ਇਸ ਵਾਰ ਦੀ ਬਰਸਾਤ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਪਟਿਆਲੇ ਦਾ ਇੱਕ ਡੀ.ਐਸ.ਪੀ. ਆਪਣੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਗਿਆ ਸੀ। ਉਸ ਨੇ ਸੁੰਦਰ ਨਗਰ ਦੇ ਨਜ਼ਦੀਕ ਸੇਬਾਂ ਨਾਲ ਲੱਦੇ ਇੱਕ ਖੁਬਸੂਰਤ ਇਕਾਂਤ ਪਹਾੜੀ ਪਿੰਡ ਵਿਖੇ ਹੋਮ ਸਟੇਅ ਵਿੱਚ ਕਮਰੇ ਬੁੱਕ ਕਰਵਾਏ ਹੋਏ ਸਨ। ਪਰ ਅਗਲੇ ਹੀ ਦਿਨ ਬਾਰਸ਼ ਸ਼ੁਰੂ ਹੋ ਗਈ ਤੇ ਛੱਪਰ ਪਾੜ ਮੀਂਹ ਕਾਰਨ ਆਏ ਹੜ੍ਹਾਂ ਨੇ ਮੰਡੀ ਮਨਾਲੀ ਰੋਡ ਨੂੰ ਜਗ੍ਹਾ ਜਗ੍ਹਾ ਤੋਂ ਨਸ਼ਟ ਕਰ ਦਿੱਤਾ। ਉਹਨਾਂ ਨੇ ਤਿੰਨ ਚਾਰ ਦਿਨ ਇੰਤਜ਼ਾਰ ਕੀਤਾ ਪਰ ਜਦੋਂ ਸੜਕਾਂ ਖੁਲਣ੍ਹ ਦੀ ਕੋਈ ਉਮੀਦ ਨਾ ਰਹੀ ਤਾਂ ਉਹ ਆਪਣੀ ਗੱਡੀ ਉਥੇ ਹੀ ਛੱਡ ਕੇ ਪੈਦਲ ਸੁੰਦਰ ਨਗਰ ਵੱਲ ਚੱਲ ਪਏ ਕਿਉਂਕਿ ਡੀ.ਐਸ.ਪੀ. ਦੀਆਂ ਛੁੱਟੀਆਂ ਵੀ ਖਤਮ ਹੋ ਗਈਆਂ ਸਨ। ਜਿਸ ਘਰ ਵਿੱਚ ਉਹ ਠਹਿਰੇ ਸਨ, ਉਸ ਦੇ ਮਾਲਕ ਨੇ ਦੱਸਿਆ ਕਿ ਇਥੋਂ 10 12 ਕਿ.ਮੀ. ਦੂਰ ਮੇਨ ਰੋਡ ‘ਤੇ ਇੱਕ ਸਿੰਘ ਸਭਾ ਗੁਰਦਵਾਰਾ ਹੈ ਤੇ ਇਸ ਵੇਲੇ ਪੰਜਾਬ ਪਹੁੰਚਣ ਲਈ ਸਿਰਫ ਉਥੋਂ ਹੀ ਮਦਦ ਮਿਲ ਸਕਦੀ ਹੈ। ਬੁਰੇ ਹਾਲਾਤ ਵਿੱਚ ਪੈਦਲ ਚੱਲ ਕੇ ਉਹ ਗੁਰਦਵਾਰੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਵਰਗੇ 30 35 ਹੋਰ ਸੈਲਾਨੀ ਵੀ ਉਥੇ ਸ਼ਰਨ ਲਈ ਬੈਠੇ ਸਨ।
ਗੁਰਦਵਾਰੇ ਵਾਲਿਆਂ ਨੇ ਉਹਨਾਂ ਦੇ ਰਹਿਣ ਵਾਸਤੇ ਹਾਲਾਂ ਅਤੇ ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਸੀ। ਜਦੋਂ ਡੀ.ਐਸ.ਪੀ. ਨੇ ਆਪਣੀ ਛੁੱਟੀ ਖਤਮ ਹੋਣ ਕਾਰਨ ਪੰਜਾਬ ਪਹੁੰਚਣ ਦੀ ਮਜ਼ਬੂਰੀ ਦੱਸੀ ਤਾਂ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਟਰੈਕਟਰਾਂ ਦੀ ਮਦਦ ਨਾਲ ਸੁੰਦਰ ਨਗਰਤੋਂ ਅੱਗੇ ਉਸ ਜਗ੍ਹਾ ‘ਤੇ ਪਹੁੰਚਾ ਦਿੱਤਾ ਜਿੱਥੋਂ ਪੰਜਾਬ ਵਾਸਤੇ ਟੈਕਸੀਆਂ ਮਿਲ ਰਹੀਆਂ ਸਨ। ਡੀ.ਐਸ.ਪੀ ਨੇ ਗੁਰਦਵਾਰੇ ਦੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੀ ਮਦਦ ਨਾਲ ਉਹ ਟਾਈਮ ਸਿਰ ਆਪਣੀ ਡਿਊਟੀ ‘ਤੇ ਪਹੁੰਚ ਸਕਿਆ।
ਇਸ ਵਾਰ ਦੇ ਹੜ੍ਹਾਂ ਨੇ ਐਨੀ ਤਬਾਹੀ ਮਚਾਈ ਹੈ ਕਿ ਇੱਕ ਵਾਰ ਤਾਂ ਹਿਮਾਚਲ ਸਰਕਾਰ ਵੀ ਬੇਵੱਸ ਹੋ ਗਈ ਸੀ।ਭਾਰੀ ਬਾਰਸ਼ ਨੇ ਤਬਾਹੀ ਅਤੇ ਮੌਤ ਦਾ ਅਜਿਹਾ ਤਾਂਡਵ ਕੀਤਾ ਕਿ ਜ਼ਿੰਦਗੀ ਇੱਕ ਵਾਰ ਰੁਕ ਜਿਹੀ ਗਈ। ਸੜਕਾਂ ਪਾਣੀ ਨਾਲ ਭਰ ਗਈਆਂ, ਹਾਈਵੇ ਖਤਮ ਹੋ ਗਏ, ਘਰ ਅਤੇ ਗੱਡੀਆਂ ਪਾਣੀ ਵਿੱਚ ਰੁੜ੍ਹ ਗਈਆਂ ਅਤੇ ਬਿਜਲੀ, ਪਾਣੀ ਤੇ ਟੈਲੀਫੂਨ ਸਰਵਿਸ ਕਈ ਹਫਤਿਆਂ ਤਕ ਬੰਦ ਰਹੀ। ਇਸ ਮੁਸੀਬਤ ਦੀ ਘੜੀ ਗੁਰਦਵਾਰੇਅਤੇ ਸਿੱਖ ਸੰਗਤ ਪਹਾੜਾਂ ਵਿੱਚ ਫਸੀ ਆਮ ਜਨਤਾ ਤੇ ਸੈਲਾਨੀਆਂ ਲਈ ਰੱਬ ਬਣ ਕੇ ਬਹੁੜੇ। ਹਿਮਾਚਲ ਵਿੱਚ ਜਿੱਥੇ ਵੀ ਹੜ੍ਹ ਆਏ, ਉਥੇ ਹੀ ਸਿੱਖ ਸੰਗਤਾਂ ਨੇ ਆਪਣੀ ਜਾਨ ‘ਤੇ ਖੇਡ ਕੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਕੀਤੀ। ਇਥੇ ਕੁਝ ਗੁਰਦਵਾਰਿਆਂ ਦਾ ਜ਼ਿਕਰ ਕਰਨਾ ਜਰੂਰੀ ਹੈ। ਜਦੋਂ ਮੰਡੀ ਕੁੱਲੂ ਹਾਈਵੇ ਬੰਦ ਹੋ ਗਈ ਤਾਂ ਮੰਡੀ ਸ਼ਹਿਰ ਦਾ ਸਾਰੇ ਸੂਬੇ ਨਾਲੋਂ ਸੰਪਰਕ ਟੁੱਟ ਗਿਆ ਸੀ ਕਿਉਂਕਿ ਇਸ ਦੇ ਆਲੇ ਦੁਆਲੇ ਦੇ ਸੱਤ ਪੁੱਲ ਨੁਕਸਾਨੇ ਗਏ ਸਨ। ਇਸ ਵੇਲੇ ਮੰਡੀ ਦੇ ਇਤਿਹਾਸਿਕ ਗੁਰੂਘਰ, ਗੁਰਦਵਾਰਾ ਗੁਰੂ ਗੋਬਿੰਦ ਸਿੰਘ ਦੇ ਪ੍ਰਬੰਧਕ ਅਤੇ ਸੰਗਤ ਪੀੜਤਾਂ ਦੀ ਮਦਦ ਲਈ ਸਾਹਮਣੇ ਆਏ।
ਉਹਨਾਂ ਨੇ ਲੰਗਰ ਤਿਆਰ ਕੀਤਾ ਤੇ ਆਪਣੀ ਜਾਨ ‘ਤੇ ਖੇਡ ਕੇ ਸ਼ੂਕਦੇ ਪਾਣੀ ਥਾਣੀਂ ਲੰਘ ਕੇ ਜਗ੍ਹਾ ਜਗ੍ਹਾ ਫਸੇ ਸੈਲਾਨੀਆਂ ਨੂੰ ਉਹਨਾਂ ਦੀਆਂ ਗੱਡੀਆਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਉਹਨਾਂਨੈ ਸੈਲਾਨੀਆਂ ਵਾਸਤੇ ਗੁਰਦਵਾਰੇ ਵਿਖੇ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਤੇ ਉਦੋਂ ਤੱਕ ਉਹਨਾਂ ਨੂੰ ਆਪਣੇ ਕੋਲ ਰੱਖਿਆ ਜਦ ਤੱਕ ਰਸਤੇ ਸਾਫ ਨਾ ਹੋ ਗਏ। ਸੈਲਾਨੀਆਂ ਤੋਂ ਇਲਾਵਾ ਉਹਨਾਂ ਨੇ ਝੁੱਗੀ ਝੌਂਪੜੀ ਵਾਲਿਆਂ ਸਮੇਤ ਉਹਨਾਂ ਸਾਰੇ ਲੋਕਾਂ ਨੂੰ ਗੁਰਦਵਾਰੇ ਵਿੱਚ ਸ਼ਰਣ ਦਿੱਤੀ ਜਿਹਨਾਂ ਦੇ ਘਰ ਬਾਰ ਇਸ ਬਾਰਸ਼ ਕਰਨ ਤਬਾਹ ਹੋ ਗਏ ਸਨ। ਸਿੰਘ ਸਭਾ ਗੁਰਦਵਾਰਾ ਅਖਾੜਾ ਬਜ਼ਾਰ ਕੁੁੱਲੂ ਨੇ ਵੀ ਇਸ ਤਬਾਹੀ ਦੇ ਸਮੇਂ ਲੋਕਾਈ ਦੀ ਵੱਡੀ ਸੇਵਾ ਕੀਤੀ। ਉਹਨਾਂ ਨੇ ਆਪਣੇ ਸਾਰੇ 18 ਕਮਰੇ ਲੋੜਵੰਦਾਂ ਲਈ ਖੋਲ੍ਹ ਦਿੱਤੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ। ਕਿਉਂਕਿ ਘਰਾਂ ਵਿੱਚੋਂ ਗੈਸ ਖਤਮ ਹੋ ਗਈ ਸੀ ਤੇ ਬਿਜਲੀ ਬੰਦ ਸੀ, ਇਸ ਲਈ ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਗੁਰਦਵਾਰੇ ਵਿਖੇ ਲੰਗਰ ਛਕਦੇ ਸਨ। ਜਿਹਨਾਂ ਸੈਲਾਨੀਆਂ ਕੋਲੋਂ ਪੈਸੇ ਖਤਮ ਹੋ ਗਏ ਸਨ, ਉਹਨਾਂ ਦੀ ਮਾਇਆ ਨਾਲ ਵੀ ਮਦਦ ਕੀਤੀ ਗਈ।
ਭੁੰਤਰ ਵਿਖੇ ਸਥਿੱਤ ਗੁਰਦਵਾਰਾ ਗੋਦੜੀ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਨੇ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਨਾਲ ਸੇਵਾ ਕਰਨ ਤੋਂ ਇਲਾਵਾ ਇਲਾਕੇ ਦੀਆਂ ਬੰਦ ਸੜਕਾਂ ਖੋਲ੍ਹਣ ਲਈ ਪੀ.ਡਬਲਿਊ.ਡੀ. ਦੇ ਮੁਲਾਜ਼ਮਾਂ ਨਾਲ ਮੋਢੇ ਮੋਢਾ ਡਾਹ ਕੇ ਚੌਵੀ ਚੌਵੀ ਘੰਟੇ ਕੰਮ ਕੀਤਾ। ਇਹਨਾਂ ਮੁਲਾਜ਼ਮਾਂ ਦਾ ਲੰਗਰ ਗੁਰਦਵਾਰੇ ਤੋਂ ਪਹੁੰਚਾਇਆ ਜਾਂਦਾ ਸੀ। ਜਦੋਂ ਹੜ੍ਹ ਆਇਆ ਤਾਂ ਉਸ ਵੇਲੇ ਗੁਰਦਵਾਰਾ ਮਣੀਕਰਨ ਵਿਖੇ 1500 ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਗੁਰਦਵਾਰੇ ਦੀ ਬਿਜਲੀ ਲਗਾਤਾਰ 15 ਦਿਨ ਬੰਦ ਰਹੀ ਸੀ। ਸ਼ਰਧਾਲੂਆਂ ਦੇ ਮੋਬਾਇਲ ਆਦਿ ਚਾਰਜ ਕਰਨ ਵਾਸਤੇ ਦਿਨ ਵਿੱਚ ਇੱਕ ਘੰਟਾ ਜਨਰੇਟਰ ਚਲਾ ਕੇ ਬਿਜਲੀ ਸਪਲਾਈ ਕੀਤੀ ਜਾਂਦੀ ਸੀ। ਇਸ ਸਮੇਂ ਵੀ ਲੰਗਰ ਅਟੁੱਟ ਵਰਤਦਾ ਰਿਹਾ। ਇਹਨਾਂ ਗੁਰੂਘਰਾਂ ਤੋਂ ਇਲਾਵਾ ਸਿੰਘ ਸਭਾ ਗੁਰਦਵਾਰਾ ਕਾਂਗੜਾ ਅਤੇ ਪਹਾੜੀ ਸ਼ਹਿਰਾਂ ਵਿਖੇ ਸਥਿੱਤ ਦਰਜ਼ਨਾਂ ਹੋਰ ਗੁਰਦਵਾਰਿਆਂ ਨੇ ਸਥਾਨਕ ਜਨਤਾ ਅਤੇ ਸੈਲਨਾੀਆਂ ਦੀ ਸੇਵਾਂ ਵਿੱਚ ਕੋਈ ਕਸਰ ਨਹੀਂ ਸੀ ਛੱਡੀ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062