ਉਸਦੇ ਪੰਜਵੇ ਕਹਾਣੀ ਸੰਗ੍ਰਹਿ ‘ਜੜ-ਮੂਲ’ ਵਿੱਚ ਕੁੱਲ 8 ਕਹਾਣੀਆਂ ਹਨ, ਜੋ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਹੈ। ਕਹਾਣੀ ‘ਸਰਹੱਦ’ ਦੋ ਭਰਾਵਾਂ ਦੀ ਜ਼ਮੀਨ ਨਾਲ ਸਬੰਧਤ ਹੈ। ਇੱਕ ਭਰਾ ਖੇਤੀ ਕਰਦਾ ਹੈ ਦੂਜਾ ਸ਼ਹਿਰ ’ਚ ਰਹਿ ਕੇ ਨੌਕਰੀ ਕਰਦਾ ਬੱਚਿਆਂ ਨੂੰ ਪੜਾ ਕੇ ਵਿਦੇਸ ਭੇਜ ਦਿੰਦਾ ਹੈ। ਭਰਾਵਾਂ ਦਾ ਜ਼ਮੀਨ ਦੀ ਵੰਡ ਤੋਂ ਝਗੜਾ ਹੋ ਕੇ ਬੋਲ ਬਾਣੀ ਬੰਦ ਹੋ ਜਾਂਦੀ ਹੈ। ਮੁਲਾਜਮ ਭਰਾ ਜਰਨੈਲ ਸਿੰਘ ਉਪਰ ਉਸਦਾ ਵਿਦੇਸ਼ੀ ਪੁੱਤ ਜ਼ਮੀਨ ਵੇਚਣ ਲਈ ਦਬਾਅ ਪਾਉਂਦਾ ਹੈ, ਪਰ ਦੁਖੀ ਬਾਪ ਮਿੱਟੀ ਦਾ ਮੋਹ ਛੱਡ ਕੇ ਪੁੱਤ ਕੋਲ ਜਾਣ ਦੀ ਬਜਾਏ ਭਰਾ ਦੇ ਘਰ ਜਾ ਸਹਾਰਾ ਲੱਭਦਾ ਹੈ, ਜਿਸਦਾ ਪਰਿਵਾਰ ਉਸਨੂੰ ਗਲੇ ਲਾਉਂਦਾ ਹੈ। ਇਹ ਕਹਾਣੀ ਵੱਡਾ ਸੁਆਲ ਖੜਾ ਕਰਦੀ ਹੈ ਕਿ ਕਿਵੇਂ ਵਿਦੇਸ਼ੀ ਬੱਚੇ ਆਪਣੀ ਜਨਮ ਭੋਇਂ ਦਾ ਮੋਹ ਤੋੜ ਰਹੇ ਹਨ ਅਤੇ ਮਾਪਿਆਂ ਦੀ ਸਥਿਤੀ ਕੀ ਹੈ? ਕਹਾਣੀ ‘ਪਰਤ ਆਵਾਂਗਾ ਮੈਂ’ ਕਰੋਨਾ ਸਮੇਂ ਦੀ ਕਹਾਣੀ ਹੈ, ਜੋ ਦਿਲ ਨੂੰ ਹਲੂਣਦੀ ਹੈ। ਜਦੋਂ ਦੁਨੀਆਂ ਦੇ ਕੰਮ ਰੁਕ ਗਏ, ਗਰੀਬ ਮਜਦੂਰ ਸੁੰਦਰ ਲਾਲ ਜ਼ਿਮੀਦਾਰ ਦੇ ਘਰ ਜਾ ਕੇ ਪਾਥੀਆਂ ਚੋਂ ਸੱਪ ਫੜ ਕੇ ਕੁੱਝ ਨਕਦੀ ਲੈਂਦਾ ਹੈ ਅਤੇ ਫੇਰ ਅੱਖ ਬਚਾ ਕੇ ਉਸਦਾ ਸਾਈਕਲ ਚੋਰੀ ਕਰਕੇ ਆਪਣੇ ਬਿਹਾਰ ਨੂੰ ਜਾ ਰਹੇ ਪਰਿਵਾਰ ਨਾਲ ਜਾ ਰਲਦਾ ਹੈ। ਇੱਥੇ ਇਹ ਮਿਹਨਤੀ ਚੋਰ ਲਗਦਾ ਹੈ, ਪਰ ਆਪਣੇ ਪਿੰਡ ਪਹੰੁਚ ਕੇ ਉਹ ਜਿਮੀਦਾਰ ਨੂੰ ਖ਼ਤ ਲਿਖ ਕੇ ਸਪਸ਼ਟ ਕਰਦਾ ਹੈ, ਕਿ ਮੈਂ ਜਲਦੀ ਪਰਤ ਆਵਾਂਗਾ ਤੇ ਤੁਹਾਡਾ ਪੈਸਾ ਪੈਸਾ ਚੁਕਾ ਦੇਵਾਂਗਾ। ਇੱਥੋਂ ਉਸਦੀ ਮਜਬੂਰੀ ਤੇ ਇਮਾਨਦਾਰੀ ਸਾਹਮਣੇ ਆ ਜਾਂਦੀ ਹੈ।
ਕਹਾਣੀ ‘ਨਹੀਂ ਪਾਪਾ ਨਹੀਂਂ’ ਆਰਥਿਕ ਤੰਗੀ ਦੇ ਸ਼ਿਕਾਰ ਵੱਲੋਂ ਆਪਣੀ ਪੁੱਤਰੀ ਨੂੰ ਵਿਦੇਸ਼ ਭੇਜਣ ਦੀ ਮੁਸ਼ਕਿਲ ਨੂੰ ਪਰਤੱਖ ਕਰਦੀ ਹੈ। ਮਾਪੇ ਆਪਣੀ ਧੀ ਨੂੰ ਦੱਸੇ ਬਗੈਰ ਰਿਸ਼ਤੇਦਾਰੀ ਦੇ ਮੁੰਡੇ ਨਾਲ ਉਸਦੇ ਵਿਆਹ ਦਾ ਵਾਅਦਾ ਕਰਕੇ ਉਸਤੋਂ ਰਕਮ ਲੈ ਕੇ ਸ਼ਰਨਜੀਤ ਨੂੰ ਵਿਦੇਸ਼ ਭੇਜ ਦਿੰਦੇ ਹਨ। ਜਦ ਕੈਨੇਡਾ ਬੈਠੀ ਪੁੱਤਰੀ ਨੂੰ ਪਤਾ ਲਗਦਾ ਹੈ ਤਾਂ ਉਹ ਆਪਣੇ ਭਵਿੱਖ ਤੋਂ ਜਾਣੂ ਕਰਵਾਉਂਦਿਆਂ ਇਹ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੀ ਹੈ। ਜਦ ਬਾਪ ਮਜਬੂਰੀ ਪੇਸ਼ ਕਰਦਾ ਹੈ ਕਿ ਜੇ ਜਵਾਬ ਦੇਵਾਂਗੇ ਤਾਂ ਪੈਸਾ ਕਿੱਥੋਂ ਮੋੜਾਂਗੇ, ਤਾਂ ਬੇਟੀ ਦੂਜੇ ਦਿਨ ਆਪਣੇ ਬਾਪ ਦੇ ਬੈਂਕ ਖਾਤੇ ’ਚ ਰਕਮ ਭੇਜ ਦਿੰਦੀ ਹੈ। ਕਹਾਣੀ ’ਚ ਮਾਪਿਆਂ ਦੀ ਮਜਬੂਰੀ, ਧੀ ਦੀ ਭਵਿੱਖ ਦੀ ਚਿੰਤਾ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਕਹਾਣੀ ‘ਸਿਵ ਰਾਜ’ ਕਿਸਾਨ, ਸੀਰੀ ਤੇ ਆੜਤੀਏ ਤੇ ਆਧਾਰਤ ਹੈ। ਕਿਸਾਨ ਤੇ ਸੀਰੀ ਦਾ ਆਪਸੀ ਪਿਆਰ ਹੱਦ ਦਰਜੇ ਦਾ ਹੈ। ਆੜਤੀਆ ਰਾਮ ਨਾਥ ਕਿਸਾਨ ਦਾ ਹੱਥ ਤੰਗ ਹੋਣ ਤੇ ਉਸਦਾ ਘਰ ਖਰੀਦ ਕੇ ਆਪਣੇ ਘਰ ’ਚ ਰਲਾ ਲੈਂਦਾ ਹੈ। ਇਹ ਕਹਾਣੀ ਕਿਸਾਨ, ਸੀਰੀ ਤੇ ਆੜਤੀਏ ਦੀ ਸੋਚ ਨੂੰ ਉਘੇੜਦੀ ਹੈ ਤੇ ਪਾਠਕ ਤੇ ਉਹਨਾਂ ਦੇ ਫ਼ਰਕ ਦਾ ਪ੍ਰਭਾਵ ਛੱਡਦੀ ਹੈ।
ਕਹਾਣੀ ‘ਜੜ-ਮੂਲ’ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਗੁਰਮੁਖ ਸਿੰਘ ਬੱਚਿਆਂ ਨੂੰ ਪੜਾ ਕੇ ਵਿਦੇਸ਼ ਭੇਜ ਦਿੰਦਾ ਹੈ, ਕੁੱਝ ਦੇਰ ਬਾਅਦ ਵਿਦੇਸ਼ੀ ਪੁੱਤ ਆਪਣੇ ਬਾਪ ਨੂੰ ਜ਼ਮੀਨ ਜਾਇਦਾਦ ਵੇਚਣ ਲਈ ਦਬਾਅ ਪਾਉਂਦਾ ਹੈ, ਪਰ ਗੁਰਮੁੱਖ ਸਿੰਘ ਗੁੱਸੇ ਵਿੱਚ ਫੋਨ ਮਿਲਾ ਕੇ ਪੁੱਤ ਨੂੰ ਕਹਿੰਦਾ ਹੈ ਕਿ ਮੈਨੂੰ ਲੋੜ ਨਹੀਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਤੇਰੇ ਕੋਲ ਆਉਣ ਦੀ। ਕਮਾਓ ਤੇ ਖਾਓ ਮੈਂ ਜਾਇਦਾਦ ਨਹੀਂ ਵੇਚਾਂਗਾ, ਤੇ ਫੋਨ ਕੱਟ ਦਿੰਦਾ ਹੈ। ਇਹ ਕਹਾਣੀ ਵਿਦੇਸ਼ਾਂ ਵਿੱਚ ਪਹੁੰਚਣ ਵਾਲੇ ਬੱਚਿਆਂ ਵੱਲੋਂ ਆਪਣੀ ਧਰਤੀ ਅਤੇ ਮਾਪਿਆਂ ਨਾਲੋਂ ਟੁੱਟ ਰਹੇ ਮੋਹ ਦੀ ਬਾਤ ਪਾਉਂਦੀ ਹੈ। ਕਹਾਣੀ ‘ਧੁੰਦ’ ਕਰੋਨਾ ਸਮੇਂ ਦੀ ਵਿਥਿਆ ਹੈ ਕਿ ਕਿਵੇਂ ਮੌਤ ਦਾ ਡਰ ਭਾਰੂ ਪੈ ਗਿਆ ਸੀ। ਕਹਾਣੀ ‘ਵਾਅਦਾ’ ਕਾਲਜ ਪੜਦੀ ਲੜਕੀ ਦੀ ਮਨੋਦਸ਼ਾ ਪ੍ਰਗਟ ਕਰਦੀ ਹੈ, ਕਿਸਾਨ ਪਰਿਵਾਰ ਦੀ ਇਹ ਧੀ ਕੰਵਲਜੀਤ ਚੰਡੀਗੜ ਪੜਦੀ ਹੈ, ਇੱਕ ਦਿਨ ਆਪਣੇ ਦੋਸ਼ਤ ਜਸ਼ਨ ਨਾਲ ਦੂਜੇ ਦਿਨ ਮਿਲਣ ਦਾ ਵਾਅਦਾ ਕਰਦੀ ਹੈ। ਗਰਮੀ ਬਹੁਤ ਹੈ, ਉਹ ਰੱਬ ਤੋਂ ਮੀਂਹ ਮੰਗਦੀ ਹੈ। ਮੀਂਹ ਨਾਲ ਉਹਨਾਂ ਦੇ ਪਿੰਡ ਤਾਂ ਗੜੇ ਵੀ ਪੈ ਜਾਂਦੇ ਹਨ, ਉਹਨਾਂ ਦੀ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ। ਬਾਪ ਫ਼ਸਲ ਵੇਖ ਕੇ ਮਾਨਸਿਕ ਦਬਾਅ ਹੇਠ ਆ ਜਾਂਦਾ ਹੈ, ਕੁੜੀ ਦੀ ਮਾਂ ਜਦ ਫੋਨ ਕਰਕੇ ਦਸਦੀ ਹੈ ਤਾਂ ਉਹ ਪੜਾਈ ਤੇ ਟੈਸਟ ਛੱਡ ਘਰ ਪਹੁੰਚ ਜਾਂਦੀ ਹੈ। ਜਸ਼ਨ ਫੋਨ ਤੇ ਵਾਅਦਾ ਯਾਦ ਕਰਾਉਂਦਾ ਹੈ ਤਾਂ ਉਹ ਕਹਿੰਦੀ ਹੈ ਵਾਅਦਾ ਤਾਂ ਯਾਦ ਹੈ ਅਸਲ ’ਚ ਜਸ਼ਨ ਭੁੱਲ ਤਾਂ ਮੈਂ ਆਪਣਾ ਘਰ ਤੇ ਖੇਤ ਗਈ ਸੀ।
ਕਹਾਣੀ ਬੰਦੇ ਦਾ ਪੁੱਤਰ ਇੱਕ ਨਿਵੇਕਲੀ ਕਿਸਮ ਦੀ ਕਹਾਣੀ ਹੈ। ਜੋ ਜਾਨਵਰਾਂ ਪੰਛੀਆਂ ਦੀ ਵਾਰਤਾਲਾਪ ਤੇ ਆਧਾਰਤ ਹੈ। ਕਰੋਨਾ ਸਮੇਂ ’ਚ ਇਹ ਇਕੱਠੇ ਹੋ ਕੇ ਚਰਚਾ ਕਰਦੇ ਹਨ ਕਿ ਬੰਦਾ ਕਿਤੇ ਨਹੀਂ ਦਿਸਦਾ, ਉਹ ਡਰ ਗਿਆ ਹੈ। ਬੰਦਾ ਜਾਨਵਰਾਂ ਤੇ ਪੰਛੀਆਂ ਨੂੰ ਮਾਰਦਾ ਸੀ, ਹੁਣ ਕੋਈ ‘ਕਰੋਨਾ ਵਾਇਰਸ’ ਨਾਂ ਦੇ ਜਾਨਵਰ ਨੇ ਮਨੁੱਖ ਜਾਤੀ ਤੇ ਹਮਲਾ ਕਰ ਦਿੱਤਾ ਹੈ। ਮਨੁੱਖ ਨੇ ਕੁਦਰਤ ਦੀ ਮਹਾਨਤਾ ਨੂੰ ਮਨੋ ਵਿਸਾਰ ਦਿੱਤਾ ਸੀ, ਆਖ਼ਰ ਕੁਦਰਤ ਨੇ ਰੰਗ ਵਿਖਾਇਆ ਹੈ। ਬੰਦੇ ਦਾ ਹੰਕਾਰ ਤੋੜਿਆ ਹੈ। ਇਹ ਕਹਾਣੀ ਮਨੁੱਖ ਜਾਤੀ ਲਈ ਜੀਵਾਂ, ਪੰਛੀਆਂ, ਵਾਤਾਵਰਣ, ਪਾਣੀ ਆਦਿ ਨੂੰ ਬਚਾਉਣ ਦਾ ਵੱਡਾ ਸੁਨੇਹਾ ਦਿੰਦੀ ਹੈ।
ਭੋਲਾ ਸਿੰਘ ਸੰਘੇੜਾ ਦੀ ਇਹ ਪੁਸਤਕ ਮੁੱਲਵਾਨ ਹੈ ਅਤੇ ਜੀਵਨ ਜਾਂਚ ਦਾ ਰਾਹ ਵਿਖਾਉਂਦੀ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913