ਮਰਹੂਮ ਮਨਮੀਤ ਅਲੀਸ਼ੇਰ ਦੀ ਸੱਤਵੀਂ ਬਰਸੀ ਮਨਾਈ ਗਈ : ਬ੍ਰਿਸਬੇਨ

ਕੋਰੋਨਰ ਰਿਪੋਰਟ ਤੋਂ ਬਾਅਦ ਅਲੀਸ਼ੇਰ ਪਰਿਵਾਰ ‘ਚ ਨਿਰਾਸ਼ਾ

(ਹਰਜੀਤ ਲਸਾੜਾ, ਬ੍ਰਿਸਬੇਨ 30 ਅਕਤੂਬਰ) ਇੱਥੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰ ਵੱਲੋਂ ਸਥਾਨਕ ਭਾਈਚਾਰੇ ਦੀ ਹਾਜ਼ਰੀ ਵਿੱਚ ਮਨਮੀਤ ਪੈਰਾਡਾਈਜ਼ ਪਾਰਕ ਮਰੂਕਾ ਵਿਖੇ ਸੱਤਵੀਂ ਬਰਸੀ ਮੌਕੇ ਨਮਨ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਰੋਹ ਵਿੱਚ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ, ਪਰਿਵਾਰਕ ਬੁਲਾਰੇ ਵਿਨਰਜੀਤ ਗੋਲਡੀ, ਪਿੰਕੀ ਸਿੰਘ ਤੋਂ ਇਲਾਵਾ ਆਰ ਟੀ ਬੀ ਯੂਨੀਅਨ ਦੇ ਨੁਮਾਇੰਦਿਆਂ, ਵਿਖ-ਵੱਖ ਬੱਸ ਡੀਪੂਆਂ ਦੇ ਡਰਾਈਵਰ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਗੌਰਤਲਬ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਬ੍ਰਿਸਬੇਨ ਕੋਰਟ ਵੱਲੋਂ ਆਪਣੀ ਕੋਰੋਨਰ ਰਿਪੋਰਟ ਵਿੱਚ ਮਰਹੂਮ ਦੀ ਮੌਤ ਦੇ ਪਿਛਲੇ ਕਾਰਨਾਂ ਅਤੇ ਉਸਦੇ ਕਾਤਿਲ ਬਾਰੇ ਹੋਰ ਲਿਖਤੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਘਟਨਾ ਇੱਕ ਅਣਗਹਿਲੀ ਮਾਤਰ ਸੀ ਤੇ ਇਸਦਾ ਸਿੱਧੇ ਰੂਪ ‘ਚ ਕੋਈ ਵੀ ਜ਼ਿੰਮੇਵਾਰ ਨਹੀਂ ਹੈ।

ਸ੍ਰੀ ਅਲੀਸ਼ੇਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਨਤੀਜਿਆਂ ਤੋਂ ਨਿਰਾਸ਼ ਹਨ, ਅਤੇ ਵਿਸ਼ਵਾਸ ਕਰਦੇ ਹਨ ਕਿ ਨਿਆਂ ਨਹੀਂ ਦਿੱਤਾ ਗਿਆ ਅਤੇ ਉਹ ਹੁਣ ਅਗਲੀ ਕਾਨੂੰਨੀ ਲੜਾਈ ਲਈ ਸੋਚ ਰਹੇ ਹਨ। ਟੈਰੀ ਰਿਆਨ ਨੇ 29 ਸਾਲਾ ਮਨਮੀਤ ਸ਼ਰਮਾ ਦੀ ਮੌਤ ਦੀ ਸੱਤਵੀਂ ਬਰਸੀ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਖੋਜਾਂ ਨੂੰ ਸੌਂਪਿਆ, ਜੋ ਬ੍ਰਿਸਬੇਨ ਸਿਟੀ ਕੌਂਸਲ ਲਈ ਸਿਰਫ ਤਿੰਨ ਮਹੀਨਿਆਂ ਤੋਂ ਬੱਸ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਇਸ ਸਮਾਗਮ ਵਿੱਚ ਕਾਊਂਸਲਰ ਏਂਜਲਾ ਉਵਨ, ਟਰਾਂਸਪੋਰਟ ਫਾਰ ਬ੍ਰਿਸਬੇਨ ਦੀ ਡੀਵੀਜਨਲ ਮੈਨੇਜਰ ਸੰਮਾਥਾ ਐਬੇਡੀਰਾ, ਟੀਐੱਫਬੀ ਦੇ ਉਪਰੇਸ਼ਨਲ ਮੈਨੇਜਰ ਬ੍ਰੈਟ ਹੌਵੀ, ਬੈਨਟ ਰੌਸ਼, ਪੀਟਰ ਥਾਮਸਨ, ਗਲੈੱਨ, ਯੂਨੀਅਨ ਸੈਕਟਰੀ ਟੌਮ ਬਰਾਊਨ, ਨਵਦੀਪ ਸਿੱਧੂ, ਪਿੰਕੀ ਸਿੰਘ, ਵਿੰਨਰਜੀਤ ਗੋਲਡੀ ਆਦਿ ਵੱਲੋਂ ਪਰਿਵਾਰ ਅਤੇ ਸਮੁੱਚੇ ਭਾਰਤੀ ਭਾਈਚਾਰੇ ਨਾਲ ਹਮਦਰਦੀ ਜਤਾਈ ਗਈ। ਜਿਕਰਯੋਗ ਹੈ ਕਿ 28 ਅਕਤੂਬਰ 2016 ਦੀ ਮੰਦਭਾਗੀ ਸਵੇਰ ਨੂੰ ਇਸੇ ਸਥਾਨ ‘ਤੇ ਐਂਥਨੀ ਉਡਨਹੀਓ ਨਾਮੀ ਸਥਾਨਕ ਨਿਵਾਸੀ ਨੇ ਮਰਹੂਮ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਬੱਸ ‘ਚ ਜਿੰਦਾ ਸਾੜ ਦਿੱਤਾ ਸੀ। ਮਰਹੂਮ ਦੀ ਯਾਦ ‘ਚ ਹਰ ਸਾਲ ਕਰਵਾਏ ਜਾਂਦੇ ਇਸ ਸ਼ਰਧਾਂਜਲੀ ਸਮਾਗਮ ‘ਚ ਆਪਣੇ ਭਾਈਚਾਰੇ ਦੀ ਘਟਦੀ ਸ਼ਿਰਕਤ ਦਾ ਵੀ ਚਿੰਤਨ ਕੀਤਾ ਗਿਆ। ਸਰਕਾਰ ਵੱਲੋਂ ਮਰਹੂਮ ਦੇ ਪਰਿਵਾਰ ਨੂੰ ਮੁਆਵਜ਼ੇ ‘ਚ ਮਿਲੀ ਘੱਟ ਰਕਮ ਅਤੇ ਇਸ ਕਤਲ ਕੇਸ ਦੇ ਖਾਰਜ ਹੋਣ ਨਾਲ ਸਮੂਹ ਭਾਈਚਾਰਾ ਦੁੱਖੀ ਅਤੇ ਦੁਬਿਧਾ ‘ਚ ਹੈ।