ਪਰਵਾਸੀ ਸਰੋਕਾਰਾਂ ਬਾਰੇ ਸਾਰਥਕ ਗੱਲਬਾਤ

ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਇਨ੍ਹਾਂ ਦੋ ਤਰ੍ਹਾਂ ਦੇ ਪਰਵਾਸ ਨੇ ਸਿੱਧੇ ਅਸਿੱਧੇ ਤੌਰ ʼਤੇ ਪੰਜਾਬ ਨੂੰ ਅਨੇਕਾਂ ਪੱਖਾਂ ਤੋਂ ਪ੍ਰਭਾਵਤ ਤੇ ਪੀੜਤ ਕੀਤਾ ਹੈ। ਪ੍ਰਭਾਵਤ ਹੀ ਨਹੀਂ ਕੀਤਾ ਇਸਦਾ ਮੂੰਹ-ਮੁਹਾਂਦਰਾ ਬਦਲ ਦਿੱਤਾ ਹੈ। ਸਮੇਂ ਨਾਲ ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਦੀ ਗਤੀ ਘੱਟਣ ਦੀ ਬਜਾਏ ਵੱਧ ਗਈ ਹੈ।

ਸ਼ਾਇਦ ਇਹ ਵੀ ਰਿਕਾਰਡ ਹੈ ਕਿ ਦੁਨੀਆਂ ਵਿਚ ਸੱਭ ਤੋਂ ਵੱਧ ਪਰਵਾਸ ਭਾਰਤੀ ਲੋਕ ਕਰਦੇ ਹਨ। ਤਿੰਨ ਕਰੋੜ ਤੋਂ ਵਧੇਰੇ ਭਾਰਤੀ ਆਪਣੇ ਮੁਲਕ ਵਿਚੋਂ ਜਾ ਕੇ ਸੰਸਾਰ ਦੇ 30 ਦੇਸ਼ਾਂ ਵਿਚ ਵੱਸ ਗਏ ਹਨ। ਜਿਵੇਂ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀ ਇਨ੍ਹਾਂ ਦੀ ਮਨਸਾ ਅਲੱਗ ਅਲੱਗ ਹੋਵੇਗੀ ਤਿਵੇਂ ਇਨ੍ਹਾਂ ਦੇ ਕੰਮ-ਧੰਦੇ ਵੀ ਵੱਖ ਵੱਖ ਹਨ। ਇਨ੍ਹਾਂ ਵਿਚ ਡਾਕਟਰ, ਇੰਜੀਨੀਅਰ, ਕਾਰੀਗਰ, ਵਿਉਪਾਰੀ, ਮਿਹਨਤ-ਮਜ਼ਦੂਰੀ ਕਰਨ ਵਾਲਿਆਂ ਨਾਲ ਧਨਾਢ ਲੋਕ ਵੀ ਸ਼ਾਮਲ ਹਨ। ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀਆਂ ਵੱਖ ਸ਼੍ਰੇਣੀਆਂ ਬਣਾਈਆਂ ਹੋਈਆਂ ਹਨ ਅਤੇ ਵੱਖ ਵੱਖ ਤਰ੍ਹਾਂ ਦਾ ਵੀਜ਼ਾ ਮੁਹੱਈਆ ਕੀਤਾ ਜਾਂਦਾ ਹੈ। ਇਨ੍ਹਾਂ ਸ਼੍ਰੇਣੀਆਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਜੀਵਨ ਦੀ ਗੁਣਵਤਾ, ਬਿਹਤਰ ਜੀਵਨ ਹਾਲਾਤਾਂ, ਬਿਹਤਰ ਸਿਸਟਮ ਅਤੇ ਬਿਹਤਰ ਭਵਿੱਖ ਲਈ ਵਿਕਸਤ ਮੁਲਕਾਂ ਵੱਲ ਪਰਵਾਸ ਕਰਦੇ ਹਨ। ਇਨ੍ਹਾਂ ਵਿਚੋਂ ਇਕ ਵੱਡੀ ਪ੍ਰਤੀਸ਼ਤ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਬੱਚਿਆਂ, ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਪੰਜਾਬ ਵਿਚੋਂ ਕਿਵੇਂ ਨਾ ਕਿਵੇਂ ਕੱਢ ਕੇ ਵਿਕਸਤ ਮੁਲਕਾਂ ਵਿਚ ਭੇਜਣਾ ਚਾਹੁੰਦੇ ਹਨ।
ਸਾਨੂੰ ਇਉਂ ਲੱਗਦਾ ਹੈ ਕਿ ਪਰਵਾਸ ਕੁਝ ਦਹਾਕਿਆਂ ਦੀ ਕਹਾਣੀ ਹੈ। ਅਜਿਹਾ ਨਹੀਂ ਹੈ। ਪਰਵਾਸ ਦਾ ਇਤਿਹਾਸ ਬੜਾ ਪੁਰਾਣਾ ਹੈ। ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀਆਂ ਦੀ ਅੱਜ ਤੀਸਰੀ ਪੀੜ੍ਹੀ ਜਵਾਨ ਹੈ। ਆਸਟਰੇਲੀਆ ਅਤੇ ਕੈਨੇਡਾ ਵਿਚ ਵੀ ਪੰਜਾਬੀ ਬਹੁਤ ਸਮਾਂ ਪਹਿਲਾਂ ਪਹੁੰਚ ਗਏ ਸਨ। ਉਦੋਂ ਭੂਗੋਲਿਕ, ਸਮਾਜਕ, ਆਰਥਿਕ ਸਥਿਤੀਆਂ ਬਿਲਕੁਲ ਭਿੰਨ ਸਨ।

ਸਮੇਂ ਨਾਲ ਪਰਵਾਸ ਦੀ ਗਤੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ-ਪ੍ਰੇਸ਼ਾਨੀਆਂ ਵੀ ਵੱਧ ਗਈਆਂ ਹਨ। ਨਤੀਜੇ ਵਜੋਂ ਮੀਡੀਆ ਤਰਜੀਹੀ ਆਧਾਰ ʼਤੇ ਇਸ ਬਾਰੇ ਗੱਲਬਾਤ ਕਰਦਾ ਕਰਵਾਉਂਦਾ ਰਹਿੰਦਾ ਹੈ। ਬੀਤੇ ਦਿਨੀਂ ਡੀ ਡੀ ਪੰਜਾਬੀ ਨੇ ਆਪਣੇ ਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ਤਹਿਤ ‘ਪਰਵਾਸ ਦੇ ਸਰੋਕਾਰ’ ਵਿਸ਼ੇ ʼਤੇ ਖੁਲ੍ਹੀ-ਲੰਮੀ ਗੱਲਬਾਤ ਪ੍ਰਸਾਰਿਤ ਕੀਤੀ। ਪ੍ਰੋਗਰਾਮ ਵਿਚ ਮਾਹਿਰ ਵਜੋਂ ਚਰਚਿਤ ਸ਼ਾਇਰ ਮਲਵਿੰਦਰ ਸਿੰਘ ਮੌਜੂਦ ਸਨ। ਐਂਕਰ ਰਾਜੀਵ ਖੰਨਾ ਸਨ ਜਦ ਕਿ ਪ੍ਰੋਡਿਊਸਰ ਤੇ ਨਿਗਰਾਨ ਸ਼੍ਰੀ ਕੇਵਲ ਕ੍ਰਿਸ਼ਨ ਅਤੇ ਸ਼੍ਰੀ ਸੁਖਵਿੰਦਰ ਸਨ।
ਮਲਵਿੰਦਰ ਸਿੰਘ ਦੀਆਂ ਕਵਿਤਾ ਤੇ ਵਾਰਤਕ ਦੀਆਂ 8-10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਹ ਸਾਹਿਤਕ, ਸਮਾਜਕ, ਸਭਿਆਚਾਰਕ ਸਰਗਰਮੀਆਂ ਵਿਚ ਰੁੱਝੇ ਰਹਿੰਦੇ ਹਨ। ਸਾਲ ਵਿਚੋਂ ਬਹੁਤਾ ਸਮਾਂ ਕੈਨੇਡਾ ਵਿਚ ਰਹਿੰਦੇ ਹਨ। ਉਥੇ ਵੀ ਆਪਣੀਆਂ ਸਾਹਿਤਕ ਗਤੀਵਿਧੀਆਂ ਲਗਾਤਾਰ ਜਾਰੀ ਰੱਖਦੇ ਹਨ।

‘ਪਰਵਾਸ ਦੇ ਸਰੋਕਾਰ’ ਵਿਸ਼ੇ ʼਤੇ ਗੱਲਬਾਤ ਕਰਦਿਆਂ ਉਨ੍ਹਾਂ ਖੁਲ੍ਹ ਕੇ ਆਪਣੇ ਵਿਚਾਰ ਵਿਅਕਤ ਕੀਤੇ। ਬਹੁਤੀਆਂ ਗੱਲਾਂ ਉਨ੍ਹਾਂ ਨੇ ਅੱਖੀਂ ਵੇਖੇ, ਕੰਨੀਂ ਸੁਣੇ ʼਤੇ ਆਧਾਰਿਤ ਸਨ। ਇਸ ਵਿਸ਼ੇ ʼਤੇ ਉਨ੍ਹਾਂ ਦੇ ਬਹੁਤ ਸਾਰੇ ਆਰਟੀਕਲ ਵੱਖ ਵੱਖ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।
ਗੱਲਬਾਤ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸ ਪੰਜਾਬੀਆਂ ਦੇ ਸੁਭਾਅ ਵਿਚ ਹੈ। ਇਨ੍ਹਾਂ ਦਾ ਜਲਦੀ ਇਕ ਥਾਂ ਤੋਂ ਮੋਹ ਭੰਗ ਹੋ ਜਾਂਦਾ ਹੈ। ਪਹਿਲਾਂ ਪਹਿਲ ਘਰ ਦਾ ਇਕ ਜੀਅ ਵਿਦੇਸ਼ ਜਾਂਦਾ ਸੀ ਉਹ ਖੱਟੀ ਕਮਾਈ ਕਰਕੇ ਵਾਪਿਸ ਆ ਜਾਂਦਾ ਸੀ। ਅੱਜ ਇਹ ਰੁਝਾਨ, ਇਹ ਸੋਚ ਨਹੀਂ ਹੈ। ਅੱਜ ਹਰ ਕੋਈ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਦੀ ਪੀ.ਆਰ. ਲੈਣੀ ਲੋਚਦਾ ਹੈ।

ਅੱਜ ਘੱਟ ਪੜ੍ਹੇ, ਅੱਧ ਪੜ੍ਹੇ, ਵੱਧ ਪੜ੍ਹੇ ਹਰ ਤਰ੍ਹਾਂ ਦੇ ਨੌਜਵਾਨ ਵਿਦੇਸ਼ੀ ਧਰਤੀ ʼਤੇ ਪਹੁੰਚ ਰਹੇ ਹਨ। ਬਾਬੇ ਨਾਨਕ ਦਾ ਕਿਰਤ ਦਾ ਸੰਕਲਪ ਉੱਥੇ ਜਾ ਕੇ ਪੂਰਾ ਹੁੰਦਾ ਹੈ। ਪਰ ਉਥੇ ਪਹਿਚਾਣ ਦੀ ਸਮੱਸਿਆ ਹੈ। ਇਥੇ ਅਫ਼ਸਰੀ ਕਰਦੇ ਲੋਕ ਉਥੇ ਜਾ ਕੇ ਲੇਬਰ ਕਰਦੇ ਨਜ਼ਰ ਆਉਂਦੇ ਹਨ। ਇਹ ਘੋਖ ਦਾ, ਖੋਜ ਦਾ ਵਿਸ਼ਾ ਹੈ ਕਿ ਇਸ ਪਿੱਛੇ ਕਿਹੜੀ ਸੋਚ, ਕਿਹੜੀ ਮਾਨਸਿਕਤਾ ਕਾਰਜਸ਼ੀਲ ਹੈ।

ਉਥੇ ਸੱਭ ਕੁਝ ਆਸਾਨ ਨਹੀਂ ਹੈ। ਸੱਭ ਕੁਝ ਸਖ਼ਤ ਮਿਹਨਤ ਦੀ ਮੰਗ ਕਰਦਾ ਹੈ। ਸ਼ਿਫ਼ਟਾਂ ਵਿਚ ਕੰਮ ਕਰਨਾ ਪੈਂਦਾ ਹੈ। ਰਹਿਣ ਦੇ, ਖਾਣ-ਪੀਣ ਦੇ, ਆਵਾਜਾਈ ਦੇ ਵੱਡੇ ਖਰਚੇ ਹਨ। ਮੁਢਲੇ ਸਾਲਾਂ ਵਿਚ ਖਰਚੇ ਵਧੇਰੇ ਹੁੰਦੇ ਹਨ, ਆਮਦਨ ਘੱਟ ਹੁੰਦੀ ਹੈ। ਇਸੇ ਲਈ ਕਈ ਵਾਰ ਨੌਜਵਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਹੋ ਜਾਂਦੇ ਹਨ। ਇਧਰਲੇ ਪੈਸੇ ਦੀ ਓਧਰ ਵੁੱਕਤ ਨਹੀਂ ਹੈ। ਕੈਨੇਡਾ ਵਿਚ ਚੀਨੀ ਸੱਭ ਤੋਂ ਵੱਧ ਹਨ। ਦੂਸਰਾ ਨੰਬਰ ਭਾਰਤੀਆਂ ਦਾ ਹੈ।

ਇਨ੍ਹੀਂ ਦਿਨੀਂ ਵਧੇਰੇ ਨੌਜਵਾਨ ਪੜਾਈ-ਵੀਜ਼ਾ ʼਤੇ ਜਾ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਕਿਵੇਂ ਉਥੇ ਪੱਕਾ ਹੋਇਆ ਜਾਵੇ।

ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਪੁਸਤਕਾਂ ਪ੍ਰਤੀ ਉਥੇ ਨੌਜਵਾਨਾਂ ਵਿਚ ਬਹੁਤ ਘੱਟ ਰੁਝਾਨ ਹੈ। ਲਾਇਬਰੇਰੀਆਂ ਵਿਚ ਕਦੇ ਕਦਾਈਂ ਕੋਈ ਨੌਜਵਾਨ ਪੰਜਾਬੀ ਦੇ ਕਿਤਾਬ ਲੈਣ ਆਉਂਦਾ ਹੈ। ਜਿਹੜੇ ਪੰਜਾਬੀ ਬੱਚੇ ਉੱਥੇ ਜੰਮੇ ਪਲੇ ਹਨ ਉਨ੍ਹਾਂ ਦਾ ਮੁਲਕ, ਉਨ੍ਹਾਂ ਦੀ ਭਾਸ਼ਾ ਉਹੀ ਹੈ। ਪਰ ਇਥੋਂ ਜਿਹੜੇ ਬਜ਼ੁਰਗ ਉਥੇ ਜਾਂਦੇ ਹਨ ਉਹ ਆਪਣੇ ਇਧਰਲੇ ਘਰ, ਇਧਰਲੀ ਜ਼ੁਬਾਨ ਨਾਲ ਜਜ਼ਬਾਤੀ ਤੌਰ ʼਤੇ ਜੁੜੇ ਹਨ। ਉਥੇ ਉਹ ਜਿੰਨੀ ਦੇਰ ਰਹਿੰਦੇ ਹਨ ਅਜਨਬੀਆਂ ਵਾਂਗ ਰਹਿੰਦੇ ਹਨ।

ਚੇਤੰਨ ਲੋਕ ਉਥੇ ਲੋਕਾਂ ਨੂੰ ਪੰਜਾਬੀ ਬੋਲੀ ਨਾਲ, ਪੰਜਾਬੀ ਸਭਿਆਚਾਰ ਨਾਲ ਜੋੜਨ ਲਈ ਵੱਖ ਵੱਖ ਤਰ੍ਹਾਂ ਨਾਲ ਉਪਰਾਲੇ ਕਰਦੇ ਰਹਿੰਦੇ ਹਨ। ਉਥੇ ਮਿੰਨੀ ਪੰਜਾਬ ਇਸ ਲਈ ਬਣ ਗਿਆ ਕਿਉਂ ਕਿ ਅਜੇ ਬਹੁਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ।
ਉਨ੍ਹਾਂ ਮੀਡੀਆ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੀਡੀਆ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਾਲੇ ਪੁਲ ਬਣਕੇ ਬਾਖ਼ੁਬੀ ਜ਼ਿੰਮੇਵਾਰੀ ਨਿਭਾ ਰਿਹਾ ਹੈ।

ਪ੍ਰੋ. ਕੁਲਬੀਰ ਸਿੰਘ