Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਇਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ | Punjabi Akhbar | Punjabi Newspaper Online Australia

ਇਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ

(ਉਜਾਗਰ ਸਿੰਘ ਦੀ ਸਵੈ ਜੀਵਨੀ ‘ਸਬੂਤੇ ਕਦਮੀਂ’ ਤੇ ਅਧਾਰਿਤ)

ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।

ਉਹ ਆਪਣੇ ਮਿੱਤਰਾਂ ਲਈ ਅਸੈਂਬਲੀ ਸੀਟ ਲਈ ਮੁੱਖ ਮੰਤਰੀ ਕੋਲ ਸਿਫਾਰਸ਼ ਕਰ ਦਿੰਦਾ। ਗੁਆਂਢੀ ਰਾਜ ਵਿਚ ਵੀ ਜੋਰ ਪਾ ਕੇ ਕਿਸੇ ਜਾਣ-ਪਛਾਣ ਵਾਲੇ ਨੂੰ (ਉਸ ਰਾਜ ਦੇ ਮੁੱਖ ਮੰਤਰੀ ਦੇ ਵਿਰੋਧ ਦੇ ਬਾਵਜੂਦ) ਸੀਟ ਦਿਵਾ ਦਿੰਦਾ, ਪਰ ਜਦ ਆਪਣੇ ਰਾਜ ਦਾ ਮੁੱਖ ਮੰਤਰੀ ਉਸ ਨੂੰ ਕੋਈ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਕੋਰੀ ਨਾਂਹ ਕਰ ਦਿੱਤੀ। ਮੁੱਖ ਮੰਤਰੀ ਨੇ ਉਸ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਸਰਕਾਰੀ ਫਲੈਟ ਲੈਣ ਲਈ ਕਿਹਾ ਤਾਂ ਵੀ ਉਸ ਨੇ ਇਹ ਕਹਿ ਕੇ ਨਾਂਹ ਕਰਦਾ ਦਿੱਤੀ ਕਿ ਉਸ ਫਲੈਟ ਦੀ ਮਹੀਨੇ ਦੀ ਕਿਸ਼ਤ ਉਸ ਦੀ ਤਨਖਾਹ ਨਾਲੋਂ ਜਿਆਦਾ ਹੈ।

ਉਸ ਨੇ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਵਿਚ ਵਿਚਰਦੇ ਹੋਏ ਦੇਖਿਆ ਕਿ ਕੁਝ ਚਾਪਲੂਸ ਕਿਸਮ ਦੇ ਅਫਸਰ, ਮੁੱਖ ਮੰਤਰੀ ਨੂੰ ਹਨੇਰੇ ਵਿਚ ਰੱਖ ਕੇ ਨਜਾਇਜ ਫਾਇਦਾ ਲੈ ਰਹੇ ਹਨ, ਤਾਂ ਉਸ ਨੇ ਸਬੂਤਾਂ ਸਮੇਤ ਮੁੱਖ ਮੰਤਰੀ ਦੇ ਸਾਹਮਣੇ ਅਸਲੀਅਤ ਪੇਸ਼ ਕਰ ਦਿੱਤੀ ਤਾਂ ਮੁੱਖ ਮੰਤਰੀ ਦੀਆਂ ਅੱਖਾਂ ਖੁੱਲ੍ਹੀਆਂ।

ਇਕ ਵਾਰ ਮੁੱਖ ਮੰਤਰੀ ਨੇ ਉਸ ਨੂੰ ਆਪਣੀ ਥਾਂ ਪੁਲਸ ਮੁਖੀ ਵੱਲੋਂ ਬੁਲਾਈ ਵਡੇ ਪੁਲਸ ਅਫਸਰਾਂ ਦੀ ਮੀਟਿੰਗ ਵਿਚ ਭੇਜ ਦਿੱਤਾ। ਜਦੋਂ ਉਸ ਨੇ ਕਿਸੇ ਮੁੱਦੇ ਤੇ ਪੁਲਸ ਮੁਖੀ(ਜਿਸ ਨੂੰ ‘ਸੁਪਰ ਕਾਪ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੀ ਗੱਲ ਕੱਟ ਕੇ ਮੁੱਖ ਮੰਤਰੀ ਦਾ ਪੱਖ ਪੇਸ਼ ਕੀਤਾ ਤਾਂ ਪੁਲਸ ਮੁੱਖੀ ਨੇ ਉਸ ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਗੁਮਰਾਹ ਕਰ ਰਿਹਾ ਹੈ। ਇਹ ਸੁਣ ਕੇ ਉਹ ਮੀਟਿੰਗ ਵਿਚੋਂ ਵਾਕ ਆਊਟ ਕਰ ਗਿਆ। ਜਦੋਂ ਇਸ ਮੀਟਿੰਗ ਤੋਂ ਬਾਅਦ ਉਹ ਮੁੱਖ ਮੰਤਰੀ ਨੂੰ ਮਿਲਣ ਗਿਆ ਤਾਂ ਮੁੱਖ ਮੰਤਰੀ ਉਸ ਨੂੰ ਕਹਿੰਦੇ ਕਿ ਉਸ ਨੇ ਪੁਲਸ ਮੁਖੀ ਦੀ ਬੇਇਜ਼ਤੀ ਕਰ ਦਿੱਤੀ। ਇਹ ਸੁਣਦੇ ਹੀ ਉਹ ਮੁੱਖ ਮੰਤਰੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਪਟਿਆਲੇ ਆਪਣੇ ਘਰ ਪਹੁੰਚ ਜਾਂਦਾ ਹੈ। ਤੀਜੇ ਦਿਨ ਮੁੱਖ ਮੰਤਰੀ ਉਸ ਨੂੰ ਆਪ ਫੋਨ ਕਰਕੇ ਚੰਡੀਗੜ੍ਹ ਬੁਲਾਉਂਦਾ ਹੈ ਤਾਂ ਉਸ ਨੂੰ ਅਸਲੀ ਗੱਲ ਦੀ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਮੁੱਖ ਮੰਤਰੀ ਹੀ ਉਸ ਨਾਲ ਇਹ ਗੱਲ ਸਾਂਝੀ ਕਰਦਾ ਹੈ ਕਿ ਦੇਸ ਦਾ ਪ੍ਰਧਾਨ ਮੰਤਰੀ ਉਸ ਨੂੰ ਹੋਮ ਮਨਿਸਟਰ ਬਣਾਉਣਾ ਚਾਹੁੰਦਾ ਹੈ ਅਤੇ ਇਕ ਸਟੇਜ ਤੇ ਇਹ ਵੀ ਦੱਸਦਾ ਹੈ ਕਿ ਉਸ ਨੂੰ ਇਹ ਖਦਸ਼ਾ ਹੈ ਕਿ ਉਸ ਨੂੰ, ਗੁਆਂਢੀ ਰਾਜ ਦੇ ਮੁੱਖ ਮੰਤਰੀ ਜਾਂ ਆਪਣੇ ਰਾਜ ਦੇ ਪੁਲਸ ਮੁੱਖੀ ਵਿਚੋਂ ਕਿਸੇ ਇਕ ਨੂੰ ‘ਮਨੁੱਖੀ ਬੰਬ’ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ

ਜਦੋਂ ਰਾਜ ਦੀ ਮੁੱਖ ਵਿਰੋਧੀ ਪਾਰਟੀ ਦਾ ਪ੍ਰਧਾਨ ਉਸ ਨੂੰ ਖਾਸ ਤੌਰ ਤੇ ਆਪਣੇ ਕੋਲ ਬੁਲਾ ਕੇ ਇਹ ਸ਼ਕ ਜ਼ਾਹਿਰ ਕਰਦਾ ਹੈ ਕਿ ਸ਼ਾਇਦ ਸਮੇਂ ਦੀ ਸਰਕਾਰ ਉਸ ਨੂੰ ਕਿਸੇ ਝੂਠੇ ਕਤਲ ਕੇਸ ਵਿਚ ਨਾਮਜ਼ਦ ਕਰਨ ਦੀ ਗੋਂਦ ਗੁੰਦ ਰਹੀ ਹੈ ਤਾਂ ਉਹ ਇਹ ਗੱਲ ਮੁੱਖ ਮੰਤਰੀ ਨਾਲ ਕਰਕੇ ਦੂਜੇ ਵੱਡੇ ਨੇਤਾ ਦਾ ਸ਼ਕ ਦੂਰ ਕਰਦਾ ਹੈ ਅਤੇ ਉਸ ਨੇਤਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕਰਵਾ ਦਿੰਦਾ ਹੈ।

ਮੁੱਖ ਮੰਤਰੀ ਨੂੰ ਉਸ ਤੇ ਅਜਿਹਾ ਵਿਸ਼ਵਾਸ਼ ਸੀ ਕਿ ਪਾਰਟੀ ਦੇ ਹੈਡਕੁਆਰਟਰ ਦਿੱਲੀ ਤੋਂ ਜੋ ਖਾਸ ਸੁਨੇਹੇ ਪਹੁੰਚਦੇ ਸੀ ਜਾਂ ਭੇਜਣੇ ਹੁੰਦੇ ਸੀ ਤਾਂ ਇਹ ਕੰਮ ਉਹੀ ਕਰਦਾ।

ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਨੇੜਤਾ ਵੀ ਰਹੀ ਅਤੇ ਇਕ ਵਾਰ ਜਦੋਂ ਕੈਪਟਨ ਸਾਹਿਬ ਉਸ ਨਾਲ ਔਖੇ-ਭਾਰੇ ਹੋਏ ਤਾਂ ਉਸ ਨੇ ਬਾਅਦ ਵਿਚ ਉਹਨਾਂ ਵੱਲੋਂ ਬੁਲਾਏ ਜਾਣ ਤੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਦੂਜੀ ਪਾਰਟੀ ਦੀ ਸਰਕਾਰ ਆਉਣ ਤੇ ਉਸਦੀ ਬਦਲੀ ਪਟਿਆਲੇ ਤੋਂ ਫਰੀਦਕੋਟ ਕਰਵਾ ਦਿੱਤੀ ਅਤੇ ਉਹ ਐਤਵਾਰ ਨੂੰ ਵੀ ਘਰ ਨਾ ਆ ਸਕੇ ਇਸ ਲਈ ਨਾਲ ਲੱਗਦੇ ਜਿਲੇ ਦਾ ਵਾਧੂ ਚਾਰਜ ਵੀ ਦੇ ਦਿੱਤਾ। ਤਕਰੀਬਨ ਇਕ ਸਾਲ ਬਾਅਦ ਉਹ ਆਪਣੇ ਬਲ-ਬੁੱਤੇ ਬਦਲੀ ਕਰਵਾ ਕੇ ਪਟਿਆਲਾ ਆਇਆ। ਪਰ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਤਾਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਗਈਆਂ।

ਜਦੋਂ ਦੂਜੀ ਪਾਰਟੀ ਦੀ ਸਰਕਾਰ ਆਈ ਤਾਂ ਇਕ ਵਾਰ ਉਸ ਸਰਕਾਰ ਦੇ ਮੁੱਖ ਮੰਤਰੀ ਨੇ ਉਸ ਨੂੰ ਖਾਸ ਤੌਰ ਤੇ ਆਪਣੇ ਦਫਤਰ ਵਿਚ ਬੁਲਾ ਕੇ ਐਸ ਜੀ ਪੀ ਸੀ ਦੀਆਂ ਚੋਣਾਂ ਵਿਚ ਉਹਨਾਂ ਦੀ ਸਹਾਇਤਾ ਕਰਨ ਲਈ ਕਿਹਾ। ਮੁਖ ਮੰਤਰੀ ਅਨੁਸਾਰ ਐਸ ਜੀ ਪੀ ਸੀ ਦੇ ਕੁਝ ਮੈਂਬਰ ਉਸ ਦੇ ਸੰਪਰਕ ਵਿਚ ਹਨ।

ਉਸੇ ਸਰਕਾਰ ਦੇ ਖਜ਼ਾਨਾ ਮੰਤਰੀ ਨਾਲ ਉਸ ਦੀ ਗੂੜ੍ਹੀ ਸਾਂਝ ਸੀ। ਇਸ ਲਈ ਉਹ ਜਦੋਂ ਵੀ ਮੰਤਰੀ ਨੂੰ ਮਿਲਣ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ ‘ਛੋਟਾ ਖਜ਼ਾਨਾ ਮੰਤਰੀ’ ਆ ਗਿਆ। ਇਕ ਵਾਰ ਜਦੋਂ ਖਜ਼ਾਨਾ ਮੰਤਰੀ ਆਪਣੇ ਦਫਤਰ ਦੇ ਰਿਟਾਇਰਿੰਗ ਰੂਮ ਵਿਚ ਉਸ ਨਾਲ ਕੋਈ ਸਲਾਹ ਮਸ਼ਵਰਾ ਕਰ ਰਹੇ ਸੀ ਤਾਂ ਇਕ ਹੋਰ ਮੰਤਰੀ ਧੱਕੇ ਨਾਲ ਹੀ ਰਿਟਾਇਰਿੰਗ ਰੂਮ ਵਿਚ ਆ ਗਿਆ। ਖਜ਼ਾਨਾ ਮੰਤਰੀ ਨੇ ਉਸ ਮੰਤਰੀ ਨੂੰ ਦਫਤਰ ਵਿਚ ਬੈਠਣ ਲਈ ਕਿਹਾ। ਇਸ ਤੇ ਦੂਜਾ ਮੰਤਰੀ ਕਹਿੰਦਾ ਕਿ ਸਾਡੇ ਨਾਲੋਂ ਤਾਂ ਕਲਰਕ ਹੀ ਚੰਗਾ ਹੈ।

ਜਦੋਂ ਉਸ ਦੀ ਸੇਵਾ ਮੁਕਤੀ ਦਾ ਸਮਾਂ ਆਇਆ ਤਾਂ ਰਾਜ ਦੇ ਤਤਕਾਲੀਨ ਮੁੱਖ ਸਕੱਤਰ ਵੱਲੋਂ ਇਹ ਸੁਨੇਹਾ ਆਇਆ ਕਿ ਜਿਵੇਂ ਤੁਸੀਂ ਦੂਜੀ ਪਾਰਟੀ ਦੇ ਮੁੱਖ ਮੰਤਰੀ ਨਾਲ ਰਹਿ ਕੇ ਲੋਕ ਸੰਪਰਕ ਦਾ ਕੰਮ ਕਰਦੇ ਸੀ, ਮੌਜੂਦਾ ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨਾਲ ਵੀ ਕੰਮ ਕਰੋ, ਤੁਹਾਨੂੰ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇ ਗੀ, ਪਰ ਉਹਨਾਂ ਨੇ ਕੋਰੀ ਨਾਂਹ ਕਰ ਦਿੱਤੀ। ਉਸ ਤੋਂ ਬਾਅਦ ਇਕ ਹੋਰ ਆਈ ਏ ਐਸ ਅਫਸਰ ਨੇ ਵੀ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਉਹਨਾਂ ਦੀ ਨਾਂਹ, ਹਾਂ ਵਿਚ ਨਾ ਬਦਲੀ।

ਜਿਸ ਵਿਅਕਤੀ ਵਿਸ਼ੇਸ਼ ਸੰਬੰਧੀ ਉੱਪਰ ਐਨਾ ਕੁਝ ਲਿਖਿਆ ਗਿਆ ਹੈ, ਉਹ ਕੋਈ ਆਈ ਏ ਐਸ ਜਾਂ ਆਈ ਪੀ ਐਸ ਅਫਸਰ ਨਹੀਂ ਅਤੇ ਨਾ ਹੀ ਕਿਸੇ ਵੱਡੇ ਰਾਜਸੀ ਪਰਿਵਾਰ ਵਿਚੋਂ ਹੈ। ਉਹ ਤਾਂ ਅਜਿਹਾ ਮਿੱਠ-ਬੋਲੜਾ, ਇਮਾਨਦਾਰ ਅਤੇ ਨਿਮਰ ਇਨਸਾਨ ਹੈ ਜਿਸ ਨੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਹਮੇਸ਼ਾ ਆਦਰ ਸਤਿਕਾਰ ਦਿੱਤਾ, ਆਪਣੀਆਂ ਸਰਕਾਰੀ ਸਹੂਲਤਾ ਨੂੰ ਕਦੇ ਵੀ ਪਰਿਵਾਰ ਲਈ ਨਹੀਂ ਵਰਤਿਆ, ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾ ਕੇ ਜ਼ਿੰਦਗੀ ਵਿਚ ਸਫਲਤਾ ਦੇ ਰਾਹ ਤੇ ਤੋਰਿਆ ਅਤੇ ਉਹਨਾਂ ਦੀ ਜੀਵਨ ਸਾਥਣ ਨੇ ਨੌਕਰੀ ਵੀ ਕੀਤੀ ਅਤੇ ਪਰਿਵਾਰ ਨੂੰ ਵੀ ਸਾਂਭਿਆ। ਇਸ ਸੁਹਿਰਦ ਇਨਸਾਨ ਦਾ ਸੁਪਨਾ ਸੀ ਕਿ ਐਮ ਏ ਕਰਕੇ ਕਾਲਜ ਲੈਕਚਰਾਰ ਬਣੇ, ਪਰ ਬਣ ਗਿਆ ਪੰਜਾਬ ਸਰਕਾਰ ਦਾ ਲੋਕ ਸੰਪਰਕ ਅਧਿਕਾਰੀ, ਜਿਹੜਾ ਆਪਣੇ ਲੰਬੇ ਕਦ ਕਰਕੇ ਜ਼ਮੀਨ ਤੋਂ ਭਾਵੇਂ ਛੇ ਫੁੱਟ ਉੱਚਾ ਅਤੇ ਧੌਣ ਸਿੱਧੀ ਕਰਕੇ ਤੁਰਦਾ ਰਿਹਾ, ਜਿਸ ਦੀ ਪਹੁੰਚ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫਤਰ ਤੱਕ ਰਹੀ, ਪਰ ਉਸ ਨੇ ਆਪਣੀ ਇਸ ਪਹੁੰਚ ਨੂੰ ਆਪਣੇ ਨਿਜੀ ਫਾਇਦੇ ਲਈ ਕਦੇ ਨਹੀਂ ਵਰਤਿਆ ਅਤੇ ਉਹ ਹਮੇਸ਼ਾ ਮਿੱਟੀ ਨਾਲ ਜੁੜਿਆ ਰਿਹਾ। ਹਾਂ, ਜਦੋਂ ਉਹ ਸਮੇਂ ਦੇ ਮੁਖ ਮੰਤਰੀ ਦੇ ਨਾਲ ਸੀ ਤਾਂ ਉਸ ਨੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਸ ਦੀ ਗੈਰ ਕਾਨੂੰਨੀ ਪਕੜ ਤੋਂ ਬਚਾਇਆ, ਆਪਣੇ ਪਿੰਡ ਲਈ ਹੀ ਨਹੀਂ ਕਈ ਹੋਰ ਇਲਾਕਿਆਂ ਲਈ ਵੀ ਸਰਕਾਰੀ ਇਮਦਾਦ ਦਿਵਾਈ। ਇਹ ਇਨਸਾਨ ਹੈ ਪੰਜਾਬ ਸਰਕਾਰ ਦਾ ਸੇਵਾ ਮੁਕਤ ਲੋਕ ਸੰਪਰਕ ਅਧਿਕਾਰੀ ਸਰਦਾਰ ਉਜਾਗਰ ਸਿੰਘ।

ਉਹਨਾਂ ਦਾ ਰਾਜਸੀ ਖੇਤਰ ਵਿਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੇ ਸਮੇਂ ਬਹੁਤ ਅਸਰ-ਰਸੂਖ ਸੀ, ਪਰ ਉਹਨਾਂ ਮੁੱਖ ਮੰਤਰੀ ਦੀ ਨੇੜਤਾ ਨੂੰ ਕਦੇ ਆਪਣੀ ਨਿਜੀ ਫਾਇਦੇ ਲਈ ਨਹੀਂ ਵਰਤਿਆ ਅਤੇ ਨਾ ਹੀ ਕਿਸੇ ਵਿਰੋਧੀ ਨਾਲ ਕਿੜ ਕੱਢਣ ਲਈ। ਰਾਜਸੀ ਗਲਿਆਰਿਆਂ ਵਿਚ ਉਹਨਾਂ ਦੀ ਪਹੁੰਚ ਕਰਕੇ ਕਈ ਉਹਨਾਂ ਤੋਂ ਖਾਰ ਖਾਣ ਲੱਗ ਪਏ। ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਅਣਬਣ ਦਾ ਤਕਰੀਬਨ ਸਾਰੇ ਪੱਤਰਕਾਰਾਂ ਨੂੰ ਪਤਾ ਸੀ। ਇਸ ਲਈ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਤਾਂ ਸਾਰੇ ਉਹਨਾਂ ਨੂੰ ਡਰਾ ਰਹੇ ਸੀ ਕਿ ਜਾਂ ਤਾਂ ਉਹਨਾਂ ਨੂੰ ਕੋਈ ਝੂਠਾ ਕੇਸ ਪਾ ਕੇ ਨੌਕਰੀ ਤੋਂ ਕੱਢਿਆ ਜਾਵੇ ਗਾ ਅਤੇ ਜਾਂ ਕਿਤੇ ਦੂਰ ਦੁਰਾਡੇ ਦੀ ਬਦਲੀ ਕੀਤੀ ਜਾਵੇ ਗੀ। ਪਰ ਕੈਪਟਨ ਅਮਰਿੰਦਰ ਸਿੰਘ ਵਰਗੇ ਸੂਝਵਾਨ ਸਿਆਸਤਦਾਨ ਨੂੰ ਇਹ ਇਲਮ ਸੀ ਕਿ ਉਜਾਗਰ ਸਿੰਘ ਇਮਾਨਦਾਰ ਅਤੇ ਆਪਣੇ ਕੰਮ ਦਾ ਮਾਹਰ ਹੋਣ ਦੇ ਨਾਲ-ਨਾਲ ਅਣਖ ਵਾਲਾ ਅਫਸਰ ਵੀ ਹੈ। ਇਸ ਲਈ ਉਸ ਦੀ ਬਦਲੀ ਤਾਂ ਕੀ ਹੋਣੀ ਸੀ, ਉਹ ਤਾਂ ਮੁੱਖ ਮੰਤਰੀ ਦਾ ਵਿਸ਼ਵਾਸ਼ਪਾਤਰ ਬਣ ਗਿਆ।

ਉਪਰੋਕਤ ਸਾਰੀ ਜਾਣਕਾਰੀ ਅਤੇ ਹੋਰ ਬਹੁਤ ਸਾਰੀ ਹੋਰ ਜਾਣਕਾਰੀ ਉਜਾਗਰ ਸਿੰਘ ਦੀ ਨਵ ਪ੍ਰਕਾਸ਼ਿਤ ਸਵੈ ਜੀਵਨੀ ‘ਸਬੂਤੇ ਕਦਮੀਂ’ ਤੋਂ ਪਰਾਪਤ ਕੀਤੀ ਜਾ ਸਕਦੀ ਹੈ।

‘ਸਬੂਤੇ ਕਦਮੀਂ’ ਸਵੈ ਜੀਵਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਆਪਣੇ ਸਧਾਰਨ ਪਰਿਵਾਰਕ ਪਿਛੋਕੜ, ਸਕੂਲੀ ਜੀਵਨ ਦੀਆਂ ਦੁਸ਼ਵਾਰੀਆਂ, ਨੌਵੀਂ ਵਿਚੋਂ ਫੇਲ੍ਹ ਹੋਣ ਦੀ ਗੱਲ, ਆਪਣੀ ਭੈੜੀ ਲਿਖਾਈ, ਪਹਿਲੀ ਨੌਕਰੀ ਦੀਆਂ ਮੁਸ਼ਕਲਾਂ, ਪ੍ਰਾਈਵੇਟ ਤੌਰ ਤੇ ਗਿਆਨੀ, ਬੀ ਏ ਅਤੇ ਐਮ ਏ ਕਰਨ ਦੇ ਪੜਾਵਾਂ ਦਾ ਜਿਕਰ ਬੜੀ ਇਮਾਨਦਾਰੀ ਨਾਲ ਕੀਤਾ ਹੈ। ਆਪਣੇ ਵੱਡੇ ਭਰਾ ਅਤੇ ਭਰਜਾਈ ਵੱਲੋਂ ਸਮੇਂ-ਸਮੇਂ ਮਿਲੀ ਸਹਾਇਤਾ ਅਤੇ ਅਗਵਾਈ ਸੰਬੰਧੀ ਬੜੇ ਸਤਿਕਾਰਤ ਸ਼ਬਦਾਂ ਵਿਚ ਉਲੇਖ ਕੀਤਾ ਹੈ। ਉਹਨਾਂ ਨੇ ਆਪਣੀ ਪਤਨੀ ਦੀ ਇਸ ਗੱਲੋਂ ਵਿਸ਼ੇਸ਼ ਵਡਿਆਈ ਕੀਤੀ ਹੈ ਜਿਸ ਨੇ ਆਪਣੀ ਨੌਕਰੀ ਦੇ ਨਾਲ-ਨਾਲ ਬੱਚਿਆਂ ਦੀ ਪਰਵਰਿਸ਼ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਵਾਨੀ ਵੇਲੇ ਉਹਨਾਂ ਦੇ ਬੱਚੇ ਆਪਣੇ ਪਿਤਾ ਨਾਲ ਕਈ ਵਾਰ ਇਸ ਲਈ ਨਰਾਜ਼ ਹੋ ਜਾਂਦੇ ਕਿ ਸਕੂਲ, ਕਾਲਜ ਜਾਣ ਸਮੇਂ ਬੱਚਿਆਂ ਨੂੰ ਸਰਕਾਰੀ ਵਾਹਨਾਂ ਦੀ ਵਰਤੋਂ ਕਿਉਂ ਨਹੀਂ ਕਰਨ ਦਿੰਦੇ, ਪਰ ਪਿਤਾ ਦੀ ਇਸ ਇਮਾਨਦਾਰੀ ਨੇ ਉਹਨਾਂ ਨੂੰ ਵੀ ਆਪਣੀ ਮਿਹਨਤ ਨਾਲ ਪੈਰਾਂ ਤੇ ਖੜੇ ਹੋਣ ਦੀ ਹਿੰਮਤ ਬਖਸ਼ੀ।

ਸਰਦਾਰ ਉਜਾਗਰ ਸਿੰਘ ਨੂੰ ਇਕ ਵਕਤ ਵਿਜੀਲੈਂਸ ਦੀ ਇਨਕੁਆਰੀ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਮਾਨਦਾਰੀ ਦੇ ਮੁਸ਼ਕਲ ਰਸਤੇ ਦੇ ਪਾਂਧੀ ਬਣਨ ਵਾਲੇ ਇਸ ਇਨਸਾਨ ਕੋਲ ਲੁਕਾਉਣ ਲਈ ਕੁਝ ਨਹੀਂ ਸੀ। ਇਸ ਲਈ ਇਹ ਬੇਦਾਗ ਹੀ ਰਹੇ। ਜਦੋਂ ਇਕ ਵਾਰ ਪਟਿਆਲਾ ਦੇ ਐਸ ਐਸ ਪੀ ਨੇ ਉਹਨਾਂ ਨੂੰ ਆਪਣੇ ਦਫਤਰ ਵਿਚ ਬੁਲਾ ਕੇ ਕਿਹਾ ਕਿ ਉਹ ਸਰਦਾਰ ਬੇਅੰਤ ਸਿੰਘ ਦੀ ਬੰਬ ਬਿਸਫੋਟ ਵਾਲੀ ਘਟਨਾ ਦੇ ਪਿੱਛੇ ਕਿਸੇ ਸਾਜਿਸ਼ ਹੋਣ ਦੀ ਗੱਲ ਦੀ ਚਰਚਾ ਨਾ ਕਰਨ, ਨਹੀਂ ਤਾਂ ਉਹਨਾਂ ਦਾ ਵੀ ਉਹੀ ਹਸ਼ਰ ਹੋ ਸਕਦਾ ਹੈ, ਪਰ ਉਹ ਤਾਂ ਵੀ ਨਹੀਂ ਸੀ ਡਰੇ। ਇਹ ਵੱਖਰੀ ਗੱਲ ਹੈ ਕਿ ਉਸ ਐਸ ਐਸ ਪੀ ਨੂੰ ਪਟਿਆਲੇ ਲਿਆਉਣ ਵਿਚ ਉਹਨਾਂ ਦਾ ਹੱਥ ਸੀ।

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਐਨੀ ਨੇੜਤਾ ਸੀ ਕਿ ਜਦੋਂ ਮੁੱਖ ਮੰਤਰੀ ਬੰਬ ਹਾਦਸੇ ਵਿਚ ਆਪਣੀ ਜਾਣ ਤੋਂ ਹੱਥ ਧੋ ਬੈਠੇ ਤਾਂ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਨਰਸਿਮਾ ਰਾਓ ਨੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਚੰਡੀਗੜ੍ਹ ਆਉਣਾ ਸੀ। ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਉਜਾਗਰ ਸਿੰਘ ਵੀ ਕਮਰੇ ਵਿਚ ਜਾਣ ਲੱਗੇ ਤਾਂ ਇਕ ਐਸ ਪੀ ਨੇ ਉਹਨਾਂ ਨੂੰ ਕਮਰੇ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਤੇ ਸ਼੍ਰੀਮਤੀ ਬਿਅੰਤ ਸਿੰਘ ਵੀ ਕਮਰੇ ਵਿਚੋਂ ਬਾਹਰ ਆ ਕੇ ਕਹਿਣ ਲੱਗੇ ਕਿ ਜੇ ਉਜਾਗਰ ਸਿੰਘ ਕਮਰੇ ਵਿਚ ਨਹੀਂ ਜਾ ਸਕਦਾ ਤਾਂ ਪਰਿਵਾਰ ਦਾ ਕੋਈ ਮੈਂਬਰ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰੇ ਗਾ। ਸਕਿਓਰਟੀ ਵਾਲਿਆਂ ਨੂੰ ਉਹਨਾਂ ਨੂੰ ਵੀ ਕਮਰੇ ਵਿਚ ਜਾਣ ਦੀ ਆਗਿਆ ਦੇਣੀ ਪਈ।

ਇਸ ਪੁਸਤਕ ਵਿਚ ਰਾਜਨੀਤੀ ਦੇ ਖੇਤਰ ਦੀਆਂ ਹੋਰ ਕਈ ਗੁੱਝੀਆਂ ਗੱਲਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਮਸਲਨ ਜਦੋਂ ਅਕਾਲੀ ਦਲ ਨੇ ਖਾੜਕੂਆਂ ਦੇ ਡਰ ਕਾਰਨ ਪੰਜਾਬ ਅਸੈਂਬਲੀ ਦੀਆਂ ਚੋਣਾ ਦਾ ਬਾਈਕਾਟ ਕਰ ਦਿੱਤਾ ਤਾਂ ਕੇਂਦਰੀ ਏਜੰਸੀਆਂ ਨੇ ਪਹਿਲਾਂ ਅਕਾਲੀ ਦਲ ਦੇ ਇਕ ਨੇਤਾ ਸੁਖਜਿੰਦਰ ਸਿੰਘ ਨੂੰ ਅਕਾਲੀ ਦਲ ਦੇ ਤੌਰ ਤੇ ਚੋਣਾ ਲੜਨ ਲਈ ਤਿਆਰ ਕੀਤਾ। ਪਹਿਲਾਂ ਤਾਂ ਉਹ ਮੰਨ ਗਿਆ, ਪਰ ਬਾਅਦ ਵਿਚ ਮੁੱਕਰ ਗਿਆ। ਫੇਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਇਸ ਕੰਮ ਲਈ ਨੂੰ ਤਿਆਰ ਕਰ ਲਿਆ। ਇਸੇ ਤਰਾਂ ਇਕ ਵਾਰ ਕਾਂਗਰਸ ਨੇ ਅਕਾਲੀ ਦਲ ਦੀ ਸਰਕਾਰ ਤੋੜਨ ਲਈ ਉਹਨਾਂ ਦੇ ਖਜ਼ਾਨਾ ਮੰਤਰੀ ਨਾਲ ਸੰਪਰਕ ਕੀਤਾ, ਪਰ ਸਫਲਤਾ ਨਾ ਮਿਲੀ। ਉਹਨਾਂ ਨੇ ਇਕ ਹੋਰ ਘਟਨਾ ਦਾ ਉਲੇਖ ਵੀ ਕੀਤਾ ਹੈ ਕਿ ਇਕ ਵਾਰ ਇਕ ਆਈ ਏ ਐਸ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਉਹ ਕੈਪਟਨ ਕੰਵਲਜੀਤ ਸਿੰਘ ਨੂੰ ਪਾਰਟੀ ਫੰਡ ਲਈ ਕੁਝ ਰਕਮ ਦੇਣੀ ਚਾਹੁੰਦਾ ਹੈ। ਉਜਾਗਰ ਸਿੰਘ ਨੇ ਇਸ ਕੰਮ ਵਿਚ ਪੈਣ ਤੋਂ ਨਾਂਹ ਕਰ ਦਿੱਤੀ। ਉਹਨਾਂ ਨੂੰ ਪਤਾ ਸੀ ਕਿ ਖਜ਼ਾਨਾ ਮੰਤਰੀ ਇਮਾਨਦਾਰ ਰਾਜਸੀ ਨੇਤਾ ਹੈ। ਜਦੋਂ ਉਸ ਅਫਸਰ ਨੇ ਉਹਨਾਂ ਤੇ ਜਿਆਦਾ ਹੀ ਜੋਰ ਪਾਇਆ ਤਾਂ ਉਹਨਾਂ ਨੇ ਮੰਤਰੀ ਨਾਲ ਇਹ ਗੱਲ ਕਰ ਦਿੱਤੀ। ਮੰਤਰੀ ਦਾ ਜੁਆਬ ਸੀ ਕਿ ਉਸ ਅਫਸਰ ਦੀ ਐਨੀ ਹਿਮੰਤ ਕਿਵੇਂ ਪਈ ਅਤੇ ਇਹ ਵੀ ਕਿਹਾ ਕਿ ਹੁਣ ਆਈ ਏ ਐਸ ਅਫਸਰ ਵੀ ਇਹ ਕੰਮ ਕਰਨ ਲੱਗ ਪਏ ਹਨ।

ਅੱਜ ਕੱਲ੍ਹ ਉਹ ਪਟਿਆਲੇ ਆਪਣੀ ਜੱਦੀ ਜਾਇਦਾਦ ਦੇ ਕੁਝ ਹਿੱਸੇ ਨੂੰ ਵੇਚਣ ਤੋਂ ਬਾਅਦ ਬਣਾਏ ਰਹਿਣ ਬਸੇਰੇ ਵਿਚ ਆਪਣਾ ਪਰਿਵਾਰਕ ਜੀਵਨ ਖੁਸ਼ੀ-ਖੁਸ਼ੀ ਬਿਤਾ ਰਹੇ ਹਨ। ਜ਼ਿੰਦਗੀ ਦੇ 74 ਵੇਂ ਸਾਲ ਦੇ ਹੁਲਾਰੇ ਲੈ ਰਹੇ ਉਹ ਉਮਰ ਦੇ ਬੀਤਣ ਨਾਲ ਆਈਆਂ ਬਿਮਾਰੀਆਂ ਨੂੰ ਵੀ ਹੱਸ ਕੇ ਸਹਾਰ ਰਹੇ ਹਨ। ਸਾਹਿਤਕ ਸ਼ੋਕ ਨੂੰ ਪੂਰਾ ਕਰਨ ਲਈ ਕਈ ਪੁਸਤਕਾਂ ਲਿਖੀਆਂ ਹਨ। ਚਲੰਤ ਮਾਮਲਿਆਂ ਦੇ ਨਾਲ-ਨਾਲ ਸਾਹਿਤਕ ਵਿਸ਼ਿਆਂ ਤੇ ਕਲਮ ਚਲਾਉਂਦੇ ਰਹਿੰਦੇ ਹਨ ਅਤੇ ਪੁਸਤਕਾਂ ਦੇ ਰੀਵਿਊ ਕਰਨ ਵਿਚ ਉਹਨਾਂ ਦੀ ਖਾਸ ਮੁਹਾਰਤ ਹੈ। ਉਹਨਾਂ ਦੀਆਂ ਰਚਨਾਵਾਂ ਦੇਸ਼-ਵਿਦੇਸ਼ ਦੇ ਅਖਬਾਰਾਂ, ਮੈਗਜ਼ੀਨ ਅਤੇ ਵੈਬਸਾਈਟਾਂ ਵਾਲੇ ਖੁਸ਼ੀ-ਖੁਸ਼ੀ ਛਾਪਦੇ ਹਨ। ਕੁਝ ਵਿਸ਼ੇਸ਼ ਮੁੱਦਿਆਂ ਤੇ ਉਹ ਵੱਖ-ਵੱਖ ਟੀ ਵੀ ਚੈਨਲਾਂ ਤੇ ਆਪਣੇ ਵਿਚਾਰ ਵੀ ਪ੍ਰਗਟਾਉਂਦੇ ਰਹਿੰਦੇ ਹਨ।

ਉਹਨਾਂ ਦੀ 96 ਪੰਨਿਆਂ ਦੀ ਸਵੈ ਜੀਵਨੀ ‘ਸਬੂਤੇ ਕਦਮੀਂ’ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਨਾਵਲ ਪੜ੍ਹ ਰਹੇ ਹੋਈਏ। ਕਿਸੇ ਵੀ ਗੱਲ ਨੂੰ ਸਪੱਸ਼ਟ ਸ਼ਬਦਾਂ ਵਿਚ ਲਿਖਣ ਵਾਲੀ ਉਹਨਾਂ ਦੀ ਵਾਰਤਕ ਸ਼ੈਲੀ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪਾਠਕਾਂ ਦੀ ਰੁਚੀ ਆਦਿ ਤੋਂ ਅੰਤ ਤੱਕ ਬਣੀ ਰਹਿੰਦੀ ਹੈ।

ਸਵੈ ਜੀਵਨੀ ਲਿਖਣਾ ਇਕ ਔਖਾ ਕਾਰਜ ਹੈ। ਜੇ ਲੇਖਕ ਆਪਣੀ ਵੱਡਿਆਈ ਆਪ ਕਰੇ ਤਾਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੁੰਦੀ ਹੈ ਅਤੇ ਆਪਣੀ ਬੁਰਾਈ ਕਰਨਾ ਕੋਈ ਚਾਹੁੰਦਾ ਨਹੀਂ, ਇਸ ਲਈ ਇਹ ਦੋ ਧਾਰੀ ਤਲਵਾਰ ਤੇ ਚੱਲਣ ਵਾਲਾ ਕੰਮ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਸਰਦਾਰ ਉਜਾਗਰ ਸਿੰਘ ਜੀ ਨੇ ਇਸ ਮੁਸ਼ਕਲ ਕਾਰਜ ਨੂੰ ਬੜੇ ਕਲਾਮਈ ਢੰਗ ਨਾਲ ਨੇਪਰੇ ਚੜ੍ਹਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।

ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਵਰਕ ਅਤੇ ਦਿੱਖ ਵੀ ਪ੍ਰਭਾਵਿਤ ਕਰਦੀ ਹੈ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ