(ਬਠਿੰਡਾ, 10 ਨਵੰਬਰ, ਬਲਵਿੰਦਰ ਸਿੰਘ ਭੁੱਲਰ)
ਕਣਕ ਦੀ ਖੇਤੀ ਦਾ ਕੁਦਰਤੀਕਰਨ ਕਰਕੇ ਬਗੈਰ ਪਰਾਲੀ ਨੂੰ ਅੱਗ ਲਾਏ ਤੋਂ ਘੱਟ ਬੀਜ ਤੇ ਘੱਟ ਪਾਣੀ ਖਾਦ ਨਾਲ ਤੰਦਰੁਸਤ ਕਣਕ ਪੈਦਾ ਕੀਤੀ ਜਾ ਸਕਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ੍ਰ: ਹਰਵਿੰਦਰ ਸਿੰਘ ਫੂਲਕਾ ਨੇ ਇੱਕ ਨਵੀਂ ਤਕਨੀਕ ਦਾ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਘੱਟ ਖ਼ਰਚ ਨਾਲ ਕਣਕ ਪਾਲਣ ਤੇ ਮਿੱਤਰ ਕੀਟਾਣੂ ਬਚਾਉਣ ਦਾ ਸੁਝਾਅ ਦਿੱਤਾ।
ਸ੍ਰ: ਫੂਲਕਾ ਨੇ ਦੱਸਿਆ ਕਿ ਝੋਨਾ ਵੱਢਣ ਉਪਰੰਤ ਪਰਾਲੀ ਨੂੰ ਖੇਤ ਦੇ ਇੱਕ ਪਾਸੇ ਇਕੱਠਾ ਕਰਨ ਉਪਰੰਤ ਖੜੇ ਕਚਰੇ ਵਿੱਚ ਸਿੱਟੇ ਨਾਲ ਕਣਕ ਬੀਜੀ ਜਾਂਦੀ ਹੈ, ਸਿੱਟਾ ਦੇਣ ਤੋਂ ਬਾਅਦ ‘ਬੈੱਡ ਮੇਕਰ’ ਨਾਂ ਦੀ ਇੱਕ ਛੋਟੇ ਖ਼ਰਚੇ ਵਾਲੀ ਮਸ਼ੀਨ ਨਾਲ ਬੈੱਡ ਤਿਆਰ ਕੀਤੇ ਜਾਂਦੇ ਹਨ। ਕਣਕ ਬੈੱਡ ਦੇ ਉਪਰ ਹਰੀ ਹੋਵੇਗੀ ਅਤੇ ਬੈੱਡ ਦੇ ਨਾਲ ਵਾਲੀਆਂ ਖਾਲੀਆਂ ਵਿੱਚ ਇਕੱਠੀ ਕੀਤੀ ਪਰਾਲੀ ਵਿਛਾ ਦਿੱਤੀ ਜਾਂਦੀ ਹੈ। ਪਾਣੀ ਇਹਨਾਂ ਖਾਲੀਆਂ ਵਿੱਚ ਲਗਾਇਆ ਜਾਂਦਾ ਹੈ, ਜਿਸ ਨਾਲ ਪਰਾਲੀ ਦੀ ਗਲ ਕੇ ਖਾਦ ਬਣ ਜਾਂਦੀ ਹੈ।
ਸ੍ਰ: ਫੂਲਕਾ ਨੇ ਦੱਸਿਆ ਕਿ ਇਸ ਤਰਾਂ ਬਿਜਾਈ ਕਰਨ ਲਈ ਸਿਰਫ 16 ਕਿਲੋਗ੍ਰਾਮ ਕਣਕ ਦਾ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਪਾਣੀ ਦੀ 85 ਫੀਸਦੀ ਬੱਚਤ ਹੁੰਦੀ ਹੈ। ਪਰਾਲੀ ਦੀ ਖਾਦ ਬਣਨ ਸਦਕਾ ਹੋਰ ਖਾਦਾਂ ਦੀ ਵੀ ਲੋੜ ਨਹੀਂ ਪੈਂਦੀ। ਇਸਤੋਂ ਇਲਾਵਾ ਵੱਡਾ ਗੁਣ ਇਹ ਹੈ ਕਿ ਕਿਸਾਨਾਂ ਦੇ ਮਿੱਤਰ ਕੀੜੇ ਤੇ ਕੀਟਾਣੂ ਜਿੰਦਾ ਰਹਿੰਦੇ ਹਨ, ਜੋ ਉਪਜ ਵਿੱਚ ਵਾਧਾ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਤਰਾਂ ਬਿਜਾਈ ਕਰਨ ਨਾਲ ਕਣਕ ਦਾ ਝਾੜ ਆਮ ਢੰਗ ਨਾਲ ਕੀਤੀ ਬਿਜਾਈ ਤੋਂ ਵੱਧ ਨਿਕਲਦਾ ਹੈ। ਉਹਨਾਂ ਦੱਸਿਆ ਕਿ ਇਸ ਤਰਾਂ ਬੀਜੀ ਕਦਕ ਦਾ ਨਾੜ ਬਹੁਤ ਮਜਬੂਤ ਹੁੰਦਾ ਹੈ, ਹਨੇਰੀ ਝੱਖੜ ਵਿੱਚ ਵੀ ਇਹ ਕਣਕ ਡਿਗਦੀ ਨਹੀਂ ਹੈ। ਸ੍ਰ: ਫੂਲਕਾ ਨੇ ਪਿੰਡ ਡੋਡ ਦੇ ਸਫ਼ਲ ਕਿਸਾਨ ਗੁਰਦੀਪ ਸਿੰਘ ਡੋਡ ਦੇ ਖੇਤ ਵਿੱਚ ਇਸ ਨਵੇਂ ਢੰਗ ਨਾਲ ਕੀਤੀ ਜਾ ਰਹੀ ਬਿਜਾਈ ਦਾ ਪ੍ਰਦਰਸ਼ਨ ਵੀ ਕੀਤਾ। ਇਸ ਸਕੀਮ ਦੇ ਖੋਜਕਾਰ ਡਾ: ਅਵਤਾਰ ਸਿੰਘ ਨੇ ਦੱਸਿਆ ਕਿ ਇਹ ਕਣਕ ਦੀ ਖੇਤੀ ਦਾ ਕੁਦਰਤੀਕਰਨ ਦਾ ਤਰੀਕਾ ਹੈ, ਜਿਸਦਾ ਚੰਗਾ ਨਤੀਜਾ ਸਾਹਮਣੇ ਆਇਆ ਹੈ ਅਤੇ ਜਿਸ ਨਾਲ ਪਰਾਲੀ ਦੀ ਸਾਂਭ ਸੰਭਾਲ ਦਾ ਵੀ ਹੱਲ ਹੋ ਜਾਵੇਗਾ।
ਸ੍ਰ: ਫੂਲਕਾ ਨੇ ਬੈੱਡ ਮੇਕਰ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਬਾ ਭਦੌੜ ਵਿਖੇ ਨੰਬਰਦਾਰ ਗੁਰਤੇਜ ਸਿੰਘ ਦੇ ਘਰੋਂ ਇਹ ਬਿਜਾਈ ਕਰਨ ਲਈ ਬਗੈਰ ਕਿਰਾਏ ਦੇ ਮਿਲ ਸਕਦੀ ਹੈ, ਲੋੜਵੰਦ ਸੰਪਰਕ ਕਰ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਕਾਇਮ ਰੱਖਣ, ਮਿੱਤਰ ਕੀੜੇ ਬਚਾਉਣ ਤੇ ਖ਼ਰਚੇ ਦੀ ਬੱਚਤ ਕਰਨ ਲਈ ਇਹ ਢੰਗ ਅਪਣਾਉਣ ਦਾ ਸੁਝਾਅ ਦਿੱਤਾ। ਇਸ ਮੌਕੇ ਰਛਪਾਲ ਸਿੰਘ ਭਗਤਾ ਅਤੇ ਹੋਰ ਕਿਸਾਨ ਵੀ ਮੌਜੂਦ ਸਨ।