ਲੀਡਰਾਂ ਨੂੰ ਗਰਮੀ ਸਰਦੀ ਕਿਉਂ ਨਹੀਂ ਲੱਗਦੀ?

ਦੇਸ਼ ਵਿੱਚ ਲੋਕ ਸਭਾ ਚੋਣਾਂ ਦੀ ਮਾਰਾਮਾਰੀ ਚਾਲ ਰਹੀ ਹੈ। ਸਾਰੀਆਂ ਪਾਰਟੀਆਂ ਇੱਕ ਦੂਸਰੇ ‘ਤੇ ਘਟੀਆ ਤੋਂ ਘਟੀਆ ਇਲਜ਼ਾਮ ਲਗਾ ਰਹੀਆਂ ਹਨ ਤੇ ਖੁਦ ਨੂੰ ਦੁੱਧ ਧੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੋਈ ਫਿਰਕਾਪ੍ਰਸਤ ਪਾਰਟੀ ਵੋਟਾਂ ਲੈਣ ਲਈ ਹਿੰਦੂ ਮੁਸਲਿਮ ਕਰ ਰਹੀ ਹੈ ਤੇ ਕੋਈ ਆਪਣੇ ਆਪ ਨੂੰ ਸੰਵਿਧਾਨ ਤੇ ਰਿਜ਼ਰਵੇਸ਼ਨ ਦਾ ਰਾਖਾ ਸਾਬਤ ਕਰਨ ‘ਤੇ ਤੁਲੀ ਹੋਈ ਹੈ। ਜਨਤਾ ਨੂੰ ਮੁਫਤ ਵਿੱਚ ਚੀਜ਼ਾਂ ਦੇਣ ਦਾ ਭਿਆਨਕ ਮੁਕਾਬਲਾ ਚੱਲ ਰਿਹਾ ਹੈ। ਬੇਰੋਜ਼ਗਾਰੀ, ਵਿਦਿਆ ਤੇ ਗਰੀਬੀ ਖਤਮ ਕਰਨ ਵਰਗੇ ਮੁੱਦੇ ਗਾਇਬ ਹੋ ਗਏ ਹਨ।

ਮੰਨਣਪੁਰ ਪਿੰਡ ਵਿੱਚੋਂ ਕਿਸੇ ਪਾਰਟੀ ਦਾ ਰੋਡ ਸ਼ੋਅ ਨਿਕਲ ਰਿਹਾ ਸੀ। 42 43 ਡਿਗਰੀ ਤਾਪਮਾਨ ਵਿੱਚ ਲੋਕਾਂ ਦੀ ਗਰਮੀ ਨਾਲ ਜੀਭ ਨਿਕਲ ਰਹੀ ਸੀ ਪਰ ਰੋਡ ਸ਼ੋਅ ਦੀ ਅਗਵਾਈ ਕਰ ਰਹੇ ਨੇਤਾ ਨੇ ਕੁੜਤੇ ਪਜ਼ਾਮੇ ਉੱਪਰ ਵਾਸਕਟ (ਬਿਨਾਂ ਬਾਹਾਂ ਦੀ ਜੈਕਟ) ਪਾਈ ਹੋਈ ਸੀ। ਇਹ ਵੇਖ ਕੇ ਸੁੱਚਾ ਨਿਹੰਗ ਜਿਹੜਾ ਕਿ ਬਨੈਣ ਕਛਹਿਰੇ ਵਿੱਚ ਵੀ ਮੁੜਕੋ ਮੁੜਕੀ ਹੋਇਆ ਪਿਆ ਸੀ ਬੋਲਿਆ, “ਯਾਰ ਵੇਖ ਲਉ ਕਮਾਲ ਦੀ ਗੱਲ ਆ, ਅਸੀਂ ਸਾਰੇ ਗਰਮੀ ਨਾਲ ਮਰਨ ਵਾਲੇ ਹੋਏ ਪਏ ਆਂ ਤੇ ਇਹ ਕਮੀਜ਼ ‘ਤੇ ਕੁੱਤੇ ਝੱਗੀ ਪਾਈ ਫਿਰਦਾ ਆ। ਇਹਨੂੰ ਗਰਮੀ ਕਿਉਂ ਨਈਂ ਲੱਗਦੀ?” ਕੋਲ ਖੜ੍ਹੇ ਹੀਰੇ ਫੌਜੀ ਨੇ ਜਵਾਬ ਦਿੱਤਾ, “ਨਿਹੰਗਾ, ਇਸ ਨੂੰ ਤਾਕਤ ਦੇ ਖੁਮਾਰ ਨੇ ਬੁਲਟ ਪਰੂਫ ਬਣਾ ਦਿੱਤਾ ਆ। ਐਮ.ਐਲ.ਏ. ਬਣਨ ਤੋਂ ਪਹਿਲਾਂ ਇਹ ਵੀ ਸਾਡੇ ਵਰਗਾ ਈ ਸੀ। ਤਾਕਤ ਇਹੋ ਜਿਹੀ ਵਸਤੂ ਆ ਜਿਹੜੀ ਬੰਦੇ ਨੂੰ ਰੱਬ ਬਣਨ ਦਾ ਅਹਿਸਾਸ ਕਰਾ ਦੇਂਦੀ ਆ।

ਪੰਜਾਬ ਦੀ ਇੱਕ ਚੋਟੀ ਦੀ ਪਾਰਟੀ ਦਾ ਮੁਖੀ ਤਾਂ ਸਰਦੀਆਂ ਵਿੱਚ ਵੀ ਅੱਧੀ ਬਾਂਹ ਦਾ ਕੁੜਤਾ ਪਾਈ ਫਿਰਦਾ ਹੁੰਦਾ ਆ।” ਸੁੱਚੇ ਨਿਹੰਗ ਨੇ ਨਹਿਲੇ ‘ਤੇ ਦਹਿਲਾ ਸੁੱਟਿਆ, “ਫੌਜੀਆ ਅਸਲ ਗੱਲ ਤਾਂ ਤੈਨੂੰ ਪਤਾ ਈ ਨਈਂ। ਕੁੜਤੇ ਦੀਆਂ ਸਿਰਫ ਦੋ ਜ਼ੇਬਾਂ ਹੁੰਦੀਆਂ ਨੇ ਪਰ ਵਾਸਕਟ ਸਮੇਤ ਪੰਜ ਜ਼ੇਬਾਂ ਬਣ ਜਾਂਦੀਆਂ ਨੇ। ਲੀਡਰ ਸੋਚਦੇ ਆ ਕਿ ਜੇ ਰਸਤੇ ਵਿੱਚ ਫੰਡ ਮਿਲ ਗਿਆ ਤਾਂ ਇੱਕ ਜ਼ੇਬ ਵਿੱਚ ਪਾਉਣਾ ਔਖਾ ਹੋ ਜਾਣਾ ਆਂ।”

ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062