ਪੁਸਤਕ ਦਾ ਰੂਪ ਹੈ ਮੈਗਜੀਨ ‘ਪਰਵਾਜ਼’

ਨਿਵੇਕਲੀ ਕਿਸਮ ਦਾ ਮੈਗਜੀਨ ‘ਪਰਵਾਜ਼’ ਦਾ ਯਾਦਾਂ ਵਿਸ਼ੇਸ਼ ਅੰਕ ਛੱਬੀਵਾਂ ਅੰਕ ਹੈ। ਮੈਗਜੀਨ ਦੇ ਸੰਪਾਦਕ ਸ੍ਰੀ ਅਤਰਜੀਤ ਹੋਰਾਂ ਨੇ ਸਮੁੱਚੀ ਪ੍ਰਬੰਧਕੀ ਟੀਮ ਨਾਲ ਸਲਾਹ ਕਰਕੇ ਇਹ ਨਿਵੇਕਲੀ ਕਿਸਮ ਦਾ ਮੈਗਜੀਨ ਪਾਠਕਾਂ ਦੇ ਰੂਬਰੂ ਕੀਤਾ ਹੈ। ਇਸ ਮੈਗਜੀਨ ਵਿੱਚ ਕਹਾਣੀਆਂ, ਕਵਿਤਾਵਾਂ ਆਦਿ ਦੀ ਥਾਂ ਕੇਵਲ ਯਾਦਾਂ ਹੀ ਛਾਪ ਕੇ ਨਵੀਂ ਪਿਰਤ ਪਾਈ ਹੈ। ਖੁਲੇ ਸੱਦੇ ਤੇ ਵੱਖ ਵੱਖ ਵਿਅਕਤੀਆਂ ਨੇ ਆਪਣੀਆਂ ਯਾਦਾਂ ਭੇਜੀਆਂ। ਇਹਨਾਂ ਵਿੱਚ ਬਹੁਤੇ ਉਹ ਹਨ, ਜੋ ਲੇਖਕ ਤਾਂ ਨਹੀਂ, ਪਰ ਉਹ ਕੁੱਝ ਨਾ ਕੁੱਝ ਲਿਖਣਾ ਜਰੂਰ ਚਾਹੁੰਦੇ ਸਨ ਪਰ ਇਸ ਰਾਹ ਤੁਰ ਨਹੀਂ ਸਕੇ। ਇਹ ਤੱਥ ਉਹਨਾਂ ਦੀਆਂ ਲਿਖਤਾਂ ਤੋਂ ਪਰਤੱਖ ਹੁੰਦਾ ਹੈ ਉਹਨਾਂ ਦੁਆਰਾ ਲਿਖੀਆਂ ਯਾਦਾਂ ਸੱਚਮੁੱਚ ਕਹਾਣੀਆਂ ਵਰਗੀਆਂ ਹਨ, ਹਲੂਣਾ ਦਿੰਦੀਆਂ ਹਨ ਅਤੇ ਕੋਈ ਨਾ ਕੋਈ ਚੰਗਾ ਸੁਨੇਹਾ ਵੀ ਦਿੰਦੀਆਂ ਹਨ।

ਇਸ ਮੈਗਜੀਨ ਦੀ ਸੰਪਾਦਕੀ ਤੋਂ ਬਾਅਦ ਮਰਹੂਮ ਲੇਖਕ ਦੇਸ ਰਾਜ ਕਾਲੀ ਨੂੰ ਸਰਧਾਂਜਲੀ ਵਜੋਂ ਇੱਕ ਯਾਦ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਅਮੋਲਕ ਸਿੰਘ ਵੱਲੋਂ ‘ਨੀ ਉਹ ਕੰਮੀਆਂ ਦਾ ਮੁੰਡਾ ਬੋਲੀ ਹੋਰ ਬੋਲਦਾ’ ਨਾਂ ਹੇਠ ਹੈ। ਯਾਦ ‘ਕੰਡਿਆਲੇ ਛਾਪਿਆਂ ਵਿੱਚੋਂ ਚੋਂਦਾ ਸ਼ਹਿਦ’ ਵਿੱਚ ਡਾ: ਗੁਰਮਿੰਦਰ ਸਿੱਧੂ ਨੇ ਰਿਸਵਤਖੋਰੀ ਨਿਜ਼ਾਮ ਤੇ ਸੱਟ ਮਾਰੀ ਹੈ ਤੇ ਇਮਾਨਦਾਰੀ ਦੀ ਕਦਰ ਸਿਰ ਚੜ ਕੇ ਬੋਲਦੀ ਪ੍ਰਗਟ ਹੁੰਦੀ ਹੈ। ਪਰਮਿੰਦਰ ਕੌਰ ਸਵੈਚ ਦੀ ਰਚਨਾ ‘ਤੱਤੀ ਵਾ ਨਾਲ ਮੱਥਾ’ ਪੰਜਾਬ ਦੇ ਕਾਲੇ ਦਿਨਾਂ ਨੂੰ ਯਾਦ ਕਰਵਾਉਂਦੀ ਹੈ ਅਤੇ ਸੱਚ ਬੋਲਣ ਦੇ ਹੌਂਸਲੇ ਦੀ ਜਿੱਤ ਪ੍ਰਗਟ ਕਰਦੀ ਹੈ। ‘ਭੈਣਾਂ’ ਨਾਂ ਦੀ ਕਮਲ ਬਠਿੰਡਾ ਦੀ ਯਾਦ, ਭੈਣਾਂ ਦੇ ਪਵਿੱਤਰ ਮੋਹ ਪਿਆਰ ਦੀ ਬਾਤ ਪਾਉਂਦੀ ਹੈ।

‘ਮਾਂ ਦਾ ਕਰਜ਼ਈ’ ਸਿਰਲੇਖ ਹੇਠ ਸ੍ਰੀ ਅਤਰਜੀਤ ਵੱਲੋਂ ਲਿਖੀ ਯਾਦ ਪਰਿਵਾਰ ਦੇ ਦੁਖਦਾਈ ਤੇ ਅਸਹਿ ਪਲਾਂ ਨੂੰ ਰੂਬਰੂ ਕਰਦੀ ਹੈ। ਜਦੋਂ ਬਾਪ ਦੀ ਮੌਤ ਉਪਰੰਤ ਮਾਂ ਵੱਲੋਂ ਜੇਠ ਦੇ ਸਹਾਰੇ ਜਿੰਦਗੀ ਗੁਜਾਰਨ ਦਾ ਹੂਲਾ ਫੱਕਣਾ ਪਿਆ। ਇਹ ਲਿਖਤ ਔਰਤ ਦੀ ਮਜਬੂਰੀ, ਵਿਧਵਾ ਜੀਵਨ ਦੇ ਦੁਖਾਂ, ਲੋਕਾਂ ਦੇ ਮਿਹਣਿਆਂ ਦੀਆਂ ਆਰਾਂ ਆਦਿ ਨੂੰ ਜੱਗ ਜ਼ਾਹਰ ਕਰਦੀ ਹੋਈ ਸਮਾਜ ਵੱਲੋਂ ਔਰਤ ਤੇ ਲਾਈਆਂ ਬੰਦਸਾਂ ਨੂੰ ਪਰਤੱਖ ਕਰਦਿਆਂ ਐਰਤ ਦੀ ਆਜ਼ਾਦੀ ਦੀ ਲੋੜ ਪ੍ਰਗਟ ਕਰਦੀ ਹੈ। ਪਿ੍ਰੰ: ਸਤਨਾਮ ਸਿੰਘ ਸ਼ੋਕਰ ਦੀ ਯਾਦ ‘ਕਾਗਜ਼ੀ ਇੰਜਨੀਅਰ’ ਵਿਦਿਅਕ ਯੋਗਤਾ ਉੱਪਰ ਕਿਰਤ ਨੂੰ ਭਾਰੂ ਦਰਸਾਉਂਦੀ ਹੈ, ਕਿਉਂਕਿ ਉਹ ਹੱਥੀਂ ਹੋਇਆ ਤਜਰਬਾ ਹੁੰਦਾ ਹੈ। ਰਮੇਸ਼ ਕੁਮਾਰ ਗਰਗ ਦੀ ਰਚਨਾ ‘ਡਾਕਟਰ ਤੇ ਡਰਾਈਵਰ’ ਮੌਜੂਦਾ ਸਮੇਂ ਡਾਕਟਰੀ ਪੇਸ਼ੇ ਤੇ ਲਾਲਚੀਕਰਨ ਤੇ ਚੋਟ ਕਰਦੀ ਹੋਈ ਡਰਾਈਵਰਾਂ ਪ੍ਰਤੀ ਇਮਾਨਦਾਰੀ ਤੇ ਦਿਆਨਦਾਰੀ ਦੀ ਮਿਸਾਲ ਬਣਦੀ ਹੈ ਤੇ ਦਿਲ ਨੂੰ ਧੂਅ ਪਾਉਣ ਵਾਲੀ ਹੈ।

‘ਯਾਦਾਂ ਸਕੂਲ ਦੀਆਂ’ ਨਾਂ ਦੀ ਬਲਵਿੰਦਰ ਝਬਾਲ ਦੀ ਰਚਨਾ ਦੇਸ਼ ਦੇ ਹਾਲਾਤਾਂ ਨੂੰ ਪੇਸ਼ ਕਰਦੀ ਹੈ ਕਿ ਕਿਵੇਂ ਲੋਕ ਹੱਕਾਂ ਲਈ ਜੂਝਣ ਵਾਲਿਆਂ ਦੇ ਪਰਿਵਾਰ ਨੂੰ ਔਖਾਂ ਭਰੀ ਜਿੰਦਗੀ ਗੁਜਾਰਨੀ ਪੈਂਦੀ ਹੈ, ਪਰ ਅਜਿਹੇ ਇਨਸਾਨ ਆਪਣੇ ਅਸੂਲਾਂ ਤੋਂ ਪਿੱਛੇ ਨਹੀਂ ਹਟਦੇ। ਬਲਵਿੰਦਰ ਭੁੱਲਰ ਦੀ ਯਾਦ ‘ਤਿਲਕੂ ਦੀ ਕੁਲਫ਼ੀ’ ਭਾਵੇਂ ਛੋਟੇ ਕਾਰੋਬਾਰ ਨਾਲ ਸਬੰਧਤ ਹੈ, ਪਰ ਇਹ ਮੁਨਾਫ਼ੇ ਦੀ ਨਹੀਂ ਸਥਾਪਤੀ ਨੂੰ ਦਰਸਾਉਂਦੀ ਹੈ। ‘ਕੁੰਢੀਆਂ ਮੁੱਛਾਂ’ ਰਾਹੀਂ ਅਵਤਾਰ ਸਿੰਘ ਬਾਹੀਆਂ ਪੰਜਾਬੀਆਂ ਦੀਆਂ ਕੁੰਢੀਆਂ ਮੁੱਛਾਂ ਤੇ ਮਾਣ ਮਹਿਸੂਸ ਕਰਦਾ ਹੈ। ਪਿ੍ਰ: ਰਿਪਨਜੋਤ ਕੌਰ ਬੱਗਾ ਦੀ ਰਚਨਾ ‘ਕਮਾਂਡੋ ਦੀ ਮੰਗੇਤਰ’ ਔਰਤ ਦੇ ਸਬਰ, ਹਿੰਮਤ ਤੇ ਕੁਰਬਾਨੀ ਦੀ ਬਾਤ ਪਾਉਂਦੀ ਹੈ। ‘ਗਰਮੀਆਂ ਦੇ ਦਿਨ ਤੇ ਨਾਨਕੇ’ ਨਾਂ ਦੀ ਯਾਦ ਹੇਠ ਤਰਸੇਮ ਬਸਰ ਪੁਰਾਣੇ ਪੇਂਡੂ ਬਚਪਨ ਤੇ ਸਮਾਜ ਵਿਚਲੀ ਸਾਂਝੀਵਾਲਤਾ ਤੋਂ ਲੋਕਾਂ ਦੀਆਂ ਗੂੜੀਆਂ ਸਾਂਝਾਂ ਨੂੰ ਚਤੇ ਕਰਦਿਆਂ ਜਿੰਦਗੀ ਦੀ ਲੈਅ ਤੇ ਤਾਲ ਨਾਲ ਜੀਵਨ ਗਤੀ ਤੇਜ ਕਰਨ ਦੀ ਗੱਲ ਕਰਦਾ ਹੈ। ਮਨਮੋਹਨ ਸਿੰਘ ਬਾਸਰਕੇ ਦੀ ਰਚਨਾ ‘ਜਦੋਂ ਮੈਨੂੰ ਤਗਮਾ ਮਿਲਿਆ’ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੀ ਹੈ। ਇਸਤੋਂ ਇਲਾਵਾ ਸੀਰਾ ਗਰੇਵਾਲ ਰੌਂਤਾ, ਪ੍ਰੋਰਿੰਦਰ ਸਿੰਗਲਾ, ਕਿਰਨਦੀਪ ਕੌਰ, ਅਮਨ ਦਾਤੇਵਾਸੀਆ, ਡਾ: ਕਰਮਜੀਤ ਸਿੰਘ, ਜਸਕਰਨ ਜੱਸ, ਸੁਖਵਿੰਦਰ ਜੀਦਾ, ਇਕਬਾਲ ਸਿੱਧੂ ਭਾਈਕਾ ਦੀਆਂ ਯਾਦਾਂ ਵੀ ਬਹੁਤ ਕੁੱਝ ਯਾਦ ਕਰਵਾਉਂਦੀਆਂ ਹਨ। ਅੰਤ ਵਿੱਚ ਕੁੱਝ ਦਿਨ ਪਹਿਲਾਂ ਅਲਵਿਦਾ ਕਹਿ ਗਏ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਵਲਕਾਰ ਸਤਵਰਗ ਬਾਰੂ ਦੀ ਇੱਕ ਰਚਨਾ ‘ਤਾਲੋਂ ਖੁੰਝੀ ਡੂਮਣੀ’ ਅਤੇ ਲੇਖਕ ਰਿਪੁਦਮਨ ਸਿੰਘ ਰੂਪ ਦੇ ਨਾਵਲ ‘ਪ੍ਰੀਤੀ’ ਦਾ ਰਿਵੀਊ ਪਾਠਕਾਂ ਦੇ ਰੂਬਰੂ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇਹ ਮੈਗਜੀਨ ਇੱਕ ਪੁਸਤਕ ਦਾ ਰੂਪ ਹੀ ਹੈ ਅਤੇ ਸਾਂਭਣਯੋਗ ਹੈ। ਇਹ ਸਾਹਿਤ ਸੱਭਿਆਚਾਰ ਮੰਚ ਦਾ ਬੁਲਾਰਾ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913