ਪੰਜਾਬੀ ਭਾਸ਼ਾ : ਇਕ ਸੁਹਜਾਤਮਕ ਅਨੁਭਵ

ਪੰਜਾਬੀ ਭਾਸ਼ਾ ਪੰਜ ਆਬਾਂ ਦੀ ਧਰਤੀ ਭਾਵ ਪੰਜਾਬ ਦੀ ਭਾਸ਼ਾ ਹੈ। ਪੰਜਾਬ ਦੇ ਬਸ਼ਿੰਦੇ ਸਦੀਆਂ ਤੋਂ ਪੰਜਾਬੀ ਮਾਂ ਬੋਲੀ ਨਾਲ ਇੰਝ ਜੁੜੇ ਹਨ, ਜਿਵੇਂ ਨੌਹਾਂ ਨਾਲ ਮਾਸ ਜੁੜਿਆ ਹੁੰਦਾ ਹੈ। ਪੰਜਾਬ ਦੇ ਜਾਇਆਂ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਏ ਇਸ ਗੂੜੇ ਰਿਸ਼ਤੇ ਸਦਕਾ ਹੀ ਇਹ ਬੋਲੀ ਅਮਰ ਰਸ ਨਾਲ ਲਵਰੇਜ਼ ਜ਼ੁਬਾਨ ਬਣ ਗਈ ਹੈ। ਫਿਰ ਚਾਹੇ ਸਮੇਂ—ਸਮੇਂ ‘ਤੇ ਅਨੇਕਾਂ ਹਮਲਾਵਰਾਂ ਨੇ ਜਾਂ ਫਰੰਗੀ ਸਰਕਾਰਾਂ ਨੇ ਪੰਜਾਬ ਉੱਤੇ ਰਾਜ ਕੀਤਾ, ਪਰ ਉਹ ਪੰਜਾਬ ਤੋਂ ਪੰਜਾਬੀ ਨੂੰ ਵੱਖ ਨਹੀਂ ਕਰ ਸਕੇ।


ਪੰਜਾਬੀ ਭਾਸ਼ਾ ਦੇ ਸੁਹਜ ਨੇ ਹਰ ਇਕ ਦੇ ਮਨ ਨੂੰ ਟੁੰਬਿਆ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਇਹ ਜ਼ੁਬਾਨ ਬੜੀ ਤੇਜ਼ੀ ਨਾਲ ਦੇਸ਼ਾਂ—ਵਿਦੇਸ਼ਾਂ ਵਿਚ ਬੋਲੀ ਜਾਣ ਵਾਲੀ ਹਰਮਨ ਪਿਆਰੀ ਭਾਸ਼ਾ ਦਾ ਰੂਪ ਲੈ ਰਹੀ ਹੈ। ਪੰਜਾਬੀ ਦੇ ਮੂੰਹ ਤੋਂ ਨਿਕਲੀ ਇਹ ਪੰਜਾਬੀ ਬੋਲੀ ਅਕਸਰ ਸੀਨੇ ਨੂੰ ਧਰਵਾਸਦੀ ਹੈ ਤੇ ਦਿਲ ਨੂੰ ਸੁਹਜਾਤਮਕ ਅਨੁਭਵ ਨਾਲ ਭਰ ਦਿੰਦੀ ਹੈ। ਇਥੇ ਸੁਹਜ ਤੋਂ ਮੁਰਾਦ ਖੂਬਸੂਰਤੀ ਤੋਂ ਹੈ। ਕਈ ਵਿਦਵਾਨਾਂ ਨੇ ਸੁਹਜ ਦੇ ਅਰਥਾਂ ਨੂੰ ਸਪਸ਼ਟ ਕਰਨ ਦਾ ਮੁਕੰਮਲ ਯਤਨ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਡਾ. ਜੋਗਾ ਸਿੰਘ ਹਨ। ਡਾ. ਸਾਹਿਬ ਅਨੁਸਾਰ, ਸੁਹਜਵਾਦ ਕੇਵਲ ਸੁਹਜ—ਗਿਆਨ ਜਾਂ ਸੁੰਦਰਤਾ ਬਾਰੇ ਅਨੁਭਵ ਦੇ ਦਾਇਰੇ ਵਿਚ ਹੀ ਸੀਮਿਤ ਨਹੀਂ ਹੈ ਸਗੋਂ ਸੁਹਜਵਾਦੀ ਕਥਨੀ ਦੇ ਨਾਲ ਨਾਲ ਕਰਣੀ ਵਿਚ ਸੁਹਜਮਈ ਹੁੰਦਾ ਹੈ, ਅਰਥਾਤ ਉਸ ਦੀਆਂ ਕਿਰਤਾਂ ਵਿਚੋਂ ਸੁੰਦਰਤਾ ਦਾ ਪ੍ਰਤੱਖ ਦਰਸ਼ਨ ਹੁੰਦਾ ਹੈ। ਇਸ ਨੂੰ ਸੁਹਜਾਤਮਕ ਵਿੱਥ (aesthetic distance) ਵੀ ਆਖਦੇ ਹਨ।


ਪੰਜਾਬੀ ਜ਼ੁਬਾਨ ਵਿਚਲਾ ਸੁਹਜ ਕਾਬਿਲੇ ਤਾਰੀਫ਼ ਹੈ ਜੋ ਅਪਣਤ ਭਾਵ ਨਾਲ ਭਰਿਆ ਹੋਇਆ ਹੈ। ਸੋ ਜਦੋਂ ਵੀ ਕਿਸੇ ਪੰਜਾਬੀ ਦੇ ਰੂਬਰੂ ਹੋਈਏ ਤਾਂ ਆਪਣੇਪਨ ਦਾ ਭਾਵ ਜ਼ਰੂਰ ਮਹਿਸੂਸ ਹੁੰਦਾ ਹੈ। ਬੇਸ਼ਕ ਹੁਣ ਦਾ ਪੰਜਾਬ ਆਪਣੀ ਪੁਰਾਤਨ ਭੂਗੋਲਿਕ ਸਥਿਤੀ ਵਰਗਾ ਨਹੀਂ ਰਿਹਾ। ਕਿਉਂ ਜੋ ਸਮੇਂ ਸਮੇਂ ਉੱਤੇ ਪੰਜਾਬ ਦੀ ਧਰਤੀ ਨੂੰ ਵੱਢਿਆ ਤੇ ਵੰਡਿਆ ਗਿਆ ਹੈ। ਪਰ ਆਪਣੀ ਭਾਸ਼ਾ ਦੇ ਸੁਹਜ ਸੁਆਦ ਕਰਕੇ ਇਹ ਵਿਸ਼ਵ ਵਿਚ ਰਸ—ਵਸ ਰਿਹਾ ਹੈ।


ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਗੁਰਮੁਖੀ ਲਿਪੀ ਵਿਚਲੇ ਵਿਅੰਜਨਾਂ ਤੇ ਸਵਰਾਂ ਨਾਲ ਜੁੜਿਆ ਇਕ ਸੁਹਜਾਤਮਕ ਪੱਖ ਇਹ ਹੈ ਕਿ ਇਨ੍ਹਾਂ ਵਿਅੰਜਨਾਂ ਤੇ ਸਵਰਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕਲਮ ਨੇ ਘੜਿਆ ਸੀ ਭਾਵ ਕਿ ਗੁਰੂ ਸਾਹਿਬ ਤੋਂ ਇਸ ਲਿਪੀ ਦਾ ਵਿਕਾਸ ਤੇ ਵਿਗਾਸ ਹੋਇਆ। ਗੁਰੂ ਸਾਹਿਬਾਨ ਦੇ ਮੁੱਖ ਤੋਂ ਉਚਾਰੇ ਜਾਣ ਕਾਰਨ ਹੀ ਇਸਨੂੰ ਗੁਰਮੁਖੀ ਦਾ ਨਾਂ ਦਿੱਤਾ ਗਿਆ ਹੈ।


ਦੋ ਹਿੱਸਿਆਂ ਵਿਚ ਵੰਡਿਆ ਪੱਛਮੀ ਤੇ ਪੂਰਬੀ ਪੰਜਾਬ ਅੱਜ ਵੀ ਪੰਜਾਬੀ ਭਾਸ਼ਾ ਦੀ ਬਦੋਲਤ ਇਕੋ ਪੰਜਾਬ ਨਜ਼ਰ ਆਉਂਦਾ ਹੈ। ਪੱਛਮੀ ਪੰਜਾਬ ਵਿਚ ਇਸਲਾਮੀ ਮਜ਼ਬ ਦੇ ਪਹਿਚਾਣ ਵਾਲੇ ਅਤੇ ਪੂਰਬੀ ਪੰਜਾਬ ਵਿਚ ਸਿੱਖ ਤੇ ਹਿੰਦੂ ਧਰਮ ਨਾਲ ਸੰਬੰਧਿਤ ਪੰਜਾਬੀ ਵਸਦੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਲਹਿੰਦੇ ਪੰਜਾਬ ਦੇ ਇਸਲਾਮੀ ਜਦੋਂ ਮੁਹੱਬਤ ਨਾਲ ਪੰਜਾਬੀ ਜ਼ੁਬਾਨ ਵਿਚ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਪੰਜਾਬੀ ਭਾਸ਼ਾ ਬੋਲਣ ਦਾ ਲਹਿਜ਼ਾ ਮਨ ਨੂੰ ਕੀਲ ਕੇ ਰੱਖ ਦਿੰਦਾ ਹੈ।


ਪੰਜਾਬੀ ਭਾਸ਼ਾ ਸਤਿਕਾਰ, ਅਦਬ, ਲਿਆਕਤ, ਖੁੱਲਦਿਲੀ, ਦਲੇਰੀ ਤੇ ਹੱਲਾਸ਼ੇਰੀ ਨਾਲ ਭਰੀ ਬੋਲੀ ਹੈ। ਇਸ ਬੋਲੀ ਨੇ ਖੁਦ ਨੂੰ ਜੀਊਂਦਾ ਰੱਖਣ ਲਈ ਕਦੇ ਵੱਡੇ ਸੰਘਰਸ਼ਾਂ ਨਾਲ ਮੱਥਾ ਲਾਇਆ ਤਾਂ ਕਦੇ ਮੁਹੱਬਤ ਨੂੰ ਦਿਲਾਂ ਵਿਚ ਕਾਇਮ ਰੱਖਣ ਲਈ ਅਨੇਕਾਂ ਕਿੱਸਿਆਂ ਦੀ ਸੈਰ ਵੀ ਕੀਤੀ ਹੈ। ਕਦੇ ਇਹ ਬੋਲੀ ਚਰਖੇ ਦੇ ਘੁੰਗਰੂਆਂ ਨਾਲ ਸੁਰ ਫੜਦੀ ਵਿਹੜਿਆਂ ਵਿਚ ਰੁਮਕਦੀ ਹੈ ਤੇ ਕਦੇ ਬਲਦ ਦੌੜ ਮੁਕਾਬਲਿਆਂ ਵਿਚ ਦੌੜਦੇ ਬਲਦਾਂ ਦੀਆਂ ਧੂੜਾਂ ਵਿਚ ਹੱਲਾਸ਼ੇਰੀ ਨਾਲ ਗੱੜਕਦੀ ਹੈ। ਪੰਜਾਬੀ ਬੋਲੀ ਦੀ ਇਹ ਪਾਕਿਜ਼ਗੀ ਹੈ ਕਿ ਇਹ ਗੁਰਬਾਣੀ ਦਾ ਰੂਪ ਧਾਰਕੇ ਰੱਬੀ ਸੋਹਲੇ ਵੀ ਖੂਬ ਗਾਉਂਦੀ ਹੈ। ਇਹ ਅਜਿਹੀ ਭਾਸ਼ਾ ਹੈ ਜਿਸ ਨੇ ਖੁਸ਼ਕ ਹਵਾਵਾਂ ਵਿਚ ਜੀਅ ਕੇ ਵੀ ਪਿਆਰ ਦੇ ਰੰਗ ਵਿਚ ਹਰੇਕ ਮਨ ਰੰਗਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਸੋ ਇੰਝ ਕਹਿਣ ਵਿਚ ਕੋਈ ਗੁਰੇਜ਼ ਨਹੀਂ ਕਿ ਪੰਜਾਬੀ ਬੋਲੀ ਸਾਫ ਸੁਥਰੀ ਨੀਅਤ ਦੀ ਧਾਰਨੀ ਹੈ।


ਪੰਜਾਬੀ ਇਕ ਅਮੀਰ ਵਿਰਾਸਤ ਦੀ ਅਮੀਰ ਜ਼ੁਬਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੋ ਜਾਣ ਕਾਰਨ ਗੁਰਮੁਖੀ ਲਿਪੀ ਦਾ ਕੱਦ ਵੱਡਾ ਹੋ ਚੁੱਕਾ ਹੈ। ਜਿਸ ਕਾਰਨ ਇਹ ਬਹੁਤ ਸਤਿਕਾਰਯੋਗ ਤੇ ਉੱਚੀ—ਸੁੱਚੀ ਲਿਪੀ ਮੰਨੀ ਗਈ ਹੈ। ਪੰਜਾਬੀ ਜ਼ੁਬਾਨ ਰੱਬੀ ਗਿਆਨ ਦੇ ਪ੍ਰਕਾਸ਼ ਨਾਲ ਪ੍ਰਕਾਸ਼ਮਾਨ ਹੋ ਕੇ ਜ਼ਹਿਨ ਅੰਦਰ ਡੂੰਘਾ ਅਸਰ ਕਰਦੀ ਹੈ।


ਪੰਜਾਬੀ ਬੋਲੀ ਦਾ ਇਕ ਸੁਹਜਾਤਮਕ ਪੱਖ ਇਹ ਵੀ ਹੈ ਕਿ ਇਹ ਬੋਲੀ ਪੰਜ ਆਬਾਂ ਦੇ ਪਾਣੀਆਂ ਦੀ ਤਰ੍ਹਾਂ ਸੀਤਲ ਹੈ ਤੇ ਨਿਰੰਤਰ ਵਹਿਣ ਵਿਚ ਯਕੀਨ ਰੱਖਦੀ ਹੈ। ਬੇਸ਼ਕ ਪੰਜਾਬੀ ਭਾਸ਼ਾ ਨੇ ਸਮੇਂ ਦੇ ਕਈ ਬਦਲਾਵ ਵੇਖੇ, ਪਰ ਇਹ ਪੀੜੀ ਦਰ ਪੀੜੀ ਅਗਾਂਹ ਵਿਕਾਸ ਕਰ ਰਹੀ ਹੈ। ਇੱਥੇ ਬਦਲਾਵ ਤੋਂ ਭਾਵ ਵਿਕਸਿਤ ਹੋ ਰਹੇ ਤਕਨੀਕੀ ਯੁੱਗ ਤੋਂ ਹੈ।


ਮਹਾਨ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਗਾਸ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਜਿੱਥੇ ਪ੍ਰੋ. ਪੂਰਨ ਸਿੰਘ ਤੇ ਭਾਈ ਵੀਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਜ਼ਰੀਏ ਰਹੱਸਵਾਦੀ ਵਿਚਾਰਧਾਰਾ ਨੂੰ ਸਮਾਜ ਵਿਚ ਪ੍ਰਫੁੱਲਤ ਕੀਤਾ, ਉੱਥੇ ਹੀ ਵਾਰਿਸ ਸ਼ਾਹ ਵਰਗੇ ਕਿੱਸੇਕਾਰਾਂ ਨੇ ਪੰਜਾਬੀ ਭਾਸ਼ਾ ਵਿਚ ਮੁਹੱਬਤ ਦੇ ਅਸਰ ਨੂੰ ਗੁੰਦਕੇ ਜਨ ਸਧਾਰਨ ਤੱਕ ਪਹੁੰਚਾ ਦਿੱਤਾ। ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਪ੍ਰੋ. ਪ੍ਰੀਤਮ ਸਿੰਘ, ਪ੍ਰੋ ਮੋਹਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਡਾ. ਤਾਰਨ ਸਿੰਘ, ਗੁਰਮੇਲ ਸਰਾਂ ਆਦਿ ਅਜਿਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੇ ਤਾਅ ਉਮਰ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਅਤੇ ਸ਼ਬਦਾਂ ਨੂੰ ਨਵੇਂ ਅਰਥਾਂ ਵਿਚ ਘੜ—ਘੜਕੇ ਇਸਦੇ ਸੁਹਜ ਸੁਆਦ ਨੂੰ ਲੋਕ ਮਨਾਂ ਵਿਚ ਉਤਾਰਨ ਦਾ ਸਫ਼ਲ ਪ੍ਰਯਾਸ ਕੀਤਾ ਹੈ।


ਜੇਕਰ ਕਿਸੇ ਮੁਲਕ ਨੂੰ ਬਾਰੀਕੀ ਨਾਲ ਸਮਝਣਾ ਹੋਵੇ ਤਾਂ ਓਥੋਂ ਦੀ ਭਾਸ਼ਾ ਨੂੰ ਵਾਚਣਾ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਭਾਸ਼ਾ ਹੀ ਇਕੋ—ਇਕ ਅਜਿਹਾ ਮਾਧਿਅਮ ਹੈ, ਜਿਸ ਨਾਲ ਸੰਬੰਧਿਤ ਮੁਲਕ ਦੀ ਸੱਭਿਅਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਪੰਜਾਬੀ ਸਭਿਆਚਾਰ, ਰਸਮ—ਰਿਵਾਜ਼ਾਂ, ਰੂਹ—ਰੀਤਾਂ, ਰਹਿਣੀ—ਸਹਿਣੀ, ਲੋਕ ਨਾਚ ਤੇ ਲੋਕ ਗੀਤਾਂ ਵਿਚ ਸੰਪੂਰਨ ਤੋਰ ਤੇ ਰਚੀ—ਮਚੀ ਹੋਈ ਭਾਸ਼ਾ ਹੈ। ਸੋ ਜੇਕਰ ਪੰਜਾਬ ਰਾਜ ਨੂੰ ਡੂੰਘਾਈ ਵਿਚ ਸਮਝਣਾ ਹੋਵੇ ਤਾਂ ਪੰਜਾਬੀ ਭਾਸ਼ਾ ਦੇ ਰੂਬਰੂ ਹੋ ਕੇ ਪੰਜਾਬ ਸੰਬੰਧੀ ਸੰਪੂਰਨ ਜਾਣਕਾਰੀ ਨੂੰ ਅਸਾਨੀ ਨਾਲ ਇੱਕਠਾ ਕੀਤਾ ਜਾ ਸਕਦਾ ਹੈ।


ਪੰਜਾਬੀ ਭਾਸ਼ਾ ਵਿਚ ਹੁਨਰ ਤੇ ਖੂਬਸੂਰਤੀ ਹੈ ਕਿ ਪੰਜਾਬੀ ਲੋਕ ਆਪਣੀ ਪੰਜਾਬੀਅਤ ਨੂੰ ਮੁਹੱਬਤ ਕਰਦੇ ਹਨ ਤੇ ਆਪਣੀ ਭਾਸ਼ਾ ਉੱਤੇ ਮਾਣ ਕਰਦੇ ਹਨ। ਪੰਜਾਬੀ ਦੇ ਜਾਏ, ਪੰਜਾਬੀ ਜ਼ੁਬਾਨ ਬੋਲ ਕੇ ਹੀ ਰੱਜ ਮਹਿਸੂਸ ਕਰਦੇ ਹਨ। ਕਿਸੇ ਹੋਰ ਮੁਲਕ ਦੀ ਭਾਸ਼ਾ ਪੰਜਾਬੀਆਂ ਨੂੰ ਲੰਮੇ ਸਮੇਂ ਤੱਕ ਲੁਬਾਂ ਨਹੀਂ ਸਕਦੀ। ਫਿਰ ਚਾਹੇ ਪੰਜਾਬੀ ਕਿਸੇ ਵੀ ਮੁਲਕ ਵਿਚ ਵਿਚਰਦੇ ਹੋਣ, ਪਰ ਆਪਣੀ ਪੀੜ ਤੇ ਨਿਸ਼ਠਾ ਨੂੰ ਆਪਣੀ ਮਾਤ—ਭਾਸ਼ਾ ਵਿਚ ਹੀ ਸਾਂਝਾ ਕਰਨ ਨੂੰ ਤਰਜ਼ੀਹ ਦੇ ਕੇ ਸੰਤੁਸ਼ਟ ਹੁੰਦੇ ਹਨ। ਇਸ ਤਰ੍ਹਾਂ ਪੰਜਾਬੀ ਲੋਕ ਆਪਣੀ ਮਾਤ—ਭਾਸ਼ਾ ਪੰਜਾਬੀ ਦੀ ਗੁੜ੍ਹਤੀ ਲੈ ਕੇ ਫਿਰ ਪੰਜਾਬੀ ਦੀ ਉਂਗਲ ਫੜ੍ਹ ਕੇ ਹੀ ਤੁਰਨਾ ਸਿਖਦੇ ਨੇ, ਜੁਆਨੀਆਂ ਮਾਣਦੇ ਨੇ ਤੇ ਅੰਤ ਵੇਲੇ ਨੂੰ ਇਸੇ ਮਾਤ—ਭਾਸ਼ਾ ਦੀ ਆਗੋਸ਼ ਵਿਚ ਫਨਾ ਹੋਣਾ ਪਸੰਦ ਕਰਦੇ ਹਨ।


ਪੰਜਾਬੀ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਵਿਅੰਜਨ ਹਨ। ਮਨੁੱਖੀ ਮਨ ਵਿਚੋਂ ਉਪਜਣ ਵਾਲੇ ਹਰ ਤਰ੍ਹਾਂ ਦੇ ਭਾਵ ਨੂੰ ਵਿਅਕਤ ਕਰਨ ਲਈ ਪੰਜਾਬੀ ਭਾਸ਼ਾ ਕਾਬਿਲੇ ਤਾਰੀਫ਼ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਵੀ ਪੰਜਾਬ ਰਾਜ ਅੰਦਰ ਅਖ਼ਬਾਰ, ਰਸਾਲੇ, ਰੇਡੀਓ ਅਤੇ ਟੀ.ਵੀ. ਸ਼ੋਅ ਆਦਿ ਅੰਦਰ ਪੰਜਾਬੀ ਮਾਤ—ਭਾਸ਼ਾ ਨੂੰ ਹੀ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬ ਦੇ ਬਸ਼ਿੰਦੇ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਦੇ ਦਿਲ ਉੱਤੇ ਰਾਜ ਕੇਵਲ ਆਪਣੀ ਮਾਤ—ਭਾਸ਼ਾ ਦਾ ਹੀ ਹੁੰਦਾ ਹੈ।


ਪੰਜਾਬੀ ਸਭਿਆਚਾਰ, ਲੋਕ—ਗੀਤ, ਰਹਿਣੀ—ਸਹਿਣੀ, ਮੇਲੇ ਤੇ ਤਿਉਹਾਰਾਂ ਨੂੰ ਨਵੇਂ ਅਰਥ ਦਿੰਦੀ, ਪੰਜਾਬੀ ਜ਼ੁਬਾਨ ਵਿਚੋਂ ਸਦਾ ਤਾਜ਼ੇ ਫੁੱਲਾਂ ਦੀ ਖੁਸ਼ਬੂ ਮਹਿਕਦੀ ਹੀ ਰਹੇਗੀ। ਇਹ ਕਦੇ ਨਹੀਂ ਹੋ ਸਕਦਾ ਕਿ ਖੇਤਾਂ ਵਿਚੋਂ ਬਰਸੀਨ ਵੱਢਦੇ ਨੋਜਵਾਨ ਤੇ ਸਰੋਂ ਦੀਆਂ ਕੱਚੀਆਂ ਗੰਦਲਾਂ ਨੂੰ ਤੋੜਦੀਆਂ ਮੁਟਿਆਰਾਂ ਪੰਜਾਬੀ ਭਾਸ਼ਾ ਦੇ ਸੁਹਜ ਸੁਆਦਾਂ ਨੂੰ ਮਾਣੇ ਬਿਨਾਂ ਹੀ ਜੁਆਨੀ ਕੱਟ ਜਾਣ। ਪੰਜਾਬੀ ਭਾਸ਼ਾ ਭਖਦੇ ਸੂਰਜ ਵਰਗੀ ਹੈ ਜਿਸ ਨੇ ਕਦੇ ਨਹੀਂ ਬੁਜਣਾ। ਇਹ ਭਾਸ਼ਾ ਪੂਰੇ ਵਿਸ਼ਵ ਨੂੰ ਰੋਸ਼ਨ ਕਰਨ ਦੀ ਤਾਕਤ ਰੱਖਦੀ ਹੈ। ਪੰਜਾਬੀ ਭਾਸ਼ਾ ਤੇ ਇਸਦੀ ਸੁਹਜਤਾ ਇੰਝ ਹੀ ਸਦੀਵੀ ਬਰਕਰਾਰ ਰਹੇਗੀ ਜਿਵੇਂ ਦੀ ਮੁੱਢ ਕਦੀਮਾ ਤੋਂ ਬਰਕਰਾਰ ਰਹੀ ਹੈ।

ਰਜਿੰਦਰ ਕੌਰ
ਰਿਸਰਚ ਸਕਾਲਰ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।