ਸੂਰਜ ਨਾਲੋਂ ਟੁੱਟੇ ਹੋਏ ਟੁਕੜੇ ਨੇ ਹਜਾਰਾਂ ਸਾਲਾਂ ਵਿੱਚ ਠੰਢੇ ਹੋਣ ਉਪਰੰਤ ਧਰਤੀ ਦਾ ਰੂਪ ਧਾਰਿਆ। ਫਿਰ ਇਸ ਉਪਰ ਬਨਸਪਤੀ ਪੈਦਾ ਹੋਈ, ਫਿਰ ਜੀਵ ਜੰਤੂ ਪਸੂ ਪੰਛੀ ਇਸ ਧਰਤੀ ਤੇ ਪੈਦਾ ਹੁੰਦੇ ਰਹੇ। ਉਸਤੋਂ ਬਾਅਦ ਲੱਖਾਂ ਸਾਲਾਂ ਦੇ ਸਫ਼ਰ ਤੋਂ ਬਾਅਦ ਮੌਜੂਦਾ ਮਨੁੱਖ ਦਾ ਰੂਪ ਇਸ ਧਰਤੀ ਤੇ ਹੋਂਦ ਵਿੱਚ ਆਇਆ। ਹਰਿਆਵਲੀ ਧਰਤੀ ਤੇ ਇਹਨਾਂ ਜੀਵਾਂ ਜੰਤੂਆਂ ਦੀਆਂ ਲੱਖਾਂ ਦੀ ਤਾਦਾਦ ਵਿੱਚ ਵੱਖ ਵੱਖ ਕਿਸਮਾਂ ਅਤੇ ਚਹਿਲ ਪਹਿਲ ਹੀ ਕੁਦਰਤ ਦਾ ਅਸਲ ਨਜ਼ਾਰਾ ਪੇਸ਼ ਕਰਦੀਆਂ ਹਨ। ਇਸ ਵਾਤਾਵਰਣੀ ਕੁਦਰਤ ਅਤੇ ਇਨਸਾਨਾਂ ਦੇ ਰੂਪ ਵਿੱਚ ਤਰੱਕੀ ਕਰ ਰਹੀ ਇਸ ਮਨੁੱਖ ਜਾਤੀ ਨੂੰ ਵੇਖਕੇ ਖੁਸ਼ ਹੁੰਦਿਆਂ ਹੀ ਸ਼ਾਇਦ ਬਾਬਾ ਨਾਨਕ ਨੇ ਉਚਾਰਣ ਕੀਤਾ ਸੀ ‘ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨਾ ਜਾਈ ਲਖਿਆ।’ ਇਹ ਪੱਥਰ ਤੇ ਲਕੀਰ ਵਰਗੀ ਸੱਚਾਈ ਹੈ ਕਿ ਜੋ ਕੰਮ ਕੁਦਰਤ ਦੇ ਹਨ ਉਹ ਮਨੁੱਖ ਨਹੀਂ ਕਰ ਸਕਦਾ। ਫੇਰ ਮਨੁੱਖ ਨੂੰ ਇਹ ਅਧਿਕਾਰ ਵੀ ਨਹੀਂ ਕਿ ਉਹ ਕੁਦਰਤ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰੇ। ਕੁਦਰਤ ਵਿੱਚ ਕਾਦਰ ਵਸਦਾ ਹੈ, ਇਹ ਕਿਸੇ ਨੂੰ ਧੋਖਾ ਨਹੀਂ ਦਿੰਦੀ ਬਲਕਿ ਸਹਿਯੋਗ ਦਿੰਦੀ ਹੈ। ਜੋ ਸਮੇਂ ਦੀ ਲੋੜ ਹੁੰਦੀ ਹੈ, ਕੁਦਰਤ ਪ੍ਰਕਿਰਤੀ ਵਿੱਚ ਤਬਦੀਲੀ ਕਰਦੀ ਰਹਿੰਦੀ ਹੈ।
ਮਨੁੱਖ ਨੇ ਵਿੱਦਿਆ ਹਾਸਲ ਕਰ ਲਈ, ਸਾਇੰਸ ਦੇ ਰਸਤੇ ਚੱਲ ਪਿਆ। ਇਸ ਨਾਲ ਉਹ ਤਰੱਕੀ ਤੇ ਵਿਕਾਸ ਤਾਂ ਕਰਦਾ ਰਿਹਾ, ਪਰੰਤੂ ਵਾਤਾਵਰਣ ਤੇ ਪ੍ਰਕਿਰਤੀ ਤੋਂ ਉਹ ਬਿਲਕੁਲ ਬੇਧਿਆਨ ਹੋ ਗਿਆ। ਵਧੇਰੇ ਆਮਦਨ ਦੇੇ ਸਾਧਨ ਪੈਦਾ ਕਰਨ ਲਈ ਉਸਨੇ ਬਨਸਪਤੀ ਦੀ ਤਬਾਹੀ ਕਰਨੀ ਸੁਰੂ ਕਰ ਦਿੱਤੀ। ਵੱਧ ਆਮਦਨ ਦੀ ਲਾਲਸਾ ਵਿੱਚ ਫ਼ਸਲਾਂ ਦੀ ਵਧੇਰੇ ਉਪਜ ਨੂੰ ਮੁੱਖ ਰਖਦਿਆਂ ਉਸਨੇ ਫਸਲਾਂ ਦਾ ਨੁਕਸਾਨ ਕਰਨ ਵਾਲੇ ਪਸੂਆਂ ਜੀਵਾਂ ਕੀੜੇ ਮਕੌੜਿਆਂ ਦਾ ਖਾਤਮਾ ਕਰਨਾ ਸੁਰੂ ਕਰ ਦਿੱਤਾ। ਇਸ ਖਾਤਮੇ ਲਈ ਫ਼ਸਲਾਂ ਤੇ ਜਹਿਰਾਂ ਦਾ ਛਿੜਕਾ ਕੀਤਾ ਗਿਆ, ਜਿਸ ਨਾਲ ਦੁਸ਼ਮਣ ਕੀੜਿਆਂ ਦੇ ਨਾਲ ਨਾਲ ਮਿੱਤਰ ਕੀੜ ਪਤੰਗੇ ਵੀ ਖਤਮ ਹੋ ਗਏ, ਜੋ ਕੁਦਰਤ ਅਨੁਸਾਰ ਦੁਸ਼ਮਣ ਕੀੜਿਆਂ ਨੂੰ ਖਤਮ ਕਰਨ ਫ਼ਸਲ ਵਿੱਚ ਵਾਧਾ ਕਰਨ ਵਿੱਚ ਸਹਿਯੋਗ ਦਿੰਦੇ ਸਨ। ਇਸ ਜਹਿਰ ਵਾਲੇ ਦਾਣੇ ਜਾਂ ਜਹਿਰ ਖਾ ਕੇ ਮਰਨ ਵਾਲੇ, ਦੁਸ਼ਮਣ ਕੀੜਿਆਂ ਨੂੰ ਖਾਣ ਵਾਲੇ ਮਿੱਤਰ ਪੰਛੀ ਵੀ ਮੌਤ ਦੇ ਮੂੰਹ ਜਾਣ ਲੱਗੇ। ਇਨਸਾਨ ਨੇ ਇਹ ਨਾ ਸਮਝਿਆ ਕਿ ਕੁਦਰਤ ਨੇ ਧਰਤੀ ਤੇ ਲੋੜ ਅਨੁਸਾਰ ਹਰ ਤਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਜੇਕਰ ਜੰਗਲਾਂ ਵਿੱਚ ਘਾਹ ਹਰਾ ਚਾਰਾ ਖਾਣ ਵਾਲੇ ਪਸ਼ੂ ਪੈਦਾ ਕੀਤੇ ਹਨ ਤਾਂ ਉਹਨਾਂ ਦੇ ਬੇਲੋੜੇ ਵਾਧੇ ਨੂੰ ਰੋਕਣ ਲਈ ਮਾਸਾਹਾਰੀ ਜਾਨਵਰ ਵੀ ਪੈਦਾ ਕੀਤੇ। ਜੇ ਫਸਲਾਂ ਆਦਿ ਦਾ ਨੁਕਸਾਨ ਕਰਨ ਵਾਲੇ ਦੁਸ਼ਮਣ ਕੀੜੇ ਪੈਦਾ ਹੋਏ ਤਾਂ ਉਹਨਾਂ ਦਾ ਵਾਧਾ ਰੋਕਣ ਲਈ ਹੀ ਮਿੱਤਰ ਕੀੜੇ ਹੋਂਦ ਵਿੱਚ ਆਏ। ਇਸ ਲਈ ਕੁਦਰਤ ਤੋਂ ਆਕੀ ਹੋ ਕੇ ਲਾਲਚ ਵੱਸ ਕੀਤੇ ਜਾਣ ਵਾਲੇ ਕੰਮਾਂ ਨੇ ਨੁਕਸਾਨ ਪਹੁੰਚਾਇਆ।
ਬਲਿਹਾਰੀ ਕੁਦਰਤ ਨੂੰ ਖੋਰਾ ਲੱਗਣਾ ਸੁਰੂ ਹੋ ਗਿਆ, ਇਸਦਾ ਅਸਰ ਮਨੁੱਖੀ ਜਾਤੀ ਤੇ ਵੀ ਹੋਇਆ। ਇਹ ਕੀੜੇ ਮਕੌੜੇ ਪਸੂ ਪੰਛੀ ਜੀਵ ਜੰਤੂ ਆਦਿ ਜੋ ਇੱਕ ਦੂਜੇ ਦੇ ਮੱਦਦਗਾਰ ਤੇ ਸਹਾਇਕ ਸਨ, ਇਹਨਾਂ ਦੀ ਘਾਟ ਨੇ ਵਾਤਾਵਰਣ ਨੂੰ ਪ੍ਰਦੂਸਤ ਕਰ ਦਿੱਤਾ। ਸਿੱਟੇ ਵਜੋਂ ਤਰਾਂ ਤਰਾਂ ਦੀਆਂ ਭਿਆਨਕ ਬੀਮਾਰੀਆਂ ਨੇ ਇਨਸਾਨਾਂ ਨੂੰ ਮੌਤ ਵੱਲ ਧੱਕ ਦਿੱਤਾ। ਆਖਰ ਬੁੱਧੀਜੀਵੀਆਂ, ਮਹਾਂਪੁਰਖਾਂ, ਸਾਇੰਸਦਾਨਾਂ ਅਤੇ ਜਾਗਰੂਕ ਇਨਸਾਨਾਂ ਨੇ ਵਾਤਾਵਰਣ ਦੀ ਸੁੱਧਤਾ ਨੂੰ ਬਚਾਉਣ ਦਾ ਹੋਕਾ ਦਿੱਤਾ। ਜਿਸਦਾ ਅਸਰ ਇਹ ਹੋਇਆ ਕਿ ਲੋਕਾਂ ਨੂੰ ਮੁੜ ਬਨਸਪਤੀ ਤੇ ਪਸੂ ਪੰਛੀਆਂ ਨੂੰ ਬਚਾਉਣ ਦੀ ਕੁੱਝ ਜਾਗਰੂਕਤਾ ਜਰੂਰ ਪੈਦਾ ਹੋਈ। ਅਦਾਲਤਾਂ ਤੇ ਸਰਕਾਰਾਂ ਨੇ ਵੀ ਕੁਝ ਸਖ਼ਤੀ ਕੀਤੀ, ਦਰਖਤਾਂ ਦੀ ਕਟਾਈ ਅਤੇ ਪਸੂਆਂ ਪੰਛੀਆਂ ਦੇ ਸਿਕਾਰ ਤੇ ਪਾਬੰਦੀਆਂ ਲਗਾਈਆਂ ਗਈਆਂ, ਪਰ ਲੋਕਾਂ ਦੇ ਸਹਿਯੋਗ ਵਗੈਰ ਇਕੱਲੀਆਂ ਸਰਕਾਰਾਂ ਵੀ ਸਫ਼ਲ ਨਹੀਂ ਹੋ ਸਕਦੀਆਂ।
ਬੁੱਧੀਜੀਵੀਆਂ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਜੇਕਰ ਪਸੂਆਂ ਪੰਛੀਆਂ ਦੀ ਰੱਖਿਆ ਲਈ ਕੁਝ ਨਾ ਕੀਤਾ ਗਿਆ ਤਾਂ ਜਿਸ ਤਰਾਂ ਘੋਗੜ, ਗਿਰਝ, ਗਰੁੜਪੰਖ ਆਦਿ ਪੰਛੀ, ਟਿੱਟਣ, ਚੀਚ ਵਹੁਟੀ, ਝਹੇ, ਸੇਹ ਆਦਿ ਜੀਵ ਸਾਡੇ ਦੇਸ ਚੋਂ ਲੱਗਭੱਗ ਖਤਮ ਹੋ ਚੁੱਕੇ ਹਨ ਅਤੇ ਘਰਾਂ ਵਿੱਚ ਚੀਂ ਚੀਂ ਕਰਕੇ ਸੁਭਾ ਜਗਾਉਣ ਵਾਲੀਆਂ ਉਹ ਚਿੜੀਆਂ ਜਿਹਨਾਂ ਬਾਰੇ ਸੱਯਦ ਵਾਰਸ ਸ਼ਾਹ ਨੇ ਲਿਖਿਆ ਸੀ, ‘ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ’ ਵੀ ਦਿਖਾਈ ਨਹੀਂ ਦੇ ਰਹੀਆਂ, ਮਿਰਚਾਂ ਖਾਂਦੇ ਤੋਤੇ ਤੇ ਪਿਆਰ ਦੀਆਂ ਤਰੰਗਾਂ ਛੇੜਦੇ ਕਬੂਤਰ ਵੀ ਦਿਖਾਈ ਦੇਣੋਂ ਘਟਦੇ ਜਾ ਰਹੇ ਹਨ। ਬਲਿਹਾਰੀ ਕੁਦਰਤ ਦਾ ਆਨੰਦ ਮਾਣਨ ਲਈ ਇਹਨਾਂ ਜੀਵਾਂ ਤੇ ਬਨਸਪਤੀ ਦੀ ਰੱਖਿਆ ਕਰਨੀ ਮਨੁੱਖਾਂ ਦੀ ਜੁਮੇਵਾਰੀ ਬਣਦੀ ਹੈ।
ਇਹਨਾਂ ਅਪੀਲਾਂ ਦਾ ਅਸਰ ਸ਼ਹਿਰਾਂ ਵਿੱਚ ਹੁਣ ਕਾਫ਼ੀ ਦਿਖਾਈ ਦੇਣ ਲੱਗਾ ਹੈ। ਸ਼ਹਿਰਾਂ ਦੇ ਚੌਕਾਂ ਜਾਂ ਧਾਰਮਿਕ ਸਥਾਨਾਂ ਦੇ ਨਜਦੀਕ ਸ਼ਹਿਰੀਆਂ ਨੇ ਕੁਝ ਥਾਵਾਂ ਦੀ ਸਨਾਖ਼ਤ ਕਰ ਲਈ ਹੈ। ਇਹਨਾਂ ਥਾਵਾਂ ਤੇ ਉਹ ਸੁਭਾ ਸਾਮ ਸੈਰ ਕਰਨ ਜਾਂਦੇ ਦਾਣੇ ਪਾਉਂਦੇ ਹਨ ਅਤੇ ਇਹਨਾਂ ਥਾਵਾਂ ਤੇ ਵੱਡੀ ਗਿਣਤੀ ਵਿੱਚ ਪੰਛੀ ਆ ਕੇ ਦਾਣੇ ਚੁਗਦੇ ਹਨ। ਇਹ ਰੁਝਾਨ ਦਿਨੋ ਦਿਨ ਵਧ ਰਿਹਾ ਹੈ, ਜੋ ਵਾਤਾਵਰਣ ਦੀ ਸੁੱਧਤਾ ਤੇ ਕੁਦਰਤ ਦੇ ਸਰੂਪ ਨੂੰ ਬਚਾਉਣ ਲਈ ਸਹਾਈ ਸਿੱਧ ਹੋਵੇਗਾ।
ਪਿੰਡਾਂ ਵਿੱਚ ਵਸਦੇ ਲੋਕਾਂ, ਜਿਹੜੇ ਖੇਤੀਬਾੜੀ ਦਾ ਧੰਦਾ ਕਰਦੇ ਹਨ, ਉਹਨਾਂ ਵਿੱਚ ਵੀ ਇਹ ਜਾਗਰੂਕਤਾ ਪੈਦਾ ਕਰਨੀ ਸਮੇਂ ਦੀ ਲੋੜ ਹੈ। ਦਹਾਕੇ ਪਹਿਲਾਂ ਜਦੋ ਵਾਹੀ ਪਸੂਆਂ ਨਾਲ ਕੀਤੀ ਜਾਂਦੀ ਸੀ, ਤਾਂ ਕਿਸਾਨ ਖੇਤ ਵਿੱਚ ਬੀਜ ਬੀਜਣਾ ਸੁਰੂ ਕਰਨ ਸਮੇਂ ਸਭ ਤੋਂ ਪਹਿਲੀ ਮੁੱਠੀ ਬੀਜ ਪਾਉਂਦਿਆਂ ਕਿਹਾ ਕਰਦਾ ਸੀ, ‘‘ਚਿੜੀ ਚੜੂੰਗੇ ਦੇ ਨਾਂ ਦਾ ਪਸੂ ਪੰਛੀ ਦੇ ਨਾਂ’’, ਭਾਵ ਉਹਨਾਂ ਦਾ ਹਿੱਸਾ ਕਿਸਾਨ ਪਹਿਲਾਂ ਬੀਜਦਾ ਅਤੇ ਬਾਕੀ ਬਾਅਦ ਵਿੱਚ। ਸਮੇਂ ਦੀ ਲੋੜ ਹੈ ਕਿ ਅੱਜ ਵੀ ਕਿਸਾਨ ਅਤੇ ਆਮ ਲੋਕ ਜੀਵ ਜੰਤੂਆਂ ਤੇ ਪਸੂ ਪੰਛੀਆਂ ਦੀ ਸੁਰੱਖਿਆ ਲਈ ਜਾਗਰਿਤ ਹੋ ਕੇ ਆਪਣਾ ਆਪਣਾ ਸਮਰੱਥਾ ਅਨੂਸਾਰ ਯੋਗਦਾਨ ਪਾਉਣ ਤਾਂ ਹੀ ਵਾਤਾਵਰਣ ਨੂੰ ਸੁੱਧ ਰੱਖਿਆ ਜਾ ਸਕਦਾ ਹੈ ਅਤੇ ਖਤਮ ਹੋ ਰਹੀਆਂ ਪਸੂ ਪੰਛੀਆਂ ਦੀਆਂ ਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 98882-75913