ਅੰਮ੍ਰਿਤਸਰ ਤੋਂ AUS, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ 4 ਏਅਰਲਾਈਨਾਂ ਰਾਹੀਂ ਸਿੱਧੀ ਉਡਾਣ ਸ਼ੁਰੂ

ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਜਪਾਨ ਦੇ ਸ਼ਹਿਰਾਂ ਵਿਚਾਲੇ ਹਵਾਈ ਯਾਤਰਾ ਹੁਣ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਬਹੁਤ ਹੀ ਸੁਖਾਲੀ ਹੋ ਜਾਵੇਗੀ। ਇਹ ਪ੍ਰਗਟਾਵਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ।

ਪ੍ਰੈਸ ਨੂੰ ਜਾਰੀ ਵਿਸਥਾਰਤ ਰਿਪੋਰਟ ਵਿੱਚ ਗੁਮਟਾਲਾ ਨੇ ਕਿਹਾ ਕਿ ਪੰਜਾਬੀਆਂ ਕੋਲ ਹੁਣ ਪੰਜਾਬ ਦੇ ਸਭ ਤੋਂ ਵੱਡੇ ਅਤੇ ਰੁੱਝੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਚਾਰ ਪ੍ਰਮੁੱਖ ਏਅਰਲਾਈਨਾਂ, ਏਅਰ ਏਸ਼ੀਆ ਐਕਸ, ਬੈਟਿੱਕ ਏਅਰ, ਮਲੇਸ਼ੀਆ ਏਅਰਲਾਈਨ ਅਤੇ ਸਕੂਟ ‘ਤੇ ਕੁਆਲਾਲੰਪੂਰ ਅਤੇ ਸਿੰਗਾਪੁਰ ਰਾਹੀਂ ਵੱਡੀ ਗਿਣਤੀ ਵਿੱਚ ਉਡਾਣਾਂ ਉਪਲੱਬਧ ਹੋਣਗੀਆਂ। ਉਹਨਾਂ ਨੁੰ ਦਿੱਲੀ ਰਾਹੀ ਜਾਣ ਦੀ ਖੱਜਲ-ਖੁਆਰੀ ਨਹੀਂ ਹੋਵੇਗੀ, ਸਮਾਂ ਅਤੇ ਕਿਰਾਇਆ ਵੀ ਘੱਟ ਲੱਗੇਗਾ ਜੇਕਰ ਉਹ ਇਹਨਾਂ ਹਵਾਈ ਕੰਪਨੀਆਂ ਦੀਆਂ ਉਡਾਣਾਂ ‘ਤੇ ਯਾਤਰਾ ਕਰਨਗੇ।