‘ਚਾਨਣੀ ਦੇ ਦੇਸ ਵਿਚ’ ਅਰਤਿੰਦਰ ਸੰਧੂ ਦੇ ਤਿੰਨ ਕਾਵਿ ਸੰਗ੍ਰਿਹਾਂ(ਸ਼ੀਸ਼ੇ ਦੀ ਜੂਨ, ਆਪਣੇ ਤੋਂ ਆਪਣੇ ਤੱਕ ਅਤੇ ਮਨ ਦਾ ਮੌਸਮ) ਵਿਚੋਂ ਚੋਣਵੀਆਂ ਕਵਿਤਾਵਾਂ ਨੂੰ ਲੈ ਕੇ ਡਾ.ਮੋਹਨ ਸਿੰਘ ਤਿਆਗੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਿਹ ਹੈ। ਕਵੀ ਵੱਲੋਂ ਰਚਿਤ ਕਾਵਿ ਪੁਸਤਕ ਦੀ ਪਰਖ ਪੜਚੋਲ ਸਮੇਂ ਸੰਬੰਧਤ ਕਵੀ ਦੀ ਕਵਿਤਾ ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਸੰਪਾਦਿਤ ਕਿਤਾਬ ਦੀ ਪਰਖ ਸਮੇਂ ਗੱਲ ਤਾਂ ਭਾਵੇਂ ਕਵੀ ਦੀ ਕਵਿਤਾ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਪਰ ਇਸ ਦੇ ਨਾਲ-ਨਾਲ ਸੰਪਾਦਕ ਦੀ ਸੰਪਾਦਨ ਕਲਾ ਅਤੇ ਉਸ ਵੱਲੋਂ ਕਵਿਤਾਵਾਂ ਦੀ ਚੋਣ ਨੂੰ ਵਿਚਾਰਨਾ ਵੀ ਜਰੂਰੀ ਹੁੰਦਾ ਹੈ। ਮੈਂ ਕੋਸ਼ਿਸ਼ ਕਰਾਂ ਗਾ ਕਿ ਪ੍ਰਸਤੁਤ ਪੁਸਤਕ ਵਿਚ ਸ਼ਾਮਲ ਕਵਿਤਾਵਾਂ ਸੰਬੰਧੀ ਕੁਝ ਕਹਿਣ ਸਮੇਂ ਸੰਪਾਦਕ ਦੇ ਵਿਚਾਰਾਂ ਦੀ ਸਮੀਖਿਆ ਵੀ ਕਰਾਂ। ਅਜਿਹਾ ਕਰਨਾ ਇਸ ਲਈ ਵੀ ਜਰੂਰੀ ਹੈ ਕਿ ਇਸ ਕਿਤਾਬ ਦੇ ਮੁੱਢ ਵਿਚ ਡਾ. ਤਿਆਗੀ ਨੇ ‘ਚਾਨਣੀ ਦੇ ਦੇਸ ਵਿਚ ਦੀ ਕਾਵਿ ਮਹਿਮਾ’ ਸਿਰਲੇਖ ਹੇਠ ਅੱਠ ਪੰਨਿਆਂ ਦੀ ਭੂਮਿਕਾ ਵਿਚ ਸੰਖੇਪ ਪਰ ਢੁੱਕਵੇਂ ਢੰਗ ਨਾਲ ਪੁਸਤਕ ਵਿਚ ਦਰਜ ਕਵਿਤਾਵਾਂ ਸੰਬੰਧੀ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਸੰਪਾਦਕ, ਅਕਾਦਮਿਕ ਖੇਤਰ ਦਾ ਮਾਹਿਰ ਹੈ, ਯੂਨੀਵਰਸਿਟੀ ਵਿਚ ਕਾਰਜਸ਼ੀਲ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਾਹਿਤ ਦਾ ਚੰਗਾ ਪਾਰਖੂ ਹੈ, ਭਾਸ਼ਾ ਤੇ ਉਸ ਦੀ ਪਕੜ ਹੈ, ਕਿਸੇ ਸਾਹਿਤਕਾਰ ਦੀ ਸਾਹਿਤਕ ਪ੍ਰਤਿਭਾ ਨੂੰ ਕਿਵੇਂ ਪ੍ਰੀਖਿਆ ਜਾ ਸਕਦਾ ਹੈ, ਇਸ ਦਾ ਉਸ ਨੂੰ ਭਲੀ-ਭਾਂਤ ਗਿਆਨ ਹੈ।
ਉਸ ਦੀ ਭੂਮਿਕਾ ਪੜ੍ਹ ਕੇ ਇਕ ਗੱਲ ਹੋਰ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਜਿਵੇਂ ਕੋਈ ਸੁਹਿਰਦ ਖੋਜ ਵਿਦਿਆਰਥੀ ਆਪਣੇ ਪੀ. ਐਚ. ਡੀ. ਪੱਧਰ ਦਾ ਖੋਜ ਪ੍ਰਬੰਧ ਲਿਖਣ ਉਪਰੰਤ ਸਾਰੇ ਖੋਜ ਕਾਰਜ ਦੀ ਸਮੇਟਵੀਂ ਟਿੱਪਣੀ ਬੜੇ ਹੀ ਨਪੇ-ਤੁਲੇ ਸ਼ਬਦਾਂ ਵਿਚ ਅਤੇ ਸਾਹਿਤਕ ਢੰਗ ਨਾਲ ਲਿਖ ਰਿਹਾ ਹੋਵੇ। ਆਮ ਪਾਠ ਅਜਿਹੀ ਟਿੱਪਣੀ ਪੜ੍ਹ ਕੇ ਹੀ ਸੰਬੰਧਤ ਸਾਹਿਤਕਾਰ ਦੀ ਸਾਹਿਤਕ ਦੇਣ ਦਾ ਅੰਦਾਜ਼ਾ ਲਾ ਲੈਂਦਾ ਹੈ। ਮੁੱਖ ਬੰਦ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੰਪਾਦਕ ਨੇ ਅਰਤਿੰਦਰ ਸੰਧੂ ਦੀ ਸਮੁੱਚੀ ਕਾਵਿ-ਕਲਾ ਦਾ ਡੂੰਘਾ ਅਧਿਐਨ ਕੀਤਾ ਹੈ। ਇਸ ਪੱਖੋਂ ਡਾ.ਤਿਆਗੀ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਸ ਨੇ ਅਰਤਿੰਦਰ ਸੰਧੂ ਦੀ ਕਾਵਿ ਸਿਰਜਣਾ ਸੰਬੰਧੀ ਜੋ ਵਿਚਾਰ ਪੇਸ਼ ਕੀਤੇ ਹਨ, ਉਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
●ਉਸ ਨੇ ਆਪਣੀ ਗਹਿਰੀ ਕਾਵਿ-ਸੰਵੇਦਨਾਂ ਅਤੇ ਵੱਖਰੀ ਕਾਵਿ-ਸ਼ੈਲੀ ਰਾਹੀਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਨਵਾਂ ਮੀਲ-ਪੱਥਰ ਸਥਾਪਿਤ ਕੀਤਾ ਹੈ।
●ਉਸਦੀ ਕਵਿਤਾ ਪੜਾਅ ਦਰ ਪੜਾਅ ਜਿਵੇਂ-ਜਿਵੇਂ ਅੱਗੇ ਵੱਧਦੀ ਜਾਂਦੀ ਹੈ, ਉਸਦੀ ਸੁਰ ਹੋਰ ਗਹਿਰੀ ਅਤੇ ਗੰਭੀਰ ਹੁੰਦੀ ਜਾਂਦੀ ਹੈ।
●ਉਸ ਨੇ ਵਿਧਾਗਤ ਨੇਮਾਂ ਪੱਖੋਂ ਜਿਆਦਾਤਰ ਖੁੱਲ੍ਹੀ ਕਵਿਤਾ ਅਤੇ ਪ੍ਰਗੀਤਕ ਸ਼ਾਇਰੀ ਨੂੰ ਅਪਣਾਇਆ ਹੈ।
●ਉਹ ਕਿਸੇ ਵੀ ਵਿਧਾ ਵਿਚ ਰਚਨਾਕਾਰੀ ਕਰ ਰਹੀ ਹੋਵੇ, ਉਸਦੀ ਰਚਨਾਕਾਰੀ ਵਿਚੋਂ ਮਾਨਵੀ ਜੀਵਨ ਦੇ ਵਿਭਿੰਨ ਸੂਖਮ ਪਸਾਰਾਂ, ਦ੍ਰਿਸ਼ਟੀਗਤ ਅਕੀਦਿਆਂ ਅਤੇ ਗਹਿਣ ਸਮਾਜਿਕ ਸੰਕਲਪਾਂ ਦੇ ਦਿਦਾਰ ਹੁੰਦੇ ਹਨ।
●ਉਸਦੀ ਕਵਿਤਾ ਇਕ ਬੱਝਵੇਂ ਪ੍ਰਭਾਵ ਦੇ ਰੂਪ ਵਿਚ ਖਤਮ ਹੋਣ ਉਪਰੰਤ ਆਪਣੇ ਪਿੱਛੇ ਕੁਝ ਸੋਚ ਵਿਚਾਰ ਹਿੱਤ ਛੱਡ ਜਾਂਦੀ ਹੈ।
●ਉਸ ਦਾ ਕਾਵਿ ਸੰਸਾਰ ਜਿੰਨਾਂ ਅੰਤਰੀਵੀ ਪੱਧਰ ਤੇ ਸੰਵੇਦਨਸ਼ੀਲ ਹੈ, ਉਸ ਤੋਂ ਵਧੇਰੇ ਇਸ ਵਿਚ ਸਮਾਜਿਕ ਪ੍ਰਤੀਬੱਧਤਾ ਦਾ ਸੰਕਲਪ ਕਾਰਜਸ਼ੀਲ ਰਹਿੰਦਾ ਹੈ।
●ਉਹ ਨਾਰੀ ਮਨ ਦੇ ਅੰਦਰੂਨੀ ਵਲਵਲਿਆਂ ਨੂੰ ਵੀ ਰੂਪਮਾਨ ਕਰਦੀ ਹੈ ਅਤੇ ਕੁਦਰਤ ਦੇ ਖ਼ੂਬਸੂਰਤ ਵਰਤਾਰਿਆਂ ਨੂੰ ਵੀ ਚਿਤਰਦੀ ਹੈ।
●ਉਹ ਜਰਜਰੇ ਰਾਜਨੀਤਕ ਪ੍ਰਬੰਧ ਨੂੰ ਵੀ ਪ੍ਰਸ਼ਨ ਪੈਦਾ ਕਰਦੀ ਹੈ।
●ਉਸ ਦੀ ਕਵਿਤਾ ਦੇ ਵੇਗਮਈ ਪ੍ਰਵਾਹ ਅਤੇ ਗਹਿਰਾਈ ਇਸ ਨੂੰ ਸਮਕਾਲੀ ਕਵਿਤਾ ਤੋਂ ਇਕ ਵੱਖਰੀ ਨੁਹਾਰ ਪ੍ਰਦਾਨ ਕਰਦੇ ਹਨ।
ਅਰਤਿੰਦਰ ਸੰਧੂ ਨੇ ਵੀ ਆਪਣੀ ਕਵਿਤਾ ਸੰਬੰਧੀ ਕੁਝ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ ਹਨ, ਜੋ ਉਸ ਦੇ ਕਾਵਿ ਸੰਸਾਰ ਨੂੰ ਸਮਝਣ ਵਿਚ ਸਹਾਈ ਹੋ ਸਕਦੇ ਹਨ। ਉਸਦੇ ਇਹ ਕਥਨ, “ਜ਼ਿੰਦਗੀ ਵਾਸਤੇ ਚਾਨਣ ਦੇ ਨਾਲ-ਨਾਲ ਹਨੇਰਾ ਵੀ ਲੋੜੀਂਦਾ ਹੈ”, ਭਾਵਪੂਰਤ ਅਤੇ ਬਹੁ ਅਰਥਾਂ ਵਾਲਾ ਹੈ।
ਇਸ ਕਾਵਿ ਸੰਗ੍ਰਿਹ ਦੀ ਪਹਿਲੀ ਕਵਿਤਾ ‘ਦਰਿਆ’, ਅਰਤਿੰਦਰ ਦੀ ਗਹਿਰੀ ਕਾਵਿ ਸੰਵੇਦਨਾਂ ਅਤੇ ਵੱਖਰੀ ਕਾਵਿ-ਸ਼ੈਲੀ ਦੀ ਉਦਾਹਰਣ ਹੈ। ਮੇਰੇ ਵਿਚਾਰ ਅਨੁਸਾਰ ਇਸ ਕਵਿਤਾ ਨੂੰ ਅਰਤਿੰਦਰ ਦਾ ‘ਕਾਵਿ-ਮੈਨੀਫ਼ੈਸਟੋ’ ਕਿਹਾ ਜਾ ਸਕਦਾ ਹੈ। ਵਿਸ਼ੇ ਪੱਖੋਂ ਇਹ ਕਵਿਤਾ ਆਪਣੇ ਅੰਦਰ ਵਿਸ਼ਾਲਤਾ ਸਮੋਈ ਬੈਠੀ ਹੈ। ਇਸ ਕਵਿਤਾ ਦੀਆਂ ‘ਖੰਭੜੀ ਖੰਭੜੀ ਯਾਦਾਂ ਚਿਤਵੇ’, ‘ਕਦੇ ਆਪਣੀ ਗਹਿਰ ਵਿਚ ਗੁੰਮ ਜਾਵੇ’, ‘ਦੂਜੇ ਪਾਸੇ ਸ਼ੀਸ਼ਾ ਹੋ ਬਹਿੰਦਾ’, ‘ਕਤਰਾ ਕਤਰਾ ਅੱਥਰੂ ਢਲ ਕੇ, ਫਿਰ ਆਪਣੇ ਸਾਗਰ ਵਿਚ ਜਾ ਬਹਿੰਦਾ’ ਆਦਿ ਸਤਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਭਾਵਾਂ ਨੂੰ ਰੂਪਮਾਨ ਕਰਨ ਲਈ ਕਲਾਤਮਕ ਸ਼ਬਦਾਂ ਦੀ ਵਰਤੋਂ ਕਰਦੀ ਹੈ। ਉਸ ਦਾ ਅਜਿਹਾ ਕਾਵਿਕ ਚਿਤਰਣ ਨਿਰਸੰਦੇਹ ਉਸ ਨੂੰ ਦੂਜੇ ਸਮਕਾਲੀ ਕਵੀਆਂ ਨਾਲੋਂ ਨਿਖੇੜਦਾ ਹੈ। ਇਸ ਪੁਸਤਕ ਦੀਆਂ ਹੋਰ ਕਈ ਕਵਿਤਾਵਾਂ ਵਿਚੋਂ ਵੀ ਉਸ ਦੀ ਵਿਲੱਖਣ ਕਾਵਿ ਸ਼ੈਲੀ ਰੂਪਮਾਨ ਹੁੰਦੀ ਹੈ। ਜਿਵੇਂ:
ਰਿਸ਼ਤੇ ਦੀ ਹਰ ਲੜੀ ‘ਚੋ
ਬੱਸ ਮੋਹ ਦੀ ਤਾਨ ਗੁੰਮ ਹੈ——-
ਧੂੰਏ ‘ਚ ਫਸੀਆਂ ਵਾਵਾਂ
ਸਾਹ ਦਾ ਸਮਾਨ ਗੁੰਮ ਹੈ। (ਸਾਹ ਦਾ ਸਮਾਨ ਗੁੰਮ ਹੈ)
ਸ਼ਾਮ ਦੀ ਸਰਦਲ ‘ਤੇ
ਹੰਝੂ ਬਣ ਕੇ ਆਪਣੇ ਉੱਤੇ
ਵਰ੍ਹਿਆਂ ਕਰਦੇ ਹਾਂ। (ਅੱਜ ਦਿਲ ਬੜਾ ਹੀ ਉਦਾਸ ਹੈ)
ਡਾ.ਮੋਹਨ ਸਿੰਘ ਤਿਆਗੀ ਦਾ ਇਹ ਵਿਚਾਰ ਕਿ ਅਰਤਿੰਦਰ ਸੰਧੂ ਦੀ ਕਵਿਤਾ ਦੀ ਸੁਰ ਪੜਾਅ ਦਰ ਪੜਾਅ ਗਹਿਰੀ ਹੁੰਦੀ ਜਾਂਦੀ ਹੈ, ਬਿਲਕੁਲ ਠੀਕ ਹੈ। ਇਸ ਸੰਬੰਧੀ ਮੈਂ ਉਸ ਦੇ ਆਖਰੀ ਦੋ ਕਾਵਿ ਸੰਗ੍ਰਿਹ ‘ਘਰ, ਘਰ ਤੇ ਘਰ’ ਅਤੇ ‘ਮਨ ਦਾ ਮੌਸਮ’ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ, ਜਿੰਨਾਂ ਵਿਚ ਉਸ ਦੇ ਪਹਿਲੇ ਕਾਵਿ ਸੰਗ੍ਰਿਹਾਂ ਦੇ ਮੁਕਾਬਲੇ ਹਰ ਪੱਖੋਂ ਪ੍ਰੋੜਤਾ ਨਜ਼ਰ ਆਉਂਦੀ ਹੈ। ਇਸ ਪ੍ਰਥਾਏ ‘ਮਨ ਦੇ ਮੌਸਮ’ ਦੀ ਕਵਿਤਾ ‘ਜਾਗ ਪੰਜਾਬ ਦੇ ਫਿਕਰ ਜਾਗ’ ਦੀਆਂ ਹੇਠ ਲਿਖੀਆਂ ਸਤਰਾਂ ਵਾਚੀਆਂ ਜਾ ਸਕਦੀਆਂ ਹਨ:
ਲਿਖ ਰਹੇ ਨੇ ਅਕਲਦਾਨ
ਸੂਤਰ ਸਾਡੇ ਜੀਣ ਦੇ
ਸਰਘੀਆਂ ਦੇ ਲਾਰਿਆਂ ਦੇ
ਹੱਥ ਵਿਚ ਸਲਫਾਸ ਲਈ ਪਲ ਸੀ ਜਿਹੜੇ ਡਲ੍ਹਕਦੇ।
ਅਰਤਿੰਦਰ ਦੀ ਜਿਆਦਾ ਕਵਿਤਾ ਭਾਵੇਂ ਖੁਲ੍ਹੇ ਬਹਿਰ ਦੀ ਹੈ, ਪਰ ਅਜਿਹੀ ਕਵਿਤਾ ਵਿਚ ਵੀ ਲੈ ਬਰਕਰਾਰ ਰਹਿੰਦੀ ਹੈ। ਜਦੋਂ ਉਹ ਪ੍ਰਗੀਤਕ ਜਾਂ ਸਰੋਦੀ ਰੂਪ ਦੀ ਕਾਵਿ-ਰਚਨਾ ਕਰਦੀ ਹੈ ਤਾਂ ਅਜਿਹੇ ਰੂਪ ਤੇ ਵੀ ਉਸਦੀ ਪੀਡੀ ਪਕੜ ਕਾਇਮ ਰਹਿੰਦੀ ਹੈ। ਪ੍ਰਸਤੁਤ ਪੁਸਤਕ ਵਿਚ ਇਹੋ ਜਿਹੀਆਂ ਰਚਨਾਵਾਂ ਹੀ ਸ਼ਾਮਲ ਹਨ। ‘ਉਸਦੇ ਖਿਆਲ’ ਦੀਆਂ ਇਹ ਸਤਰਾਂ ਦੇਖਣ ਵਾਲੀਆਂ ਹਨ:
ਕੋਈ ਭੂਰ ਜਿਹੀ ਆਵੇ
ਪੌਣਾ ਮਹਿਕਾ ਜਾਵੇ
ਕੋਈ ਸਰਗਮ ਛਿੜ ਜਾਵੇ
ਕੋਈ ਚੰਬਾ ਖਿੜ ਜਾਵੇ।
ਸੰਪਾਦਕ ਦਾ ਇਹ ਕਹਿਣਾ ਕਿ ਉਸ ਦੀ ਕਵਿਤਾ ਵਿਚੋਂ ‘ਮਾਨਵੀ ਜੀਵਨ ਦੇ ਵਿਭਿੰਨ ਸੂਖਮ ਪਸਾਰ’ ਦ੍ਰਿਸ਼ਟੀਗੋਚਰ ਹੁੰਦੇ ਹਨ, ‘ਜਿਸ ਸਾਵਣ ਨੂੰ ਤਰਸ ਰਹੇ ਹਾਂ’ ਦੀਆਂ ਇਹਨਾਂ ਸਤਰਾਂ ਤੋਂ ਸੱਚ ਜਾਪਦਾ ਹੈ:
ਆਸਾਂ ਨੂੰ ਜਦ ਫੁੱਲ ਪੈਣਗੇ
ਰੀਝਾਂ ਪੂਰੀਆਂ ਹੋਣਗੀਆਂ
ਰੋਟੀ ਦੇ ਸੁਪਨੇ ਲੈ ਜਿੰਦਾਂ
ਭੁੱਖੇ ਪੇਟ ਨਾ ਸੌਣਗੀਆਂ।
ਅਰਤਿੰਦਰ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਇਕ ਖੂਬੀ ਹੋਰ ਵੀ ਹੈ ਕਿ ਉਸ ਦੀ ਕਵਿਤਾ ਖਤਮ ਹੋਣ ਉਪਰੰਤ ਵੀ ਪਾਠਕਾਂ ਨੂੰ ਬਹੁਤ ਦੇਰ ਆਪਣੇ ਨਾਲ ਜੋੜੀ ਰੱਖਦੀ ਹੈ ਜਾਂ ਉਸ ਸੰਬੰਧੀ ਸੋਚਣ ਤੇ ਮਜਬੂਰ ਕਰਦੀ ਹੈ। ਇਹੋ ਜਿਹਾ ਵਰਤਾਰਾ ਕਹਾਣੀਆਂ ਅਤੇ ਨਾਵਲਾਂ ਨਾਲ ਤਾਂ ਆਮ ਵਰਤਦਾ ਹੈ, ਪਰ ਕਵਿਤਾ ਵਿਚ ਘੱਟ। ਇਸ ਪੱਖੋਂ ਵੀ ਅਰਤਿੰਦਰ ਸੰਧੂ ਕਾਵਿ ਖੇਤਰ ਵਿਚ ਇਕ ਨਿਵੇਕਲੀ ਪਹਿਲ ਕਰਦੀ ਹੈ। ਹਰ ਸ਼ਹਿਰ ਵਿਕਾਊ ਹੈ ਸੱਜਣਾ, ਇਕ ਜਿੰਦੜੀ ਦੋ ਤਾਰ, ਸੁਣ ਨੇ ਵਿਸਾਖੀਏ, ਸਾਹਾਂ ‘ਚੋਂ ਆਈ ਹਵਾ ਆਦਿ ਕਵਿਤਾਵਾਂ ਇਸ ਪੱਖ ਦੀਆਂ ਵਧੀਆ ਉਦਾਹਰਣ ਹਨ।
ਪ੍ਰਸਤੁਤ ਕਾਵਿ ਸੰਗ੍ਰਿਹ ਦੀਆਂ ਕਈ ਕਵਿਤਾਵਾਂ ਵਿਚੋਂ ਨਾਰੀ ਮਨ ਦੀ ਅਵਾਜ਼ ਵੀ ਸੁਣਾਈ ਦਿੰਦੀ ਹੈ। ਅਸਲ ਵਿਚ ਇਕ ਔਰਤ ਹੀ ਔਰਤ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝ ਸਕਦੀ ਅਤੇ ਪ੍ਰਗਟਾ ਸਕਦੀ ਹੈ। ‘ਕੁੜੀਆਂ ਦੀ ਅਵਾਜ਼’ ਵਿਚ ਜਦੋਂ ਉਹ ਲਿਖਦੀ ਹੋ: ਜਦ ਕੁੜੀਆਂ ਦੇ ਮਨ ਦੀਆਂ ਪੀਂਘਾਂ/ਅਸਲੀ ਪੀਂਘਾਂ ਹੋਣਗੀਆਂ/ਰੁਜ਼ਗਾਰ ਨੂੰ ਲੱਭਦੀਆਂ ਪੈੜਾਂ/ਹੱਸਦਿਆਂ ਘਰ ਆਉਣਗੀਆਂ———। ਇਹ ਕਵਿਤਾ ਕੇਵਲ ਕੁੜੀਆਂ ਦੀ ਅਵਾਜ਼ ਵਾਲੀ ਕਵਿਤਾ ਹੀ ਨਹੀਂ ਸਗੋਂ ਬਹੁ-ਅਰਥੀ ਕਵਿਤਾ ਹੈ। ਇਸ ਕਵਿਤਾ ਵਿਚ ਲੋਕਾਂ ਦੀਆਂ ਪੀੜਾਂ ਜਾਣਨ ਵਾਲੇ ਹਾਕਮਾਂ ਦੀ ਗੱਲ ਵੀ ਹੈ, ਨੌਜਵਾਨ ਪੀੜ੍ਹੀ ਦੇ ਨਸ਼ਾ ਮੁਕਤ ਹੋਣ ਦੀ ਗੱਲ ਵੀ ਹੈ, ਅੜੇ-ਥੁੜੇ ਲੋਕਾਂ ਵੱਲੋਂ ਮੌਤ ਦੇ ਰਾਹ ਨਾ ਪੈਣ ਦਾ ਜਿਕਰ ਵੀ ਹੈ, ਮਿਹਨਤਕਸ਼ ਲੋਕਾਂ ਦੀ ਕਮਾਈ ਤਕੜਿਆਂ ਵੱਲੋਂ ਨਾ ਲੁੱਟਣ ਦੀ ਆਸ ਵੀ ਪ੍ਰਗਟਾਈ ਹੈ।
ਡਾ.ਤਿਆਗੀ ਨੇ ਅਰਤਿੰਦਰ ਦੀ ਕਾਵਿ ਕਲਾ ਦੀ ਗੱਲ ਕਰਦੇ ਹੋਏ ਉਸ ਦੀ ਕਵਿਤਾ ਦੇ ਵੇਗਮਈ ਪ੍ਰਵਾਹ ਅਤੇ ਗਹਿਰਾਈ ਦੀ ਗੱਲ ਵੀ ਕੀਤੀ ਹੈ। ਪ੍ਰਸਤੁਤ ਪੁਸਤਕ ਦੀ ਹਰ ਰਚਨਾ ਦਾ ਪ੍ਰਵਾਹ ਹੀ ਪਾਠਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਣ ਵਾਲਾ ਹੈ। ਆਮ ਤੌਰ ਤੇ ਖੁੱਲ੍ਹੀ ਕਵਿਤਾ ਲਿਖਣ ਵਾਲੇ ਕਵੀ ਸਰੋਦੀ ਕਾਵਿ ਸਿਰਜਣਾ ਸਮੇਂ ਉਹ ਪ੍ਰਵੀਨਤਾ ਨਹੀਂ ਦਿਖਾ ਸਕਦੇ ਜੋ ਗੀਤਕਾਰਾਂ ਕੋਲ ਹੁੰਦੀ ਹੈ, ਪਰ ਇਸ ਪੱਖੋਂ ਵੀ ਅਰਤਿੰਦਰ ਬਾਕੀਆਂ ਨਾਲੋਂ ਕੁਝ ਵੱਖਰੇ ਅੰਦਾਜ਼ ਵਿਚ ਹੀ ਸਾਹਮਣੇ ਆਉਂਦੀ ਹੈ। ਸਰੋਦੀ ਕਾਵਿ ਵਿਚ ਵੀ ਉਸ ਦੀ ਮੁਹਾਰਤ ਰਸ਼ਕ ਯੋਗ ਹੈ। ਸ਼ੀਸ਼ੀਆਂ ਵਿਚ ਢਲ ਗਏ, ਹੌਕਿਆਂ ਵਰਗੀ ਹਵਾ, ਡਾਚੀਆਂ ਦੀ ਡਾਰ, ਰਾਤ ਦੀ ਕਾਲੀ ਗਹਿਰੀ ਛਾਂਵੇ, ਮੈਨੂੰ ਪੁੱਛਦੇ ਰਹਿੰਦੇ ਗੀਤ ਮੇਰੇ, ਘਰ ਮੁੜ ਆ ਆਦਿ ਇਸ ਪੱਖੋਂ ਵਧੀਆ ਗੀਤ ਹਨ।
ਪ੍ਰਸਤੁਤ ਪੁਸਤਕ ਸੰਬੰਧੀ ਸੰਖੇਪ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਅਰਤਿੰਦਰ ਦੀ ਕਾਵਿ ਸ਼ੈਲੀ, ਪੇਸ਼ਕਾਰੀ ਦਾ ਢੰਗ, ਡੂੰਘੀਆਂ ਰਮਜ਼ਾਂ ਪੇਸ਼ ਕਰਨ ਦੀ ਪ੍ਰਵਿਰਤੀ, ਸਧਾਰਨ ਸ਼ਬਦਾਂ ਵਿਚੋਂ ਵੀ ਡੂੰਘੇ ਅਰਥਾਂ ਦਾ ਪ੍ਰਗਟਾਉ, ਆਸ਼ਾਵਾਦੀ ਸੋਚ ਦੇ ਨਾਲ-ਨਾਲ ਨਿਰਾਸ਼ਾਜਨਕ ਵਰਤਾਰਿਆਂ ਤੇ ਵੀ ਤਬਸਰਾ ਕਰਨਾ, ਚੌਗਿਰਦੇ ਫੈਲੇ ਹਾਲਾਤ ਨੂੰ ਨੀਝ ਨਾਲ ਦੇਖ ਕੇ ਕਿਸੇ ਦੂਰ ਅੰਦੇਸ਼, ਗਹਿਰ-ਗੰਭੀਰ ਚਿੰਤਕ ਅਤੇ ਦਾਰਸ਼ਨਿਕ ਵਾਂਗ ਉਹਨਾਂ ਸੰਬੰਧੀ ਕਾਵਿਕ ਵਿਧਾ ਰਾਹੀਂ ਪੇਸ਼ ਕਰਨਾ ਅਤੇ ਸਭ ਤੋਂ ਵੱਧ ਸ਼ਬਦਾਂ ਦੇ ਜਾਦੂਗਰ ਵਾਂਗ ਕਾਗਜ ਦੀ ਹਿੱਕ ਤੇ ਬਿਖੇਰਣ ਦੀ ਕਲਾ ਹਰ ਵਰਗ ਦੇ ਪਾਠਕ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਆਲੋਚਕਾਂ ਦਾ ਵੀ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਹੁੰਦੀ ਹੈ।
ਡਾ.ਮੋਹਨ ਸਿੰਘ ਤਿਆਗੀ ਨੇ ਸੰਪਾਦਨ ਕਲਾ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪੁਸਤਕ ਦੀ ਸੰਪਾਦਨਾ ਕੀਤੀ ਹੈ। ਚੰਗਾ ਹੁੰਦਾ ਜੇ ਉਹ ਇਸ ਗੱਲ ਬਾਰੇ ਵੀ ਚਰਚਾ ਕਰ ਦਿੰਦਾ ਕਿ ਉਸ ਨੇ ਅਰਤਿੰਦਰ ਸੰਧੂ ਦੇ ਪੰਦਰਾਂ ਕਾਵਿ ਸੰਗ੍ਰਿਹਾਂ ਵਿਚੋਂ ਸਿਰਫ ਤਿੰਨ ਵਿਚੋਂ ਹੀ ਕਵਿਤਾਵਾਂ ਦੀ ਚੋਣ ਕਿਉਂ ਕੀਤੀ ਹੈ?
160 ਪੰਨਿਆਂ ਅਤੇ 250 ਰੁਪਏ ਮੁੱਲ ਵਾਲੀ ਪ੍ਰਸਤੁਤ ਪੁਸਤਕ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਦਾ ਸਵਰਕ ਅਤੇ ਛਪਾਈ ਪ੍ਰਭਾਵਿਤ ਕਰਦੀ ਹੈ। ਅਰਤਿੰਦਰ ਸੰਧੂ ਦੀਆਂ ਕਵਿਤਾਵਾਂ ਅਤੇ ਡਾ.ਮੋਹਨ ਸਿੰਘ ਤਿਆਗੀ ਵੱਲੋਂ ਅਰਤਿੰਦਰ ਸੰਧੂ ਦੀ ਕਾਵਿ ਕਲਾ ਸੰਬੰਧੀ ਸਾਰਥਕ ਟਿੱਪਣੀਆਂ ਪੜ੍ਹਨ ਯੋਗ ਹਨ।
ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ
001-604-369-2371