ਲੀਡਰ ਦਾ ਮੁੰਡਾ

ਇੱਕ ਲੀਡਰ ਨੇ ਆਪਣੀ ਆਲੀਸ਼ਾਨ ਕੋਠੀ ਵਿੱਚ ਵਰਕਰਾਂ ਦੀ ਮੀਟਿੰਗ ਬੁਲਾਈ ਹੋਈ ਸੀ। ਵੈਸੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨੇਤਾ ਜੀ ਖਾਨਦਾਨੀ ਨੰਗਹੁੰਦੇ ਸਨ ਪਰ ਤਿੰਨ ਵਾਰ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਦੇ ਨਾਮ ‘ਤੇ ਮੇਵਾ ਛਕ ਕੇ ਕਰੋੜਪਤੀ ਬਣ ਚੁੱਕੇ ਸਨ। ਉਹਨਾਂ ਨੇ ਇਧਰ ਉਧਰ ਦੀਆਂ ਕੁਝ ਗੱਲਾਂ ਮਾਰਨ ਤੋਂ ਬਾਅਦ ਵਰਕਰਾਂ ਨੂੰ ਲਲਕਾਰਿਆ, “ਜਵਾਨੋਂ ਗੱਲ ਸੁਣੋ ਮੇਰੀ ਧਿਆਨ ਨਾਲ। ਕਲ੍ਹ ਦਾਦੂਸਰੇ ਧਰਮ ਵਾਲਿਆਂ ਨੇ ਆਪਣੇ ਧਰਮ ‘ਤੇ ਹਮਲਾ ਕਰ ਕੀਤਾ ਹੋਇਆ ਹੈ। ਦੋ ਬੰਦੇ ਮਾਰ ਦਿੱਤੇ ਹਨ ਤੇ ਪੰਜ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹੁਣ ਤੁਸੀਂ ਵੀ ਸਿਰਾਂ ‘ਤੇ ਖੱਫਣ ਬੰਨ੍ਹ ਲਉ ਤੇ ਕਲ੍ਹ ਤੜ੍ਹਕੇ ਈ ਪੈ ਜੋ ਇਹਨਾਂ ਨੂੰ, ਮਜ਼ਾ ਚਖਾ ਦਿਉ। ਨਾ ਇਹਨਾਂ ਦਾ ਕੋਈ ਧਾਰਮਿਕ ਸਥਾਨ ਸਬੂਤਾ ਛੱਡਣਾ ਆ ਤੇ ਨਾ ਈ ਕੋਈ ਬੰਦਾ ਜਨਾਨੀ ਜ਼ਿੰਦਾ ਬਚੇ।ਬਾਕੀ ਪੁਲਿਸ ਦੀ ਜ਼ਿੰਮੇਵਾਰੀ ਮੇਰੀ ਆ।


ਲੀਡਰ ਨੂੰ ਖੜੱਪੇ ਸੱਪ ਵਾਂਗ ਨਫਰਤ ਦਾ ਜ਼ਹਿਰ ਉਗਲਦਾ ਵੇਖ ਕੇ ਉਸ ਦਾ ਇੱਕ ਖਾਸ ਚੇਲਾ ਲੱਡੂ ਭਲਵਾਨ ਫਿੱਕਾ ਜਿਹਾ ਮੁਸਕਰਾਇਆ।ਦੋ ਕੁ ਮਹੀਨੇ ਪਹਿਲਾਂ ਇਸੇ ਲੀਡਰ ਦੇ ਆਖੇ ਲੱਗ ਕੇ ਦੂਸਰੇ ਧਰਮ ਵਾਲਿਆਂ ਦੇ ਦੋ ਬੰਦਿਆਂ ਦੀਆਂ ਲੱਤਾਂ ਤੋੜਨ ਕਾਰਨ ਉਹ ਅਜੇ ਕਲ੍ਹ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਨਾ ਤਾਂ ਇਸ ਨੇ ਲੱਡੂ ਨੂੰ ਪੁਲਿਸ ਤੋਂ ਬਚਾਇਆ ਸੀ ਤੇ ਨਾ ਹੀ ਵਕੀਲ ਦੀ ਫੀਸ ਵਾਸਤੇ ਕੋਈ ਪੈਸਾ ਦਿੱਤਾ ਸੀ। ਉਸ ਨੇ ਲੀਡਰ ਨੂੰ ਪੁੱਛਿਆ, “ਨੇਤਾ ਜੀ,ਪਿੰਟੂ ਵੀਰ ਜੀ ਨਈਂ ਦਿਸਦੇ ਕਿਤੇ?” ਪਿੰਟੂ ਲੀਡਰ ਦੇ ਮੁੰਡੇ ਦਾ ਨਾਮ ਸੀ। ਲੀਡਰ ਬੋਲਿਆ, “ਕਿਉਂ, ਕੀ ਕੰਮ ਪੈ ਗਿਆ ਤੈਨੂੰ ਪਿੰਟੂ ਨਾਲ? ਗਿਆ ਹੋਣਾ ਕਿਤੇ ਦੋਸਤਾਂ ਨਾਲ ਮੌਜ ਮਸਤੀ ਕਰਨ।” ਲੱਡੂ ਨੇ ਭੋਲਾ ਜਿਹਾ ਬਣ ਕੇ ਕਿਹਾ,“ਨੇਤਾ ਜੀ ਮੈਨੂੰ ਇੱਕ ਫੁਰਨਾ ਫੁਰਿਆ ਆ। ਇਸ ਵਾਰ ਪਿੰਟੂਦੀ ਅਗਵਾਈ ਹੇਠ ਜਾਨੇ ਆਂ ਵੱਢ ਟੁੱਕ ਕਰਨ ਲਈ। ਇਸ ਨਾਲ ਨੌਜਵਾਨਾਂ ਨੂੰ ਹੌਂਸਲਾਮਿਲੇਗਾ ਤੇ ਉਹ ਦੂਸਰੀ ਧਿਰ ਦੇ ਬੰਦੇ ਵੀ ਵੱਧ ਮਾਰਨਗੇ।” ਸੁਣ ਕੇ ਲੀਡਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, “ਤੇਰਾ ਦਿਮਾਗ ਖਰਾਬ ਹੋ ਗਿਆ ਉਏ? ਪਿੰਟੂ ਪੜ੍ਹਨ ਲਿੱਖਣਾ ਵਾਲਾ ਮੁੰਡਾ ਆ, ਉਹਨੇ ਕੀ ਲੈਣਾ ਗੁੰਡਾਗਰਦੀ ਤੋਂ। ਨਾਲੇ ਉਸ ਦੀ ਪਰਸੋਂ ਫਲਾਈਟ ਆ,ਇੰਗਲੈਂਡਜਾ ਰਿਹਾਆਕਸਫੋਰਡ

ਯੂਨੀਵਰਸਿਟੀ ਤੋਂ ਐਮ.ਬੀ.ਏ. ਕਰਨ ਵਾਸਤੇ।” ਲੱਡੂ ਭਲਵਾਨ ਉੱਠ ਕੇ ਉੱਚੀ ਉੱਚੀ ਬੋਲਣ ਲੱਗਾ, “ਵਾਹ ਉਏ ਨੇਤਾ ਵਾਹ,ਨਈਂ ਰੀਸਾਂ ਤੇਰੀਆਂ। ਤੇਰਾ ਮੁੰਡਾ ਇੰਗਲੈਂਡ ਤੋਂ ਐਮ.ਬੀ.ਏ. ਕਰੇ ਤੇ ਅਸੀਂ ਗਰੀਬ ਗੁਰਬੇ ਤੇਰੀ ਖਾਤਰ ਦੰਗੇ ਕਰ ਕੇ ਪੁਲਿਸ ਤੋਂ ਛਿੱਤਰ ਖਾਈਏ ਤੇ ਜੇਲ੍ਹਾਂ ਕੱਟੀਏ। ਚਲੋ ਉਏ ਉੱਠੋ, ਬਥੇਰਾ ਬੇਵਕੂਫ ਬਣਾ ਲਿਆ ਇਹੋ ਜਿਹੇ ਲੀਡਰਾਂ ਨੇ ਸਾਨੂੰ।” ਅੱਧਿਉਂ ਵੱਧ ਵਰਕਰ ਉੱਠ ਕੇ ਲੱਡੂ ਦੇ ਪਿੱਛੇ ਪਿੱਛੇ ਚੱਲ ਪਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062