ਅਮ੍ਰੀਕਾ ਵਾਸੀ ਸ. ਸੁਰਜੀਤ ਸਿੰਘ ਭੁੱਲਰ ਦੇ ਵਿਚਾਰ
ਗਿਆਨੀ ਸੰਤੋਖ ਸਿੰਘ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਰੇਡੀਓ ‘ਚੰਨ ਪ੍ਰਦੇਸੀ’ ਦੀਆਂ ਹਵਾਈ ਤਰੰਗਾਂ ਰਾਹੀਂ, ਉਸ ਪ੍ਰੋਗਰਾਮ ਰਾਹੀਂ ਹੋਈ, ਜਿਸ ਦਾ ਸੰਚਾਲਣ ਪ੍ਰਿੰਸੀਪਲ ਗੁਰਬਚਨ ਸਿੰਘ ਮਾਨ ਕਰ ਰਹੇ ਸਨ।
ਫਿਰ ਇਹਨਾਂ ਦੀਆਂ ਲਿਖੀਆਂ ਕੁਝ ਪੁਸਤਕਾਂ ਪੜ੍ਹਨ ਦਾ ਅਵਸਰ ਵੀ ਮਿਲਿਆ ਹੈ। ਇਸ ਤਰ੍ਹਾਂ ਸਾਡੀ ਨੇੜਤਾ ਦਾ ਸਿਲਸਿਲਾ ਵਧਦਾ ਗਿਆ। ਹੁਣ ਮੈਂ ਬਿਨਾ ਝਿਜਕ ਇਹ ਕਹਿ ਸਕਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਦੇ ਰੰਗ, ਉਹਨਾਂ ਦੀ ਸ਼ਖ਼ਸੀਅਤ ਵਾਂਗ ਹੀ ਬੜੇ ਨਿਆਰੇ ਹਨ। ਸ਼ੈਲੀ ਬੜੀ ਸਪਸ਼ਟ, ਢੁਕਵੀਂ ਅਤੇ ਛੋਟੇ-ਛੋਟੇ ਵਾਕਾਂ ਨਾਲ ਭਰਪੂਰ ਹੈ। ਆਮ ਬੋਲ ਚਾਲ ਵਰਗੀ ਨਖਰੀਲੀ ਤੇ ਰਸੀਲੀ ਹੈ। ਉਹਨਾਂ ਦੀ ਕਿਸੇ ਲਿਖਤ ਉਤੇ ਜੇ ਕਿਤੇ ਲੇਖਕ ਦਾ ਨਾਮ ਲਿਖਣੋ ਰਹਿ ਵੀ ਗਿਆ ਹੋਵੇ, ਤਦ ਵੀ ਕੁਝ ਸਤਰਾਂ ਪੜ੍ਹਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਆਨੀ ਸੰਤੋਖ ਸਿੰਘ ਦੀ ਲਿਖਤ ਹੈ। ਉਹਨਾਂ ਦੇ ਵਿਸ਼ਿਆਂ ਦੀ ਵਿਲੱਖਣਤਾ ਅਣਗਿਣਤ ਹੈ ਅਤੇ ਪਕੜ ਉਸ ਤੋਂ ਵੀ ਕਿਤੇ ਬਹੁਤ ਮਜ਼ਬੂਤ। ਗਿਆਨੀ ਜੀ ਦੀ ਵਾਹਿਗੁਰੂ ਵੱਲੋਂ ਮਿਲੀ ਯਾਦ-ਸ਼ਕਤੀ ਦੀ ਦਾਤ ਏਨੀ ਬਲਵਾਨ ਹੈ ਕਿ ਨਾਵਾਂ, ਥਾਵਾਂ, ਤੱਥਾਂ ਅਤੇ ਮਿਤੀਆਂ ਲੱਭਣ ਦੇ ਵੇਰਵਿਆਂ ਲਈ ਕਿਸੇ ਕਿਤਾਬ ਜਾਂ ਡਾਇਰੀ ‘ਚੋਂ ਹਵਾਲੇ ਲੱਭਣ ਦੀ ਕੋਈ ਲੋੜ ਨਹੀਂ ਭਾਸਦੀ। ਦਿਮਾਗ਼ ਵਿੱਚ ਜੋ ਫੁਰਿਆ, ਉਂਗਲਾਂ ਦੇ ਪੋਟਿਆਂ ਨੇ ਲੈਪਟਾਪ ਰਾਹੀਂ ਛਾਪਾ ਉਤਾਰ ਦਿੱਤਾ। ਇਸ ਵਿਲੱਖਣ ਲੇਖਣੀ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ
ਇੱਕ ਥਾਂ ‘ਤੇ ਟਿਕਣ ਵਾਲੇ ਇਨਸਾਨ ਨਹੀਂ। ਇਉਂ ਲੱਗਦਾ ਹੈ ਜਿਵੇਂ ਲੋਕਾਂ ਨੂੰ ਮਿਲਦੇ ਮਿਲਾਉਂਦੇ ਹੀ, ਆਪਣੇ ਮਨ ਦੀ ਡਾਇਰੀ ਵਿੱਚ ਲਿਖਣ ਲਈ ਅਣਗਿਣਤ ਵੰਨ-ਸੁਵੰਨੇ ਵਿਸ਼ੇ ਬਣਾਉਂਦੇ ਰਹਿੰਦੇ ਹਨ। ਉਹ ਕਈ ਵਾਰ ਵਿਦੇਸ਼ਾਂ ਦੇ ਚੱਕਰ ਲਾ ਚੁੱਕੇ ਹਨ, ਜਿਨ੍ਹਾਂ ਉਡਾਰੀਆਂ ਦਾ ਲੇਖਾ ਜੋਖਾ ਉਹ ਅਪਣੀਆਂ ਲਿਖਤਾਂ ਰਾਹੀਂ ਪਾਠਕਾਂ ਤਕ ਪੂਰੀ ਸਮਾਜਕ, ਸਾਹਿਤਕ ਜੁੰਮੇਵਾਰੀ ਤੇ ਵਫ਼ਾਦਾਰੀ ਨਾਲ, ਸਮੇ ਸਮੇ ਪੁਚਾਉਂਦੇ ਰਹਿੰਦੇ ਹਨ। ਸ਼ਾਇਦ, ਏਹੀ ਅਮੁੱਕ ਊਰਜਾ ਹੈ, ਜਿਹੜੀ ਉਹਨਾਂ ਨੂੰ ਸਾਹਿਤਕ ਮੰਡਲਾਂ ਵਿੱਚ ਅਜੇ ਤੱਕ ਉਡਾਈ ਫਿਰਦੀ ਹੈ। ਏਸੇ ਪ੍ਰਸੰਗ ਵਿੱਚ, ਮੈਨੂੰ ਵੀ ਉਹਨਾਂ ਦੀ ਅਜੇ ਅਣਛਪੀ ਕਿਤਾਬ ਦਾ ਖਰੜਾ ‘ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਹੋਰ ਲੇਖ’ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜਾ ਉਹਨਾਂ ਨੇ ਮੈਨੂੰ ਈ-ਮੇਲ ਰਾਹੀਂ ਭੇਜਿਆ।
ਇਸ ਕਿਤਾਬ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਲੇਖ ਲਿਖੇ ਹੋਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਸੰਖੇਪ ਇਤਿਹਾਸ, ਤਿੰਨ ਸ਼ਖ਼ਸੀਅਤਾਂ ਦੇ ਕਲਮੀ ਚਿੱਤਰ, ਦੋ ਯਾਤਰਾਵਾਂ ਅਤੇ ਬਾਕੀ ਚਲੰਤ ਵਿਸ਼ੇ, ਜਿਵੇਂ ਕਰੋਨੇ ਦਾ ਕਹਿਰ, ਨਿੰਦਾ, ਬਚਗਾਨਾ ਸੋਚਾਂ, ਗਿਆਨੀ ਜੀ ਚੁੱਕੇ ਗਏ, ਮੇਰਾ ਫੇਸਬੁੱਕ ਖਾਤਾ, ਕੌਮੀ ਕੈਲੰਡਰ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕਈ ਲੇਖ ਤਾਂ ਇੰਜ ਲੱਗਦੇ ਹਨ ਜਿਵੇਂ ਇਹਨਾਂ ਦੀ ਡਾਇਰੀ ਦੇ ਪੰਨੇ ਹੋਣ। ਇਸ ਹਵਾਲੇ ਵਿੱਚ ਮੈਂ ਇਹ ਉਚਤ ਸਮਝਦਾ ਹਾਂ ਕਿ ਪਹਿਲਾਂ ਲੇਖ ਦੇ ਵਿਸ਼ੇ ਦੀ ਸੰਖੇਪ ਜਾਣਕਾਰੀ ਦੇਵਾਂ ਅਤੇ ਉਸ ਤੋਂ ਅੱਗੇ ਆਪਣੇ ਵਿਚਾਰ ਲਿਖਾਂ ਤਾਂ ਜੋ ਕਿਤਾਬ ਦੇ ਲੇਖਾਂ ਦਾ ਮੁਲਾਂਕਣ ਵਧੇਰੇ ਵਾਜਬ ਹੋ ਸਕੇ:
ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਸੰਖੇਪ ਇਤਿਹਾਸ
ਕਿਤਾਬ ਦਾ ਸ਼ੁਰੂਆਤੀ ਲੇਖ ਇਤਿਹਾਸਕ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਇਤਿਹਾਸ ਸੰਖੇਪਤਾ ਨਾਲ ਦਰਸਾਉਂਦਾ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਇਸ ਦਲ ਦੀ ਸਥਾਪਨਾ ਦੀ ਲੋੜ ਭਾਸੀ। ਲੇਖਕ ਅਨੁਸਾਰ ਅਠਾਰਵੀ ਸਦੀ ਦੌਰਾਨ, ਜਦੋਂ ਸਿੰਘ ਜੰਗਲਾਂ ਵਿਚ ਵਿਚਰਨ ਲਈ ਮਜਬੂਰ ਸਨ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜੁੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਤਾਂ/ਮਹੰਤਾਂ ਕੋਲ ਹੁੰਦੀ ਸੀ। ਸਿੱਖ ਰਾਜ ਦੇ ਸਥਾਪਤ ਹੋਣ ‘ਤੇ ਗੁਰਦੁਆਰਿਆਂ ਦੇ ਨਾਮਾਂ ਤੇ ਜ਼ਮੀਨਾਂ, ਚੜ੍ਹਾਵੇ, ਧਨ ਆਦਿ ਲੋੜੋਂ ਵਧੇਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ, ਜਿਸ ਦੇ ਕਾਰਨ ਕਈ ਸੰਤਾਂ/ਮਹੰਤਾਂ ਦੀ ਇਮਾਨਦਾਰੀ ਅਤੇ ਚਰਿੱਤਰ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਅਤੇ ਸਿੱਖ ਧਾਰਮਿਕ ਮਰਯਾਦਾ ਤੋਂ ਉਲਟ ਵਿਹਾਰ ਹੋਣ ਲੱਗਾ ਸੀ। ਇਸ ਸਾਰੇ ਕੁਝ ਦੇ ਪਿੱਛੇ, ਉਹਨਾਂ ਨੂੰ ਅੰਗ੍ਰੇਜ਼ੀ ਸਰਕਾਰ ਦੀ ਵੀ ਪੂਰੀ ਹਮਾਇਤ ਮਿਲਦੀ ਸੀ। ਲੇਖਕ ਇਕ ਨਵਾਂ ਤੱਥ ਪੇਸ਼ ਕਰਦਿਆਂ ਲਿਖਦਾ ਹੈ ਕਿ ਏਸੇ ਸਿਲਸਿਲੇ ਨੂੰ ਠੱਲ੍ਹ ਪਾਉਣ ਦੀ ਸ਼ੁਰੂਆਤ ਲਾਹੌਰ ਵਿਚ ਚੁਮਾਲਾ ਸਾਹਿਬ ਅਤੇ ਸਿਆਲਕੋਟ ਵਿਚ ਬੇਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਪੁਜਾਰੀਆਂ ਅਤੇ ਮਹੰਤਾਂ ਤੋਂ, ਸਿੱਖਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸੰਭਾਲ਼ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਡਾ. ਗੁਰਬਖ਼ਸ਼ ਸਿੰਘ ਨੇ ਸਿੱਖ ਪੰਥ ਦੇ ਨਾਂ ਇਕ ਚਿੱਠੀ ਲਿਖ ਕੇ, ੧੨ ਨਵੰਬਰ ੧੯੨੦ ਵਾਲ਼ੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖਾਂ ਨੂੰ ਹਾਜ਼ਰ ਹੋਣ ਦਾ ਸੱਦਾ ਦਿੱਤਾ ਅਤੇ ਸੋਚ ਵਿਚਾਰ ਉਪ੍ਰੰਤ ੧੭੫ ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦਾ ਨਾਂ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਰੱਖਿਆ ਗਿਆ। ਇਸ ਤੋਂ ਦੋ ਕੁ ਦਿਨ ਪਹਿਲਾਂ ਅੰਗ੍ਰੇਜ਼ ਸਰਕਾਰ ਨੇ, ਜੋ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਦੀ ਸਲਾਹ ‘ਤੇ ਆਪਣੇ ਹਾਂ-ਪੱਖੀ ਸਿੱਖਾਂ ਦੀ ੩੬ ਮੈਂਬਰੀ ਕਮੇਟੀ ਬਣਾਈ ਸੀ, ਉਹ ਵੀ ਇਸ ਸਰਬ ਸੰਮਤੀ ਨਾਲ ਚੁਣੀ ੧੭੫ ਮੈਂਬਰਾਂ ਵਾਲੀ ਕਮੇਟੀ ਵਿਚ ਸ਼ਾਮਲ ਕਰ ਲਈ ਗਈ ਤਾਂ ਕਿ ਇਸ ਮਸਲੇ ‘ਤੇ ਸਰਕਾਰ ਨਾਲ ਟੱਕਰ ਨਾ ਹੋਵੇ। ਸਰਕਾਰੀ ਕਮੇਟੀ ਦੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਨੂੰ ਹੀ ਨਵੀਂ ਕਮੇਟੀ ਦਾ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਅਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾ ਲਿਆ ਗਿਆ। ਇਸ ਤਰ੍ਹਾਂ ਇਸ ਨਵੀਂ ਕਮੇਟੀ ਦੇ ਪਹਿਲੇ ਤਿੰਨ ਮੁੱਖ ਅਹੁਦੇਦਾਰ ਵੀ ਸਰਕਾਰੀ ਕਮੇਟੀ ਵਾਲ਼ੇ ਹੀ ਬਣਾ ਲਏ। ਨਵੀਂ ਕਮੇਟੀ ਦੇ ਸਕੱਤਰ ਸ. ਸੁੰਦਰ ਸਿੰਘ ਰਾਮਗੜ੍ਹੀਆ, ਉਸ ਸਮੇ ਪਹਿਲਾਂ ਹੀ ਸਰਕਾਰ ਵੱਲੋਂ ਥਾਪੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹ (ਮੁੱਖ ਪ੍ਰਬੰਧਕ) ਸਨ। ਨਵਿਆਂ ਵਿੱਚੋਂ ਸਿਰਫ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਜੀ ਹੋਰਾਂ ਨੂੰ ਮੀਤ ਸਕੱਤਰ ਚੁਣਿਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਵਾਸਤੇ, ੧੪ ਦਸੰਬਰ, ੧੯੨੦ ਵਾਲੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ, ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਗਈ ਤੇ ਇਸ ਦੀ ਚੋਣ ੨੩-੨੪ ਜਨਵਰੀ, ੧੯੨੧ ਵਾਲ਼ੇ ਦਿਨ ਹੋਈ। ਇਸ ਦੇ ਪਹਿਲੇ ਪ੍ਰਧਾਨ ਬਣਨ ਦਾ ਸੁਭਾਗ, ਝਬਾਲ ਪਿੰਡ ਦੇ ਵਾਸੀ ਸ. ਸਰਮੁਖ ਸਿੰਘ ਨੂੰ ਪ੍ਰਾਪਤ ਹੋਇਆ। ਇਸ ਜਥੇਬੰਦੀ ਦਾ ਨਾਂ, ਸ. ਹਰਚੰਦ ਸਿੰਘ ਲਾਇਲਪੁਰੀ ਅਤੇ ਮਾਸਟਰ ਸੁੰਦਰ ਸਿੰਘ ਵੱਲੋਂ ਮਈ, ੧੯੨੧ ਵਿਚ ‘ਸ਼੍ਰੋਮਣੀ ਅਕਾਲੀ ਦਲ’ ਰੱਖਿਆ ਗਿਆ। ਇਸ ਤੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਕੱਠਾ ਹੀ ਚੱਲਦਾ ਆ ਰਿਹਾ ਹੈ।
੧੯੪੭ ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਸਿਆਸੀ ਮੈਦਾਨ ਵਿਚ ਮਿਲ਼ ਕੇ ਚੱਲਦੇ ਰਹੇ। ੧੯੩੫ ਤੱਕ ਬਾਬਾ ਖੜਕ ਸਿੰਘ ਸ਼੍ਰੋਮਣੀ ਅਕਾਲੀ ਦਲ, ਸਿੱਖ ਲੀਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਕਾਂਗਰਸ ਦੇ ਇਕੋ ਸਮੇ ਪ੍ਰਧਾਨ ਰਹੇ। ਇਸ ਪਿਛੋਂ ਸਿੱਖ ਪੰਥ ਦੇ ਆਗੂ ਮਾਸਟਰ ਤਾਰਾ ਸਿੰਘ ਜੀ,੧੯੬੫ ਤੱਕ ਕੌਮ ਨੂੰ ਅਗਵਾਈ ਦਿੰਦੇ ਰਹੇ ਪਰ ਇਸ ਦੇ ਨਾਲ ੧੯੬੨ ਤੋਂ ਸੰਤ ਫਤਹਿ ਸਿੰਘ ਜੀ ਪੰਥਕ ਮੈਦਾਨ ਵਿੱਚ, ਮਾਸਟਰ ਜੀ ਦੇ ਮੁਕਾਬਲੇ ਉਪਰ ਆ ਗਏ। ਏਸੇ ਸਾਲ ਦੀਆਂ ਗੁਰਦੁਆਰਾ ਚੋਣਾਂ ਵਿਚ, ਸਿੱਖ ਵੋਟਰਾਂ ਨੇ ਸੰਤ ਫ਼ਤਿਹ ਸਿੰਘ ਜੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ, ਸੰਤ ਜੀ ਦੀ ਅਗਵਾਈ ਨੂੰ ਪ੍ਰਵਾਨ ਕਰ ਲਿਆ। ਪਰ ਮਾਸਟਰ ਜੀ ਨੇ ਆਪਣੇ ਧੜੇ ਦਾ ਦਲ ਕਾਇਮ ਰੱਖਿਆ।
ਪੰਜਾਬ ਕੌਂਸਲ ਨੇ ੧੯੨੫ ਵਿਚ ਗੁਰਦੁਆਰਾ ਐਕਟ ਪਾਸ ਕਰ ਦਿੱਤਾ ਸੀ, ਜਿਸ ਦੇ ਤਹਿਤ ਪੰਜਾਬ ਵਿਚਲੇ ਤਕਰੀਬਨ ਸਾਰੇ ਮੁਖੀ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ ਆ ਗਏ ਸਨ। ਪਿੱਛੋਂ ਸਿਆਸੀ ਕੁਰਸੀ ਦੀ ਤਾਕਤ ਨੂੰ ਜੱਫਾ ਮਾਰਨ ਲਈ, ਸਮੇ ਸਮੇ ਜੋ ਦੋ ਧੜਿਆਂ ਵਿਚਕਾਰ ਰੱਸਾਕਸ਼ੀ ਹੁੰਦੀ ਰਹੀ, ਉਹ ਤਾਂ ਲੇਖ ਪੜ੍ਹ ਕੇ ਹੈਰਾਨੀ ਹੁੰਦੀ ਹੈ। ਇਹ ਅਧਿਆਇ, ਕਿਉਂਕਿ ਤੱਥਾਂ, ਅੰਕੜਿਆਂ ਅਤੇ ਉਸ ਸਮੇ ਦੇ ਹਾਲਾਤੀ ਸਬੂਤਾਂ ‘ਤੇ ਅਧਾਰਤ ਹੈ, ਇਸ ਲਈ ਮੈਂ ਇਸ ਨੂੰ, ਏਸੇ ਤਰ੍ਹਾਂ ਹੀ ਸੱਚ ਮੰਨਦਾ ਹਾਂ ਅਤੇ ਇਸ ਬਾਰੇ ਆਪਣੀ ਟਿੱਪਣੀ ਜਾਂ ਵਿਚਾਰਾਂ ਨੂੰ ਏਥੇ ਹੀ ਸੀਮਤ ਕਰਦਾ ਹੋਇਆ ਨਿਰਸੰਦੇਹ ਕਹਿ ਸਕਦਾ ਹਾਂ ਕਿ ਲੇਖਕ ਨੇ ਇਤਿਹਾਸਕ ਤੱਥਾਂ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ ਅਤੇ ਪਾਰਟੀ ਅੰਦਰਲੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ।
ਪੰਜਾਬ ਦੀ ਯਾਤਰਾ
ਅਗਲੇ ਲੇਖ ‘ਪੰਜਾਬ ਦੀ ਯਾਤਰਾ’ ਵਿੱਚ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇ, ਸਤੰਬਰ ਤੋਂ ਨਵੰਬਰ, ੨੦੧੯ ਤੱਕ, ਗੁਰਪੁਰਬ ਸਬੰਧੀ ਸਜਾਏ ਗਏ ਸਮਾਗਮਾਂ ਵਿਚ ਭਾਗ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਏਸੇ ਤਰ੍ਹਾਂ ਖ਼ਾਲਸਾ ਕਾਲਜ ਗੁਰਦਾਸ ਨੰਗਲ, ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਗੁਰਦਾਸਪੁਰ, ਭਾਈ ਗੁਰਦਾਸ ਅਕੈਡਮੀ ਪੰਡੋਰੀ, ਕੰਨਿਆ ਮਹਾਂ ਵਿਦਿਆਲਾ ਧਾਰੀਵਾਲ, ਆਦਿ ਵੱਖ ਵੱਖ ਸੰਸਥਾਵਾਂ ਵਿਚ ਸ਼ਾਮਲ ਹੋਏ। ੨੨ ਅਕਤੂਬਰ, ੨੦੧੯ ਵਾਲੇ ਦਿਨ, ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਵਾਸਤੇ ਵੱਖ-ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਉਹਨਾਂ ਨੂੰ ਵੀ ਵੇਖਣ ਦੀ ਤਮੰਨਾ ਬੀਬਾ ਹਰਿੰਦਰ ਕੌਰ ਸਿੱਧੂ, ਹਾਈ ਕਮਿਸ਼ਨਰ, ਆਸਟ੍ਰੇਲੀਆ ਦੀ ਵਾਕਫ਼ੀਅਤ ਸਦਕਾ, ਪੂਰੀ ਹੋ ਗਈ। ਸੁਲਤਾਨਪੁਰ ਲੋਧੀ ਦੀ ਯਾਤਰਾ ਦਾ ਕਿੱਸਾ ਅਤਿਅੰਤ ਰੌਚਕ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਸ਼ਤਾਬਦੀ, ਜੋ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਸੀ, ਉਸ ਲਈ ਗਿਆਨੀ ਜੀ ਦੀ ਕਿਵੇਂ ਖੋਜ ਕੀਤੀ ਗਈ, ਸੰਪਰਕ ਬਣਾਇਆ ਅਤੇ ਡੈਲੀਗੇਸ਼ਨ ਵਿੱਚ ਸ਼ਾਮਲ ਕੀਤਾ ਗਿਆ ਵੀ ਬਹੁਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੈ। ਡੇਰਾ ਬਾਬਾ ਨਾਨਕ ਤੱਕ ਦਾ ਬੱਸ ਦਾ ਸਫ਼ਰ ਅਤੇ ਵੱਖ ਵੱਖ ਦੇਸਾਂ ਤੋਂ ਆਏ, ਉਚ ਪਤਵੰਤਿਆਂ ਦੀ ਸੰਗਤ ਵਿੱਚ ਅੰਮ੍ਰਿਤਸਰ ਵਿਖੇ ਰਾਤ ਨੂੰ ਹੋਟਲ ‘ਚ ਠਹਿਰਨਾ ਬਹੁਤ ਦਿਲਚਸਪ ਹੈ। ਅਗਲੀ ਸਵੇਰ, ਬੱਸਾਂ ਰਾਹੀ ਗੁਰਦੁਆਰਾ ਸੁਲਤਾਨਪੁਰ ਵਿੱਚ ਸਜੇ ਸਮਾਗਮ, ਭਾਸ਼ਨਾਂ ਦਾ ਜ਼ਿਕਰ ਵੀ ਕਾਫ਼ੀ ਰੌਚਕਤਾ ਭਰਪੂਰ ਹੈ। ਲੰਗਰ ਹਾਲ ਵਿੱਚ ਭੋਜਨ ਤੇ ਪਕੌੜਿਆਂ ਦਾ ਵਰਨਣ ਜ਼ਿਕਰਯੋਗ ਹੈ। ਕੁੱਲ ਮਿਲਾ ਕੇ, ਇਸ ਛੇ ਦਿਨਾਂ ਦੀ ਸਰਕਾਰੀ ਮਹਿਮਾਨ ਨਿਵਾਜੀ ਦਾ ਸੁੰਦਰ ਵੇਰਵਾ ਉਲੀਕਿਆ ਹੈ, ਜਿਸ ਤੋਂ ਲੇਖਕ ਦੀ ਪ੍ਰਸਿੱਧੀ ਅਤੇ ਮਹੱਤਤਾ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਸਾਰੇ ਰੁਝੇਵਿਆਂ ਦੇ ਨਾਲ਼ ਨਾਲ਼ ਸਿੰਘ ਬ੍ਰਦਰਜ਼ ਦੇ ਪ੍ਰਕਾਸ਼ਕਾਂ ਨੂੰ ਮਿਲਣਾ ਅਤੇ ਆਪਣੀ ਕਿਤਾਬ ਦੇ ਛਪ ਜਾਣ ਦੀ ਚੰਗੀ ਖ਼ਬਰ ਸੁਣ ਕੇ, ਖ਼ੁਸ਼ੀ ਦਾ ਜੋ ਪ੍ਰਗਟਾਵਾ ਕੀਤਾ ਗਿਆ, ਉਹ ਵੀ ਲੇਖਕ ਦੇ ਅਨੰਦ ਅਤੇ ਮਨੋਵਿਗਿਆਨਕ ਵਿਹਾਰ ਨੂੰ ਉਜਾਗਰ ਕਰਦਾ ਹੈ। ਲੇਖਕ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਜਦ ਉਹ ਸਾਰੇ ਰਸਮੀ ਅਧਿਕਾਰਤ ਯੋਜਨਾਬੱਧ ਫੰਕਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਨਿਜੀ ਕੰਮਾਂ ਨੂੰ ਅੰਤਮ ਰੂਪ ਦੇਣ ਦੇ ਨਾਲ, ਆਸਟ੍ਰੇਲੀਆ ਵਾਪਸ ਜਾਣ ਲਈ ਤਿਆਰ ਹੋ ਕੇ, ਅੰਮ੍ਰਿਤਸਰ ਤੋਂ ੨੨ ਨਵੰਬਰ ਦੀ ਰਵਾਨਗੀ ਪਾ ਕੇ ੨੩ ਨੂੰ ਸਿਡਨੀ ਦੀ ਧਰਤੀ ‘ਤੇ ਪਹੁੰਚ ਗਿਆ। ਕੁੱਲ ਮਿਲਾ ਕੇ, ਇਹ ਲੇਖ ਇੱਕ ਸ਼ੀਸ਼ੇ ਵਾਂਗ ਹੈ ਜੋ ਉਸ ਦੇ ਨਿਜੀ ਅਨੁਭਵ ਨੂੰ ਲਿਖਣ ਵੇਲੇ ਸਹੀ ਅਰਥਾਂ ਨੂੰ ਦਰਸਾਉਂਦਾ ਹੈ।
ਬਚਗਾਨਾ ਸੋਚਾਂ
ਦੇ ਸਿਰਲੇਖ ਹੇਠ, ਲੇਖਕ ਨੇ ਆਪਣੇ ਬਚਪਨ ਦੇ ਸਮੇ, ਜਿਨ੍ਹਾਂ ਚੀਜ਼ਾਂ ਬਾਰੇ ਉਸ ਨੂੰ ਪੂਰਾ ਗਿਆਨ ਨਹੀਂ ਸੀ ਪਰ ਆਪਣੇ ਵਡੇਰਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਅਤੇ ਆਪਣੀ ਬਾਲ-ਗਿਆਨ ਸੋਝੀ ਅਨੁਸਾਰ, ਪ੍ਰਾਪਤੀ ਦੇ ਯੋਗ ਬਣਾਉਣ ਦੀ ਤਾਂਘ ਸੀ, ਦੇ ਵੇਰਵੇ ਦਿੱਤੇ ਹਨ। ਅੱਜ ਕਲ੍ਹ ਦੇ ਪਾਠਕਾਂ ਲਈ ਤਾਂ ਇਹ ਹੋਰ ਵੀ ਆਕਰਸ਼ਕ ਅਤੇ ਹੈਰਾਨੀਜਨਕ ਲੱਗਣਗੇ ਕਿ ਕਿਵੇਂ ਇਕ ਬਾਲ-ਮਨ ਕਿਸੇ ਅਦਭੁਤ ਚੀਜ਼ ਨੂੰ ਦੇਖ ਕੇ ਸੋਚਦਾ ਹੈ। ਲੇਖਕ ਨੇ ਵਡੇਰੀ ਉਮਰ ਵਿੱਚ ਪਹੁੰਚ ਕੇ, ਆਪਣੀਆਂ ਯਾਦਾਂ ਦੇ ਬੋਹਲ਼ ਵਿਚੋਂ ਇੱਕ ਛੱਜ ਭਰ ਕੇ ‘ਖਿਲਾਰ’ ਦਿੱਤਾ ਹੈ, ਜਿਨ੍ਹਾਂ ਨੂੰ ਪਾਠਕ ਆਪਣੀ ਸੁਵਿਧਾ ਨਾਲ ਚੁਗਦੇ ਰਹਿਣ। ਉਹਨਾਂ ਨੇ ‘ਬਚਗਾਨਾ ਸੋਚਾਂ’ ਦੀ ਵੰਨਗੀ, ਸੰਖੇਪ ਰੂਪ ਵਿੱਚ ਪੇਸ਼ ਹੈ।
(ੳ) ਸਨ/ਸੰਮਤ ਬਾਰੇ ਲੇਖਕ ਦੱਸਦਾ ਹੈ ਕਿ ਉਸ ਨੂੰ ੧੯੫੨ ਦਾ ਪਤਾ ਓਦੋਂ ਲੱਗਿਆ ਜਦੋਂ ਇਕ ਦਿਨ ਦੁਪਹਿਰੇ, ਇਕ ਪੜ੍ਹਿਆ ਲਿਖਿਆ ਸੱਜਣ, ਜਾਮਨੂੰ ਦੇ ਦਰੱਖ਼ਤ ਹੇਠਾਂ ਮੰਜੀ ਉਪਰ ਬੈਠ ਕੇ, ਕਿਸੇ ਨੂੰ ਖ਼ਾਕੀ ਰੰਗ ਦੇ ਕਾਰਡ ਉਪਰ ਖ਼ਤ ਲਿਖਣ ਲੱਗਾ ਤੇ ਉਸ ਨੇ ਪਹਿਲਾਂ ਤਰੀਕ ਪਾਈ ਤੇ ਨਾਲੇ ਬੋਲ ਕੇ ਵੀ ਦੱਸਿਆ ਕਿ ਬਵੰਜਵਾਂ ਸਾਲ ਹੋ ਗਿਆ। ਇਹ ਕਾਰਡ ਤਿੰਨ ਪੈਸਿਆਂ ਦਾ ਹੁੰਦਾ ਸੀ ਤੇ ਜਵਾਬੀ ਕਾਰਡ ਛੇ ਪੈਸੇ ਦਾ। ਲਿਖਣ ਪਿੱਛੋਂ ਇਸ ਨੂੰ ਲਾਲ ਡੱਬੇ ਵਿੱਚ ਪਾ ਦਿੱਤਾ ਜਾਂਦਾ ਸੀ।
(ਅ) ਉਹਨਾਂ ਸਮਿਆਂ ਵਿਚ, ਜਦੋਂ ਕਿਸੇ ਦੀ ਜੰਞ ਆਉਣੀ ਤਾਂ ਉਸ ਦਾ ਠਹਿਰਾਅ ਪਿੰਡ ਦੇ ਗੁਰਦੁਆਰੇ ਵਿੱਚ ਹੁੰਦਾ ਸੀ। ਉਹ ਆਪਣੇ ਨਾਲ਼ ਤਵਿਆਂ ਵਾਲਾ ਵਾਜਾ ਵੀ ਲੈ ਕੇ ਆਉਂਦੇ ਜੋ ਵਜਾਇਆ ਜਾਂਦਾ ਸੀ। ਇਕ ਵਾਰੀਂ ਜੰਞ ਵੱਲੋਂ ਲਿਆਂਦੇ ਵਾਜੇ ਦੇ ਅਸ਼ਲੀਲ ਗੀਤਾਂ ਕਰ ਕੇ, ਗੁਰਦੁਆਰੇ ਦੇ ਭਾਈ ਜੀ, ਬਹੁਤ ਗ਼ੁੱਸੇ ਵਿਚ ਆ ਗਏ। ਇਸ ਕਸ਼ਮਕਸ਼ ਵਿਚ ਕੁਝ ਭਾਈ ਜੀ ਦੇ ਹਿਮਾਇਤੀ ਅਤੇ ਕੁਝ ਵਾਜੇ ਵਾਲਿਆਂ ਵੱਲ ਹੋ ਗਏ। ਦੋਹਾਂ ਧੜਿਆਂ ਦੇ ਕਈ ਬੰਦਿਆਂ ਨੇ ਨਸ਼ਾ ਕੀਤਾ ਹੋਇਆ ਸੀ। ਵਾਹਵਾ ਗਾਹਲੀ-ਗਲੋਚ ਹੋਇਆ।
(ੲ) ਲੇਖਕ ਆਪਣੇ ਪਿੰਡ ਸੂਰੋ ਪੱਡਾ, ਅੰਮ੍ਰਿਤਸਰ ਤੋਂ ਮਹਿਤਾ ਵਾਲੀ ਸੜਕ ਉਪਰ, ਜੋ ਬਾਈਵੇਂ ਮੀਲ ‘ਤੇ ਹੈ, ਦਾ ਜ਼ਿਕਰ ਕਰਦਾ ਹੈ। ਇੱਕੀਵੇਂ ਮੀਲ ਉਪਰ ਨਾਥ ਦੀ ਖੂਹੀ ਵਾਲਾ ਬੱਸ ਦਾ ਅੱਡਾ ਹੈ। ਉਸ ਖੂਹੀ ਤੇ ਦਰਖ਼ਤਾਂ ਦੇ ਝੁੰਡ ਦੇ ਬਾਗ਼ ਤੋਂ ਬਿਨਾ ਹੋਰ ਕੁਝ ਨਹੀਂ ਸੀ ਹੁੰਦਾ; ਬੇਆਬਾਦ ਪਈ ਹੁੰਦੀ ਸੀ। ਡੰਗਰ ਚਾਰਨ ਵਾਲੇ ਮੁੰਡੇ ਖੂਹੀ ਗੇੜ ਕੇ ਪਾਣੀ ਪੀਆ ਕਰਦੇ ਸੀ। ਮਾਂਗਾ, ਚੰਨਣ ਕੇ, ਜਲਾਲ ਉਸਮਾ ਆਦਿ ਪਿੰਡਾਂ ਨੂੰ ਇਹੋ ਹੀ ਬੱਸਾਂ ਦਾ ਅੱਡਾ ਲੱਗਦਾ ਹੁੰਦਾ ਸੀ। ਇਹਨਾਂ ਪਿੰਡਾਂ ਦੇ ਦਰਖ਼ਤਾਂ ਦੀ ਕਤਾਰ ਦੀ ਕਤਾਰ ਹੀ ਮਾਂਗੇ ਤੋਂ ਲੈ ਕੇ ਜਲਾਲ ਤੱਕ ਜਾਂਦੀ ਦਿਸਦੀ ਹੁੰਦੀ ਸੀ। ਉਹਨਾਂ ਵਿਚ ਖੂਹੀ ਵਾਲਾ ਬਾਗ਼ ਵਧੇਰੇ ਉਭਰਵਾਂ ਦਿਸਦਾ ਹੁੰਦਾ ਸੀ, ਜਿਸ ਨੂੰ ਲੇਖਕ ਅੰਮ੍ਰਿਤਸਰ ਹੀ ਸਮਝਦਾ ਰਿਹਾ ਤੇ ਇਹ ਗੱਲ ਲੁਕਾ ਕੇ ਵੀ ਰੱਖੀ।
(ਸ) ਲੇਖਕ ਮੰਨਦਾ ਹੈ ਕਿ ਉਸ ਦਾ ਆਪਣੇ ਨਾਨਕਿਆਂ ਨਾਲੋਂ, ਦਾਦੀ ਮਾਂ ਜੀ ਦਾ ਪਲੇਠੀ ਦਾ ਅਤੇ ਲਾਡਲਾ ਪੋਤਾ ਹੋਣ ਕਰਕੇ, ਭਾਈਆ (ਪਿਤਾ) ਜੀ ਦੇ ਨਾਨਕਿਆਂ ਵੱਲ ਜਾਣ ਦਾ ਵਧੇਰੇ ਝੁਕਾਅ ਸੀ। ਦਾਦੀ ਜੀ ਦੇ ਪੇਕੇ ਪਿੰਡ ਸੰਗੋਜਲੇ, ਦਾਦੀ ਜੀ ਦੇ ਨਾਲ਼ ਆਮ ਹੀ ਜਾਇਆ/ਆਇਆ ਕਰਦਾ ਸੀ। ਵੱਡਾ ਹੋ ਕੇ ਫਿਰ ਅੰਮ੍ਰਿਤਸਰ ਤੋਂ ਸਾਈਕਲ ਉਪਰ, ਬਿਆਸ ਦੇ ਪੁਲ਼ ਤੋਂ ਦਰਿਆ ਦੇ ਨਾਲ਼ ਨਾਲ਼ ਧੁੱਸੀ ਬੰਨ੍ਹ ਰਾਹੀਂ, ਉਹਨਾਂ ਦੇ ਖੂਹ ਉਪਰ ਹੀ ਚੱਲਿਆ ਜਾਂਦਾ ਸੀ। ਸੰਗੋਜਲੇ ਦੇ ਨੇੜੇ ਦੇ ਪਿੰਡ ਦਾ ਨਾਂ ਪੱਡੇ ਹੈ, ਜਿਸ ਦੇ ਬਾਹਰਵਾਰ ਬਾਬਾ ਸਾਹਿਬ ਦਿੱਤਾ ਜੀ ਦੀ ਯਾਦ ਵਿਚ ਬਣੇ ਗੁਰਦੁਆਰੇ ਵਿਚ ਇਕੋਤਰ ਸੌ ਅਖੰਡ ਪਾਠਾਂ ਦੀ ਲੜੀ ਚੱਲਦੀ ਸੀ। ਭੋਗ ਸਮੇ ਮੇਲਾ ਲੱਗਣਾ ਸੀ ਅਤੇ ਪੈਪਸੂ ਦੇ ਮੁੱਖ ਮੰਤਰੀ ਸ. ਗਿਆਨ ਸਿੰਘ ਰਾੜੇਵਾਲਾ ਜੀ ਨੇ ਆਉਣਾ ਸੀ। ਇਸ਼ਤਿਹਾਰ ਵਿਚ ਦੱਸਿਆ ਗਿਆ ਸੀ ਕਿ ਉਹ ਆਪਣੇ ਨਾਲ਼ ਇੱਕ ਮਸ਼ੀਨ ਲਿਆਉਣਗੇ ਜਿਹੜੀ ਉਹਨਾਂ ਦੀਆਂ ਕੀਤੀਆਂ ਗੱਲਾਂ ਨੂੰ ਓਸੇ ਵੇਲੇ ਫਿਰ ਸੁਣਾ ਦੇਵੇਗੀ ਪਰ ਮਸ਼ੀਨ ਦੇ ਆਉਣ ਵਾਲੀ ਕੋਈ ਗੱਲ ਨਾ ਹੋਈ। ੧੯੬੮ ਵਿਚ ਜਦ ਅਜਿਹੀ ਮਸ਼ੀਨ ਵੇਖੀ ਤਾਂ ਪਤਾ ਲੱਗਿਆ ਕਿ ਇਸ ਨੂੰ ਟੇਪ ਰਿਕਾਰਡਰ ਆਖਦੇ ਹਨ।
(ਹ) ਲੇਖਕ ਦਾ ਭੋਲਾਪਣ ਵੇਖੋ ਕਿ ਉਸ ਸਮੇ ੧੦੧ ਨੂੰ ‘ਦਸ ਇੱਕ ਯਾਰਾਂ’ ਹੀ ਸਮਝਿਆ ਕਰਦਾ ਸੀ। ਬੜੇ ਚਿਰ ਪਿੱਛੋਂ ਪਤਾ ਲੱਗਾ ਕਿ ਇਹ ‘ਇਕ ਸੌ ਇਕ’ ਹੁੰਦੇ ਹਨ, ਜਿਸ ਨੂੰ ਇਕੋਤਰ ਸੌ ਜਾਂ ਇਕੋਤਰੀ ਵੀ ਕਿਹਾ ਜਾਂਦਾ ਹੈ। ਉਸ ਗੁਰਦੁਆਰਾ ਸਾਹਿਬ ਦੇ ਮਹੰਤ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਲੇਖਕ ਨੂੰ ਜਪੁ ਜੀ ਸਾਹਿਬ ਮੂੰਹ ਜ਼ਬਾਨੀ ਕੰਠ ਹੈ। ਮਹੰਤ ਜੀ ਨੇ ਉਸ ਨੂੰ ਆਪਣੀ ਗੱਦੀ ਦੇ ਸਿਰਹਾਣੇ ਵਾਲੇ ਪਾਸੇ ਬੈਠਾ ਕੇ ਜਪੁ ਜੀ ਸਾਹਿਬ ਦਾ ਪਾਠ ਸੁਣਿਆ ਤੇ ਖ਼ੁਸ਼ ਹੋ ਕੇ ਇੱਕ ਰੁਪਇਆ ਇਨਾਮ ਦਿੱਤਾ। ਉਹ ਬਿਲਕੁਲ ਨਵਾਂ ਤੇ ਕੜਕਵਾਂ ਨੋਟ ਸੀ ਜੋ ਪਹਿਲੀ ਵਾਰ ਹੀ ਵੇਖਿਆ ਸੀ। ਇਸ ਤੋਂ ਪਹਿਲਾਂ ਚਾਂਦੀ ਵਾਲੇ ਰੁਪਈਏ ਤੇ ਵੇਖੇ ਹੋਏ ਸਨ ਪਰ ਨੋਟ ਨਹੀਂ ਸੀ ਕਦੀ ਵੇਖਿਆ। ਉਹ ਰੁਪਈਆ ਉਸ ਨੇ ਮੇਲੇ ਵਿਚ ਕਿਵੇਂ ਖ਼ਰਚਿਆ? ਚੌਦਾਂ ਆਨਿਆਂ ਦੇ ਲੱਕੜ ਦੇ ਘੋੜਿਆਂ ਉਪਰ ਹੂਟੇ ਲੈ ਲਏ ਤੇ ਦੋ ਆਨਿਆਂ ਦੇ ਬਰਫ਼ ਦੇ ਗੋਲੇ ਇਕ ਹੋਰ ਸਾਥੀ ਨਾਲ ਮਿਲ ਕੇ ਖਾ ਲਏ। ਸੋਲ਼ਾਂ ਆਨਿਆਂ ਦਾ ਇਉਂ, ਇਕੋਤਰੀ ਦੇ ਭੋਗ ਵਾਲੇ ਦਿਨ ਹੀ ਭੋਗ ਪਾ ਦਿੱਤਾ।
ਲੇਖ ਦੇ ਅੰਤਲੇ ਵਾਕ ਨੇ, ਮਨ ਵਿਚ ਹਾਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਜੋ ਇਸ ਗੱਲ ਦੀ ਸੂਚਕ ਹੈ ਕਿ ਲੇਖਕ ਕੋਲ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦੀ ਅਥਾਹ ਸ਼ਕਤੀ ਹੈ ਅਤੇ ਖ਼ਾਸ ਲਿਖਣ ਸ਼ੈਲੀ ਦੀ ਗੁਣਵੱਤਾ ਵੀ।
(ਕ) ੧੯੫੬/੫੭ ਵਿਚ, ਜਦੋਂ ਲੇਖਕ ਇੱਕ ਵਾਰ ਸੰਗੋਜਲੇ ਗਿਆ ਤਾਂ ਓਥੇ ਅਜਿਹੀ ਮਸ਼ੀਨ ਵੇਖੀ ਜਿਸ ਨੂੰ ਰੇਡੀਉ ਆਖਦੇ ਸਨ। ਉਹ ਪੰਚਾਇਤੀ ਰੇਡੀਉ, ਦਾਦੀ ਮਾਂ ਜੀ ਦੇ ਛੋਟੇ ਭਰਾ ਜੀ, ਜੋ ਕਿ ਪਿੰਡ ਦੇ ਸਰਪੰਚ ਸਨ, ਦੇ ਘਰ ਚੁਬਾਰੇ ਵਿਚ ਰੱਖਿਆ ਹੋਇਆ ਸੀ। ਉਹ ਇੱਕ ਵਾਰੀਂ ਲੇਖਕ ਨੇ ਉਤਸੁਕਤਾ ਵੱਸ ਚਲਾ ਲਿਆ। ਉਹ ਬਹੁਤ ਚਿਰ ਘੱਰਰਰ ਘੱਰਰਰ ਦੀ ਆਵਾਜ਼ ਦਿੰਦਾ ਰਿਹਾ। ਪਿੰਡ ਦੇ ਦੂਜੇ ਪਾਸਿਉਂ ਇੱਕ ਮੁੰਡਾ ਭੱਜਾ ਭੱਜਾ ਆਇਆ ਤੇ ਉਸ ਨੇ ਰੇਡੀਉ ਦਾ ਕੰਨ ਜਿਹਾ ਮਰੋੜ ਕੇ ਉਸ ਦੀ ਆਵਾਜ਼ ਠੀਕ ਕੀਤੀ। ਕਾਰਨ ਇਹ ਬਣਿਆ ਸੀ ਕਿ ਲੇਖਕ ਅਣਜਾਣ ਹੋਣ ਕਰ ਕੇ ਰੇਡੀਉ ਦੀ ਸੂਈ ਦੋ ਸਟੇਸ਼ਨਾਂ ਵਿਚਾਲੇ ਫਸਾ ਬੈਠਾ ਸੀ ਤੇ ਸਮਝ ਰਿਹਾ ਸੀ ਕਿ ਇਹ ਆਵਾਜ਼ ਪੁਲ਼ ਉਪਰੋਂ ਲੰਘ ਰਹੀ ਗੱਡੀ ਦੀ ਹੈ।
(ਖ) ਗੱਲ ਇਹ ੧੯੫੫ ਦੀ ਹੈ। ਕਿਸੇ ਕੋਲੋਂ ਸੁਣਿਆ ਸੀ ਕਿ ਹੁਣ ਇਹੋ ਜਿਹਾ ਰੇਡੀਉ ਆਉਣਾ ਜਿਹੜਾ ਬੋਲਣ ਵਾਲੇ ਦੀ ਨਾਲ਼ ਨਾਲ਼ ਫ਼ੋਟੋ ਵੀ ਵਿਖਾਇਆ ਕਰੇਗਾ। ਹੈਰਾਨੀ ਹੋਣੀ ਇਉਂ ਸੁਣ ਕੇ ਕਿ ਫ਼ੋਟੋ ਕਿੱਦਾਂ ਦਿਸਿਆ ਕਰੇਗੀ! ਫਿਰ ਪਤਾ ਲੱਗਿਆ ਕਿ ਉਸ ਨੂੰ ਟੀਵੀ ਆਖਦੇ ਹਨ।
ਇਹ ਘਟਨਾਵਾਂ ਲੇਖਕ ਦੇ ਬਚਪਨ ਤੋਂ ਹੀ ਉਸ ਦੇ ਖ਼ੋਜੀ ਸੁਭਾਅ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀਆਂ ਹਨ, ਜੋ ਪਿਛਲੀ ਸਦੀ ਦੇ ਚਾਲ਼ੀਵਿਆਂ ਵਿੱਚ ਲੈ ਜਾਂਦੀਆਂ ਹਨ ਅਤੇ ਜਿਸ ਦਾ ਲੇਖਕ ਨੇ ਬਾ-ਕਮਾਲ ਬਿਰਤਾਂਤ ਸਿਰਜ ਕੇ, ਖ਼ੂਬਸੂਰਤ ਦ੍ਰਿਸ਼ਾਂ ਰਾਹੀਂ ਵਰਨਣ ਕੀਤਾ ਹੈ। ਯਾਦਾਂ, ਕਿਸੇ ਸਮੇ ਦੀਆਂ ਵੀ ਹੋਣ, ਇਹ ਜੀਵਨ ਦੀਆਂ ਸੱਜਰੀ ਅਤੇ ਸੂਹੀ ਸਵੇਰ ਵਰਗੀਆਂ ਹੁੰਦੀਆਂ ਹਨ, ਜੋ ਹਮੇਸ਼ਾ ਮਨੁੱਖੀ ਚੇਤੇ ਵਿੱਚ ਤਰੋ-ਤਾਜ਼ਾ ਰਹਿੰਦੀਆਂ ਹਨ, ਜਿਵੇਂ ਕਿ ਤ੍ਰੇਲ ਦੀਆਂ ਬੂੰਦਾਂ ਨਾਲ ਭਿੱਜੀਆਂ ਗੁਲਾਬ ਦੀਆਂ ਤਾਜ਼ੀਆਂ ਪੱਤੀਆਂ। ਰੰਗਲੇ ਬਚਪਨ ਦੀਆਂ ਕੁਝ ਯਾਦਾਂ ਮਾਂ ਦੀ ਲੋਰੀ ਵਰਗੀਆਂ ਮਿੱਠੀਆਂ ਹੁੰਦੀਆਂ ਹਨ, ਜੋ ਮਰਦੇ ਦਮ ਤੱਕ ਮਨਾਂ ਵਿੱਚੋਂ ਕਦੇ ਨਹੀਂ ਵਿਸਰਦੀਆਂ। ਇਹ ਯਾਦਾਂ ਗਿਆਨੀ ਜੀ ਨੇ ਆਪਣੇ ਕਲਮੀ ਹੁਨਰ ਨਾਲ ਇਸ ਤਰ੍ਹਾਂ ਕਲਮਬੰਦ ਕਰ ਦਿੱਤੀਆਂ ਹਨ ਕਿ ਚਿਰ-ਸਥਾਈ ਜੀਵਤ ਰਹਿਣ ਦੇ ਕਾਬਲ ਹੋ ਗਈਆਂ ਹਨ। ਪੰਜਾਬੀ ਸਾਹਿਤ ਵਿੱਚ ਇਸ ਕਿਸਮ ਦੀ ਲਿਖਤ ਬਹੁਤ ਘੱਟ ਪੜ੍ਹਨ ਨੂੰ ਮਿਲਦੀ ਹੈ। ਅਜਿਹੀ ਸ਼ੈਲੀ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਹੈ।
ਐਡੀਲੇਡ ਦੀ ਯਾਤਰਾ
ਸਫ਼ਰ ਦੀ ਏਸੇ ਲੜੀ ਵਿੱਚ ਲੇਖਕ “ਐਡੀਲੇਡ ਦੀ ਯਾਤਰਾ ਅਪ੍ਰੈਲ ਮਈ ੨੦੨੧” ਵਿੱਚ ਲਿਖਦਾ ਹੈ ਕਿ ਐਡੀਲੇਡ ਦੇ ਨਾਂ ਤੋਂ ਤੇ ਉਹ ਭਾਵੇਂ ੧੯੭੯ ਤੋਂ ਹੀ ਜਾਣੂ ਸੀ ਪਰ ਯਾਤਰਾ ਇਸ ਦੀ ਪਹਿਲੀ ਵਾਰ ਕਰਨ ਦਾ ਮੌਕਾ ੧੯੮੮ ਵਿੱਚ ਹੀ ਬਣਿਆ। ਐਡੀਲੇਡ ਦੀ ਸਿੱਖ ਸੰਸਥਾ ਵੱਲੋਂ, ੧੯੮੮ ਵਿਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਨੂੰ, ਐਡੀਲੇਡ ਦੇ ਪਹਿਲੇ ਅਖੰਡ ਪਾਠ ਤੇ ਪਹਿਲੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇ ਸ਼ਾਮਲ ਹੋਣ ਲਈ ਸੱਦਾ ਆਇਆ। ਓਥੇ ਸ਼ਾਮਲ ਹੋਣ ਲਈ ਲੇਖਕ ਦੀ ਡਿਊਟੀ ਲੱਗ ਗਈ ਤੇ ਬੱਸ ਰਾਹੀਂ ਓਥੇ ਪੁੱਜ ਕੇ ਸਾਰੇ ਸਮਾਗਮਾਂ ਵਿਚ ਹਿੱਸਾ ਲਿਆ। ਉਸ ਸਮੇ ਹੀ ਸਿੱਖ ਖੇਡਾਂ ਆਰੰਭ ਹੋਈਆਂ ਜੋ ਹੁਣ ਤੱਕ ਹਰ ਸਾਲ ਹੋ ਰਹੀਆਂ ਹਨ।
ਏਸੇ ਤਰ੍ਹਾਂ ਹੀ ਇੱਕ ਦਿਨ ਸ. ਗੁਰਮੀਤ ਸਿੰਘ ਵਾਲੀਆ, ਪੱਤਰਕਾਰ ‘ਅਜੀਤ’ ਅਖ਼ਬਾਰ ਹੋਰਾਂ ਨੇ ਵੈਸਾਖੀ ਨਾਲ ਸਬੰਧਤ ਧਾਰਮਿਕ ਕਾਰਜਾਂ ਵਿੱਚ ੨੧ ਮਾਰਚ ਨੂੰ ਹਾਜ਼ਰੀ ਲਵਾ ਕੇ ਪ੍ਰੋਗਰਾਮ ਨੂੰ ਸਸ਼ੋਭਤ ਕਰਨ ਦੀ ਬੇਨਤੀ ਕੀਤੀ, ਜੋ ਖ਼ੁਸ਼ੀ ਨਾਲ ਪ੍ਰਵਾਨ ਕੀਤੀ ਗਈ। ਓਥੋਂ ਦੇ ਪ੍ਰੋਗਰਾਮਾਂ ਦੀ ਸਮਾਪਤੀ ਪਿੱਛੋਂ, ਲੇਖਕ ਦੇ ਮਨ ਵਿੱਚ ਵਿਚਾਰ ਆਇਆ ਕਿ ਢਾਈ ਕੁ ਸੌ ਕਿਲੋਮੀਟਰ ‘ਤੇ, ਰੈਨਮਾਰਕ ਵਿੱਚ ਰਹਿੰਦੇ ਮਿੱਤਰਾਂ ਨੂੰ ਵੀ ਮਿਲਿਆ ਜਾਵੇ। ਬੱਸ ਦਾ ਸਫ਼ਰ ਸ਼ੁਰੂ ਕੀਤਾ। ਸ਼ਾਮ ਢਲ਼ ਚੁੱਕੀ ਸੀ। ਹਨੇਰਾ ਫੈਲਦਾ ਜਾਂਦਾ ਸੀ। ਲੇਖਕ ਗੁਰਦੁਆਰਾ ਸਾਹਿਬ ਤੱਕ ਤਾਂ ਔਖੇ ਸੌਖੇ ਪਹੁੰਚ ਗਿਆ ਪਰ ਅੰਦਰ ਜਾਣ ਦੀ ਰਸਾਈ ਨਾ ਹੋ ਸਕੀ। ਗੇਟ ਬੰਦ ਸੀ। ਹਾਰ ਕੇ, ਨੇੜਲੇ ਘਰ ਜੋ ਕਿਸੇ ਗੋਰੇ ਦਾ ਸੀ, ਜਾ ਦਰਵਾਜ਼ਾ ਖੜਕਾਇਆ। ਸ਼ੁਕਰ ਨਾਲ, ਉਹ ਸਾਊ ਬੰਦਾ ਸੀ। ਉਸ ਨੂੰ ਜਦੋਂ ਸਾਰੀ ਗੱਲ ਸਮਝਾਈ ਤਾਂ ਉਸ ਨੇ ਇੱਕ ਦੇਸੀ ਰੈਸਟੋਰੈਂਟ ਦਾ ਨੰਬਰ ਮਿਲਾ ਕੇ ਦਿੱਤਾ। ਉਸ ਤੋਂ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਮਿਲ ਗਿਆ। ਇਸ ਬਿਧ ਨਾਲ ਦੋ ਗਿਆਨੀਆਂ ਦਾ ਆਪਸੀ ਮਿਲਾਪ ਹੋਇਆ। ਅਗਲੀ ਸਵੇਰ ਸ. ਪਿਆਰਾ ਸਿੰਘ ਅਟਵਾਲ ਜੀ ਨਾਲ ਸੰਪਰਕ ਕੀਤਾ ਗਿਆ ਤੇ ਉਹ ਆਪਣੇ ਫਾਰਮ ਹਾਊਸ ‘ਤੇ ਲੈ ਗਏ।
ਅਟਵਾਲ ਜੀ ਅਕਾਲੀ ਪਰਵਾਰ ਨਾਲ ਸਬੰਧ ਰੱਖਦੇ ਹਨ। ਇਹਨਾਂ ਦੇ ਬਾਬਾ ਜੀ ਦੇ ਸਮੇ ਸੰਤ ਫ਼ਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਜੀ ਆਦਿ ਅਕਾਲੀ ਆਗੂ ਆਮ ਹੀ ਇਹਨਾਂ ਦੇ ਘਰ ਆ ਕੇ ਠਹਿਰਦੇ ਹੁੰਦੇ ਸਨ। ਏਥੇ ਪੰਜ ਦਿਨ ਬਿਸਰਾਮ ਕੀਤਾ ਅਤੇ ਰੈਨਮਾਰਕ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰੀ। ਸੰਗਤਾਂ ਨੂੰ ਗੁਰਸਾਖੀ ਰਾਹੀਂ ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਫਿਰ ਐਡੀਲੇਡ ਵਾਪਸੀ ਕਰ ਲਈ। ਐਡੀਲੇਡ ਪਹੁੰਚਿਆ ਤਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਮਿਲਿਆ ਕਿ ਸਵੇਰੇ ਪੋਰਟ ਅਗੱਸਤਾ ਚੱਲਣਾ ਹੈ। ਸੋ, ਲੇਖਕ ਤਾਂ ਸਦਾ ਹੀ ਸੈਲਫ ਸਟਾਰਟ ਰਹਿੰਦਾ ਹੈ। ਉਹਨਾਂ ਦੇ ਨਾਲ, ਕਾਰ ਵਿੱਚ ਇਕ ਹੋਰ ਸਫ਼ਰ ਦੀ ਤਿਆਰੀ ਸ਼ੁਰੂ ਹੋ ਗਈ। ਇਸ ਸ਼ਹਿਰ ਵਿੱਚ ਗਰੇਵਾਲ ਸਾਹਿਬ ਆਪਣੇ ਭਰਾ ਸਮੇਤ ਰਹਿ ਰਹੇ ਹਨ। ਬਹੁਤ ਵੱਡੇ ਕਾਰੋਬਾਰੀ ਆਦਮੀ ਹਨ। ਗੁਰਦੁਆਰਾ ਵੀ ਆਪਣੇ ਕੰਪਲੈਕਸ ਵਿੱਚ ਸਥਾਪਤ ਕੀਤਾ ਹੋਇਆ ਹੈ। ਪੰਜਾਬ ਵਿੱਚੋਂ ਆਏ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਿਜ਼ਨਿਸ ਵਿੱਚ ਕੰਮ-ਕਾਰ ਵੀ ਦਿੰਦੇ ਹਨ। ਲੇਖਕ ਨੂੰ ਗੁਰਦੁਆਰੇ ਦੇ ਭਾਈ ਸਾਹਿਬ ਸੁਖਦੇਵ ਸਿੰਘ ਕੋਲ ਉਤਾਰ ਕੇ, ਗਰੇਵਾਲ ਜੀ ਆਪਣੇ ਕੰਮ-ਕਾਰ ਨੂੰ ਚਲੇ ਗਏ ਅਤੇ ਲੇਖਕ ਨੂੰ ਸ਼ਾਮੀ ਲੈਣ ਵਾਸਤੇ ਕਹਿ ਗਏ। ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਸੇਵਾ ਕੀਤੀ। ਹੋਰ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸ਼ਾਮ ਵੇਲੇ ਗਰੇਵਾਲ ਜੀ ਆਏ ਤੇ ਨਾਲ ਲੈ ਗਏ। ਗਿਆਨੀ ਜੀ ਲਈ ਮੋਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿੱਤਾ। ਏਥੇ ਬਹੁਤ ਸੱਜਣਾਂ ਮਿੱਤਰਾਂ ਨਾਲ ਮਿਲੇ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਏਥੇ ਰਹਿੰਦਿਆਂ ਪਰਥ ਵਿੱਚ ਹੋਈਆਂ ਖੇਡਾਂ ਦਾ ਇੰਟਰਨੈਟ ਰਾਹੀਂ ਅਨੰਦ ਮਾਣਿਆ। ਕਈ ਹੋਰ ਨਵੇਂ ਪੁਰਾਣੇ ਮਿੱਤਰਾਂ ਦੀ ਮਿਲਣੀ ਦੀਆਂ ਭਾਵਨਾਵਾਂ ਤੇ ਯਾਦਾਂ ਨੂੰ ਮਨ ਵਿਚ ਸਮੋਇਆ। ਵਾਲੀਆ ਜੀ ਸਮੇ ਸਿਰ ਆਏ ਲੇਖਕ ਨੂੰ ਆਪਣੇ ਘਰ ਲੈ ਜਾਣ ਲਈ। ਸਿਡਨੀ ਨੂੰ ਜਾਣ ਲਈ ਏਅਰ ਪੋਰਟ ‘ਤੇ ਛੱਡ ਗਏ।
ਇਸ ਲੇਖ ਵਿਚ ਲੇਖਕ ਨੇ ਆਪਣੇ ਨਿੱਜਤਵ ਬਾਰੇ, ਕੁਝ ਦੋਸਤ, ਮਿੱਤਰਾਂ ਦਾ ਪ੍ਰਿਚੈ ਕਰਵਾਉਣ ਦੇ ਨਾਲ ਨਾਲ ਪੰਜਾਬ ਤੋਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਬਾਹਰਲੇ ਮੁਲਕ ‘ਚ ਆ ਕੇ, ਆਪਣਾ ਜੀਵਨ ਕਿਵੇਂ ਗੁਜ਼ਾਰਨਾ ਪੈਂਦਾ ਹੈ, ਵੇਰਵੇ ਸਹਿਤ ਦਿੱਤਾ ਹੈ, ਜੋ ਕਾਫ਼ੀ ਜਾਣਕਾਰੀ ਭਰਪੂਰ ਹੈ। ਏਸੇ ਤਰ੍ਹਾਂ, ਦੋਵੇਂ ਗੁਰਦੁਆਰਿਆਂ ਵਿਚ ਆਪਣੀਆਂ ਗਤੀਵਿਧੀਆਂ, ਸੰਗਤਾਂ ਨਾਲ ਗੱਲਾਂ ਬਾਤਾਂ ਅਤੇ ਆਪਣੇ ਪੁਰਾਣੇ ਮਿੱਤਰਾਂ ਅਤੇ ਨਵੇਂ ਜਾਣਕਾਰਾਂ ਨਾਲ ਹੋਈਆਂ ਮੁਲਾਕਾਤਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ, ਜਿਸ ਵਿਚ ਚੰਗੀ ਅਤੇ ਲਾਭਕਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪਰ ਜੇ ਭੂਗੋਲਕ, ਗੁਰਦੁਆਰਿਆਂ ਦਾ ਇਤਿਹਾਸ ਅਤੇ ਇਸ ਖੇਤਰ ਵਿੱਚ ਚੱਲ ਰਹੀਆਂ ਹੋਰ ਗਤੀਵਿਧੀਆਂ ਬਾਰੇ ਵੇਰਵਾ ਉਜਾਗਰ ਹੋ ਜਾਂਦਾ ਤਾਂ ਇਹ ਵਧੇਰੇ ਲਾਭਵੰਦ ਹੋ ਸਕਦਾ ਸੀ। ਸਮੁੱਚੇ ਤੌਰ ‘ਤੇ, ਇਸ ਅਧਿਆਇ ਵਿੱਚੋਂ ਲੰਘਣਾ ਮਹੱਤਵਪੂਰਨ ਹੈ। ਇਸ ਵਿਚਲੇ ਸਥਾਨਾਂ ਦੇ ਦੌਰਿਆਂ ਨੂੰ ਸ਼ਾਨਦਾਰ ਵਿਧੀ ਨਾਲ ਵਰਨਣ ਕੀਤਾ ਹੈ। ਲੇਖਕ ਦੀ ਆਪਣੀ ਕਲਮ ‘ਤੇ ਜ਼ਬਰਦਸਤ ਪਕੜ ਹੈ। ਜਦੋਂ ਪਾਠਕ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਲਈ ਰੁਕਣਾ ਬਹੁਤ ਔਖਾ ਲੱਗੇਗਾ। ਇਹ ਤਾਂ ਹੀ ਸੰਭਵ ਹੈ ਜਦੋਂ ਸਾਹਿਤ ਦੇ ਅਜਿਹੇ ਰੂਪ ਵਿਚ ਲੇਖਕ ਦੀ ਕਲਮ ਸ਼ਕਤੀਸ਼ਾਲੀ ਹੁੰਦੀ ਹੈ।
ਜੀਵਨੀਆਂ
ਲੇਖਕ ਨੇ ਕੁਝ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਬਾਰੇ ਵੀ ਲੇਖ ਲਿਖੇ ਹਨ, ਜਿਨ੍ਹਾਂ ਨੂੰ ਉਸ ਨੇ ਪਹਿਲੀਆਂ ਲਿਖਤਾਂ ਦਾ ਆਧਾਰ, ਨਿੱਜੀ ਯਾਦਾਂ, ਸਹਿਤ ਸੰਪਰਕ ਅਤੇ ਰਚਨਾਤਮਿਕ ਜੁਗਤਾਂ ਰਾਹੀਂ ਆਪਣਾ ਕਥਾਨਕ ਉਸਾਰਿਆ ਹੈ, ਜੋ ਉਸ ਦੇ ਦੂਜੇ ਲੇਖਾਂ ਨਾਲ਼ੋਂ ਵਿਲੱਖਣਤਾ ਅਤੇ ਭਿੰਨਤਾ ਦਰਸਾਉਂਦੇ ਹਨ। ਪੇਸ਼ ਹਨ ਸੰਖੇਪ ਰੂਪ ਵਿੱਚ ਇਹ ਰਚਨਾਵਾਂ:
(ੳ) ਇਸ ਲੜੀ ਵਿੱਚ ਉਸ ਦਾ ਪਹਿਲਾ ਜੀਵਨੀ ਸੰਬੰਧੀ ਸਵਰਗੀ ਜਥੇਦਾਰ ਖਜ਼ਾਨ ਸਿੰਘ ਮੀਰਾਂ ਕੋਟ ਹੈ, ਜੋ ਉਹਨਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦੇ ਰੂਪ ਵਿੱਚ ਲਿਖਿਆ ਗਿਆ ਹੈ। ਉਹ ਸਾਧਾਰਨ ਪਰਵਾਰ ਵਿੱਚ ਜੰਮੇ-ਪਲੇ ਅਤੇ ਅਕਾਲੀ ਵਰਕਰ ਤੋਂ ਸਿਆਸੀ ਸਫ਼ਰ ਸ਼ੁਰੂ ਕਰ ਕੇ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਤੱਕ ਪਹੁੰਚੇ। ਉਹਨਾਂ ਦਾ ਪਰਵਾਰ ਪਾਕਿਸਤਾਨ ਦੀ ਵੰਡ ਸਮੇ, ਆਪਣੇ ਜੱਦੀ ਪਿੰਡ ਮੀਰਾਂ ਕੋਟ ਖ਼ੁਰਦ ਆ ਵਸਿਆ। ਅਕਾਲੀ ਦਲ ਵਿੱਚ ਲਗਨ ਨਾਲ ਕੰਮ ਕਰਦਿਆਂ ਮਾਸਟਰ ਤਾਰਾ ਸਿੰਘ ਜੀ ਵੱਲੋਂ ਸਮੇ-ਸਮੇ ਅਹਿਮ ਜੁੰਮੇਵਾਰੀਆਂ ਸੌਂਪੀਆਂ ਗਈਆਂ, ਜੋ ਮਿਸਾਲੀ ਤੌਰ ਤੇ ਨਿਭਾਈਆਂ ਗਈਆਂ। ਪੰਜਾਬੀ ਸੂਬੇ ਦੇ ਮੋਰਚੇ ਸਮੇ, ਉਹ ਇਸ ਨੂੰ ਚਲਾਉਣ ਵਾਲੀ ਕਮੇਟੀ ਦੇ ਮੈਂਬਰ ਸਨ ਅਤੇ ਜੇਹਲ ਵੀ ਕੱਟੀ। ੧੯੬੪ ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਿਚ ਹਿੱਸਾ ਪਾਇਆ। ਗੁਰਦੁਆਰਾ ਸੀਸ ਗੰਜ ਦੇ ਨਾਲ ਲੱਗਦੀ ਜ਼ਮੀਨ ਸਰਕਾਰ ਤੋਂ ਵਾਪਸ ਲੈਣ ਵਿਚ ਵੀ ਜਥੇਦਾਰ ਜੀ ਦਾ ਯੋਗਦਾਨ ਸੀ। ਇਸ ਤੋਂ ਇਲਾਵਾ, ਉਹਨਾਂ ਨੇ ਪੰਜਾਬੀ ਸੂਬਾ ੧੯੫੫ ਵਾਲਾ ਮੋਰਚਾ, ੧੯੬੦ ਵਾਲਾ ਮੋਰਚਾ, ੧੯੭੪ ਕਰਨਾਲ ਵਾਲਾ ਮੋਰਚਾ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ, ਧਰਮ ਯੁੱਧ ਮੋਰਚੇ ਵਿੱਚ ਸਭ ਤੋਂ ਅੱਗੇ ਰਹਿ ਕੇ ਰੋਲ ਨਿਭਾਇਆ।
ਇਹ ਸਨਮਾਨਯੋਗ ਸ਼ਖ਼ਸੀਅਤ ੨੪ ਮਈ, ੧੯੯੧ ਨੂੰ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ, ਗੁਰੂ ਚਰਨਾਂ ਵਿਚ ਜਾ ਬਿਰਾਜੀ। ਇਹ ਜੁਝਾਰੂ ਸਿੱਖ, ਇੱਕ ਪ੍ਰੇਰਨਾ ਬਣ ਕੇ ਸਦਾ ਪੰਥਕ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦਾ ਰਹੇਂਗਾ।
(ਅ) ਦੂਸਰਾ ਲੇਖ ਸ. ਮੇਜਰ ਸਿੰਘ ਉਬੋਕੇ ਜੀ ਦੀ ਜੀਵਨੀ ਬਾਰੇ ਹੈ। ਉਹ ਬਹੁਤ ਵਿਸਥਾਰ ਨਾਲ ਦੱਸਦੇ ਹਨ ਕਿ ਉਹਨਾਂ ਦਾ ਜਨਮ ਮਿਤੀ, ੨੭ ਅਪ੍ਰੈਲ ੧੯੨੭ ਪਿੰਡ ਉਬੋਕੇ (ਤਰਨਤਾਰਨ) ਪਿਤਾ ਸਰਦਾਰ ਤਾਰਾ ਸਿੰਘ ਦੇ ਗ੍ਰਿਹ ਵਿਖੇ ਹੋਇਆ। ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ। ਵਿੱਦਿਅਕ ਸੰਸਥਾਵਾਂ ਦੀਆਂ ਸਮਾਜਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਸ਼ੇਸ਼ ਦਿਲਚਸਪੀ ਕਾਰਨ, ਸਕੱਤਰ ਸ਼੍ਰੋਮਣੀ ਅਕਾਲੀ ਦਲ ਤੱਕ ਦੀ ਪਦਵੀ ਤੱਕ ਪਹੁੰਚੇ। ਲੇਖਕ ਨੇ ਇਹਨਾਂ ਨੂੰ ਪਹਿਲੀ ਵਾਰ, ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਜੀਂਦ ਆਏ ਸਨ ਤਾਂ ਇਹ ਪੀ.ਏ. ਵਜੋਂ ਉਹਨਾਂ ਦੇ ਨਾਲ ਸਨ। ਫਿਰ ਪਿੱਛੋਂ ਜਾ ਕੇ ਕਮੇਟੀ ਅਤੇ ਹੋਰ ਸਿਆਸੀ ਪਾਰਟੀਆਂ ਨਾਲ਼ ਮੀਟਿੰਗਾਂ ਆਦਿ ਵਿਚ ਸ਼ਾਮਲ ਹੋ ਕੇ ਪ੍ਰਧਾਨ ਜੀ ਦੀ ਸਹਾਇਤਾ ਕਰਦੇ ਰਹੇ। ਸ. ਲਛਮਣ ਸਿੰਘ ਗਿੱਲ ਦੀ ਸਰਕਾਰ ਸਮੇ ਇਹਨਾਂ ਉਪਰ ਝੂਠੇ ਕੇਸ ਬਣਾ ਕੇ ਜੇਹਲ ਭੇਜਿਆ ਗਿਆ।
੧੯੬੯ ਵਾਲ਼ੀ ਚੋਣ ਵਿਚ ਸ਼੍ਰੋਮਣੀ ਅਕਾਲੀ ਅਤੇ ਜਨ ਸੰਘ ਦੀ ਸਰਕਾਰ ਬਣੀ। ਸੰਤ ਚੰਨਣ ਸਿੰਘ ਜੀ ਨੇ ਇਹਨਾਂ ਨੂੰ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਪੁਲੀਟੀਕਲ ਸੈਕਟਰੀ ਲਵਾ ਦਿੱਤਾ। ੧੯੭੨ ਦੀ ਇਲੈਕਸ਼ਨ ਸ. ਮੇਜਰ ਸਿੰਘ ਜੀ ਨੇ ਲੜੀ। ਸਮਾ ਬੀਤਦਾ ਗਿਆ ਅਤੇ ਇਹ ੧੯੮੫ ਵਿਚ ਪੰਜਾਬ ਦੇ ਵਜ਼ੀਰ ਅਤੇ ਫਿਰ ਐਮ.ਪੀ. ਵੀ ਬਣੇ। ਲੇਖਕ ਮਾਰਚ ੧੯੭੩ ਵਿੱਚ ਦੇਸ ਛੱਡ ਕੇ ਬਾਹਰ ਚੱਲਿਆ ਗਿਆ। ਇਸ ਲਈ ਇਹਨਾਂ ਦਾ ਆਪਸੀ ਸੰਪਰਕ ਟੁੱਟ ਗਿਆ। ਕੁਦਰਤੀ, ੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ, ਜਥੇਦਾਰ ਟੌਹੜਾ ਦੇ ਅਕਾਲੀ ਧੜੇ ਦਾ ਜਲੂਸ ਸ੍ਰੀ ਅਨੰਦਪੁਰ ਸਾਹਿਬ ਲਈ ਤੁਰਨਾ ਸੀ। ਸ. ਮੇਜਰ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਲੇਖਕ ਸੰਗਤ ਵਿੱਚ ਬੈਠਾ ਸੀ। ਜਦੋਂ ਸਟੇਜ ਤੋਂ ਉਤਰ ਕੇ ਉਹ ਥੱਲੇ ਆ ਕੇ ਬੈਠੇ ਤਾਂ ਕੁਦਰਤੀ ਲੇਖਕ ਦੇ ਬਿਲਕੁਲ ਅੱਗੇ ਆ ਕੇ ਬੈਠ ਗਏ। ਵਕਤ ਮਿਲਣ ਤੇ ਲੇਖਕ ਨੇ ਉਹਨਾਂ ਨਾਲ ਗੱਲ ਬਾਤ ਤੋਰੀ, ਜੋ ਬਹੁਤ ਅਪਣੱਤ ਭਰੀ ਸੀ।
ਉਹਨਾਂ ਨਾਲ਼ ਲੇਖਕ ਦੀ ਆਖ਼ਰੀ ਗੱਲ ਬਾਤ, ਕੁਝ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਲੇ ਛੋਟੇ ਜਿਹੇ ਪਾਰਕ ਵਿਚ ਹੋਈ। ਉਹਨਾਂ ਨੇ ਕਿਤੇ ਗਿਆਨੀ ਜੀ ਦੀ ਦੂਜੀ ਕਿਤਾਬ ‘ਊਜਲ ਕੈਹਾਂ ਚਿਲਕਣਾ’ ਪੜ੍ਹੀ ਹੋਈ ਸੀ। ਆਂਹਦੇ, “ਤੈਨੂੰ ਬੜੀਆਂ ਗੱਲਾਂ ਯਾਦ ਆ ਓਇ!'” ਗਿਆਨੀ ਜੀ ਦੇ ਮਨ ਉਤੇ ਸ. ਮੇਜਰ ਸਿੰਘ ਦੀਆਂ ਕਈ ਵਿਸ਼ੇਸ਼ਤਾਈਆਂ ਦਾ ਖ਼ਾਸ ਪ੍ਰਭਾਵ ਹੈ। ਏਨੇ ਪੜ੍ਹੇ ਲਿਖੇ ਅਤੇ ਉਚ-ਪਦਵੀਆਂ ਉਪਰ ਪਹੁੰਚਣ ਵਾਲ਼ੇ ਹੋਣ ਦੇ ਬਾਵਜੂਦ, ਆਪਣੇ ਵਰਤੋਂ ਵਿਹਾਰ, ਬੋਲ ਬਾਣੀ ਅਤੇ ਖਾਣ ਪੀਣ ਵਿਚ ਬਿਲਕੁਲ ਮਾਝੇ ਦੇ ਪੇਂਡੂ ਜਥੇਦਾਰ ਦੇ ਆਦਰਸ਼ਕ ਕਰੈਕਟਰ ਦੇ ਮਾਲਕ ਸਨ। ਆਪਣੇ ਕਾਰਜਕਾਲ ਵਿੱਚ, ਸ. ਮੇਜਰ ਸਿੰਘ ਜੀ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਗਿਆਨੀ ਜੀ ਨੇ ਉਹਨਾਂ ਨੂੰ ਬਹੁਤ ਭਾਵਪੂਰਨ ਸ਼ੈਲੀ ਅਤੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਇਹ ਗਿਆਨੀ ਜੀ ਦਾ ਵਿਲੱਖਣ ਲਿਖਤ ਹੁਨਰ ਹੈ ਤੇ ਕਮਾਲ ਵੀ।
(ੲ) ਲੇਖਕ ਦੀ ਸ. ਅਜੀਤ ਸਿੰਘ ਰਾਹੀ ਨਾਲ ਪਹਿਲੀ ਮੁਲਾਕਾਤ ਨਿਊ ਸਾਊਥ ਵੇਲਜ਼ ਸਟੇਟ ਦੇ ਕੌਰਾ ਨਾਮੀ ਟਾਊਨ ਵਿਚ ਹੋਈ ਸੀ, ਜਿੱਥੇ ਉਹ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ਼ ਐਸਪੈਰਾਗਸ ਕੱਟਣ ਦਾ ਕਾਰਜ ਕਰ ਰਹੇ ਸਨ। ਲੇਖਕ ਵੀ ਆਸਟ੍ਰੇਲੀਆ ਵਿਚ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ, ੨੫ ਅਕਤੂਬਰ, ੧੯੭੯ ਵਿੱਚ ਓਥੇ ਗਿਆ ਸੀ ਅਤੇ ਕੰਮ-ਕਾਰ ਦੀ ਭਾਲ ਵਿੱਚ ਸੀ। ਇਹਨਾਂ ਨੇ ਜਦ ਆਪਣੇ ਜਾਣੂ ਸ. ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਵਾਕਫ਼ ਨਾਲ਼ ਰਾਬਤਾ ਪੈਦਾ ਕੀਤਾ ਤੇ ਇਹਨਾਂ ਨੂੰ ਫਾਰਮ ਵਿਚ ਭੇਜ ਦਿਤਾ। ਲੇਖਕ ਦੱਸਦਾ ਹੈ ਕਿ ਅਜੀਤ ਸਿੰਘ ਰਾਹੀ ਕੱਟੜ ਖੱਬੇ ਪੱਖੀ ਵਿਚਾਰਧਾਰਾ ਦਾ ਪੈਰੋਕਾਰ ਸੀ। ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਤ ਹੋਣ ਕਰ ਕੇ, ਨਕਸਲੀ ਲਹਿਰ ਵਿਚ ਨਾ ਕੇਵਲ ਉਸ ਨੇ ਸਰਗਰਮ ਹਿੱਸਾ ਹੀ ਲਿਆ ਬਲਕਿ ਉਸ ਬਾਰੇ ਕਵਿਤਾ ਅਤੇ ਵਾਰਤਕ ਵੀ ਸੱਬਰਕੱਤੀ ਲਿਖੀ। ਏਥੇ ਇਹਨਾਂ ਦੋਵਾਂ ਦਾ ਦੋਸਤੀ ਦਾ ਮੁੱਢ ਬੱਝਿਆ। ਦੂਜੀ ਵਾਰ ਰਾਹੀ ਜੀ ਨਾਲ਼ ਲੇਖਕ ਦਾ ਮੇਲ਼, ਜੂਨ ੧੯੮੪ ਵਿਚ ਓਦੋਂ ਹੋਇਆ, ਜਦੋਂ ਉਹ ਹਿੰਦੁਸਤਾਨੀ ਫ਼ੌਜਾਂ ਦੇ, ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਵਿਰੁੱਧ, ਸਿਡਨੀ ਵਿਚ ਹੋਣ ਵਾਲ਼ੇ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ, ਗ੍ਰਿਫ਼ਿਥ ਅਤੇ ਨੇੜਲੇ ਟਾਊਨਾਂ ਦੇ ਸਿੱਖਾਂ ਦਾ ਜਥਾ ਲੈ ਕੇ ਆਏ। ਸ਼ਹਿਰ ਦੇ ਕੇਂਦਰ ਮਾਰਟਨ ਪਲੇਸ ਵਿਚ ਪਹਿਲਾਂ ਲੇਖਕ ਨੂੰ ਮਿਲ਼ੇ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਲਈ। ਇਸ ਹਮਲੇ ਬਾਰੇ ਮੁਜ਼ਾਹਰੇ ਕੀਤੇ ਗਏ ਅਤੇ ਅਜੀਤ ਸਿੰਘ ਦੀ ਕਮਿਊਨਿਸਟ ਵਿਚਾਰਾਂ ਦੀ ਖੱਬੀ ਸੋਚ ਨੇ ਸਿੱਖੀ ਵਿਚਾਰਧਾਰਾ ਵੱਲ ਮੋੜਾ ਖਾ ਲਿਆ। ਉਸ ਨੇ ਸਾਹਿਤ ਦੀ ਤਕਰੀਬਨ ਹਰੇਕ ਵਿਧਾ ਵਿਚ ਭਰਪੂਰ ਰਚਨਾ ਕੀਤੀ ਹੈ। ‘ਨਾਦਰਸ਼ਾਹ ਦੀ ਵਾਪਸੀ’ ਵਰਗਾ ਵੱਡਾ ਨਾਵਲ ਲਿਖਿਆ। ਉਸ ਵਿਚ ਜੂਨ ਉਨੀ ਸੌ ਚੌਰਾਸੀ ਤੋਂ ਬਾਅਦ ਦੇਸ ਵਿਚ ਵਾਪਰਨ ਵਾਲ਼ੇ ਜ਼ੁਲਮ ਦੇ ਖ਼ਿਲਾਫ਼ ਲਿਖਿਆ। ਰਾਹੀ ਜੀ ਦਾ ਇਸ ਸੰਸਾਰ ਨੂੰ ਛੇਤੀ ਛੱਡ ਜਾਣਾ, ਸਾਰਿਆਂ ਲਈ ਦੁਖਦ ਹੈ। ਇਹ ਲੇਖ ਵੀ ਇੱਕ ਮਿੱਤਰ ਲਈ ਸ਼ਰਧਾਂਜਲੀ ਦੇ ਰੂਪ ਵਜੋਂ ਵੇਖਣਾ ਉਚਤ ਹੈ। ਲੇਖਕ ਨੇ ਦੱਸਿਆ ਸ. ਅਜੀਤ ਸਿੰਘ ਰਾਹੀ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਭਾਰਤ ਸਰਕਾਰ ਦੇ ਸਿੱਖਾਂ ਵਿਰੁਧ ਜ਼ੁਲਮਾਂ ਬਾਰੇ ਭਰਪੂਰ ਜਾਣਕਾਰੀ ਦਿਤੀ ਹੈ।
ਮੈਂ ਵੇਖਿਆ ਹੈ ਕਿ ਇਹਨਾਂ ਜੀਵਨੀਆਂ ਦਾ ਲੇਖਕ ਆਪਣੀ ਲਿਖਣ ਸਮੱਗਰੀ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਆਪਣੇ ਵਿਚਾਰਾਂ ਨੂੰ ਵਿਸ਼ੇ ਅਨੁਸਾਰ ਢੁਕਵੇਂ ਢੰਗ ਨਾਲ ਪ੍ਰਗਟ ਕਰਨ ਲਈ ਵਿਸ਼ਾਲ ਕੈਨਵਸ ਬਣਾਉਣ ਦਾ ਮਾਹਰ ਵੀ। ਵਾਰਤਕ ਦਾ ਸਭ ਤੋਂ ਵੱਡਾ ਗੁਣ ਇਹਨਾਂ ਦੀ ਸੰਚਾਰ ਸਮਰੱਥਾ ਹੁੰਦੀ ਹੈ। ਏਸੇ ਲਈ, ਭਾਵੇਂ ਉਹ ਕਿਸੇ ਵੀ ਵਿਸ਼ੇ ‘ਤੇ ਲਿਖ ਰਿਹਾ ਹੋਵੇ, ਉਸ ਦੀ ਲੇਖਣੀ ਪਾਠਕ ਦੇ ਮਨ ਵਿਚ ਸਿੱਧੀ ਉਤਰ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਦੀ ਮੁੱਢਲੀ ਸਕੂਲੀ ਪੜ੍ਹਾਈ ਨਹੀਂ ਹੋਈ ਪਰ ਉਸ ਦੀ ਸਿਰੜਤਾ ਨੂੰ ਦਾਦ ਦੇਣੀ ਬਣਦੀ ਹੈ, ਜਿਹੜੀ ਉਸ ਨੇ ਲਗਾਤਾਰ ਦਹਾਕੇ ਲਿਖਦਿਆਂ ਆਪਣੀ ਲਿਖਤ ਸ਼ੈਲੀ ਪਰਪੱਕ ਕਰ ਲਈ ਹੈ।
ਗਿਆਨੀ ਜੀ ਚੁੱਕੇ ਗਏ
ਇਸ ਲੇਖ ਵਿਚ ਆਪ ਬੀਤੀ ਦਾ ਜ਼ਿਕਰ ਕਰਦਾ ਕਹਿੰਦਾ ਹੈ ਕਿ ਇਹ ਘਟਨਾ ੧੯੭੪ ਵਿੱਚ ਅਫ੍ਰੀਕਾ ਦੇ ਮੁਲਕ ਮਲਾਵੀ ਵਿੱਚ ਵਾਪਰੀ, ਜਦੋਂ ਉਹ ਸਿੱਖ ਐਸੋਸੀਏਸ਼ਨ ਆਫ਼ ਮਲਾਵੀ’ ਦੇ ਸੱਦੇ ‘ਤੇ ਓਥੇ ਗਿਆ ਸੀ। ਘਰੇਲੂ ਨੌਕਰ, ਬਿਨਾ ਦੱਸਿਆਂ ਕਈ ਕਈ ਦਿਨ ਆਉਂਦਾ ਹੀ ਨਹੀਂ ਸੀ। ਲੇਖਕ ਨੇ ਉਸ ਨੂੰ ਜਵਾਬ ਦੇ ਦਿਤਾ। ਉਹ ਆਪਣੀ ਸ਼ਿਕਾਇਤ ਲੈ ਕੇ ਦੇਸ਼ ਦੀ ਸਰਕਾਰ ਦੇ ਨੰਬਰ ਦੋ ਬੰਦੇ ਕੋਲ਼ ਚਲਿਆ ਗਿਆ। ਦੋ ਕੁ ਦਿਨਾਂ ਪਿੱਛੋਂ ਵੱਡੀ ਸਾਰੀ ਇੱਕ ਕਾਲ਼ੇ ਰੰਗ ਦੀ ਕਾਰ, ਜਿਸ ਉਪਰ ਮਲਾਵੀ ਕਾਂਗਰਸ ਪਾਰਟੀ ਦਾ ਝੰਡਾ ਝੂਲ ਰਿਹਾ ਸੀ, ਗੁਰਦੁਆਰੇ ਦੇ ਬੂਹੇ ਅੱਗੇ ਆ ਖਲੋਤੀ। ਲੇਖਕ ਨੂੰ ਬਾਹਰ ਸੱਦ ਕੇ ਦੱਸਿਆ ਗਿਆ ਕਿ ਮਵਾਲੋ ਨਮਾਇਓ ਨੇ ਬੁਲਾਇਆ ਹੈ। ਲੇਖਕ ਉਹਨਾਂ ਨਾਲ ਤੁਰ ਪਿਆ। ਵਜ਼ੀਰ ਅਤੇ ਲੇਖਕ ਵਿੱਚ ਜੋ ਵਾਰਤਾਲਾਪ ਹੋਈ, ਬਹੁਤ ਕਮਾਲ ਦੀ ਹੈ। ਦੋ ਦਿਨਾਂ ਦੀ ਤਨਖ਼ਾਹ ਦੇਣ ਦਾ ਜੋ ਬਕਾਇਆ ਰਹਿੰਦਾ ਸੀ, ਦੇ ਕੇ ਗੱਲ ਮੁਕਾਈ ਗਈ। ਇਸ ਉਪ੍ਰੰਤ ਉਹਨਾਂ ਨੇ ਲੇਖਕ ਨੂੰ ਕਾਰ ਵਿਚ ਬਿਠਾਇਆ ਅਤੇ ਗੁਰਦੁਆਰੇ ਉਤਾਰ ਕੇ ਮੁੜ ਗਏ।
ਵਾਪਸ ਆਉਣ ‘ਤੇ ਲੇਖਕ ਨੂੰ ਪਤਾ ਲੱਗਾ ਕਿ ਭਾਈਚਾਰੇ ਵਿਚ ਰੌਲ਼ਾ ਪਿਆ ਹੋਇਆ ਸੀ ਕਿ ਗਿਆਨੀ ਜੀ ਚੁੱਕੇ ਗਏ। ਜਦ ਸਹੀ ਗੱਲ ਸੁਣਾਈ ਗਈ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਇਹ ਘਟਨਾ ਭਾਵੇਂ ਹੈ ਤਾਂ ਛੋਟੀ ਪਰ ਆਪਣੇ ਪਿੱਛੇ ਬਹੁਤ ਕੁਝ ਦਰਸਾ ਗਈ ਹੈ। ਅਫ੍ਰੀਕਾ ਮਹਾਂਦੀਪ, ਦੁਨੀਆ ਦੇ ਜਿਸ ਖਿੱਤੇ ਨੂੰ ਅਵਿਕਸਤ ਜਾਣਿਆ ਜਾਂਦਾ ਹੈ, ਓਥੋਂ ਦੇ ਇਕ ਪਛੜੇ ਹੋਏ ਛੋਟੇ ਜਿਹੇ ਮੁਲਕ ਮਲਾਵੀ ਦੀ ਸਰਕਾਰ, ਇਸ ਦੇ ਉਲ਼ਟ ਮਜ਼ਦੂਰਾਂ ਦੇ ਹੱਕਾਂ ਦੀ ਘੋਖ ਕਰਨ ਲਈ ਕਿੰਨੀ ਸੰਵੇਦਨਸ਼ੀਲ ਹੈ। ਅਜਿਹੀ ਮਾਮੂਲੀ ਗੱਲ ‘ਤੇ ਵੀ, ਦੇਸ ਦੀ ਸਰਕਾਰ ਵਿਚ ਨੰਬਰ ਦੋ ਤਾਕਤ ਵਾਲਾ ਵਜ਼ੀਰ, ਲੇਖਕ ਦੇ ਘਰੇਲੂ ਨੌਕਰ ਨੂੰ ਨੌਕਰੀਉਂ ਜਵਾਬ ਦੇਣ ਦਾ ਤੁਰੰਤ ਨੋਟਿਸ ਲੈਂਦਾ ਹੈ। ਇਸ ਕਾਰਵਾਈ ਨੇ ਸਾਡੇ ਪਰਵਾਸੀ ਲੋਕਾਂ ਦੇ ਮਨਾਂ ਤੇ ਅਮਿੱਟ ਅਸਰ ਕੀਤਾ ਹੋਵੇਗਾ ਅਤੇ ਮੂਲ ਨਿਵਾਸੀਆਂ ਨਾਲ ਸਹੀ ਵਰਤਾਉ ਕਰਨ ਦੀ ਚੇਤਾਵਨੀ ਦਾ ਇੱਕ ਚੰਗਾ ਸੰਕੇਤ ਵੀ ਹੈ।
ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਨਿੱਕੀਆਂ ਵੱਡੀਆਂ ਅਣਕਿਆਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ।
ਇਸ ਪੁਸਤਕ ਵਿੱਚ ਲੇਖਕ ਨੇ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ/ਘਟਨਾਵਾਂ ‘ਤੇ ਲੇਖ ਲਿਖੇ ਹਨ, ਜਿਵੇਂ: ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ, ਕਰੋਨੇ ਦਾ ਕਹਿਰ, ਨਿੰਦਾ, ਕੌਮੀ ਕੈਲੰਡਰ ਆਦਿ। ਇਹ ਸਾਰੇ ਲੇਖ ਵੀ ਬਹੁਤ ਹੀ ਰੌਚਕਤਾ, ਤਰਕ, ਸਾਦਗੀ ਅਤੇ ਹਾਸੇ ਮਜ਼ਾਕ ਦੇ ਢੰਗ ਨਾਲ ਬਿਆਨ ਕੀਤੇ ਗਏ ਹਨ।
ਗਿਆਨੀ ਸੰਤੋਖ ਸਿੰਘ ਦੀ ਲਿਖਤ ਬਹੁਤ ਸਮਰੱਥਾ ਵਾਲੀ ਹੈ, ਜੋ ਉਹਨਾਂ ਦੇ ਮਨ ਦੀ ਦ੍ਰਿੜ੍ਹਤਾ, ਇਕਾਗਰਤਾ, ਨਿਰੰਤਰ ਯਤਨਾਂ, ਸਾਹਿਤਕ ਦਿਲਚਸਪੀ, ਤਪੱਸਿਆ ਜਿਹੀ ਮਿਹਨਤ ਅਤੇ ਬੁੱਧੀ ਦੀ ਇਮਾਨਦਾਰੀ ਦੇ ਪ੍ਰਯੋਗ ਦਾ ਨਤੀਜਾ ਹੈ। ਉਹ ਸਮੁੱਚੀ ਕਥਾ ਦੀਆਂ ਵਿਭਿੰਨ ਘਟਨਾਵਾਂ ਨੂੰ ਯੋਗ ਅਨੁਪਾਤ ਵਿਚ ਗੁੰਦਣ ਦਾ ਮਾਹਰ ਹੈ। ਉਹ ਜੋ ਕਹਿਣਾ ਚਾਹੇ, ਜੋ ਦ੍ਰਿਸ਼ ਬਿਆਨ ਕਰਨਾ ਲੋਚੇ, ਜੋ ਵੇਗਮਈ ਅਹਿਸਾਸ ਚਿਤਰਨ ਦੀ ਲੋੜ ਸਮਝੇ, ਉਸ ਨੂੰ ਸਰਲ ਭਾਸ਼ਾ ਵਿਚ ਸਚਿਤਰ ਕਰ ਸਕਣ ਦੀ ਜਾਚ ਜਾਣਦਾ ਹੈ। ਉਹ ਆਪਣੀ ਇਸ ਕਲਾ ਰਾਹੀ, ਆਪਣੇ ਆਤਮ ਵਿਸ਼ਵਾਸ ਦੇ ਨਾਲ਼ ਨਾਲ਼, ਅੰਤਰ-ਜਗਤ ਵਿਚ ਸਹਿਜਤਾ ਨਾਲ ਰਹਿ ਕੇ, ਜੋ ਕੁਝ ਵੇਖਦਾ ਜਾਂ ਸੁਣਦਾ ਹੈ, ਉਸ ਨੂੰ ਸਾਹਿਤਕ ਕਲਾਕਾਰੀ ਨਾਲ ਪੇਸ਼ ਕਰ ਦਿੰਦਾ ਹੈ। ਜੀਵਨ ਦਾ ਪ੍ਰਮਾਣਕ ਯਥਾਰਥ ਚਿਤਰਨ ਦੇ ਪ੍ਰਥਮ ਕੋਟੀ ਦਾ ਯਥਾਰਥਵਾਦੀ ਵਾਰਤਕ ਲਿਖਾਰੀ ਹੈ। ਮੈਂ ਉਸ ਨੂੰ ਇਸ ਅਜੇ ਪ੍ਰਕਾਸ਼ਤ ਹੋਣ ਵਾਲ਼ੀ ਪੁਸਤਕ ਦੀ ਪੇਸ਼ਗੀ ਹਾਰਦਿਕ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਪਾਠਕ, ਉਸ ਦੀਆਂ ਪਹਿਲੀਆਂ ਪੁਸਤਕਾਂ ਵਾਂਗ, ਇਸ ਦਾ ਵੀ ਭਰਵਾਂ ਸਵਾਗਤ ਕਰਨਗੇ।
ਸੁਰਜੀਤ ਸਿੰਘ ਭੁੱਲਰ
Ex.MD, Pb. Milkfed (Verka Milk Plants)
surjitbhullar@hotmail.com
USA-(001)-602-715-2828