ਮੈਲਬੌਰਨ ‘ਚ ਖਾਲਸਾ ਛਾਉਣੀ ਪਲੰਪਟਨ ਵਿਖੇ ਕਰਵਾਇਆ ਗਿਆ ‘ਮਿੰਨੀ ਖੇਡ ਮੇਲਾ’

ਮੈਲਬੌਰਨ ਸਹਿਰ ਦੇ ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਨੌਵੇਂ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਬਾਸਕਟਬਾਲ ,ਨੈਟਬਾਲ,ਫੁੱਟਬਾਲ, ਦੌੜਾਂ, ਰੱਸਾਕਸ਼ੀ, ਡੰਡ ,ਬੱਚਿਆਂ ਦੀਆਂ ਦੋੜਾਂ ਆਦਿ ਦੇ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਵਿੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਉਪਰੰਤ ਖੇਡ ਮੇਲੇ ਦੀ ਆਰੰਭਤਾ ਕੀਤੀ ਗਈ।

ਖੇਡ ਮੇਲੇ ਵਿੱਚ ਹੋਈਆਂ ਹਰੇਕ ਖੇਡਾਂ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦੌੜਾਂ ਦੇ ਮੁਕਾਬਲਿਆਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 65 ਸਾਲ ਤੱਕ ਦੇ ਬਜ਼ੁਰਗਾਂ, ਬੀਬੀਆਂ ਨੇ ਭਾਗ ਲਿਆ। ਮਰਦਾਂ ਅਤੇ ਔਰਤਾਂ ਦੇ ਰੱਸਾਕਸ਼ੀ ਦੇ ਮੁਕਾਬਲੇ ਆਕਰਸ਼ਨ ਦਾ ਕੇਂਦਰ ਰਹੇ। ਡੰਡ ਮਾਰਨ ਦੇ ਮੁਕਾਬਲੇ ਵੀ ਕਾਫੀ ਦਿਲਚਸਪ ਸਨ ਤੇ ਜੇਤੂਆਂ ਨੂੰ ਕਈ ਤਰਾਂ ਦੇ ਆਕਰਸ਼ਕ ਇਨਾਮ ਦਿਤੇ ਗਏ। ਖੇਡ ਮੇਲੇ ਵਿੱਚ ਪੰਜਾਬ ਤੋਂ ਆਏ ਮਾਪਿਆਂ ਨੇ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਮੈਲਟਨ ਹਲਕੇ ਦੇ ਮੈਂਬਰ ਪਾਰਲੀਮੈਂਟ ਸਟੀਵ ਮੈਕਗਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਿੰਨਾਂ ਖੁਦ ਵੀ ਖੇਡਾਂ ਵਿੱਚ ਹਿੱਸਾ ਲਿਆ ਤੇ ਇਸ ਮੌਕੇ ਗੁਰਘਰ ਵਲੋ ਮੈਂਬਰ ਪਾਰਲੀਮੈਂਟ ਦਾ ਸਨਮਾਨ ਵੀ ਕੀਤਾ ਗਿਆ। ਇਸ ਖੇਡ ਮੇਲੇ ਨੂੰ ਦੇਖਣ ਲਈ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾਂ ਸਮੇਤ ਪੁੱਜੀਆਂ ਹੋਈਆਂ ਸਨ। ਇਸ ਮੌਕੇ ਸੰਗਤਾਂ ਲਈ ਚਾਹ ਪਾਣੀ ਤੋਂ ਇਲਾਵਾ ਗੰਨੇ ਦਾ ਰਸ, ਛਬੀਲ, ਆਇਸ ਕਰੀਮ, ਜਲੇਬੀਆਂ ਤੇ ਪੱਕੇ ਪਕਵਾਨਾਂ ਦੇ ਲ਼ੰਗਰਾਂ ਦੇ ਨਾਲ-ਨਾਲ ਬੱਚਿਆਂ ਲਈ ਝੂਲਿਆਂ ਆਦਿ ਦੇ ਵਿਸ਼ੇਸ਼ ਇੰਤਜ਼ਾਮ ਸਨ। ਖੇਡ ਮੇਲੇ ਵਿੱਚ ਸੰਗਤਾਂ ਦਾ ਇਕੱਠ ਸਮਾਗਮ ਪ੍ਰਤੀ ਉਹਨਾਂ ਦੀ ਸ਼ਰਧਾ ਅਤੇ ਲਗਨ ਨੂੰ ਦਰਸਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਖੇਡਾਂ ਦੇ ਪ੍ਰਸਾਰ ਲਈ ਖਾਲਸਾ ਛਾਉਣੀ ਸਪੋਰਟਸ ਕਲੱਬ ਹੋਂਦ ਵਿੱਚ ਆਇਆ ਹੈ ਤਾਂ ਜੋ ਆਉਂਦੇ ਸਮੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਭਵਿੱਖ ਲਈ ਉੱਚ ਕੋਟੀ ਦੇ ਖਿਡਾਰੀ ਤਿਆਰ ਕਰ ਸਕਣ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਪਰਮਿੰਦਰ ਪਾਲ ਸਿੰਘ ਢਿਲੋਂ,ਰਾਜਬੀਰ ਸਿੰਘ ਕਾਲਕਟ,ਗੁਰਪ੍ਰੀਤ ਸਿੰਘ ਪ੍ਰੀਤ,ਗਗਨਦੀਪ ਸਿੰਘ,ਰਾਜਦੀਪ ਸਿੰਘ,ਬਲਜੀਤ ਸਿੰਘ ਬੈਂਸ, ਤੇ ਖਾਲਸਾ ਛਾਉਣੀ ਦੇ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ।