ਖੱਬੀ ਸੋਚ ਦੇ ਧਾਰਨੀ, ਨਾਵਲਕਾਰ ਬਾਰੂ ਸਤਵਰਗ ਨਹੀਂ ਰਹੇ

(ਬਠਿੰਡਾ, 28 ਅਗਸਤ, ਬਲਵਿੰਦਰ ਸਿੰਘ ਭੁੱਲਰ) ਕਮਿਊਨਿਸਟ ਸੋਚ ਦੇ ਧਾਰਨੀ, ਉਘੇ ਨਾਵਲਕਾਰ ਬਾਰੂ ਸਤਵਰਗ ਸਦਾ ਲਈ ਅਲਵਿਦਾ ਕਹਿ ਗਏ ਹਨ। ਬਾਰੂ ਸਤਵਰਗ ਦਾ ਜਨਮ ਮਿਤੀ 13 ਅਕਤੂਬਰ 1945 ਨੂੰ ਪਿੰਡ ਮਹਿਰਾਜ ਵਿੱਚ ਪਿਤਾ ਭਗਤ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਅਧਿਆਪਕ ਬਣ ਕੇ ਲੰਬਾ ਸਮਾਂ ਉਨ੍ਹਾਂ ਮਾਨਸਾ ਦੇ ਪਿੰਡ ਛਾਪਿਆਂ ਵਾਲੀ ਵਿੱਚ ਪੜ੍ਹਾਇਆ। ਬਾਰੂ ਸਤਵਰਗ ਉਘੇ ਲੇਖਕ ਹੋਣ ਦੇ ਨਾਲ ਨਾਲ ਹੀ ਸਰਗਰਮ ਕਮਿਊਨਿਸਟ ਵੀ ਸਨ। ਐਮਰਜੈਂਸੀ ਦੌਰਾਨ ਉਨ੍ਹਾਂ ਡੇਢ ਸਾਲ ਜੇਲ੍ਹ ਵੀ ਕੱਟੀ। ਉਹ ਲੋਕ ਪੱਖੀ ਸਾਹਿਤਕ ਅਤੇ ਰਾਜਨੀਤਕ ਪਰਚਿਆਂ ਕਿਰਤੀ ਕਿੱਸਾ, ਕਿਰਤੀ ਯੁੱਗ, ਪਰਚੰਡ, ਮਸ਼ਾਲ ਆਦਿ ਨਾਲ ਵੀ ਜੁੜੇ ਰਹੇ।

ਬਾਰੂ ਸਤਵਰਗ ਵਧੀਆ ਨਾਵਲਕਾਰ ਸਨ। ਉਨ੍ਹਾਂ ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੇ ਬੁੱਕਲ, ਇੱਕ ਪੰਨਾ ਇਤਿਹਾਸ ਦਾ ਆਦਿ ਨਾਵਲ ਲਿਖੇ।ਉਹ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਦੇ ਬਾਨੀਆਂ ਵਿਚੋਂ ਵੀ ਸਨ।

ਦੱਬੇ ਕੁਚਲਿਆ, ਗਰੀਬ ਗੁਰਬਿਆਂ ਦੀ ਰੋਹਲੀ ਆਵਾਜ ਬਾਰੂ ਸਤਵਰਗ ਦੀ ਮੌਤ ਨਾਲ ਖੱਬੀ ਲਹਿਰ ਅਤੇ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਜਾਣ ਵਾਲਾ ਘਾਟਾ ਪਿਆ ਹੈ। ਇਸ ਲੋਕ ਪੱਖੀ ਸਾਹਿਤਕਾਰ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਬਠਿੰਡਾ ਦੇ ਸਾਹਿਤਕਾਰਾਂ ਸਰਵ ਸ੍ਰੀ ਜਸਪਾਲ ਮਾਨਖੇੜਾ, ਅਤਰਜੀਤ, ਗੁਰਦੇਵ ਖੋਖਰ, ਰਣਜੀਤ ਗੌਰਵ, ਅਮਨ ਦਾਤੇਵਾਸੀਆ, ਆਗਾਜਵੀਰ, ਜਰਨੈਲ ਭਾਈਰੂਪਾ, ਬਲਵਿੰਦਰ ਸਿੰਘ ਭੁੱਲਰ, ਪੋਰਿੰਦਰ ਸਿੰਗਲਾ, ਲਛਮਣ ਮਲੂਕਾ, ਸੁਖਦਰਸਨ ਗਰਗ, ਰਣਬੀਰ ਰਾਣਾ ਨੇ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ।