ਪਈ ਆ?

ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰਕਿਸਮ ਦਾ ਗਰੁਪ ਮੈਨੂੰ ਅਪਣਾ ਲੈਂਦਾ ਹੈ । ਖਾਸ ਕਰਕੇ ਮਿੱਤਰਤਾ ਦਾ ਮੁੱਲ ਸਮਝਣ ਵਾਲੇ । ਕਦੇ ਕਦੇ ਲੱਗਦਾ ਮੈਂ ਪਾਣੀ ਹਾਂ , ਹਰ ਸ਼ੈਅ ਚ ਰਲ ਜਾਂਦਾਂ ਹਾਂ ਤੇ ਲੋੜ ਪੈਣ ਤੇ ਪੂਰਾ ਸੂਰਾ ਬੇਦਾਗ ਨਿਕਲ ਵੀ ਆਉਂਦਾ ਹਾਂ । ਇਸੇ ਤਰਾਂ ਦਾ ਇਕ ਗਰੁਪ ਖੇਤੀ ਵਰਸਿਟੀ ਵਿਚ ਸੀ । ਦੋ ਮੁੰਡੇ ਗੰਗਾਨਗਰ ਦੇ., ਇਕ ਬਟਾਲੇ ਦਾ,ਇਕ ਬੰਗੇ ਤੋਂ ਇਕ ਲੁਧਿਆਣੇ ਸ਼ਹਿਰ ਦਾ । ਸਾਰੇ ਐਗਰੀਕਲਚਰ ਕਾਲਜ ਦੇ । ਮੈਂ ਕੱਲਾ ਇੰਜਨੀਰਿੰਗ ਕਾਲਜ ਦਾ ।ਪਿਆਰ ਸਾਡਾ ਇਕ ਦੂਜੇ ਦੇ ਸਾਹਾਂ ਵਿਚ ਵੱਸਦਾ ਸੀ ।

ਸਾਰੇ ਸਰਦੇ ਪੁੱਜਦੇ ਜੱਟਾਂ ਦੇ ਮੁੰਡੇ ਤੇ ਸਾਰੇ ਗੁਣ ਵੀ ਉਹੀ । ਜਿਹਨੇ ਪਿੰਡ ਜਾਣਾ ਦੇਸੀ ਦੀ ਕੈਨੀ ਲੈ ਆਉਣੀ। ਕਈ ਦਿਨ ਮੌਜ ਲੱਗਣੀ ।ਉਹਨਾਂ ਦਿਨਾਂ ਦੀ ਕੀਮਤ ਸੋਨੇ ਤੋਂ ਵਧ ਸੀ । ਇਕ ਦਿਨ ਸ਼ਹਿਰ ਵਾਲੇ ਮੁੰਡੇ ਦਾ ਵਿਆਹ ਆ ਗਿਆ। ਗੰਗਾ ਨਗਰ ਵਾਲੇ ਕਿਸੇ ਫੌਜੀ ਨੂੰ ਜਾਣਦੇ ਸਨ। ਉਹਨਾਂ ਨੇ XXX ਦੀ ਪੇਟੀ ਹੋਸਟਲ ਲ਼ੈ ਆਂਦੀ। ਹੁਣ ਮਸਲਾ ਇਹ ਸੀ ਕਿ ਹੋਸਟਲ ਵਿਚ ਛਾਪਾ ਪੈ ਸਕਦਾ, ਦੂਜੀ ਗੱਲ ਸਾਹਮਣੇ ਦੇਖ ਕਿ ਵਿਆਹ ਤਕ ਕਿਸੇ ਤੋਂ ਵੀ ਰਹਿ ਨਹੀਂ ਸੀ ਹੋਣਾ ।

ਵਿਆਹ ਵਾਲੇ ਦੇ ਘਰ ਦੇ ਪੂਰਨ ਧਾਰਮਿਕ ਸਨ।ਉਹਨਾਂ ਨੂੰ ਤਾਂ ਇਹੀ ਪਤਾ ਸੀ ਕਿ ਕਾਲਜ ਦੇ ਟੀਚਰ ਕਦੇ ਕਦੇ ਰਾਤ ਨੂੰ ਵੀ ਵਾਧੂ ਕਲਾਸਾਂ ਲਗਾ ਲੈਂਦੇ ਹਨ । ਇਹ ਇਕ ਕਾਮਯਾਬ ਸਕੀਮ ਸੀ ।ਬਹੁਤ ਸੋਚਣ ਬਾਅਦ ਇਹ ਫੈਸਲਾ ਹੋਇਆ ਕਿ ਸਭ ਤੋਂ ਸੁਰਖਿਅਤ ਥਾਂ ਜਨਮੇਜੇ ਦਾ ਘਰ ਹੈ ।ਆਪ ਇਹਨੇ ਪੀਣੀ ਨਹੀਂ, ਕਿਸੇ ਨੇ ਇ ਹਤੋਂ ਮੰਗਣੀ ਨਹੀਂ । ਲਓ ਜੀ ਮੇਰਾ ਇਕ ਸਟੋਰ ਸੀ ਜਿਸ ਨੂੰ ਮੈਂ ਫੋਟੋ ਲੈਬ ਬਣਾਇਆ ਸੀ। ਕਈ ਤਰ੍ਹਾਂ ਦੋ ਘੋਲ ਬਣੇ ਹੋਏ ਸਨ ਜੋ ਮੁਸ਼ਕ ਛੱਡਦੇ ਸਨ , ਇਸ ਕਰਕੇ ਉਸ ਸਟੋਰ ਚ ਕੋਈ ਝਾੜੂ ਵੀ ਨਹੀਂ ਸੀ ਮਾਰਦਾ । ਸੋ ਸਭ ਨੇ ਡੱਬਾਂ ਚ ਦੇਕੇ ਮਾਲ ਸਟੋਰ ਤੱਕ ਲੈ ਆਂਦਾ । ਖਾਲੀ ਪੇਟੀ ਮੈ ਚੱਕ ਲਿਆਇਆ ।

ਪੇਟੀ ਅਸੀਂ ਇਕ ਸ਼ੈਲਫ ਦੇ ਥੱਲੇ ਬਿਰਾਜਮਾਨ ਕਰ ਦਿੱਤੀ । ਹੁਣ ਇਕ ਨਵਾਂ ਮਸਲਾ ਖੜ੍ਹਾ ਹੋ ਗਿਆ । ਪੰਦਰਾਂ ਦਿਨਾਂ ਚ ਮੈਂ ਅੱਕ ਗਿਆ ਇਹ ਸੁਣ ਸੁਣ ਕੇ । ਯਾਰਾਂ ਚੋਂ ਕਾਲਜ ਜਿਹਨੇ ਵੀ ਮਿਲਣਾ , ਉਹਨੇ ਇਹੀ ਪੁੱਛਣਾ,

‘ਪਈ ਆ ? ‘

-ਜਨਮੇਜਾ ਸਿੰਘ ਜੌਹਲ