ਸਭ ਨੂੰ ਰਿਉੜੀਆਂ ਵਰਗੀ ਸਾਸਰੀ ਕਾਲ ਬਈ। ਅਸੀਂ ਮੀਂਹ ਵਰਗੇ ਹਾਂ। ਰੱਬ, ਤੁਹਾਨੂੰ, ਬਰਫਾਂ, ਹੜ੍ਹਾਂ ਅਤੇ ਜੰਗਲ ਦੀ ਅੱਗ ਤੋਂ ਬਚਾਵੇ। ਅੱਗੇ ਸਮਾਚਾਰ ਇਹ ਹੈ ਕਿ ਭਾਰਤ ਬੰਦ ਆਲੇ ਦਿਨ ਤੜਕੇ ਈ ਲੂਣਾ ਆ ਬਹੁੜਿਆ। ‘ਲੂਣਾ-ਦੋਧੀ। ਉਹਦੀ ਇਹ ਮਜਬੂਰੀ
ਚ ਸਾਲਾਨਾ ਛੁੱਟੀ ਸੀ। ਕਹਿੰਦਾ, “ਲੈ ਭਾਈ ਤੂੰ ਰੋਜ ਮੇਰੇ ਕੋਲੋਂ ਪੁੱਛਦਾ ਰਹਿੰਨੈਂ, ਮੇਰੇ ਬਾਰੇ, ਅੱਜ ਪੁੱਛ ਲੈ ਜੋ ਪੁੱਛਣੈ, ਕਰ ਲੈ ਰਾਂਝਾ ਰਾਜੀ।” ਲੈ ਬਈ ਚਾਹ ਦੀ ਆਵਾਜ਼ ਮਾਰ, ਮੈਂ ਪੁੱਛੀ ਗਿਆ, ਉਹ ਮਟਾਕ-ਮਟਾਕ, ਦੱਸੀ ਗਿਆ। ਉਹਦੇ ਬਿਆਨਾ ਮੁਤਾਬਿਕ, ਉਹ ਕੋਈ ਡੂਢ ਸੌ ਘਰਾਂ ਤੋਂ ਸਵੇਰੇ ਦੁੱਧ ਕੱਠਾ ਕਰਦਾ ਹੈ ਅਤੇ ਸ਼ਹਿਰ ਜਾ ਘਰ-ਘਰ ਵੰਡਦਾ ਹੈ। ਪਹਿਲਾਂ ਉਸਨੂੰ ਵਾਹਵਾ ਔਖਾ ਲੱਗਦਾ ਸੀ, ਹੁਣ ਜਨੂੰਨ ਹੋ ਗਿਐ। ਵਾਹ ਲੱਗਦੇ ਉਹ ਨਾਗਾ ਨੀ ਪਾਂਉਂਦਾ। ਮੀਂਹ, ਹਨੇਰੀ, ਠੰਡ, ਧੁੱਪ, ਬੰਦ, ਕਰੋਨਾ, ਹੜਤਾਲ ਵੇਲੇ ਵੇਲਾ-ਕੁਵੇਲਾ ਕਰ, ਡਾਂਡੇ-ਮੀਂਡੇ ਰਾਹਾਂ ਤੇ ਹੋ, ਡਿੱਗਦਾ-ਢਹਿੰਦਾ, ਗਾਹਕਾਂ ਕੋਲ ਅੱਪੜ ਜਾਂਦਾ ਹੈ। ਲੋਕਾਂ ਨੂੰ ਉਸ ਤੇ ਅਤੇ ਦੁੱਧ ਤੇ ਵਿਸ਼ਵਾਸ਼ ਬੱਝ ਗਿਆ ਹੈ, ਬਾਹਲੇ ਘਰ ਤਾਂ ਪੰਦਰਾਂ-ਵੀਹ ਸਾਲਾਂ ਤੋਂ ਲਗਾਤਾਰ ਚੱਲ ਰਹੇ ਹਨ। ਮੇਰੇ ਇਸ ਸਵਾਲ ਦੇ ਜਵਾਬ ਵਿੱਚ, “ਕੀ ਮੁਸ਼ਕਲਾਂ ਨੀਂ ਆਂਉਂਦੀਆਂ?" ਉਸਨੇ ਹੱਸ ਕੇ ਕਿਹਾ, “ਰੋਜ ਹੀ ਆਂਉਂਦੀਆਂ ਹਨ, ਮੌਸਮ ਦੀਆਂ, ਦੋ-ਤਿੰਨ ਵਾਰ ਡਿੱਗ ਪਿਆ, ਸੱਟਾਂ ਲੱਗ ਗੀਆਂ, ਪੁਲਸ ਨੇ ਘੇਰਿਆ, ਕਈ ਪੈਸੇ ਮਾਰ ਗੇ, ਦੋ-ਤਿੰਨ ਵਾਰ ਰਾਹ
ਚ ਲੁੱਟਿਆ ਵੀ ਗਿਆ- ਪਰ ਮੈਂ ਡੋਲਿਆ ਨੀਂ।
ਬੀਮਾਰ ਹੋ ਜਾਂ ਤਾਂ ਗੋਲੀ-ਟੀਕਾ ਕਰਾ ਚੱਲ ਪੈਨਾਂ, ਆਪੇ ਠੀਕ ਹੋ ਜਾਂਦੈ। ਹੁਣ ਕੰਮ ਬਿਨਾਂ ਜੀਅ ਨੀਂ ਲੱਗਦਾ। ਅੱਜ ਵੀ ਆਥਣ ਆਲਾ ਗੇੜਾ ਤਾਂ ਲਾਂਊਂਗਾ।” ਚੰਗੇ ਤਜਰਬਿਆਂ ਬਾਰੇ ਦੱਸਦੈ, “ਬਈ ਰੰਗ-ਬਰੰਗੇ ਲੋਕ ਮਿਲਦੇ ਹਨ, ਹਰ ਰੋਜ਼ ਕਹਾਣੀਆਂ ਵੇਖਦਾਂ, ਇਨ੍ਹਾਂ ਉੱਤੇ ਗੀਤ ਬਣਾ ਕੇ, ਗੁਣ-ਗੁਣਾਂਉ਼ਦਾ ਰਹਿੰਨਾ। ਘਰ-ਘਰ ਜਾ ਵਾਜਾਂ ਮਾਰਦਾਂ ‘ਸਰ ਜੀ ਦੁੱਧ ਲੈ ਜੋ, ‘ਆ ਜੋ ਭਾਈ ਛੇਤੀ
, ਮਿਲਨਾ-ਗਿਲਨਾ, ਗੱਲਾਂ ਕਰਨੀਆਂ, ਟਿਕਾਣੇ ਉੱਤੇ ਚਾਹ ਪੀਣੀ, ਪੈਸੇ ਚ ਖੇਡੀਦਾ, ਹੌਂਸਲਾ ਰਹਿੰਦੈ, ਸ਼ਹਿਰ ਦੁਕਾਨ ਲੈ ਲੀ ਐ, ਬੱਸ ਚੱਲ ਸੋ ਚੱਲ ਐ। ਕਈ ਰਾਹੁਲ, ਸਰਬੀ ਅੰਕਲ, ਪਤਲੀ ਆਂਟੀ, ਚੰਨਾ ਹਲਵਾਈ, ਸੁਰਜੀਤ ਪ੍ਰਧਾਨ, ਸੇਠੀ ਸਾਹਬ ਵਰਗੇ ਰੌਣਕ ਲਾਈ ਰੱਖਦੇ ਐ, ਹਰ ਪਾਸੇ ‘ਲੂਣਾ-ਲੂਣਾ
ਹੋਈ ਪਈ ਐ। ਵੱਡਿਆਂ ਦੀ ਝੇਫ ਝੱਲ ਕੇ ਤੁੜਕਦੇ ਫਿਰਦੇ ਆਂ, ਥੋੜਾ ਪੜ੍ਹੇ ਸੀ ਪਰ ਰੱਬ ਨੇ ਮਿਹਨਤ ਨੂੰ ਰੰਗ-ਭਾਅ ਲਾ, ਕੱਚਿਆਂ ਨੂੰ ਪੱਕਿਆਂ ਦੇ ਭਾਅ ਵਿਕਾਤਾ…..।” ਅਜੇ ਲੂਣਾ ਦੱਸ ਹੀ ਰਿਹਾ ਸੀ ਕਿ ਚਾਹ ਆ ਗੀ ਅਤੇ ਅਸੀਂ ਠੰਡ ਚ ਗਰਮੀ ਪੈਦਾ ਕਰਨ ਲੱਗੇ। ਹੋਰ, ਹਰ ਪਾਸੇ ਹਰੀ ਚਾਦਰ ਹੈ। ਕਈ ਹਿੰਮਤੀ ਬਾਹਰੋਂ ਆ ਕੇ ਲੋਹੜੀ ਅਤੇ ਵਿਆਹਾਂ
ਚ ਰੌਣਕ ਲਾ ਰਹੇ ਹਨ।
ਪੰਜਾਬੀ ਪੇਂਡੂ ਸ਼ਬਦਾਂ ਅਤੇ ਵਾਕਾਂ ਦੇ ਰੰਗ ਵੇਖੋ, ਘਾਲੋਂ, ਧੂੰਏਂ ਦੇ ਪੱਜ, ਯਵਕਲ ਪਾਣੀ, ਲਾਗੇ ਲੱਗਣੇ, ਪੜਗਾਹ ਕਰਨੀ, ਅੱਟਾ-ਸੱਟਾ ਲਾ ਕੇ, ਵਿਗੋਚਾ, ਥੋਥਲ, ਜਵਕਾ ਐਥੇ ਵੱਜਿਆ, ਰਾਮਦਾਰੀ ਭੱਦਰਕਾਰੀ। ਸੱਚ, ਪਰਤਾਪ ਸਿੰਘ ਬਰਾੜ ਨੇ ਕੈਨੇਡਾ ਚ ਪੈ ਰਹੀ ਸਰਫ ਬਾਰੇ ਲਿਖਿਐ। ਚੰਗਾ, ਲੋਹੜੀ ਮਗਰੋਂ ਹੁਣ 26 ਜਨਵਰੀ ਦੀਆਂ ਤਿਆਰੀਆਂ ਹਨ। ਚੜ੍ਹਦੀ ਕਲਾ ਵਿੱਚ ਰਹੋ। ਮਿਲਾਂਗੇ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061