ਪਿੰਡ, ਪੰਜਾਬ ਦੀ ਚਿੱਠੀ (167)

ਬੋਲੋ ਭਾਈ ਵਾਹਿਗੁਰੂ। ਪ੍ਰਮਾਤਮਾ ਦੀ ਸਾਡੇ ਉੱਤੇ ਸਵੱਲੀ ਨਜ਼ਰ ਹੈ। ਤੁਹਾਡੇ ਭਲੇ ਲਈ ਵੀ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਕਾਸੂੜੀਏ ਕੇ ਬਿੰਦਲੀਏ ਨੇ ਰਾਜਸਥਾਨ ਵਿੱਚ ਜ਼ਮੀਨ ਦਾ ਸੌਦਾ ਕਰ ਲਿਆ ਹੈ। ਕੱਲ੍ਹ ਉਹ ਪ੍ਰਸ਼ਾਦ ਵੰਡਦਾ, ਚੌਕੜੀ ਆਲਿਆਂ ਕੋਲ ਆਇਆ ਤਾਂ ਸਾਰਿਆਂ ਬੂੰਦੀ-ਭੁਜੀਆ ਖਾ, ਵਧਾਈ ਦਿੱਤੀ। ਸਾਰੀ ਕਹਾਣੀ ਜਾਨਣ ਵਾਲੇ ਚਾਸਕੂਆਂ ਨੇ, ਸਵਾਲਾਂ ਦੀ ਝੜੀ ਲਾਤੀ। ਖਿਆਲੀ ਕਹਿੰਦਾ, “ਅਫਸਰਾ ਸਾਡੇ ਅਰਗੇ ਤਾਂ ਮਿੱਟੀ ਨਾਲ ਮੱਥਾ ਮਾਰਣ, ਤੂੰ ਕਿੱਧਰ ਰਟੈਰ ਹੋ ਕੇ ਪੰਗਾ ਲੈ ਲਿਐ, ਉਹ ਵੀ ਪਿੰਡੋਂ ਬਾਹਰ, ਪਿਲਸਨ ਲੈ, ਮੌਜ ਕਰਦਾ।” ਕੇਰਾਂ ਤਾਂ ਬਿੰਦਾ ਬੌਂਦਲ ਗਿਆ, ਫਿਰ ਸੰਭਲ ਕੇ ਬੋਲਿਆ, “ਜੀਅ ਤਾਂ ਪਿੰਡੋਂ ਜਾਣ ਨੂੰ ਮੇਰਾ ਵੀ ਨੀਂ ਕਰਦਾ ਪਰ ਮੈਂ ਲੱਖਣ ਲਾਇਐ ਕਿ ਮੁੰਡਾ ਮੇਰਾ ਨੀਂ ਪੜ੍ਹਿਆ, ਏਥੇ ਪੈਲੀ ਮਹਿੰਗੀ ਐ, ਸੂਰਤਗੜ ਕੋਲ ਮੇਰੇ ਸਹੁਰੇ ਵੀ ਐ ਤੇ ਕੁੜੀ ਵੀ ਵਿਆਹੀ ਐ। ਉੱਥੇ ਤੀਹ ਲੱਖ ਦਾ ਮੁਰੱਬਾ ਆ ਗਿਆ। ਪਾਣੀ ਫੁਹਾਰੇ ਨਾਲ ਲੱਗ ਜੂ। ਮੁੰਡਾ ਕਰੂ ਤੇ ਖਾਊ।ਕੇਰਾਂ ਅਸੀਂ ਏਥੋਂ ਹੀ ਗੇੜਾ ਮਾਰ ਆਇਆ ਕਰਾਂਗੇ।” “ਪਰ ਨਾਲੇ ਆਹਦੇ ਓਥੇ, ਆਪਣੇ ਨਾਂ ਨੀਂ ਹੁੰਦੀ ਜ਼ਮੀਨ, ਫੇਰ ਕੀ ਕਰੇਂਗਾ?” ਇੰਦਰ ਰਾਜੇ ਕੇ ਭੋਲੇ ਨੇ ਕਾਨੂੰਨੀ ਨੁਕਤਾ ਕੱਢ ਮਾਰਿਆ। “ਹਾਂ! ਉੱਥੇ ਖਾਸਾ ਔਖਾ, ਇਹ ਕੰਮ, ਪਰ ਅਸੀਂ ਕਈ ਸਾਲ ਪਹਿਲਾਂ ਈ ਝੁਰਲੂ ਫੇਰਤਾ ਸੀ। ਕਾਨੂੰਨੀ ਖਾਨਾ-ਪੂਰੀ ਕਰਕੇ ਹੁਣ ਬੋਟਾਂ ਬਣਗੀਆਂ। ਅਸੀਂ ਜਿਲ੍ਹਾ ਪ੍ਰਮੁੱਖ ਅਤੇ ਸੰਮਤੀ ਦੀਆਂ ਵੋਟਾਂ ਉੱਥੇ ਹੀ ਪਾਈਆਂ। ਹੁਣ ਗਹਿਲੋਤ ਆਲੀਆਂ ਰਿਓੜੀਆਂ ਚੋਂ ਵੀ ਹਿੱਸਾ ਵੰਡਾਂਵਾਂਗੇ। ਪੰਜਾਬੀ ਜੁਗਾੜ ਤਾਂ ਲਾ ਈ ਲੈਂਦੇ ਐ, ਭਾਂਵੇਂ ਜਾਰਜੀਆ ਹੋਵੇ, ਇਹ ਤਾਂ ਗਵਾਂਢ ਰਾਜਸਥਾਨ ਐ, ਸਮਝੋ ਮੇਰੀ ਬਾਤ।" “ਬਾਤ ਤਾਂ ਸਮਝਗੇ, ਊਂ ਯਾਰ ਤੂੰ ਥੱਬਾ ਬੰਕਚ ਰੱਖਦਾ, ਵਿਆਜ ਖਾਂਦਾ, ਨਾਲੇ ਬੈਂਕ ਦਾ ਮੁਲਾਜ਼ਮ ਰਿਹਾ। ਮੇਰਾ ਮਨੂਆ ਤਾਂ ਇਹ ਦੱਸਦਾ।” ਬੀਰਬਲ ਰਾਮ ਕੇ ਫੂਲੇ ਨੇ, ਹੋਰ ਸੌਖੇ ਰਸਤੇ ਦੀ ਮੁਫ਼ਤ-ਸਲਾਹ ਵੰਡੀ। “ਓਹ ਭਾਈ, ਥੋਨੂੰ ਪਤਾ, ਹੁਣ ਬੈਂਕਾਂ ਦਾ ਵੀ ਪ੍ਰਾਈਵੇਟੀਕਰਨ ਹੋ ਰਿਹੈ। ਕਿੰਨੇ ਬੈਂਕ ਫੇਲ ਕਰਤੇ। ਕੋਈ ਇਤਬਾਰ ਨਹੀਂ। ਸਾਰੀ ਉਮਰ ਦੀ ਕਮਾਈ ਰੁੜ-ਗੀ ਤਾਂ ਕੀਹਦੀ ਮਾਂ ਨੂੰ ਆਂਟੀ ਆਖਾਂਗੇ। ਧਰਤੀ ਮਾਂ ਢਿੱਡ ਤਾਂ ਭਰੂ, ਕਿ ਨਹੀਂ?” ਬਿੰਦਲ ਕੁਮਾਰ ਸੇਵਾ-ਮੁਕਤ ਬੈਂਕ ਅਫਸਰ ਨੇ ਅੰਦਰਲੀ ਗੱਲ ਕੱਢੀ ਤਾਂ ਇੰਦਰ ਸਿੰਹੁ ਕਾਮਰੇਡ ਕਹਿੰਦਾ, “ਕਿਉਂ! ਮੈਂ ਰੋਜ ਕਹਿੰਨਾਂ ਨਾਂ, ਕੱਠੇ ਹੋ ਜੋ, ਨਹੀਂ ਤਾਂ ਪੂੰਜੀਪਤੀਆਂ ਦੀ ਹਨੇਰੀ ਉਡਾ ਕੇ ਲੈ ਜੂ ਸਭ ਨੂੰ। ਕਿਸਾਨ-ਮਜਦੂਰ ਲਾ ਮੁਲਾਜ਼ਮ ਇੱਕ ਹੋ ਜੋ।" ਕਾਮਰੇਡ ਨੇ ਮੁੱਕਾ ਵੱਟ ਕੇ, ਬਾਂਹ ਤਣ ਲਈ।

ਹੋਰ, ਔਲਖਾਂ ਦੇ ਡੇਰੇ ਦੀ ਆਖਰੀ ਨਿਸ਼ਾਨੀ ਟਾਹਲੀ ਵੀ ਖੜ-ਸੁੱਕ ਹੋ ਗਈ ਹੈ। ਲਾਲ ਡੋਰੇ ਦੇ ਅੰਦਰ ਵਾਲੇ ਘਰ, ਡਰੋਨ ਰਾਹੀਂ ਮਾਲਕਾਂ ਦੇ ਨਾਂ ਹੋ ਰਹੇ ਹਨ। ਕਿਸਾਨਾਂ ਦੇ ਛੇ ਮਹੀਨੇ ਪਾਲੇ ਛੋਲੇ, ਫੈਕਟਰੀਚ ਜਾ ਕੇ ‘ਜੀਵਨ ਮੱਲ ਵੇਸਣਬਣ ਕੇ ਨਿਕਲਦੇ ਹਨ। ਸ਼੍ਰੋਮਣੀ ਕਮੇਟੀ ਵੋਟਾਂ ਲਈ, ਕਈ ਲੀਡਰ ਖੁੰਬਾਂ ਵਾਂਗ ਨਿਕਲ ਆਏ ਹਨ। ਮੋਟੇ ਬਾਬੇ ਦੇ ਬਿਬਾਨ ਉੱਤੇ, ਡਰਾਈ ਫਰੂਟ ਵੀ ਮੋਟਾ ਸਾੜਿਆ ਗਿਆ। ਜੈਪੁਰ ਵਾਲਾ, ਨਿਹਾਲੇ ਕਾ ਅਫ਼ਸਰ, ਬੇਘਰ ਹੋ ਕੇ ਹੁਣ ‘ਬੁਢਾਪਾ ਪੈਨਸ਼ਨ ਲਈ ਤਰਲੇ ਕਰ ਰਿਹੈ। ਜ਼ਮੀਨ ਦੀ ਵੱਟ ਅਤੇ ਪਾਣੀ ਦੇ ਮਿੰਟ ਦਾ ਲਾਲਚ ਅਜੇ ਵੀ ਕਾਇਮ ਹੈ। ਸਾਲਾਸਰ, ਪੈਦਲ ਯਾਤਰਾ ਲਈ ਰਾਹੁਲ ਦਾ ਤਜਰਬਾ ਵਧੀਆ ਰਿਹਾ। ਸੱਚ, ਨਰਮੇ ਦੀਆਂ ਚੋਣੀਆਂ ਦੀ, ‘ਨਵੀਂ ਮੰਗ(ਆਰ.ਓ. ਦਾ ਪਾਣੀ, ਵਾਟਰ ਕੂਲਰ ਵਿੱਚ ਮਿਲਣਾ ਚਾਹੀਦਾ ਹੈ) ਆ ਗਈ ਹੈ। ਅਸੀਂ ਹੁਣ ਝੋਨੇ, ਨਰਮੇਚ ਰੁੱਝ ਗਏ ਹਾਂ, ਤੁਸੀਂ ਤਾਜ਼ਾ ਪਈ ਬਰਫ਼ ਤੋਂ ਬਚਿਓ। ਚੰਗਾ ਬਾਕੀ ਅਗਲੇ ਐਤਵਾਰ।


ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061