ਰੰਗ ਮੰਚ ਦਰਸ਼ਕਾਂ ਨੂੰ ਆਪਣੇ ਨਾਲ ਜੋੜਕੇ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ – ਸਪੀਕਰ ਸੰਧਵਾਂ

ਬਠਿੰਡਾ, 7 ਨਵੰਬਰ

ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ ਪੀਟੀਯੂ) ਦੇ ਵਿਹੜੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਰੰਗ ਕਰਮੀ ਕੀਰਤੀ ਕਿਰਪਾਲ ਦੀ ਅਗੁਵਾਈ ਵਿਚ ਕਰਵਾਏ ਜਾ ਰਹੈ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ 14ਵੀਂ ਸ਼ਾਮ ਦਰਸ਼ਕਾਂ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵਿਨੋਦ ਰਸਤੋਗੀ ਸਮ੍ਰਿਤੀ ਸੰਸਥਾਨ ਵੱਲੋਂ ਪ੍ਰਮਿਲ ਦੱਤਾ ਦਾ ਲਿਖਿਆ ਨਾਟਕ ਬੈਂਡ ਮਾਸਟਰ ਡਾਇਰੈਕਟਰ ਅਜੈ ਮੁਖਰਜੀ ਦੀ ਨਿਰਦੇਸ਼ਨਾ ਹੇਠ ਦੇਖਣ ਨੂੰ ਮਿਲਿਆ।
ਨਾਟਕ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਆਪਸੀ ਮੱਤ- ਭੇਦ ਨੂੰ ਮੰਚ ਤੋਂ ਸੰਗੀਤ ‘ਤੇ ਸੰਵਾਦਾਂ ਰਾਹੀਂ ਪੇਸ਼ ਕਰਦਾ ਹੈ। ਨਾਟਕ ਦਾ ਮੁੱਖ ਪਾਤਰ ਇੱਕ ਬਜ਼ੁਰਗ ਸੰਗੀਤਕਾਰ ਹੈਂ, ਜਿਸਨੂੰ ਅੱਜ ਦੀ ਨਵੀਂ ਪੀੜ੍ਹੀ ਪਸੰਦ ਨਹੀਂ ਕਰਦੀ ਅਤੇ ਉਸਦਾ ਮਜ਼ਾਕ ਉਡਾਉਂਦੀ ਰਹਿੰਦੀ ਹੈ। ਪਰ ਅੰਤ ਵਿਚ ਜਦੋਂ ਉਸ ਬਜ਼ੁਰਗ ਸੰਗੀਤਕਾਰ ਦੀ ਮੌਤ ਤੋਂ ਬਾਅਦ ਨੌਜਵਾਨਾਂ ਨੂੰ ਉਸਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਪੁਰਾਣੇ ਸ਼ਾਸਤਰੀ ਸੰਗੀਤ ਅਤੇ ਮਾਡਰਨ ਪੌਪ ਸੰਗੀਤ ਦੀਆਂ ਧੁਨਾਂ ਰਾਹੀਂ ਨਾਟਕ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ।

ਨਾਟਕ ਮੇਲੇ ਦੀ ਸ਼ਾਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਉਂਦਿਆਂ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸੰਧਵਾਂ ਨੇ ਰੰਗ ਮੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰੰਗ ਮੰਚ ਜਿੱਥੇ ਕਿ ਸਿਧੇ ਤੌਰ ਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਕੇ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਉੱਥੇ ਹੀ ਸਾਡੇ ਇਤਿਹਾਸ ਤੇ ਵਿਰਾਸਤ ਜਿਵੇਂ ਕਿ ਗ਼ਦਰੀ ਬਾਬੇ ਉਨ੍ਹਾਂ ਨਾਲ ਜੁੜਨ ਦਾ ਇੱਕ ਸੁਨਹਿਰੀ ਮੌਕਾ ਵੀ ਦਿੰਦਾ ਹੈ।

ਪ੍ਰਬੰਧਕਾਂ ਵਿਚੋਂ ਸਹਿ-ਸਰਪ੍ਰਸਤ ਡਾ ਪੂਜਾ ਗੁਪਤਾ ਅਤੇ ਪ੍ਰਧਾਨ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ ਜਦੋਂ ਕਿ ਡਾ ਕਸ਼ਿਸ਼ ਗੁਪਤਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਸਰਪ੍ਰਸਤ ਸੁਧਰਸ਼ਨ ਗੁਪਤਾ, ਡਾ. ਵਿਤੁਲ ਗੁਪਤਾ, ਨਿਰਦੇਸ਼ਕ ਕੀਰਤੀ ਕਿਰਪਾਲ, ਡਿਜ਼ਾਈਨਰ ਗੁਰਨੂਰ ਸਿੰਘ ਅਤੇ ਵਿਕਾਸ ਗਰੋਵਰ ਹਾਜ਼ਿਰ ਸਨ।