ਅਮਰੀਕਾ ਦੇ ਫ਼ਿਲਮ, ਟੀ.ਵੀ. ਲੇਖਕਾਂ ਦੀ ਹੜਤਾਲ ਦਾ ਪ੍ਰਭਾਵ

ਲੇਖਕਾਂ ਦੀ ਹੜਤਾਲ ਕਾਰਨ ਅਮਰੀਕਾ ਵਿਚ ਫ਼ਿਲਮ ਉਦਯੋਗ ਦੀਆਂ ਸਰਗਰਮੀਆਂ ਠੱਪ ਹੋ ਗਈਆਂ ਹਨ ਅਜਿਹਾ ਪਹਿਲੀ ਵਾਰ ਵਾਪਰਿਆ ਹੈ। ਰਾਈਟਰਜ਼ ਗਿੱਲਡ ਆਫ਼ ਅਮਰੀਕਾ (WGA) ਨੇ 2 ਮਈ 2023 ਤੋਂ ਹੜਤਾਲ ʼਤੇ ਜਾਣ ਦਾ ਫ਼ੈਸਲਾ ਲਿਆ ਸੀ। ਇਸ ਦਾ ਅਰਥ ਇਹ ਹੈ ਕਿ ਹੜਤਾਲ ਆਰੰਭ ਹੋਣ ਉਪਰੰਤ ਉਹ ਕੋਈ ਵੀ ਟੀ.ਵੀ. ਸੀਰੀਅਲ ਦੀ ਨਵੀਂ ਕਿਸ਼ਤ ਜਾਂ ਫ਼ਿਲਮ ਦੀ ਕਹਾਣੀ ਨਹੀਂ ਲਿਖਣਗੇ। ਲੇਖਕਾਂ ਦੇ ਅਜਿਹਾ ਕਰਨ ਨਾਲ ਸੀਰੀਅਲਾਂ ਅਤੇ ਫ਼ਿਲਮਾਂ ਦਾ ਮੁਕੰਮਲ ਕੰਮ ਕਾਰ ਠੱਪ ਹੋ ਗਿਆ। ਸਾਰੇ ਕਾਮੇ-ਕਰਮਚਾਰੀ ਵਿਹਲੇ ਹੋ ਗਏ। ਮੀਡੀਆ ਵਿਚ ਚਾਰੇ ਪਾਸੇ ਹੜਤਾਲ ਦੀ ਚਰਚਾ ਹੋਣ ਲੱਗੀ। ਸੱਭ ਤੋਂ ਵੱਧ ਪ੍ਰਭਾਵਤ ਟੈਲੀਵਿਜ਼ਨ ਦੇ ਨਾਟਕ, ਕਾਮੇਡੀ ਸ਼ੋਅ, ਦੇਰ ਰਾਤ ਪ੍ਰਸਾਰਿਤ ਹੋਣ ਵਾਲੇ ਟਾਕ ਸ਼ੋਅ ਹੋਏ ਹਨ। ਨਵੀਆਂ ਫ਼ਿਲਮਾਂ ਦਾ ਨਿਰਮਾਣ-ਕਾਰਜ ਰੁਕ ਗਿਆ ਹੈ।

ˈਰਾਈਟਰਜ਼ ਗਿੱਲਡ ਆਫ਼ ਅਮੈਰਿਕਾˈ 11000 ਲੇਖਕਾਂ ਦੀ ਸ਼ਕਤੀਸ਼ਾਲੀ ਜਥੇਬੰਦੀ ਹੈ। ਇਹ ਉਹ ਲੇਖਕ ਹਨ ਜਿਹੜੇ ਟੈਲੀਵਿਜ਼ਨ ʼਤੇ ਰੋਜ਼ਾਨਾ ਪ੍ਰਸਾਰਿਤ ਹੋਣ ਵਾਲੇ ਸੀਰੀਅਲਾਂ ਦੀਆਂ ਸਕਰਿਪਟ ਮਿਲਦੇ ਹਨ। ਫ਼ਿਲਮਾਂ ਦੀਆਂ ਕਹਾਣੀਆਂ ਲਿਖਦੇ ਹਨ। ਵਾਰਤਾਲਾਪ ਲਿਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਂ, ਮਾਹੌਲ ਅਤੇ ਕੰਮ-ਢੰਗ ਬਦਲਣ ਨਾਲ ਆਨਲਾਈਨ ਮੀਡੀਆ ਤੇ ਮਨੋਰੰਜਨ ਦੇ ਇਸ ਯੁਗ ਵਿਚ ਬਤੌਰ ਲੇਖਕ ਉਨ੍ਹਾਂ ਦਾ ਮਹੱਤਵ ਘੱਟ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਮਾਂ ਕੰਮ ਕਰਨਾ ਪੈ ਰਿਹਾ ਹੈ ਪਰੰਤੂ ਮਿਹਨਤਾਨਾ ਘੱਟ ਦਿੱਤਾ ਜਾ ਰਿਹਾ ਹੈ।
ਦਰਅਸਲ ˈਰਾਈਟਰਜ਼ ਗਿੱਲਡ ਆਫ਼ ਅਮੈਰਿਕਾˈ ਦਾ ਅਮਰੀਕਾ ਵਿਚ ਫ਼ਿਲਮਾਂ ਅਤੇ ਟੈਲੀਵਿਜਨ ਦੀ ਤਿਆਰੀ ਲਈ ਸਟੂਡੀਓ ਅਤੇ ਹੋਰ ਸੇਵਾਵਾਂ ਮਹੱਈਆ ਕਰਨ ਵਾਲੀ ਜਥੇਬੰਦੀ ˈਅਲਾਈਂਸ ਆਫ਼ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਪ੍ਰੋਡਿਉਸਰਜ਼ˈ (AMPTP) ਨਾਲ ਲਿਖਤੀ ਸਮਝੌਤਾ ਸੀ। ਸਮਝੌਤਾ ਖ਼ਤਮ ਹੋ ਗਿਆ ਪਰੰਤੂ ਆਖ਼ਰੀ ਤਾਰੀਖ ਤੱਕ ਉਸ ਨੂੰ ਨਵਆਇਆ ਨਹੀਂ ਗਿਆ। ਕਿਉਂਕਿ ਦੋਹਾਂ ਧਿਰਾਂ ਦੀ ਮੰਗਾਂ ʼਤੇ ਸਹਿਮਤੀ ਨਹੀਂ ਬਣ ਸਕੀ।

ਇਸ ਹੜਤਾਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਫ਼ਿਲਮ ਅਤੇ ਟੈਲੀਵਿਜ਼ਨ ਪਰਦੇ ਦੇ ਅਦਾਕਾਰ ਵੀ ਇਸ ਵਿਚ ਸ਼ਾਮਲ ਹੋ ਗਏ। ਦੋ ਮਈ ਤੋਂ ਅੱਜ ਤੱਕ ਹੜਤਾਲ ਜਿਉਂ ਦੀ ਤਿਉਂ ਜਾਰੀ ਹੈ ਅਤੇ ਇਸਦੇ ਪ੍ਰਭਾਵ ਦਾ ਦਾਇਰਾ ਹੋਰ ਮੋਕਲਾ ਹੁੰਦਾ ਜਾ ਰਿਹਾ ਹੈ। ਕਈ ਸ਼ੋਅ ਰੱਦ ਕਰਨੇ ਪੈ ਰਹੇ ਹਨ। ਕਈ ਪ੍ਰੋਡਕਸ਼ਨ ਹਾਊਸ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ।

ਹੌਲੀਵੁਡ ਵਿਚ ਹੜਤਾਲਾਂ ਹੁੰਦੀਆਂ ਰਹਿੰਦੀਆਂ ਹਨ ਪਰੰਤੂ ਲੇਖਕਾਂ ਅਤੇ ਅਦਾਕਾਰਾਂ ਦੀ ਇਕੱਠੀ ਹੜਤਾਲ 63 ਸਾਲ ਬਾਅਦ ਹੋਈ ਹੈ। ˈਸਕਰੀਨ ਐਕਟਰਜ਼ ਗਿੱਲਡˈ ਨਾਲ ਇਕ ਲੱਖ ਸੱਤ ਹਜ਼ਾਰ ਕਲਾਕਾਰ ਜੁੜੇ ਹੋਏ ਹਨ ਜਿਸਨੇ ˈਰਾਈਟਰਜ਼ ਗਿੱਲਡ ਆਫ਼ ਅਮੈਰਿਕਾˈ ਦਾ ਸਾਥ ਦਿੱਤਾ ਹੈ। ਭਾਵੇਂ ਦੋਹਾਂ ਦੀਆਂ ਆਪਣੀਆਂ ਆਪਣੀਆਂ ਮੰਗਾਂ ਹਨ ਪਰ ਇਕੱਠੇ ਹੋਣ ਨਾਲ ਹੜਤਾਲ ਦਾ ਪ੍ਰਭਾਵ, ਦਾਇਰਾ ਤੇ ਮਹੱਤਵ ਵਧ ਗਿਆ ਹੈ।

ਇਸ ਹੜਤਾਲ ਦੇ ਅਨੇਕਾਂ ਪਹਿਲੂ ਹਨ। ਜਿੱਥੇ ਫ਼ਿਲਮ ਉਦਯੋਗ ʼਤੇ ਸੰਕਟ ਦੇ ਬੱਦਲ ਛਾ ਗਏ ਹਨ ਉਥੇ ਫ਼ਿਲਮ ਅਤੇ ਟੈਲੀਵਿਜ਼ਨ ਉਦਯੋਗ ਦੇ ਛੋਟੇ ਕਰਮਚਾਰੀ ਬਿਪਤਾ ਵਿਚ ਘਿਰ ਗਏ ਹਨ। ਉਨ੍ਹਾਂ ਦੀ ਰੋਟੀ ਰੋਜ਼ੀ ਮੁਸ਼ਕਲ ਵਿਚ ਪੈ ਗਈ ਹੈ। ਹੜਤਾਲ ਦਾ ਹੋਰ ਵੀ ਵਿਆਪਕ ਅਸਰ ਹੋ ਰਿਹਾ ਹੈ। ਹੜਤਾਲ ਵਿਚ ਸ਼ਾਮਲ ਸਾਰੀਆਂ ਧਿਰਾਂ ਫ਼ਿਲਮ ਫੈਸਟੀਵਲ, ਐਵਾਰਡ ਸ਼ੋਅ, ਪ੍ਰਮੋਸ਼ਨ ਗਤੀਵਿਧੀਆਂ ਅਤੇ ਅਜਿਹੇ ਹੋਰ ਪ੍ਰੋਗਰਾਮਾਂ ਦਾ ਬਾਈਕਾਟ ਕਰ ਰਹੀਆਂ ਹਨ।

ਟੈਲੀਵਿਜ਼ਨ ਚੈਨਲ ਪੁਰਾਣੀਆਂ ਕੜੀਆਂ ਦੁਹਰਾਉਣ ਲਈ ਮਜਬੂਰ ਹੋ ਗਏ ਹਨ। ਕੁਝ ਨੇ ਸੀਰੀਅਲਾਂ ਦਾ ਪ੍ਰਸਾਰਨ ਰੋਕ ਦਿੱਤਾ ਹੈ। ਫ਼ਿਲਮਾਂ ਦੀ ਰਲੀਜ਼ ਅੱਗੇ ਪਾਉਣੀ ਪੈ ਰਹੀ ਹੈ। ਬਹੁਤ ਸਾਰੇ ਹੋਰ ਕੰਮ-ਕਾਰੋਬਾਰ ਠੱਪ ਹੋ ਗਏ ਹਨ ਜਿਹੜੇ ਸਿੱਧੇ ਅਸਿੱਧੇ ਤੌਰ ʼਤੇ ਹੌਲੀਵੁਡ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਉਦਾਹਰਨ ਵਜੋਂ ਉਸ ਇਲਾਕੇ ਦੇ ਹੋਟਲ, ਰੈਸਟੋਰੈਂਟ ਅਤੇ ਆਵਾਜਾਈ ਦੇ ਸਾਧਨ।
ਹੜਤਾਲ ʼਤੇ ਗਏ ਲੇਖਕ ਬਦਲਦੇ ਹਾਲਾਤਾਂ ਮੁਤਾਬਕ ਵਧੇਰੇ ਮਿਹਨਤਾਨਾ ਚਾਹੁੰਦੇ ਹਨ। ਇਹ ਤਾਂ ਹੈ ਪਰੰਤੂ ਮਾਮਲਾ ਇਸ ਤੋਂ ਵਧੇਰੇ ਗੁੰਝਲਦਾਰ ਹੈ। ਫ਼ਿਲਮ ਅਤੇ ਟੈਲੀਵਿਜ਼ਨ ਬਜ਼ਾਰ ਵਿਚ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਅਕਸਰ ਹੁੰਦਾ ਇਹ ਹੈ ਕਿ ਲੇਖਕ ਨੂੰ ਇਕ ਵਾਰ ਸਕਰਿਪਟ ਦਾ ਮਿਹਨਤਾਨਾ ਦੇ ਦਿੱਤਾ ਜਾਂਦਾ ਹੈ। ਪਰੰਤੂ ਅੱਜ ਕਲ੍ਹ ਸ਼ੋਅ, ਲੜੀਵਾਰ ਅਤੇ ਹੋਰ ਪ੍ਰੋਗਰਾਮ ਕਈ ਵਾਰ ਵਿਖਾਏ, ਦੁਹਰਾਏ ਜਾਂਦੇ ਹਨ। ਉਦੋਂ ਲੇਖਕ ਨੂੰ ਲਾਂਭੇ ਰੱਖਿਆ ਜਾਂਦਾ ਹੈ। ਲੇਖਕ ਚਾਹੁੰਦੇ ਹਨ ਕਿ ਲਿਖਤੀ ਸਮਝੌਤੇ ਵਿਚ ਇਸਦਾ ਅਵੱਸ਼ ਜ਼ਿਕਰ ਕੀਤਾ ਜਾਏ। ਲੇਖਕ ਇਹ ਵੀ ਚਾਹੁੰਦੇ ਹਨ ਕਿ ਵੱਖ-ਵੱਖ ਚੈਨਲਾਂ ਅਤੇ ਹੋਰ ਮੰਚਾਂ ਜਿਵੇਂ ਨੈਂਟਫਲਿਕਸ, ਐਚਬੀਓ ਮੈਕਸ ਆਦਿ ਵੱਲੋਂ ਦਿੱਤੀ ਜਾਂਦੀ ਰਕਮ ਵਿਚ ਇਕਸਾਰਤਾ ਲਿਆਂਦੀ ਜਾਵੇ। ਕਿਉਂਕਿ ਕੁਝ ਚੈਨਲ ਅਤੇ ਹੋਰ ਮੰਚ ਮੁਕਾਬਲਤਨ ਬਹੁਤ ਘੱਟ ਮਿਹਨਤਾਨਾ ਦਿੰਦੇ ਹਨ।

ਅਮਰੀਕਾ ਦੇ ਟੈਲੀਵਿਜ਼ਨ ਚੈਨਲਾਂ ʼਤੇ ਪ੍ਰਸਾਰਿਤ ਹੁੰਦੀ ਅੰਤਰਰਾਸ਼ਟਰੀ ਵਿਸ਼ਾ-ਸਮੱਗਰੀ ਜਿਉਂ ਦੀ ਤਿਉਂ ਪ੍ਰਸਾਰਿਤ ਹੋ ਰਹੀ ਹੈ ਪਰੰਤੂ ਹੜਤਾਲ ਕਾਰਨ ਸਥਾਨਕ ਪੱਧਰ ʼਤੇ ਤਿਆਰ ਕੀਤੇ ਜਾਂਦੇ ਪ੍ਰੋਗਰਾਮ ਅਤੇ ਸ਼ੋਅ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।

ਪ੍ਰੋ. ਕੁਲਬੀਰ ਸਿੰਘ