ਡਾ. ਸੁਮੀਤ ਸ਼ੰਮੀ ਅਨੁਵਾਦਿਤ ਕਿਤਾਬ ‘22ਵੀਂ ਸਦੀ’ ਲੋਕ ਅਰਪਿਤ

ਕਹਾਣੀਕਾਰ ਅਤੇ ਸੀਨੀਅਰ ਕਾਲਮਨਿਸਟ ਦੇਸਰਾਜ ਕਾਲੀ ਨੂੰ ਸ਼ਰਧਾਂਜਲੀ

(ਹਰਜੀਤ ਲਸਾੜਾ, ਬ੍ਰਿਸਬੇਨ 28 ਅਗਸਤ) ਇੱਥੇ ਮਾਂ-ਬੋਲੀ ਪੰਜਾਬੀ ਅਤੇ ਸਾਹਿਤਿਕ ਪਸਾਰੇ ਲਈ ਉੱਦਮੀ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਬੀਤੇ ਦਿਨੀਂ ਡਾ. ਸੁਮੀਤ ਸ਼ੰਮੀ ਦੁਆਰਾ ਅਨੁਵਾਦਿਤ ਰਾਹੁਲ ਸੰਕਰਾਤਿਆਇਨ ਦੀ ਪੁਸਤਕ ‘22ਵੀਂ ਸਦੀ’ ਦਾ ਲੋਕ ਅਰਪਣ ਅਤੇ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ।

ਗਲੋਬਲ ਇੰਸਟੀਚਿਊਟ ਵਿਖੇ ਅਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਇਸ ਬੈਠਕ ਦਾ ਆਗਾਜ਼ ਸਭਾ ਦੀ ਜਰਨਲ ਸਕੱਤਰ ਰਿਤੂ ਅਹੀਰ ਵੱਲੋਂ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਨਾਲ ਕੀਤਾ। ਮੀਤ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਬ੍ਰਿਸਬੇਨ ਪਹੁੰਚੇ ਭਾਰਤੀ ਖਿਡਾਰੀ ਬੱਚਿਆਂ ਦੀਆਂ ਪ੍ਰਾਪਤੀਆਂ ਅਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਵੱਲੋਂ ਕੀਤੀ ਮਦਦ ਦੀ ਸ਼ਲਾਘਾ ਕੀਤੀ।

ਗੁਰਜਿੰਦਰ ਸੰਧੂ ਦੀ ਮਣੀਪੁਰ ਹਿੰਸਾ ਕਵਿਤਾ ਨੇ ਸਾਰਿਆਂ ਨੂੰ ਭਾਵੁਕ ਕੀਤਾ। ਗ਼ਜ਼ਲਗੋ ਜਸਵੰਤ ਵਾਲਗਾ ਅਤੇ ਨਵੇਂ ਬਣੇ ਪ੍ਰਧਾਨ ਅਤੇ ਗਾਇਕ ਪਰਮਿੰਦਰ ਸਿੰਘ ਵੱਲੋਂ ਆਪਣੀਆਂ ਰਚਨਾਵਾਂ ਨਾਲ ਸਮਾਂ ਬੰਨ੍ਹਿਆ।

ਗੀਤਕਾਰ ਨਿਰਮਲ ਦਿਉਲ ਅਤੇ ਸਮਾਜ ਸੇਵੀ ਇਕਬਾਲ ਸਿੰਘ ਧਾਮੀ ਨੇ ‘ਮੇਰੀ ਮੌਤ ‘ਤੇ ਨਾ ਰੋਇਓ’ ਨਜ਼ਮ ਰਾਹੀਂ ਚੰਗੀ ਹਾਜ਼ਰੀ ਲਗਵਾਈ। ਹਰਮਨਦੀਪ ਗਿੱਲ ਨੇ ਕਹਾਣੀਕਾਰ ਅਤੇ ਸੀਨੀਅਰ ਕਾਲਮਨਿਸਟ ਦੇਸਰਾਜ ਕਾਲੀ ਦੇ ਅਚਾਨਕ ਤੁਰ ਜਾਣ ਉਤੇ ਸਮੂਹਿਕ ਦੁੱਖ ਦਾ ਪ੍ਰਗਟਾਵਾ ਕੀਤਾ।

ਬਲਵਿੰਦਰ ਮੋਰੋਂ ਨੇ ਇਹਨਾਂ ਸਾਹਿਤਿਕ ਬੈਠਕਾਂ ਨੂੰ ਸਮੇਂ ਦੀ ਮੰਗ ਦੱਸਿਆ। ਬੈਠਕ ‘ਚ ਹੋਰਨਾਂ ਤੋਂ ਇਲਾਵਾ ਜਸਕਰਨ, ਰਮੇਸ਼ ਕੁਮਾਰ, ਜੋਗਿੰਦਰਪਾਲ, ਅਮਰਨਾਥ, ਸੋਢੀ ਲਾਲ, ਜਸਵਿੰਦਰ ਵਾਗਲਾ, ਅਮਨਦੀਪ ਆਦਿ ਨੇ ਸ਼ਿਰਕਤ ਕੀਤੀ।