ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਲ੍ਹਾ ਪੱਤਰ

ਲਿਖਤੁਮ ਰਵਿੰਦਰ ਸਿੰਘ ਸੋਢੀ ਵੱਲ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਦੇ ਨਾਂ। ਆਸ਼ਾ ਹੈ ਕਿ ਜਦ ਤੱਕ ਇਹ ਪੱਤਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਵੇ ਗਾ ਉਸ ਸਮੇਂ ਤੱਕ ਤੁਹਾਡੀ ਤਾਜਪੋਸ਼ੀ ਹੋ ਚੁੱਕੀ ਹੋਵੇਗੀ ਜਾਂ ਉਸ ਦੀਆਂ ਤਿਆਰੀਆਂ ਹੋ ਰਹੀਆਂ ਹੋਣ ਗੀਆਂ। 18 ਵੀਂ ਲੋਕ ਸਭਾ ਦੇ ਨਤੀਜਿਆਂ ਨੂੰ ਦੇਖਦੇ ਹੋਏ ਤੁਸੀਂ ਭਾਰਤ ਦੇ ਸੰਵਿਧਾਨ ਅਨੁਸਾਰ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਹੋਣ ਕਰਕੇ ਅਤੇ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਨਾਲ ਬਹੁਮਤ ਵਿਚ ਹੋਣ ਕਰਕੇ ਇਸ ਦੇ ਕਾਨੂੰਨੀ ਹੱਕਦਾਰ ਹੋ, ਪਰ ਨੈਤਿਕ ਤੌਰ ਤੇ ਤੁਸੀਂ ਇਹ ਹੱਕ ਗਵਾ ਚੁੱਕੇ ਹੋ? ਤੁਹਾਡੀ ਪਾਰਟੀ ਵੱਲੋਂ ਇਹ ਚੋਣਾਂ ਪਾਰਟੀ ਨੀਤੀ ਦੇ ਮੁੱਦਿਆਂ ਨੂੰ ਅਧਾਰ ਬਣਾ ਕੇ ਨਹੀਂ ਸੀ ਲੜੀਆਂ ਗਈਆਂ, ਬਲਕਿ ਨਰੇਂਦਰ ਮੋਦੀ ਨੂੰ ਤੀਜਾ ਮੌਕਾ ਦੇਣ ਦਾ ਨਾਹਰਾ ਲਾ ਕੇ ਲੜੀਆਂ ਗਈਆਂ ਸੀ। ਚੋਣ ਪ੍ਚਾਰ ਦੀ ਬਹੁਤੀ ਜਿੰਮੇਵਾਰੀ ਵੀ ਤੁਹਾਡੇ ਹੀ ਮੋਢਿਆਂ ‘ਤੇ ਸੀ। ਤੁਹਾਡੀ ਪਾਰਟੀ ਦੇ ਹੋਰ ਵੀ ਕਈ ਕੱਦਵਾਰ ਨੇਤਾ ਹਨ, ਜੋ ਚੰਗੇ ਬੁਲਾਰੇ ਵੀ ਹਨ। ਉਹਨਾਂ ਨੂੰ ਬਹੁਤਾ ਅੱਗੇ ਨਹੀਂ ਕੀਤਾ ਗਿਆ, ਕਿਉਂ ਜੋ ਤੁਹਾਡਾ ਵਿਅਕਤੀਗਤ ਵਿਚਾਰ ਹੈ ਕਿ ਭਾਰਤ ਦੀ ਜਨਤਾ ਲਈ ਮੋਦੀ ਦਾ ਨਾਂ ਹੀ ਦੇਸ਼ ਦੀ ਤਰੱਕੀ ਦੀ ਗਰੰਟੀ ਹੈ। ਸੋ ਜੇ ਤੁਹਾਡੇ ਨਾਂ ਦਾ ਪ੍ਰਚਾਰ ਕਰਕੇ ਲੜੀਆਂ ਚੋਣਾਂ ਵਿਚ ਤੁਹਾਨੂੰ ਵਿਅਕਤੀਗਤ ਤੌਰ ਤੇ ਬਹੁਮਤ ਨਹੀਂ ਮਿਲਿਆ ਤਾਂ ਇਸ ਦਾ ਅਰਥ ਸਾਫ ਹੈ ਕਿ ਦੇਸ ਦੀ ਜਨਤਾ ਨੂੰ ਤੁਹਾਡੇ ਪ੍ਤੀ ਵਿਸਵਾਸ਼ ਨਹੀਂ ਰਿਹਾ। ਜਦੋਂ ਤੁਸੀਂ ਆਮ ਜਨਤਾ ਦਾ ਵਿਸਵਾਸ਼ ਗਵਾ ਚੁੱਕੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੇ ਹੋ? ਤੁਸੀਂ ਕਦੇ ਵੀ ਐਨ ਡੀ ਏ ਗੱਠਜੋੜ ਨੂੰ ਤੀਜਾ ਮੌਕਾ ਦੇਣ ਦੀ ਗੱਲ ਨਹੀਂ ਕੀਤੀ। ਪਿਛਲੇ ਦਸ ਸਾਲ ਦੇ ਤੁਹਾਡੇ ਕਾਰਜਕਾਲ ਦੌਰਾਨ ਬੀ ਜੇ ਪੀ ਪਾਰਟੀ ਤਾਂ ਆਪਣਾ ਅਸਤਿਤਵ ਗਵਾ ਕੇ ਮੋਦੀ ਪਾਰਟੀ ਬਣ ਕੇ ਰਹਿ ਗਈ ਸੀ। ਜਿਵੇਂ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ “ਇੰਦਰਾ ਇਜ਼ ਇੰਡੀਆ ਅਤੇ ਇੰਡੀਆ ਇਜ਼ ਇੰਦਰਾ” ਦਾ ਨਾਹਰਾ ਲੱਗਦਾ ਸੀ, ਤੁਸੀਂ ਉਸ ਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ ਆਪਣੇ ਹਰ ਭਾਸ਼ਣ ਅਤੇ ਚੋਣ ਰੈਲੀਆਂ ਵਿਚ ਇਹ ਕਹਿੰਦੇ ਸੀ ‘ਇਹ ਮੋਦੀ ਦਾ ਵਾਅਦਾ ਹੈ, ਮੋਦੀ ਤੁਹਾਨੂੰ ਇਹ ਯਕੀਨ ਦੁਆ ਰਿਹਾ ਹੈ—- ਵਗੈਰਾ, ਵਗੈਰਾ। ਤੁਸੀਂ ਕਦੇ ਬੀ ਜੇ ਪੀ ਪਾਰਟੀ ਦਾ ਤਾਂ ਨਾਂ ਹੀ ਨਹੀਂ ਸੀ ਲਿਆ ਅਤੇ ਨਾ ਇਹ ਕਿਹਾ ਸੀ ਕਿ ‘ਮੈਂ ਬੀ ਜੇ ਪੀ ਪਾਰਟੀ ਵੱਲੋਂ ਭਾਰਤ ਦੀ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਤੁਹਾਡੇ ਲਈ ਇਹ, ਇਹ ਕੰਮ ਕਰੇਗੀ’। ਇਹ ਦੱਸੋ ਇਕੱਲਾ ਮੋਦੀ ਵਿਅਕਤੀਗਤ ਤੌਰ ਤੇ ਭਾਰਤ ਦੀ ਜਨਤਾ ਨੂੰ ਕਿਵੇਂ ਕੋਈ ਵਾਅਦਾ ਕਰ ਸਕਦਾ ਹੈ? ਜੇ ਪਾਰਟੀ ਸਮੁੱਚੇ ਤੌਰ ਤੇ ਕਿਸੇ ਮਾਮਲੇ ਤੇ ਤੁਹਾਡੀ ਸੋਚ ਨਾਲੋਂ ਵੱਖਰੀ ਸੋਚ ਰੱਖਦੀ ਹੋਵੇ, ਫੇਰ ਕੀ ਹੋਵੇਗਾ? ਲੋਕਰਾਜ ਵਿਚ ਵਿਅਕਤੀ ਵਿਸ਼ੇਸ਼ ਨਾਲੋਂ ਪਾਰਟੀ ਜਾਂ ਗੱਠਬੰਧਨ ਦੀ ਜਿਆਦਾ ਅਹਿਮੀਅਤ ਹੁੰਦੀ ਹੈ। ਜਦੋਂ ਪਾਰਟੀ ਦੀ ਥਾਂ ਤੁਸੀਂ ਜਨਤਾ ਨਾਲ ਵਾਅਦੇ ਕਰਦੇ ਸੀ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਉਸ ਪਾਰਟੀ ਦੇ ਨੇਤਾ ਨਹੀਂ ਸਗੋਂ ਮਾਲਕ ਹੋ ਗਏ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਦੋਂ ਤੁਸੀਂ ਆਪਣੇ-ਆਪ ਹੀ ਨੋਟਬੰਦੀ ਦਾ ਫੁਰਮਾਨ ਜਾਰੀ ਦਿੱਤਾ ਸੀ। ਖੈਰ ਨੋਟਬੰਦੀ ਦੇ ਮਾਮਲੇ ਤੇ ਤਾਂ ਬਹੁਤ ਚਰਚਾ ਹੋ ਚੁੱਕੀ ਹੈ। ਹਾਂ, ਤੁਹਾਨੂੰ ਯਾਦ ਹੀ ਹੋਵੇਗਾ ਜਦੋਂ ਤੁਸੀਂ ਇਕ ਵਾਰ ਵਿਦੇਸ਼ੀ ਦੌਰੇ ਤੋਂ ਵਾਪਸ ਆ ਰਹੇ ਸੀ ਤਾਂ ਤੁਹਾਡਾ ਜਹਾਜ ਪਾਕਿਸਤਾਨ ਦੇ ਇਲਾਕੇ ਵਿਚ ਉੱਡ ਰਿਹਾ ਸੀ। ਤੁਸੀਂ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਨਾਬ ਨਿਵਾਜ਼ ਸ਼ਰੀਫ ਨਾਲ ਗੁਫਤਗੂ ਕਰਨ ਲਈ ਫੋਨ ਮਿਲਾ ਲਿਆ। ਉਸ ਸਮੇਂ ਉਹਨਾਂ ਦੀ ਦੋਹਤੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ। ਉਹ ਨੇ ਤੁਹਾਨੂੰ ਕਹਿ ਦਿੱਤਾ ‘ਆ ਜਾਉ’। ਤੁਸੀਂ ਜਹਾਜ ਦੇ ਪਾਇਲਟ ਨੂੰ ਜਹਾਜ ਰੋਕਣ ਦਾ ਹੁਕਮ ਸੁਣਾ ਦਿੱਤਾ। ਇਹ ਦੱਸੋ ਕੀ ਜਨਾਬ ਨਿਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਪਹਿਲਾਂ ਵਿਆਹ ਦਾ ਨਿਉਤਾ ਭੇਜਿਆ ਸੀ? ਕੀ ਕਿਸੇ ਮੁਲਕ ਦੇ ਵਜ਼ੀਰੇ ਆਜ਼ਮ ਇਸ ਤਰਾਂ ਦੇ ਮੂੰਹ ਜਵਾਨੀ ਕਹਿਣ ਨਾਲ ਚਲੇ ਜਾਂਦੇ ਹਨ? ਦੇਸ਼ ਦੇ ਮੁੱਖੀ ਦੇ ਵਿਦੇਸ਼ੀ ਦੌਰਿਆਂ ਤੋਂ ਪਹਿਲਾਂ ਪਰਦੇ ਦੇ ਪਿੱਛੇ ਸਹਿਯੋਗੀਆਂ ਦੀਆਂ ਮੀਟਿੰਗਾਂ ਦੇ ਕਈ ਦੌਰ ਚਲਦੇ ਹਨ, ਏਜੰਡਾ ਤਿਆਰ ਹੁੰਦਾ ਹੈ।

ਹੁਣ ਵੀ ਨਤੀਜੇ ਆਉਣ ਤੋਂ ਬਾਅਦ ਤੁਸੀਂ ਕਿਹਾ ਹੈ ਕਿ ਲੋਕਾਂ ਨੇ ਤੁਹਾਨੂੰ ਤੀਜੀ ਵਾਰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਮੌਕਾ ਤਾਂ ਦਿੱਤਾ ਹੁੰਦਾ ਜੇ ਤੁਹਾਡੇ ਕੋਲ ਆਪਣੇ ਤੌਰ ਤੇ ਬਹੁਮਤ ਹੁੰਦਾ? ਭਾਵੇਂ ਤੁਹਾਡਾ ਨਾਹਰਾ ਸੀ “ਅਬ ਕੀ ਵਾਰ ਚਾਰ ਸੌ ਪਾਰ”। ਜਨਾਬ ਚਾਰ ਸੌ ਤਾਂ ਦੂਰ ਦੀ ਗੱਲ ਹੈ, ਤੁਸੀਂ 240 ਤੇ ਹੀ ਅਟਕ ਗਏ, ਜੋ ਪਿਛਲੀ ਵਾਰ ਨਾਲੋਂ ਤਕਰੀਬਨ 65 ਸੀਟਾਂ ਘੱਟ ਹਨ। ਇਹ ਲੋਕਾਂ ਨੇ ਤੁਹਾਡੇ ਵਿਚ ਭਰੋਸੇ ਘਟਾਇਆ ਹੈ ਜਾਂ ਵਧਾਇਆ ਹੈ? ਪੰਜਾਬੀ ਦੀ ਇਕ ਕਹਾਵਤ ਹੈ ਕਿ ‘ਕਿਸੇ ਦੀ ਡੁੱਲ੍ਹ ਗਈ ਦਾਲ, ਉਹ ਕਹਿੰਦਾ ਅਸੀਂ ਤਾਂ ਇਸੇ ਤਰਾਂ ਹੀ ਖਾਂਦੇ ਹਾਂ’। ਸੋ ਪਿਛਲੀਆਂ ਚੋਣਾਂ ਦੀਆਂ ਸੀਟਾਂ ਨਾਲੋਂ ਘੱਟ ਮਿਲੀਆਂ ਸੀਟਾਂ ਨੂੰ ਤੁਸੀਂ ਜਨਤਾ ਦਾ ਹਾਂ-ਪੱਖੀ ਹੁੰਗਾਰਾ ਮੰਨਦੇ ਹੋ, ਇਹ ਸੋਚ ਤੁਹਾਨੂੰ ਮੁਬਾਰਕ। ਜੇ ਤੁਹਾਨੂੰ ਸਧਾਰਨ ਬਹੁਮਤ ਵੀ ਮਿਲ ਜਾਂਦਾ ਤਾਂ ਵੀ ਮੰਨਿਆ ਜਾ ਸਕਦਾ ਸੀ।

ਹਾਂ ਸੱਚ ਯਾਦ ਆਇਆ, ਤੁਸੀਂ ਤਾਂ ਇਕ ਵਾਰ ਕਿਹਾ ਸੀ, ‘ਮੇਰਾ ਕਿਆ ਹੈ। ਮੈਂ ਤੋਂ ਫਕੀਰ ਹੂੰ। ਜਬ ਕਹੋ ਗੇ ਝੋਲਾ ਉੱਠਾ ਕੇ ਚਲਾ ਜਾਊਂ ਗਾ।’ ਇਸ ਵਾਰ ਤਾਂ ਜਨਤਾ-ਜਨਾਰਦਨ ਨੇ ਤੁਹਾਨੂੰ ਝੋਲਾ ਚੁੱਕ ਕੇ ਜਾਣ ਲਈ ਕਹਿਣ ਤੋਂ ਕਸਰ ਤਾਂ ਕੋਈ ਨਹੀਂ ਛੱਡੀ। ਕੀ ਗੱਲ, ਦਸ ਸਾਲ ਵਿਚ ਫਕੀਰੀ ਦੇ ਝੋਲੇ ਦਾ ਭਾਰ ਐਨੇ ਵਧ ਗਿਆ ਹੈ ਕਿ ਹੁਣ ਝੋਲਾ ਚੁੱਕਣ ਵਿਚ ਦਿੱਕਤ ਆ ਰਹੀ ਹੈ ਜਾਂ ਝੋਲੇ ਦੇ ਨਸ਼ੇ ਨੇ ਸਰੂਰ ਜਿਆਦਾ ਹੀ ਕਰ ਦਿੱਤਾ ਹੈ?

ਤੁਸੀਂ ਲੋਕ ਰਾਜੀ ਕਦਰਾਂ ਕੀਮਤਾਂ ਦਾ ਵੀ ਨਿਰਾਦਰ ਕਰਨ ਤੋਂ ਪਿੱਛੇ ਨਹੀਂ ਹਟੇ। ਦੇਸ ਦੇ ਸੰਵਿਧਾਨ ਅਨੁਸਾਰ ਕੇਂਦਰੀ ਸਰਕਾਰ ਰਾਸ਼ਟਰਪਤੀ ਦੇ ਨਾਂ ਤੇ ਚੱਲਦੀ ਹੈ। ਜਦੋਂ ਦੇਸ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਸੀ, ਇਸ ਕੰਮ ਲਈ ਰਾਸ਼ਟਰਪਤੀ ਨੂੰ ਅੱਗੇ ਹੋਣਾ ਚਾਹੀਦਾ ਸੀ, ਪਰ ਉਹਨਾਂ ਨੂੰ ਤਾਂ ਉਸ ਸਮਾਗਮ ਲਈ ਰਸਮੀ ਤੌਰ ਤੇ ਸੱਦਾ ਵੀ ਨਹੀਂ ਸੀ ਭੇਜਿਆ ਗਿਆ। ਕਿਉਂ? ਤੁਸੀਂ ਗੱਲ-ਗੱਲ ਤੇ ਹਿੰਦੂ ਧਰਮ ਦੀ ਦੁਹਾਈ ਦਿੰਦੇ ਹੋ। ਜਦੋਂ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿੰਦੂ ਧਰਮ ਦੇ ਮੱਠਾਂ ਦੇ ਸਤਿਕਾਰਤ ਸ਼ੰਕਰਾਚਾਰੀਆ ਵੱਲੋਂ ਅਧੂਰੇ ਰਾਮ ਮੰਦਰ ਦੇ ਉਦਘਾਟਨ ਤੋਂ ਰੋਕਿਆ ਗਿਆ ਸੀ, ਤੁਸੀਂ ਉਹਨਾਂ ਦੀ ਵੀ ਨਹੀਂ ਮੰਨੀ। ਇਹ ਦੱਸੋ ਹਿੰਦੂ ਧਰਮ ਨੂੰ ਖਤਰਾ ਕਿਸ ਤੋਂ ਮੰਨਿਆ ਜਾਵੇ, ਗੈਰ-ਹਿੰਦੂਆਂ ਤੋਂ ਜਾਂ ਉਹਨਾਂ ਤੋਂ ਜੋ ਆਪਣੇ ਹੀ ਧਰਮ ਦੇ ਧਰਮ ਆਗੂਆਂ ਦੀ ਗੱਲ ਨਹੀਂ ਮੰਨਦੇ? ਅਸਲ ਵਿਚ ਤੁਸੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕਰਕੇ ਰਾਜਸੀ ਫਾਇਦਾ ਲੈਣਾ ਚਾਹੁੰਦੇ ਸੀ।

ਤੁਹਾਡੇ ਵਾਰੇ ਆਮ ਕਿਹਾ ਜਾਂਦਾ ਹੈ ਕਿ ਤੁਸੀਂ ਬਹੁਤੇ ਫੈਸਲੇ ਆਪਣੀ ਮਰਜੀ ਨਾਲ ਹੀ ਕਰਦੇ ਹੋਏ ਕਿਸੇ ਵੱਲੋਂ ਕੀਤੀ ਆਲੋਚਨਾ ਨਹੀਂ ਸਹਾਰਦੇ। 2014 ਵਿਚ ਜਦੋਂ ਤੁਸੀਂ ਪਹਿਲੀ ਵਾਰ ਦੇਸ ਦੀ ਵਾਗਡੋਰ ਸੰਭਾਲੀ ਸੀ ਤਾਂ ਤੁਸੀਂ ਪਹਿਲਾਂ ਹੀ ਆਰ ਐਸ ਐਸ ਤੋਂ ਇਸ ਗੱਲ ਦੀ ਇਜਾਜ਼ਤ ਲੈ ਲਈ ਸੀ ਕਿ ਤੁਸੀਂ ਆਪਣੀ ਪਾਰਟੀ ਦੇ ਉਸ ਸਮੇਂ ਦੇ ਕੁਝ ਕੱਦਵਾਰ ਨੇਤਾਵਾਂ (ਲਾਲ ਕਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸਵੰਤ ਸਿਨਹਾ ਨੂੰ ਵਜ਼ਾਰਤ ਵਿਚ ਨਹੀਂ ਲਓ ਗੇ)। ਜਦੋਂ ਕਿ ਗੋਧਰਾ ਕਾਂਡ ਵੇਲੇ ਤਤਕਾਲੀਨ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਤੁਹਾਡੇ ਨਾਲ ਨਾਰਾਜ਼ ਸੀ, ਪਰ ਅਡਵਾਨੀ ਸਾਹਿਬ ਦੀ ਬਦੌਲਤ ਹੀ ਤੁਹਾਡੀ ਕੁਰਸੀ ਬਚੀ ਸੀ। ਪਿਛਲੇ ਪੰਜ ਸਾਲ ਤਾਂ ਸਰਕਾਰ ਸਿਰਫ ਦੋ ਬੰਦਿਆਂ ਦੀ ਮਰਜੀ ਨਾਲ ਹੀ ਚੱਲਦੀ ਰਹੀ ਹੈ। ਹੁਣ ਬਦਲਦੇ ਹਾਲਾਤ ਵਿਚ ਤੁਹਾਡਾ ਕੰਮ ਕਿਵੇਂ ਚੱਲੇ ਗਾ, ਕਿਉਂ ਜੋ ਹੁਣ ਤੁਹਾਨੂੰ ਸਰਕਾਰ ਚਲਾਉਣ ਲਈ ਚੰਦਰ ਬਾਬੂ ਨਾਇਡੂ ਅਤੇ ਨਿਤਿਸ਼ ਕੁਮਾਰ ਵਰਗੇ ਦੋ ਘਾਗ ਸਿਆਸਤਦਾਨਾਂ ਦੀਆਂ ਵਿਸਾਖੀਆਂ ਦੀ ਜਰੂਰਤ ਪਵੇ ਗੀ। ‘ਮੋਦੀ ਦੇ ਵਾਅਦੇ’ ਦੀ ਜਗਾ ‘ਐਨ ਡੀ ਏ ਗੱਠਜੋੜ’ ਦਾ ਵਾਅਦਾ ਕਹਿਣਾ ਪਵੇ ਗਾ, ਉਹਨਾਂ ਦੀ ਇੱਛਾ ਅਨੁਸਾਰ ਕੁਝ ਖਾਸ ਮਹਿਕਮੇ ਉਹਨਾ ਦੇ ਚਹੇਤਿਆਂ ਨੂੰ ਦੇਣੇ ਪੈਣ ਗੇ। ਉਹ ਦੋਵੇਂ ਇਹ ਚੰਗੀ ਤਰਾਂ ਜਾਣਦੇ ਹਨ ਕਿ ਸਮਾ ਮਿਲਦੇ ਹੀ ਤੁਸੀਂ ਆਪਣੇ ਪੱਕੇ ਆੜੀ ਨਾਲ ਮਿਲ ਕੇ ਜੋੜ-ਤੋੜ ਦੀ ਤਿਕੜਮਬਾਜੀ ਲੜਾ ਕੇ ਆਪਣੇ ਤੌਰ ਤੇ ਬਹੁਮਤ ਬਣਾਉਣ ਦਾ ਜੁਗਾੜ ਕਰ ਹੀ ਲਉ ਗੇ, ਤਾਂ ਜੋ ਉਹਨ ਦੋਹਾਂ ਦੀ ਈਨ ਮੰਨਣ ਤੋਂ ਛੁਟਕਾਰਾ ਮਿਲ ਜਾਵੇਂ। ਇਸ ਲਈ ਉਹ ਸਪੀਕਰ ਦੇ ਅਹੁਦੇ ਲਈ ਵੀ ਕਹਿਣ ਗੇ। ਹੋ ਸਕਦਾ ਹੈ ਜਿਸ ਚੰਦਰ ਬਾਬੂ ਨਾਇਡੂ ਦੇ ਘਰ ਤੱਕ ਤੁਸੀਂ ਈ ਡੀ ਵਗੈਰਾ ਭੇਜ ਦਿੱਤੀ ਸੀ, ਉਹ ਵੀ ਰੰਜਿਸ਼ ਕੱਢ ਲਵੇ। ਬਾਕੀ ਜਨਾਬ ਨਿਤਿਸ਼ ਕੁਮਾਰ ਜੀ ਸੰਬੰਧੀ ਸਾਰੇ ਬਹੁਤ ਚੰਗੀ ਤਰਾਂ ਜਾਣਦੇ ਹੀ ਹਨ। ਇਹ ਉਹੀ ਨਿਤਿਸ਼ ਜੀ ਹਨ, ਜਿੰਨਾ ਨੇ ਤੁਹਾਡੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਪਣੇ ਇਕ ਖਾਸ ਬੰਦੇ ਮਾਂਝੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਸੋ ਇਸ ਵਾਰ ‘ਸੇਰ ਨੂੰ ਸਵਾ ਸੇਰ ਟੱਕਰੇ’ ਹਨ ਜਾਂ ਪੰਜਾਬੀ ਦੀ ਕਹਾਵਤ ‘ਸੱਪ ਨੂੰ ਸੱਪ ਲੜੇ ਜ਼ਹਿਰ ਕਿਸ ਨੂੰ ਚੜ੍ਹੇ’ ਅਨੁਸਾਰ ਅਗਲੇ ਹਾਲਾਤ ਦੇਖਣ ਵਾਲੇ ਹੋਣ ਗੇ!

ਸੋ ਮੋਦੀ ਸਾਹਿਬ, ਇਹ ਤੀਜੀ ਵਾਰ ਤੁਸੀਂ ਜੋ ਮਰਿਆ ਹੋਇਆ ਸੱਪ ਆਪਣੇ ਗਲ ਵਿਚ ਪਾਇਆ ਹੈ, ਉਸ ਨੇ ਤੁਹਾਡਾ ਦਿਨ ਦਾ ਚੈਨ ਰਾਤਾਂ ਦੀ ਨੀਂਦ ਉਡਾ ਦੇਣੀ ਹੈ, ਤੁਹਾਡੀ ਹਾਲਤ ਉਸ ਕਹਾਵਤ ਵਰਗੀ ਕਰ ਦੇਣੀ ਹੈ ਕਿ ਮੈਂ ਤਾਂ ਕੰਬਲ ਨੂੰ ਛੱਡ ਰਿਹਾ ਹਾਂ, ਪਰ ਕੰਬਲ ਨਹੀਂ ਛੱਡ ਰਿਹਾ। ਚੰਗਾ ਹੁੰਦਾ ਜੇ ‘ਜਿੰਨਾ ਨਾਤੀ ਉਹਨਾ ਹੀ ਪੁੰਨ’ ਵਾਂਗ ਆਪਣਾ ਝੋਲਾ ਚੁੱਕ ਕੇ ਚਲੇ ਜਾਂਦੇ, ਪਰ ਹਾਏ ਇਹ ਕੁਰਸੀ ਦਾ ਮੋਹ, ਹਕੂਮਤ ਦਾ ਮੋਹ, ਮੈਂ ਮੈਂ ਦੀ ਰਟ ਲਾਉਣ ਦਾ ਮੋਹ, ਆਪਣੇ ਆਪ ਨੂੰ ਹਰ ਫਨ ਮੌਲਾ ਸਮਝਣ ਦਾ ਮੋਹ, ਦਿਲ ਕੀ ਬਾਤ ਕਰਨ ਦਾ ਮੋਹ, ਦਿਖਾਵੇ ਦਾ ਮੋਹ ਅਤੇ ਹੋਰ ਪਤਾ ਨਹੀਂ ਕਿਹੜਾ-ਕਿਹੜਾ ਮੋਹ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ। ਤੁਹਾਡੇ ਭਗਤ ਤਾਂ ਤੁਹਾਨੂੰ ਪਤਾ ਨਹੀਂ ਕਿਸ ਕਿਸ ਦਾ ਅਵਤਾਰ ਕਹਿਣ ਤੋਂ ਪਿੱਛੇ ਨਹੀਂ ਹਟ ਰਹੇ, ਜਿਵੇਂ ਇੰਦਰਾ ਗਾਂਧੀ ਦੇ ਖਾਸਮ-ਖਾਸ ਉਸ ਨੂੰ ਚੰਡੀ ਦੇਵੀ ਦਾ ਅਵਤਾਰ ਕਹਿੰਦੇ ਸੀ। ਤੁਸੀਂ ਸੋਚਦੇ ਸੀ ਕਿ ਰਾਮ ਮੰਦਰ ਦਾ ਨਿਰਮਾਣ ਕਰਕੇ ਤੁਸੀਂ ਬਹੁਤੀਆਂ ਹਿੰਦੂ ਵੋਟਾਂ ਵਟੋਰ ਲਉ ਗੇ ਪਰ ‘ਰਾਮ ਜੀ’ ਨੇ ਐਸ ਤੀਰ ਛੱਡਿਆ ਕਿ ਅਯੁਧਆ ਦੀ ਪਵਿੱਤਰ ਧਰਤੀ ਤੇ ਹੀ ਤੁਹਾਡੀ ਪਾਰਟੀ ਦਾ ਉਮੀਦਵਾਰ ਪਾਣੀ ਨਹੀਂ ਮੰਗ ਸਕਿਆ। ਤੁਸੀਂ ਵੀ ਵਾਰਾਨਸੀ ਵਿਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ਕਿੰਨੀਆਂ ਜਿਆਦਾ ਵੋਟਾਂ ਨਾਲ ਜਿੱਤੇ ਹਨ, ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਨਾਲੋਂ ਜਿਆਦਾ ਹਰਮਨ ਪਿਆਰੇ ਹਨ! ਫੇਰ ਉਹਨਾਂ ਨੂੰ ਪ੍ਧਾਨ ਮੰਤਰੀ ਬਣਨਾ ਚਾਹੀਦਾ ਹੈ?

ਖੈਰ ਗੱਲਾਂ ਤਾਂ ਹੋਰ ਵੀ ਹਨ, ਪਰ ਉਹ ਫੇਰ ਕਿਤੇ।
ਥੋੜ੍ਹੇ ਨੂੰ ਹੀ ਬਹੁਤਾ ਕਰ ਕੇ ਜਾਣਨਾ।

ਰਵਿੰਦਰ ਸਿੰਘ ਸੋਢੀ
ਰਿਚਮੰਡ ਕੈਨੇਡਾ
604-369-2371