ਮਨਮੀਤ ਅਲੀਸ਼ੇਰ ਦੀ ਅੱਠਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ : ਬ੍ਰਿਸਬੇਨ

ਰਾਜ ਗਾਇਕ ਹੰਸ ਰਾਜ ਹੰਸ ਅਤੇ ਦੂਰਦਰਸ਼ਨ ਨਿਰਮਾਤਾ ਰਾਜ ਭਗਤ ਨੇ ਕੀਤੀ ਸ਼ਿਰਕਤ

ਗਿੱਲ ਬੱਲਪੁਰੀ ਦਾ ਕਾਵਿ ਸੰਗ੍ਰਹਿ ‘ਕੀ ਆਖਿਆ ਜੇ ਫੇਰ ਮੁਹੱਬਤ ਨਾ ਜੀ ਨਾ’ ਲੋਕ ਅਰਪਿਤ

(ਹਰਜੀਤ ਲਸਾੜਾ, ਬ੍ਰਿਸਬੇਨ 21 ਅਕਤੂਬਰ) ਇੱਥੇ ਬ੍ਰਿਸਬੇਨ ਵਿਖੇ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਦੇ ਪਸਾਰੇ ਲਈ ਯਤਨਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਗਲੋਬਲ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਅੱਠਵੀਂ ਬਰਸੀ ‘ਤੇ ਆਯੋਜਿਤ ਵਿਸ਼ੇਸ਼ ਸਮਾਗਮ ‘ਚ ਨੌਜਵਾਨ ਲੇਖਕ ਗਿੱਲ ਬੱਲਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਕੀ ਆਖਿਆ ਜੇ ਫੇਰ ਮੁਹੱਬਤ ਨਾ ਜੀ ਨਾ’ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਪਦਮ ਸ਼੍ਰੀ ਤੇ ਰਾਜ ਗਾਇਕ ਹੰਸ ਰਾਜ ਹੰਸ ਅਤੇ ਜਲੰਧਰ ਦੂਰਦਰਸ਼ਨ ਤੋਂ ਨਿਰਮਾਤਾ ਰਾਜ ਭਗਤ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਬੈਠਕ ਦੀ ਸ਼ੁਰੂਆਤ ਦਿਨੇਸ਼ ਸ਼ੇਖੂਪੁਰੀ ਵੱਲੋਂ ਮਨਮੀਤ ਨੂੰ ਯਾਦ ਕਰਦਿਆਂ ਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਅਤੇ ਇਸ ਕਾਵਿ-ਸੰਗ੍ਰਹਿ ਨੂੰ ਮਨੁੱਖੀ ਪਿਆਰ ਦੇ ਸ਼ੁਰੂਆਤੀ ਮਨੋਭਾਵਾਂ ਦਾ ਸ਼ਬਦੀ ਰੂਪ ਦੱਸਿਆ।

ਦਲਜੀਤ ਸਿੰਘ ਨੇ ਇਸਨੂੰ ਬਾਲਗ ਅਵਸਥਾ ਦੀ ਮਨੋ ਪ੍ਰਵਿਰਤੀ ਨੂੰ ਰੂਪਮਾਨ ਕਰਦੀ ਪੁਸਤਕ ਦੱਸਿਆ। ਇਕਬਾਲ ਸਿੰਘ ਧਾਮੀ ਨੇ ਆਪਣੀ ਕਵਿਤਾ ਰਾਹੀ ਸਮਾਜਿਕ ਸੁਨੇਹਿਆਂ ਦੀ ਗੱਲ ਤੋਰੀ। ਗੀਤਕਾਰ ਨਿਰਮਲ ਦਿਓਲ ਨੇ ਆਪਣੀਆਂ ਰਚਨਾਵਾਂ ਨਾਲ ਸਮੂਹ ਮਨਾਂ ਨੂੰ ਝੰਜੋੜਿਆ। ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਮਰਹੂਮ ਦੀਆਂ ਯਾਦਾਂ ਨੂੰ ਤਾਜਾ ਕੀਤਾ। ਹਰਮਨਦੀਪ ਗਿੱਲ ਨੇ ਆਪਣੀ ਕਵਿਤਾ ‘ਰੰਗ’ ਰਾਹੀਂ ਜ਼ਿੰਦਗੀ ਦੇ ਗੁੱਝੇ ਰੰਗਾਂ ਨਾਲ ਸਮਾਗਮ ਨੂੰ ਰੰਗੀਨ ਕੀਤਾ। ਜਸਕਰਨ ਸ਼ੀਂਹ ਨੇ ਕਵਿਤਾ ‘ਮਰ ਜਾਵਾਂ’ ਤੇ ‘ਮੌਤ ਮਿਲੇਗੀ’ ਅਤੇ ਲੇਖਕ ਗੁਰਜਿੰਦਰ ਸੰਧੂ ਦੀ ਨਜ਼ਮ ‘ਜ਼ਿੰਦਗੀ’ ਚੰਗਾ ਸੁਨੇਹਾ ਦੇ ਗਈ। ਗ਼ਜ਼ਲਗੋ ਜਸਵੰਤ ਬਾਗਲਾ ਦੀ ਸ਼ਾਇਰੀ ਸਮਾਜਿਕ ਚੇਤਨਾ ਦਿੰਦੀ ਦਿਸੀ। ਗਾਇਕ ਹੰਸ ਰਾਜ ਹੰਸ ਨੇ ਲੇਖਕ ਸਭਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਪੜ੍ਹਨ ਦੀ ਪ੍ਰਵਿਰਤੀ ‘ਤੇ ਜੋਰ ਦਿੱਤਾ। ਹਰਜੀਤ ਸਿੰਘ ਵੱਲੋਂ ਆਪਣੀ ਕਵਿਤਾ ‘ਮਨਮੀਤ ਦਾ ਸਵਰਗ’ ਨਾਲ ਮਰਹੂਮ ਦੀ ਜਿੰਦਗੀ ਦੇ ਅਸਲ ਨਿਸ਼ਾਨੇ ਤੋਂ ਪਰਦਾ ਚੁੱਕਿਆ।

ਗੀਤਕਾਰ ਜੀਤ ਗੁਰਮੁੱਖ ਦੀ ਰਚਨਾ ‘ਪੀਰ-ਪੈਗ਼ੰਬਰ’ ਅਤੇ ਗੀਤ ‘ਘੁੰਗਰੂ’ ਨੇ ਪੁਰਾਣੇ ਪੰਜਾਬੀ ਵਿਰਸੇ ਦੀ ਗੱਲ ਤੋਰੀ। ਦੂਰਦਰਸ਼ਨ ਤੋਂ ਨਿਰਮਾਤਾ ਰਾਜ ਭਗਤ ਨੇ ਮਰਹੂਮ ਦੀ ਹੱਤਿਆ ਨੂੰ ਅਤਿ ਦੁਖਦਾਈ ਕਾਰਾ ਦੱਸਿਆ। ਉਹਨਾਂ ਬ੍ਰਿਸਬੇਨ ਨੂੰ ਸਰਗਰਮ ਪੰਜਾਬੀ ਹਿਤੈਸ਼ੀਆਂ ਦੀ ਨਗਰੀ ਵੀ ਕਿਹਾ। ਅਜੀਤ ਤੋਂ ਪੱਤਰਕਾਰ ਯਸ਼ਪਾਲ ਗੁਲਾਟੀ ਦੀ ਮਿੰਨੀ ਕਹਾਣੀ ‘ਬੁਝਾਰਤ ਭਰੇ ਬੋਲ’ ਰਾਹੀਂ ਉਹਨਾਂ ਪੰਜਾਬੀ ਪੱਤਰਕਾਰੀ ‘ਚ ਆਈ ਗਿਰਾਵਟ ਨੂੰ ਛੋਹਿਆ। ਗਾਇਕ ਪਰਮਿੰਦਰ ਹਰਮਨ ਦੀ ਕਵਿਤਾ ‘ਦੇਰੀ’ ਅਤੇ ਗੀਤ ‘ਪਿਆਰ ਨਾਲ’ ਸਮਾਂ ਬੰਨ ਗਿਆ। ਪ੍ਰਿੰਸੀਪਲ ਜੈ ਪਾਲ ਸਿੰਘ ਬਰਾੜ ਨੇ ਸਮੂਹ ਲਿਖਾਰੀਆਂ ਦੀਆਂ ਕਲਮਾਂ ਨੂੰ ਸਲਾਹਿਆ। ਉਹਨਾਂ ਮਨਮੀਤ ਦੀ ਹੱਤਿਆ ਨੂੰ ਇਨਸਾਨੀਅਤ ਦਾ ਮੁੱਦਾ ਦੱਸਦਿਆਂ ਪਰਿਵਾਰਾਂ ‘ਚ ਵਧ ਰਹੇ ਇਕੱਲੇਪਣ ਨੂੰ ਇਸਦਾ ਜਿੰਮੇਵਾਰ ਠਹਿਰਾਇਆ। ਸਭਾ ਪ੍ਰਧਾਨ ਰਿਤੂ ਅਹੀਰ ਨੇ ਆਪਣੀ ਕਵਿਤਾ ‘ਇਕ ਦੋਸਤ’ ਰਾਹੀਂ ਮਰਹੂਮ ਨੂੰ ਯਾਦ ਕੀਤਾ। ਉਸਦੀ ਕਵਿਤਾ ‘ਸੱਸ’ ਨੂੰਹ-ਸੱਸ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੀ ਦਿਖੀ। ਨੌਜਵਾਨ ਲੇਖਕ ਗਿੱਲ ਬੱਲਪੁਰੀ ਨੇ ਆਪਣੀ ਛੋਟੇ ਉਮਰੇ ਲੱਗੀ ਲੇਖਣ ਦੀ ਚੇਟਕ ਨੂੰ ਸਾਹਿਤ ਤੋਂ ਪ੍ਰੇਰਿਤ ਦੱਸਿਆ ਅਤੇ ਸੰਖੇਪ ਵਿੱਚ ਆਪਣੀ ਲੇਖਣੀ ਦੇ ਸਫ਼ਰ ਨੂੰ ਬਿਆਨਿਆ। ਸਮਾਗਮ ਦੇ ਅੰਤ ਵਿਚ ਸੰਸਥਾ ਵੱਲੋਂ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਐਂਥਨੀ ਉਡਨਹੀਓ ਨਾਮੀ ਗੌਰੇ ਨੇ ਮਰਹੂਮ ਮਨਮੀਤ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਸਾੜ ਦਿੱਤਾ ਸੀ।