ਵਰਿੰਦਰ ਅਲੀਸ਼ੇਰ ਸੰਪਾਦਿਤ ਕਾਵਿ ਪੁਸਤਕ ‘ਕਲਮਾਂ ਦਾ ਕਾਫ਼ਲਾ’ ਲੋਕ ਅਰਪਿਤ : ਬ੍ਰਿਸਬੇਨ

(ਹਰਜੀਤ ਲਸਾੜਾ, ਬ੍ਰਿਸਬੇਨ 29 ਜੁਲਾਈ) ਇੱਥੇ ਗਲੋਬਲ ਇੰਸਟੀਚਿਊਟ ਵਿਖੇ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਇਸ ਮਹੀਨੇ ਦੇ ਸਾਹਿਤਿਕ ਸਮਾਗਮ ਵਿੱਚ ਵਰਿੰਦਰ ਅਲੀਸ਼ੇਰ ਦੁਆਰਾ ਸੰਪਾਦਿਤ ਪਲੇਠਾ ਕਾਵਿ ਸੰਗ੍ਰਹਿ ‘ਕਲਮਾਂ ਦਾ ਕਾਫ਼ਲਾ’ ਲੋਕ ਅਰਪਿਤ ਕੀਤਾ ਗਿਆ। ਇਸ ਸਮਾਗਮ ‘ਚ ਪੰਜਾਬੀ ਸਾਹਿਤਿਕ ਜਗਤ ਤੋਂ ਪ੍ਰਮੁੱਖ ਹਸਤੀਆਂ ਅੱਖਰ ਮੈਗਜ਼ੀਨ ਤੋਂ ਲੇਖਕ ਵਿਸ਼ਾਲ ਬਿਆਸ, ਗੀਤਕਾਰ ਰੱਤੂ ਰੰਧਾਵਾ ਤੇ ਗੀਤਕਾਰ ਨਿਰਮਲ ਦਿਓਲ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਹਰਮਨਦੀਪ ਗਿੱਲ ਨੇ ਮੰਚ ਦੀ ਸ਼ੁਰੂਆਤ ਸੰਸਥਾ ਦੇ ਕਾਰਜਾਂ ‘ਤੇ ਪੰਛੀ ਝਾਤ ਨਾਲ ਕੀਤੀ। ਪਰਮਿੰਦਰ ਹਰਮਨ ਨੇ ਆਪਣੀ ਨਜ਼ਮ ‘ਮਾਂ ਚੇਤੇ ਆਉਂਦੀ’ ਨਾਲ ਪੰਜਾਬੀ ਮਾਤਾਵਾਂ ਨੂੰ ਸਿਜਦਾ ਕੀਤਾ ਅਤੇ ਗੀਤ ‘ਪਿਆਰ ਨਾਲ’ ਰਾਹੀਂ ਇਸ਼ਕ ਹਕੀਕੀ ਤੋਂ ਜਾਣੂ ਕਰਵਾਇਆ। ਨੌਜਵਾਨ ਸ਼ਾਇਰ ਗੁਰਵਿੰਦਰ ਸਿੰਘ ਆਪਣੀ ਕਵਿਤਾ ‘ਸਫ਼ਲਤਾ’ ਰਾਹੀਂ ਮਨੁੱਖੀ ਸੰਘਰਸ਼ ਦੀ ਬਾਤ ਪਾਉਣ ‘ਚ ਸਫ਼ਲ ਰਿਹਾ। ਲੇਖਕ ਤੇ ਗੀਤਕਾਰ ਗੁਰਜਿੰਦਰ ਸੰਧੂ ਨੇ ਆਪਣੀਆਂ ਲਿੱਖਤਾਂ ਨਾਲ ਚੰਗੀ ਸਾਹਿਤਿਕ ਹਾਜ਼ਰੀ ਲਗਵਾਈ। ਦਲਜੀਤ ਸਿੰਘ ਨੇ ਆਈਆਂ ਹੋਈਆਂ ਸਨਮਾਨਿਤ ਹਸਤੀਆਂ ਦਾ ਸੰਖੇਪ ਤੁਆਰਫ ਕਰਵਾਇਆ। ਰਿਤੂ ਅਹੀਰ ਨੇ ਇਸ ਦਸ ਕਵੀਆਂ ਦੇ ਕਾਵਿ ਸੰਗ੍ਰਹਿ ਨੂੰ ਮਨੁੱਖੀ ਜਜ਼ਬਿਆਂ ਅਤੇ ਵਲਵਲਿਆਂ ਦਾ ਉਸਾਰੂ ਪੁਲੰਦਾ ਦੱਸਿਆ। ਉਹਨਾਂ ਆਪਣੀ ਕਵਿਤਾ ‘ਕਿਸਮਤ ਦੇ ਮਾਰੇ’ ਰਾਹੀਂ ਮਨੁੱਖੀ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨਿਆ। ਗੁਰਦੀਪ ਜਗੇੜਾ ਨੇ ਇਕ ਚੰਗੇ ਪਾਠਕ ਅਤੇ ਸ਼ਬਦਾਂ ਦੀ ਮਹੱਤਤਾ ਨੂੰ ਸਮਝਾਇਆ। ਹਰਜਿੰਦ ਮਾਂਗਟ ਨੇ ਗ੍ਰਿਸਤੀ ‘ਚ ਬੱਚਿਆਂ ਪ੍ਰਤੀ ਮਾਂ ਦੀਆਂ ਸੇਵਾਵਾਂ ਨੂੰ ਮਹਾਨ ਦੱਸਿਆ। ਪ੍ਰਸਿੱਧ ਪੰਜਾਬੀ ਗੀਤਕਾਰ ਨਿਰਮਲ ਦਿਓਲ ਨੇ ਸਮਾਜਿਕ ਤਾਣੇ-ਬਾਣੇ ਨੂੰ ਚੰਗਾ ਸ਼ਬਦੀ ਜਾਮਾ ਪਹਿਨਾਇਆ। ਚੇਤਨਾ ਗਿੱਲ ਨੇ ਮਨੁੱਖੀ ਹਿਰਦੇ ਦੇ ਕੋਮਲ ਭਾਵਾਂ ਨੂੰ ਹਰਫ਼ਾਂ ‘ਚ ਉਤਾਰਿਆ।

ਲਹਿੰਦੇ ਪੰਜਾਬ ਅਤੇ ਅਦਬੀ ਕੌਂਸਲ ਆਫ਼ ਆਸਟ੍ਰੇਲੀਆ ਤੋਂ ਸ਼ੋਇਬ ਜੇਦੀ ਨੇ ਭਾਸ਼ਾ ਪ੍ਰੇਮ ਨੂੰ ਦੋਵਾਂ ਮੁਲਕਾਂ ਲਈ ਪੁੱਲ ਦੱਸਿਆ। ਵਰਿੰਦਰ ਅਲੀਸ਼ੇਰ ਨੇ ਹਥਲੇ ਕਾਵਿ-ਸੰਗ੍ਰਹਿ ਬਾਰੇ ਬੋਲਦਿਆਂ ਕਿਹਾ ਕਿ ਸੰਸਥਾ ‘ਚ ਇਹ ਉਹਨਾਂ ਦੀ ਪਲੇਠੀ ਸੰਪਾਦਕੀ ਹੈ। ਉਹਨਾਂ ਅਨੁਸਾਰ ‘ਨਿੱਜੀ ਸੋਚ ਤੋਂ ਉਪਜੇ ਜੰਗੀ ਸ਼ਬਦ ਚੰਗੀ ਕਵਿਤਾ ਨਹੀਂ ਜਨਮ ਸਕਦੇ, ਕਵਿਤਾ ‘ਚ ਸਰਲਤਾ, ਸਪਸ਼ਟਤਾ ਅਤੇ ਸਚਾਈ ਹੋਣੀ ਲਾਜ਼ਮੀ ਹੈ।’ ਉਹਨਾਂ ਆਪਣੇ ਛੰਦਾਂ ਰਾਹੀਂ ਪੰਜਾਬ ਦੀ ਤ੍ਰਾਸਦੀ ਨੂੰ ਬਾਖੂਬੀ ਗਾਇਆ। ਗੀਤਕਾਰ ਰੱਤੂ ਰੰਧਾਵਾ ਦੀ ਮਿਸ਼ਨਰੀ ਰਚਨਾ ‘ਟੈਂਨਸ਼ਨ’ ਚੰਗਾ ਸਮਾਜਿਕ ਸੁਨੇਹਾ ਦੇ ਗਈ। ਸ਼ਾਇਰ ਵਿਸ਼ਾਲ ਬਿਆਸ ਨੇ ਆਪਣੇ ਜੀਵਨ ਫਲਸਫ਼ੇ ਅਤੇ ਸਾਹਿਤਿਕ ਸੰਘਰਸ਼ ਨੂੰ ਬਾਖੂਬੀ ਬਿਆਨਿਆ। ਉਹਨਾਂ ਸਾਹਿਤ ਪ੍ਰੇਮੀਆਂ ਨੂੰ ਕਿਸੇ ਕਵਿਤਾ ਅੰਦਰਲੇ ਸ਼ਬਦੀ ਖੜਾਕ (ਅੱਖਰਾਂ) ਨੂੰ ਸੁਣਨ ਅਤੇ ਸਮਝਣ ਲਈ ਪ੍ਰੇਰਿਆ। ਉਹਨਾਂ ਪੰਜਾਬ ‘ਚ ਮਜੂਦਾ ਸਮੇਂ ਪੰਜਾਬੀ ਭਾਸ਼ਾਈ ਮੈਗਜ਼ੀਨਾਂ ‘ਚ ਆਈ ਖੜੋਤ ‘ਤੇ ਵੀ ਚਿੰਤਾ ਪ੍ਰਗਟਾਈ।

ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਮੋਰੋਂ, ਇਕਬਾਲ ਸਿੰਘ ਧਾਮੀ, ਦਲਜੀਤ ਸਿੰਘ, ਗੁਰਦੀਪ ਜਗੇੜਾ, ਗੁਰਪ੍ਰੀਤ ਬਰਾੜ, ਨਵਦੀਪ, ਸ਼ੋਇਬ ਜੇਦੀ, ਹਰਜਿੰਦ ਕੌਰ ਮਾਂਗਟ, ਅਮਨ ਟਿਵਾਣਾ, ਰਿਤੂ ਅਹੀਰ, ਮੋਨਿਕਾ, ਚੇਤਨਾ ਗਿੱਲ, ਦਵਿੰਦਰ, ਹਰਜੋਤ ਕੌਰ ਮਾਨ, ਹਰਮਨ ਗਿੱਲ, ਅਮਰਜੀਤ ਸਿੰਘ, ਗੁਰਲੀਨ, ਗੁਰਪ੍ਰੀਤ, ਗੁਰਜਿੰਦਰ ਸੰਧੂ, ਪਰਮਿੰਦਰ ਹਰਮਨ, ਵਰਿੰਦਰ ਅਲੀਸ਼ੇਰ, ਜਸਕਰਨ, ਗੁਰਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।