ਸੀਨੀਅਰ ਸਿਟੀਜਨ

ਸੀਨੀਅਰ ਸਿਟੀਜਨ

ਪ੍ਰੋ. ਕੁਲਬੀਰ ਸਿੰਘ
ਮੈਂ ਸਾਰੀ ਉਮਰ ਕਮਾਈ ਕੀਤੀ ਹੈ। ਹੁਣ ਬਤੌਰ ਸੀਨੀਅਰ ਸਿਟੀਜਨ ਮੈਨੂੰ ਵਿਹਲੇ ਰਹਿਣ ਦਾ ਅਧਿਕਾਰ ਹੈ। ਇਹ ਵਿਹਲ ਮੇਰੀ ਕਮਾਈ ਹੈ।
ਮੈਂ ਉਹ ਜੀਵਨ, ਉਹ ਬਿਰਧ ਅਵਸਥਾ ਬਸਰ ਕਰਨੀ ਚਾਹੁੰਦਾ ਹਾਂ, ਜੋ ਮੈਂ ਚਾਹੁੰਦਾ ਹਾਂ। ਉਹ ਨਹੀਂ ਜੋ ਲੋਕ ਮੇਰੇ ਤੋਂ ਉਮੀਦ ਰੱਖਦੇ ਹਨ।
ਮੇਰੇ ਵਿਚ ਹੌਸਲਾ ਹੈ ਕਿ ਮੈਂ ਆਪਣੀਆਂ ਭਾਵਨਾਵਾਂ ਬਾਰੇ ਤੁਹਾਨੂੰ ਦੱਸ ਸਕਾਂ, ਆਪਣੀ ਸੋਚ ਤੁਹਾਡੇ ਨਾਲ ਸਾਂਝੀ ਕਰ ਸਕਾਂ।
ਇਸ ਅਵਸਥਾ ਵਿਚ ਮੇਰੀ ਇੱਛਾ ਹੈ ਕਿ ਮੈਂ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ ਦੇ ਸੰਪਰਕ ਵਿਚ ਰਹਾਂ।
ਮੈਂ ਖੁਸ਼ ਤੇ ਸਕੂਨ ਵਿਚ ਰਹਿਣਾ ਚਾਹੁੰਦਾ ਹਾਂ ਕਿਉਂ ਕਿ ਪੀਸ ਆਫ਼ ਮਾਈਂਡ ਤੋਂ ਪਰੇ ਕੁਝ ਨਹੀਂ ਹੈ।

ਉੱਘੇ ਲੇਖਕ ਅਤੇ ਕਾਲਮਨਵੀਸ ਖੁਸ਼ਵੰਤ ਸਿੰਘ ਲਿਖਦੇ ਹਨ, “ਬੁਢਾਪੇ ਦਾ ਮੁਕਾਬਲਾ ਕਰਨਾ ਅਤੇ ਇਸ ਨਾਲ ਸ਼ਰਤਾਂ ਬਣਾਉਣਾ ਵਧੇਰੇ ਮਹੱਤਵਪੂਰਨ ਹੈ। ਓਨਾ ਹੀ ਮਹੱਤਵਪੂਰਨ ਹੈ ਖਾਣ-ਪੀਣ ਦੀ ਆਦਤ ਨੂੰ ਘੱਟ ਕਰਨਾ। ਪੇਟ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਭੰਡਾਰ ਹੈ। ਆਪਣੀਆਂ ਆਂਤੜੀਆਂ ਨੂੰ ਸਾਫ਼ ਰੱਖੋ। ਖਾਣ-ਪੀਣ ਅਤੇ ਕਸਰਤ ’ਤੇ ਸਖ਼ਤ ਅਨੁਸ਼ਾਸਨ ਲਗਾਓ, ਮਨ ਦੀ ਸ਼ਾਂਤੀ ਜ਼ਰੂਰੀ ਹੈ। ਕਦੇ ਵੀ ਆਪਣਾ ਗੁੱਸਾ ਨਾ ਗੁਆਓ, ਇਹ ਇਕ ਭਾਰੀ ਟੋਲ ਲੈਂਦਾ ਹੈ ਅਤੇ ਨਸਾਂ ਨੂੰ ਭੰਨਦਾ ਹੈ। ਖੁਲ੍ਹੇ ਦਿਲ ਨਾਲ ਦਿਓ। ਤੁਸੀਂ ਕੁਝ ਵੀ ਆਪਣੇ ਨਾਲ ਨਹੀਂ ਲਿਜਾ ਸਕਦੇ। ਤੁਸੀਂ ਬਿਹਤਰ ਮਹਿਸੂਸ ਕਰੋਗੇ। ਈਰਖਾ ਕਰਨੀ ਛੱਡ ਦਿਓ। ਦੂਸਰਿਆਂ ਦੀ ਮਦਦ ਕਰੋ। ਮਨ ਨੂੰ ਕੁਝ ਵਕਤ ਲਈ ਵਿਚਾਰ-ਰਹਿਤ ਕਰੋ। ਸਮਾਜ ਨਾਲ, ਸੰਸਾਰ ਨਾਲ ਸ਼ਾਂਤੀ ਵਿਚ ਰਹੋ। ਅਸੀਂ ਫੌਜਾ ਸਿੰਘ ਨਹੀਂ ਬਣ ਸਕਦੇ ਪਰ ਲੰਮੀ ਉਮਰ ਅਤੇ ਰਚਨਾਤਮਕਤਾ ਵਿਚ ਉਸਦੀ ਬਰਾਬਰੀ ਕਰ ਸਕਦੇ ਹਾਂ।“

ਖੁਸ਼ਵੰਤ ਸਿੰਘ ਦੀਆਂ ਗੱਲਾਂ ਸਹੀ ਹਨ। ਮੈਂ ਇਸ ਉਮਰ ਵਿਚ ਹਲਕੀ ਵੰਨ ਸਵੰਨੀ ਖ਼ੁਰਾਕ ਖਾਣੀ ਚਾਹੁੰਦਾ ਹਾਂ। ਕਾਫ਼ੀ ਸਾਰੀ ਨੀਂਦ ਲੈ ਕੇ, ਤਣਾਅ-ਮੁਕਤ ਰਹਿੰਦਿਆਂ, ਲਿਖਣਾ ਪੜ੍ਹਨਾ, ਸੈਰ ਕਸਰਤਾ ਕਰਨਾ ਚਾਹੁੰਦਾ ਹਾਂ। ਘਰ ਦੇ ਨਿੱਕੇ ਨਿੱਕੇ ਕੰਮਾਂ ਵਿਚ ਰੁੱਝਿਆ ਰਹਿਣਾ ਪਸੰਦ ਕਰਦਾ ਹਾਂ। ਜ਼ਿੰਦਗੀ ਬੜੀ ਛੋਟੀ ਹੈ। ਕਦੇ ਕਦੇ ਖ਼ਿਆਲ ਆਉਂਦਾ ਹੈ ਐਨੀ ਛੋਟੀ ਵੀ ਨਹੀਂ। ਬਚਪਨ ਯਾਦ ਕਰਨ ਲਈ ਬਹੁਤ ਪਿੱਛੇ ਜਾਣਾ ਪੈਂਦਾ ਹੈ। ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਮੇਰੀ ਇੱਛਾ ਰਹਿੰਦੀ ਹੈ ਕਿ ਮੈਨੂੰ ਵਧੇਰੇ ਕਰਕੇ ਪੌਦਿਆਂ ਖੇਤਾਂ ਤੋਂ ਆਇਆ ਕੁਦਰਤੀ ਭੋਜਨ ਮਿਲੇ। ਕਹਿੰਦੇ ਹਨ ਸ਼ਹਿਤੂਤ ਦੀਆਂ ਪੱਤੀਆਂ ਨਾਲ ਗਲੇ ਦੀ ਖਰਾਸ਼ ਠੀਕ ਰਹਿੰਦੀ ਹੈ। ਅੰਦਰਲੀ ਸੋਜ ਘੱਟਦੀ ਹੈ। ਖ਼ੂਨ ਦਾ ਦਬਾਅ ਅਤੇ ਕੋਲੈਸਟਰਲ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਸ਼ਕਰਕੰਦੀ ਦੇ ਬੜੇ ਫਾਇਦੇ ਹਨ। ਸਿਹਤਮੰਦ ਫਾਈਬਰ ਮਿਲਦਾ ਹੈ। ਇਹ ਬਲੂਬੇਰੀ ਦੇ ਮੁਕਾਬਲੇ ਵਧੇਰੇ ਐਂਟੀਔਕਸੀਡੈਂਟ ਨਾਲ ਭਰੀ ਹੁੰਦੀ ਹੈ। ਸਮੱਸਿਆ ਇਹ ਹੈ ਕਿ ਸਾਨੂੰ ਜਾਣਕਾਰੀ ਤਾਂ ਬੜੀ ਹੈ, ਨੁਸਖੇ ਵੀ ਬਹੁਤ ਪਤਾ ਨੇ ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦੇ। ਸ਼ਹਿਤੂਤ ਦੀਆਂ ਪੱਤੀਆਂ ਅਤੇ ਸ਼ਕਰਕੰਦੀ ਤਾਂ ਆਮ ਚੀਜ਼ਾਂ ਹਨ। ਹਰ ਥਾਂ ਮਿਲਣ ਵਾਲੀਆਂ। ਸੌਖੇ ਢੰਗ ਨਾਲ। ਸਸਤੇ ਭਾਅ। ਅਸੀਂ ਕਿੰਨੇ ਕੁ ਜਾਣੇ ਹਾਂ ਜਿਹੜੇ ਇਨ੍ਹਾਂ ਦਾ ਪ੍ਰਯੋਗ ਕਰਦੇ ਹਾਂ? ਕਿੰਨੇ ਕੁ ਹਾਂ ਜਿਹੜੇ ਅਨੁਸ਼ਾਸਨ ਵਿਚ ਰਹਿ ਕੇ ਖਾਂਦੇ ਪੀਂਦੇ ਹਾਂ? ਸੌਂਦੇ ਜਾਗਦੇ ਹਾਂ? ਸੁਣਦੇ ਬੋਲਦੇ ਹਾਂ? ਵਰਤੋਂ-ਵਿਹਾਰ ਕਰਦੇ ਹਾਂ?
ਜੀਵਨ ਦੀ ਹਰੇਕ ਅਵਸਥਾ ਵਿਚ ਅਨੁਸ਼ਾਸਨ ਜ਼ਰੂਰੀ ਹੈ ਪਰ ਵਡੇਰੀ ਉਮਰ ਵਿਚ ਵਧੇਰੇ ਜ਼ਰੂਰੀ ਹੈ। ਅਨੁਸ਼ਾਸਨ ਵਿਚ ਰਹਿਣ ਨਾਲ ਜੀਵਨ ’ਤੇ ਕੰਟਰੋਲ ਅਤੇ ਆਤਮ-ਵਿਸ਼ਵਾਸ ਮਹਿਸੂਸ ਹੁੰਦਾ ਹੈ। ਜੀਵਨ ਦੀ ਗੁਣਵਤਾ ਵਿਚ ਸੁਧਾਰ ਹੁੰਦਾ ਹੈ। ਸਮਾਜਕ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ ਹਨ।

ਸਮੇਂ ਸਿਰ ਸੌਣ, ਚੰਗੀ ਨੀਂਦ ਲੈਣ, ਸਮੇਂ ਸਿਰ ਉੱਠਣ, ਸੈਰ ਕਸਰਤ ਕਰਨ, ਸਿਹਤਮੰਦ ਖ਼ੁਰਾਕ ਖਾਣ, ਕੁਝ ਨਵਾਂ ਸਿੱਖਣ, ਛੋਟੇ ਛੋਟੇ ਕੰਮ ਕਰਨ, ਕਿਤਾਬਾਂ ਪੜ੍ਹਨ ਨਾਲ ਬਜੁਰਗ ਅਵਸਥਾ ਨੂੰ ਵਧੇਰੇ ਸਿਹਤਮੰਦ, ਵਧੇਰੇ ਸਰਗਰਮ, ਸੁਖਦ ਤੇ ਸਾਰਥਿਕ ਬਣਾਇਆ ਜਾ ਸਕਦਾ ਹੈ।
ਅੱਖਾਂ ਤੋਂ ਘੱਟ ਦਿਸਣ ਲੱਗਦਾ ਹੈ। ਕੰਨਾਂ ਤੋਂ ਘੱਟ ਸੁਣਨਾ ਲੱਗਦਾ ਹੈ। ਹੱਢੀਆਂ ਜੋੜਾਂ ਦੇ ਦਰਦ ਪ੍ਰੇਸ਼ਾਨ ਕਰਦੇ ਹਨ। ਪੁਰਾਣੇ ਰੋਗ ਵੀ ਨਵੇਂ ਸਿਰਿਉਂ ਸਿਰ ਚੁੱਕ ਲੈਂਦੇ ਹਨ। ਮਾਨਸਿਕ ਅਹੁਰਾਂ ਵੀ ਦਸਤਕ ਦੇਣ ਲੱਗਦੀਆਂ ਹਨ। ਪਰਿਵਾਰ ਤੋਂ, ਬੱਚਿਆਂ ਤੋਂ ਦੂਰ ਰਹਿਣਾ ਕਈ ਵਾਰ ਮਜਬੂਰੀ ਬਣ ਜਾਂਦਾ ਹੈ। ਅੱਧੇ ਘਰਾਂ ਦੇ ਬੱਚੇ ਵਿਦੇਸ਼ ਜਾ ਵੱਸੇ ਹਨ। ਇਕੱਲਤਾ ਪ੍ਰੇਸ਼ਾਨ ਕਰਦੀ ਹੈ। ਪ੍ਰੇਸ਼ਾਨੀਆਂ ਦੀ ਲਿਸਟ ਲੰਮੀ ਹੁੰਦੀ ਜਾਂਦੀ ਹੈ। ਪਰ ਕੁਦਰਤ ਕਹਿੰਦੀ ਹੈ ਹੁਣ ਘੱਟ ਸੁਣੋ, ਘੱਟ ਵੇਖੋ, ਘੱਟ ਬੋਲੋ, ਤੋਰਾ ਫੇਰਾ ਘਟਾਓ। ਇਨ੍ਹਾਂ ਗੁੱਝੀਆਂ ਗੱਲਾਂ ਨੂੰ ਸਮਝਣ ਅਪਨਾਉਣ ਦੀ ਥਾਂ ਬਜੁਰਗ ਝੂਰਦੇ ਹਨ, ਉਦਾਸ ਹੁੰਦੇ ਹਨ, ਨਿਰਾਜ ਹੁੰਦੇ ਹਨ।

ਦੂਸਰੇ ਪਾਸੇ ਦੁਨੀਆਂ ਦੇ ਅਨੇਕਾਂ ਬਜੁਰਗ ਪਰਿਵਾਰਕ ਸਮਾਜਕ ਜ਼ਿੰਮੇਵਾਰੀਆਂ ਤੇ ਦੌੜ ਭੱਜ ਤੋਂ ਮਿਲੀ ਵਿਹਲ ਦਾ ਆਨੰਦ ਉਠਾਉਂਦੇ ਹਨ। ਆਪਣੇ ਸ਼ੌਕ ਪੂਰੇ ਕਰਦੇ ਹਨ। ਸ਼ਾਂਤ ਤੇ ਸਹਿਜ ਮਨ ਨਾਲ ਸਮਾਂ ਬਤਾਉਂਦੇ ਹਨ। ਸੰਤੁਸ਼ਟ ਰਹਿੰਦੇ ਹਨ।

ਬਜੁਰਗ ਭਾਵਾਨਤਾਮਕ ਉਲਾਰ ’ਤੇ ਕਾਬੂ ਰੱਖਣਾ ਸਿੱਖ ਚੁੱਕੇ ਹੁੰਦੇ ਹਨ। ਉਹ ਆਪਣੀਆਂ ਕਦਰਾਂ-ਕੀਮਤਾਂ ਤੇ ਤਰਜੀਹਾਂ ਪ੍ਰਤੀ ਸਪਸ਼ਟ ਹੁੰਦੇ ਹਨ। ਸਮੱਸਿਆਵਾਂ ਦੇ ਹੱਲ ਦੀ ਸਮਝ ਤੇ ਯੋਗਤਾ ਰੱਖਦੇ ਹਨ। ਉਨ੍ਹਾਂ ਕੋਲ ਆਪਣੇ ਸਮੇਂ ਤੇ ਊਰਜਾ ਦੀ ਵਰਤੋਂ ਦੀ ਖੁਲ੍ਹ ਹੁੰਦੀ ਹੈ।

ਅਨੇਕਾਂ ਬਜੁਰਗ ਹਨ ਜਿਹੜੇ ਸਮਾਜ ਲਈ, ਆਪਣੇ ਭਾਈਚਾਰੇ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਬਦਲੇ ਵਿਚ ਕੁਦਰਤ ਉਨ੍ਹਾਂ ਨੂੰ ਪ੍ਰਸੰਨਤਾ, ਊਰਜਾ, ਸੰਤੁਸ਼ਟੀ ਤੇ ਸਿਹਤ ਦਾ ਤੋਹਫ਼ਾ ਭੇਂਟ ਕਰਦੀ ਹੈ ਅਜਿਹੇ ਬਜੁਰਗ ਬਦਲਾਅ ਤੇ ਚੁਣੌਤੀਆਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਸਮਝ ਕੇ ਸਹਿਜ ਬਣੇ ਰਹਿੰਦੇ ਹਨ ਅਤੇ ਕਦੇ ਵੀ ਰੀਟਾਇਰ ਨਹੀਂ ਹੁੰਦੇ।

ਹਰੇਕ ਬਜੁਰਗ ਨੂੰ ਬੁਢੇਪਾ ਉਵੇਂ ਜਿਊਣ ਦਾ ਅਧਿਕਾਰ ਹੈ ਜਿਵੇਂ ਉਹ ਜਿਊਣਾ ਚਾਹੁੰਦਾ ਹੈ। ਆਓ ੳਨ੍ਹਾਂ ਦੇ ਇਸ ਅਧਿਕਾਰ ਨੂੰ ਅਮਲੀ ਰੂਪ ਦੇਣ ਵਿਚ ਉਨ੍ਹਾਂ ਦੀ ਸਹਾਇਤਾ ਕਰੀਏ।